ਵਰ, ਵਿਚੋਲੇ ਤੇ ਆਈਲੈੱਟਸ-2: ਕਿਵੇਂ ਵਿਚੋਲਾ ਹੋਣਾ ਬਣਿਆ ਇੱਕ ਪੇਸ਼ਾ ?

    • ਲੇਖਕ, ਆਰ.ਜੇ ਸਿੰਘ
    • ਰੋਲ, ਬੀਬੀਸੀ ਪੰਜਾਬੀ ਦੇ ਲਈ

"ਕਿਸੇ ਆਈਲੈੱਟਸ ਪਾਸ ਕੁੜੀ ਦੀ ਦੱਸ ਪਾਉਣਾ ਜੀ।"

"ਕੁੜੀ ਕੈਨੇਡਾ ਵਿੱਚ ਪੱਕੀ ਹੋਈ ਤਾਂ ਆਪਾਂ ਵਿਆਹ ਅਤੇ ਆਉਣ-ਜਾਣ ਦਾ ਖ਼ਰਚਾ ਕਰ ਦਿਆਂਗੇ।"

"ਰਿਸ਼ਤਾ ਤਾਂ ਹੈਗਾ, ਕੁੜੀ ਪੱਕੀ ਐ ਪਰ ਜੇ ਆਪਣੀ ਕੋਈ ਰਿਸ਼ਤੇਦਾਰ ਕੁੜੀ ਪੱਕੀ ਐ ਤਾਂ ਵੱਟੇ ਦਾ ਸਾਕ ਹੋ ਸਕਦੈ। ਕੁੜੀ ਦਾ ਭਾਈ ਕੈਨੇਡਾ ਵਿੱਚ ਕੱਢਣੈ।"

ਵਿਚੋਲਿਆਂ ਕੋਲ ਇਹ ਪੁੱਛਾਂ-ਦੱਸਾਂ ਆਉਂਦੀਆਂ ਹਨ। ਵਿਚੋਲਿਆਂ ਦੇ ਕੰਮ ਨੂੰ 'ਵਿੱਚ-ਓਹਲਾ' ਵੀ ਕਿਹਾ ਜਾਂਦਾ ਹੈ।

ਕੀ ਹੈ IELTS?

  • ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ (IELTS) ਉਹ ਪਰੀਖਿਆ ਹੈ ਜਿਸਦੇ ਜ਼ਰੀਏ ਅੰਗਰੇਜ਼ੀ ਭਾਸ਼ਾ ਵਿੱਚ ਕਿਸੇ ਦੀ ਮੁਹਾਰਤ ਪਰਖੀ ਜਾਂਦੀ ਹੈ।
  • ਉਹ ਮੁਲਕ ਜਿੱਥੇ ਅੰਗਰੇਜ਼ੀ ਸੰਚਾਰ ਦਾ ਮੁੱਖ ਸਾਧਨ ਹੈ ਉਨ੍ਹਾਂ ਦੇਸ਼ਾਂ ਨੇ ਆਵਾਸੀਆਂ ਦੀ ਭਾਸ਼ਾ 'ਚ ਪ੍ਰਵੀਣਤਾ ਲਈ ਆਈਲੈੱਟਸ ਨੂੰ ਪੈਮਾਨਾ ਬਣਾਇਆ ਹੈ।
  • ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ, ਕੈਨੇਡਾ ਤੇ ਹੋਰ ਮੁਲਕਾਂ ਵਿੱਚ ਪੜ੍ਹਾਈ ਕਰਨ ਜਾਂ ਕੰਮ ਕਰਨ ਨੂੰ ਲੈ ਕੇ ਆਈਲੈੱਟਸ ਵਿੱਚ ਬੈਂਡ ਸਿਸਟਮ ਅਪਣਾਇਆ ਜਾਂਦਾ ਹੈ।

ਵਿਚੋਲਿਆਂ ਵਿੱਚ ਕੀ ਬਦਲਿਆ?

ਇਸੇ ਲਈ ਕੋਈ ਵਿਚੋਲਾ ਆਪਣਾ ਨਾਮ ਛਾਪਣ ਲਈ ਤਿਆਰ ਨਹੀਂ ਹੁੰਦਾ ਪਰ ਗੱਲਾਂ ਕਰਨ ਨੂੰ ਤਿਆਰ ਹਨ।

ਇਹ ਆਪਣੇ ਪੇਸ਼ੇ ਅਤੇ ਪੱਤਰਕਾਰੀ 'ਵਿੱਚ-ਓਹਲਾ' ਰੱਖਦੇ ਹਨ। ਨਾਮਾਂ ਵਾਲਿਆਂ ਦੇ ਰਿਸ਼ਤੇ ਜੋੜਦੇ ਹਨ ਪਰ ਆਪਣੇ ਨਾਮ ਛਾਪਣ ਤੋਂ ਪਰਹੇਜ਼ ਕਰਦੇ ਹਨ।

ਰਵਾਇਤੀ ਵਿਚੋਲੇ ਮੌਜੂਦਾ ਦੌਰ ਵਿੱਚ ਬਦਲ ਰਹੇ ਰੁਝਾਨ ਦੀ ਦੱਸ ਪਾਉਂਦੇ ਹਨ।

ਇਨ੍ਹਾਂ ਵਿਚੋਲਿਆਂ ਨੇ ਨਵੀਂ ਸੂਚਨਾ ਤਕਨਾਲੋਜੀ, ਮੈਰਿਜ ਬਿਊਰੋ ਅਤੇ ਵੈੱਬਸਾਈਟਾਂ ਦੇ ਵਿਆਹ ਇਸ਼ਤਿਹਾਰ ਦੇ ਦੌਰ ਵਿੱਚ ਆਪਣੀ ਅਹਿਮੀਅਤ ਕਾਇਮ ਰੱਖੀ ਹੋਈ ਹੈ।

ਇਸ ਪੇਸ਼ੇ ਨਾਲ ਜੁੜੇ ਅਤੇ ਸਾਦੇ ਕੱਪੜਿਆਂ ਵਿੱਚ ਅਕਸਰ ਮੋਟਰਸਾਈਕਲ ਉੱਤੇ ਵਿਚਰਦੇ ਇੱਕ ਵਿਚੋਲੇ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਉਸ ਕੋਲ ਇੱਕ ਆਈਲੈੱਟਸ ਪਾਸ ਲੜਕੀ ਦੇ ਰਿਸ਼ਤੇ ਦੀ 'ਦੱਸ' ਆਈ।

ਲੜਕੀ ਦੇ ਮਾਪਿਆਂ ਦੀ ਸ਼ਰਤ ਸੀ ਕਿ ਉਨ੍ਹਾਂ ਦੀ ਲੜਕੀ ਨੇ ਆਈਲੈੱਟਸ ਵਿੱਚੋਂ ਸੱਤ ਬੈਂਡ ਹਾਸਲ ਕੀਤੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਰਿਸ਼ਤੇ ਦੀ ਲੋੜ ਹੈ ਕਿ ਜਿਹੜਾ ਲੜਕਾ ਪਰਿਵਾਰ ਉਨ੍ਹਾਂ ਦੀ ਲੜਕੀ ਨੂੰ ਆਪਣੇ ਖ਼ਰਚੇ ਉੱਤੇ ਵਿਦੇਸ਼ ਭੇਜ ਸਕੇ।

ਇਹ ਵੀ ਸ਼ਰਤ ਸੀ ਕਿ ਲੜਕਾ ਕੋਈ ਨਸ਼ਾ ਵਗੈਰਾ ਨਾ ਕਰਦਾ ਹੋਵੇ। ਉਸ ਨੇ ਦੱਸਿਆ ਕਿ ਉਹ ਹੁਣ ਤੱਕ ਦਰਜਨਾਂ ਰਿਸ਼ਤੇ ਕਰਵਾ ਚੁੱਕਿਆ ਹੈ ਪਰ ਕਈ ਵਾਰ 'ਦੱਸ' ਮੁਤਾਬਕ ਰਿਸ਼ਤਾ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ।

ਵਿਚੋਲਿਆਂ 'ਤੇ ਕੀਤਾ ਜਾਂਦਾ ਹੈ ਵਿਸਾਹ

ਉਸ ਨੇ ਦੱਸਿਆ ਕਿ ਪਹਿਲਾਂ ਲੋਕ ਲੜਕੇ ਦੀ ਵਾਹੀਯੋਗ ਜ਼ਮੀਨ ਜਾਂ ਘਰ-ਵਾਰ ਦੇਖਦੇ ਸਨ ਪਰ ਹੁਣ ਖੇਤੀਬਾੜੀ ਦੇ ਧੁੰਦਲੇ ਭਵਿੱਖ ਕਾਰਨ ਜ਼ਮੀਨ ਦੇ ਨਾਲ-ਨਾਲ ਆਮਦਨ ਦੇ ਹੋਰ ਸਰੋਤ ਅਤੇ ਬੈਂਕ ਵਿੱਚ ਜਮ੍ਹਾਂ ਰਕਮ ਵੀ ਦੇਖੀ ਜਾਂਦੀ ਹੈ।

ਉਸ ਨੇ ਅੱਗੇ ਕਿਹਾ ਕਿ ਪਹਿਲਾਂ ਸਾਰਾ ਕੁਝ ਵਿਚੋਲੇ ਉੱਤੇ ਹੀ ਛੱਡ ਦਿੱਤਾ ਜਾਂਦਾ ਸੀ ਪਰ ਹੁਣ ਰਿਸ਼ਤੇ ਦੀ ਗੱਲ ਪੱਕੀ ਹੋਣ ਤੋਂ ਪਹਿਲਾਂ ਲੜਕੀ ਅਤੇ ਲੜਕੇ ਦੇ ਮਾਪੇ ਆਹਮੋ-ਸਾਹਮਣੇ ਬੈਠ ਕੇ ਸਾਰੀਆਂ ਗੱਲਾਂ ਖੋਲ੍ਹ ਲੈਂਦੇ ਹਨ।

ਪਹਿਲਾਂ ਕਈ-ਕਈ ਪਿੰਡਾਂ ਵਿੱਚ ਰਿਸ਼ਤੇ ਕਰਵਾਉਣ ਵਾਲੇ ਵਿਚੋਲੇ ਟਾਂਵੇਂ ਟੱਲੇ ਹੀ ਹੁੰਦੇ ਸਨ, ਜਿਨ੍ਹਾਂ ਕੋਲ ਲੋਕ ਆਪੋ-ਆਪਣੇ ਧੀਆਂ-ਪੁੱਤਾਂ ਦੀਆਂ ਰਿਸ਼ਤੇ ਲਈ ਦੱਸਾਂ ਪਾਉਂਦੇ ਸਨ।

ਇਨ੍ਹਾਂ ਵਿਚੋਲਿਆਂ ਕੋਲ ਹੀ ਰਿਸ਼ਤਿਆਂ ਦੀਆਂ ਪੁੱਛਾਂ ਆਉਂਦੀਆਂ ਸਨ। ਵਿਚੋਲੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਸੀ ਅਤੇ ਉਸ ਦਾ ਲਿਆਂਦਾ ਰਿਸ਼ਤਾ ਆਮ ਤੌਰ ਉੱਤੇ ਪ੍ਰਵਾਨ ਕਰ ਲਿਆ ਜਾਂਦਾ ਸੀ।

ਹੁਣ ਰਿਸ਼ਤੇ ਕਰਵਾਉਣਾ ਇੱਕ ਪੇਸ਼ਾ ਬਣ ਗਿਆ ਹੈ। ਇਸ ਪੇਸ਼ੇ ਵਿੱਚ ਸਾਧਾਰਨ ਜਿਹੇ (ਘੱਟ ਪੜ੍ਹੇ-ਲਿਖੇ) ਵਿਅਕਤੀ, ਔਰਤਾਂ ਅਤੇ ਸਰਕਾਰੀ ਮੁਲਾਜ਼ਮ ਵੀ ਲੱਗੇ ਹੋਏ ਹਨ।

ਨਵੇਂ ਰੁਝਾਨ ਵਿੱਚ ਜਾਤ ਦੇ ਵਿਤਕਰੇ ਘਟੇ

ਰਿਸ਼ਤੇ ਕਰਵਾਉਣ ਵਾਲੇ ਆਮ ਕਰਕੇ ਖਮਾਣੋ ਦੀਆਂ ਉਨ੍ਹਾਂ ਦੁਕਾਨਾਂ ਉੱਤੇ ਬੈਠਦੇ ਹਨ ਜਿੱਥੇ ਲੋਕਾਂ ਦਾ ਵਧੇਰੇ ਆਉਣਾ ਜਾਣਾ ਹੋਵੇ।

ਇਸ ਪੇਸ਼ੇ ਨਾਲ ਜੁੜੇ ਇੱਕ ਸੱਜਣ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਪੰਜਾਬ ਵਿੱਚ ਅੰਤਰਜਾਤੀ ਵਿਆਹਾਂ ਦਾ ਰੁਝਾਨ ਵਧਿਆ ਹੈ।

ਸਰਕਾਰੀ ਨੌਕਰੀਆਂ ਵਾਲੇ ਲੋਕ ਆਪਣੇ ਬਰਾਬਰ ਦੀ ਨੌਕਰੀ ਵਾਲੇ ਲੜਕੇ-ਲੜਕੀ ਨਾਲ ਰਿਸ਼ਤਾ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਅਜਿਹੇ ਮਾਮਲਿਆ ਵਿੱਚ ਜਾਤ 'ਤੇ ਵਿਚਾਰ ਨਹੀਂ ਕਰਦੇ।

ਇਸੇ ਤਰ੍ਹਾਂ ਉਹ ਲੋਕ ਜੋ ਵਿਦੇਸ਼ ਜਾਣਾ ਚਾਹੁੰਦੇ ਹਨ ਵਿਆਹ ਦੇ ਮਾਮਲੇ ਵਿੱਚ ਜਾਤ ਨੂੰ ਨਜ਼ਰਅੰਦਾਜ਼ ਕਰਨ ਨੂੰ ਤਿਆਰ ਹਨ।

ਪਹਿਲਾਂ ਰਿਸ਼ਤਾ ਲੈਣ ਸਮੇਂ ਕੋਈ ਸ਼ਰਤ ਨਹੀਂ ਰੱਖੀ ਜਾਂਦੀ ਸੀ ਪਰ ਹੁਣ ਲੜਕੇ-ਲੜਕੀ ਦੀ ਯੋਗਤਾ ਅਤੇ ਕਰੀਅਰ ਮੁਤਾਬਕ ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਹਨ।

ਇਸ ਪੇਸ਼ੇ ਨਾਲ ਜੁੜੇ ਇੱਕ ਸੱਜਣ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੁਪਹੀਆ ਵਾਹਨ ਉੱਤੇ ਤੋਰਾ-ਫੇਰਾ ਕਰਦੇ ਹਨ।

ਚਿੱਟੇ ਕੁੜਤੇ ਪਜਾਮੇ, ਦਸਤਾਰ ਅਤੇ ਖੁੱਲ੍ਹੀ ਦਾੜ੍ਹੀ ਵਾਲੇ ਅੱਧਖੜ ਉਮਰ ਦੇ ਇਹ ਸੱਜਣ ਦੱਸਦੇ ਹਨ ਕਿ ਸਰਕਾਰੀ ਨੌਕਰੀ ਕਰਦੇ ਲੜਕੇ ਵਾਲਿਆਂ ਦੇ ਨਖ਼ਰੇ ਸੱਤਵੇਂ ਅਸਮਾਨ ਉੱਤੇ ਹੁੰਦੇ ਹਨ।

ਉਨ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਹੁੰਦੀਆਂ ਹਨ ਜਿਵੇਂ ਕਿ ਸਰਕਾਰੀ ਨੌਕਰੀ, ਦਾਜ ਵਿੱਚ ਕਾਰ, ਲੜਕੇ, ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਸੋਨੇ ਦੇ ਗਹਿਣੇ, ਵਿਆਹ ਚੰਗੇ ਪੈਲੇਸ ਵਿੱਚ ਅਤੇ ਬਰਾਤ ਦੀ ਖੁੱਲ੍ਹੀ ਆਓ-ਭਗਤ ਆਦਿ ਮੰਗਾਂ ਹੁੰਦੀਆਂ ਹਨ।

ਅਜਿਹੇ ਰਿਸ਼ਤੇ ਬੜੀ ਮੁਸ਼ਕਿਲ ਨਾਲ ਹੀ ਮਿਲਦੇ ਹਨ। ਇਸੇ ਤਰ੍ਹਾਂ ਜੇ ਲੜਕੀ ਵਿਦੇਸ਼ ਗਈ ਹੋਵੇ ਤਾਂ ਲੜਕੀ ਵਾਲੇ ਵੀ ਘੱਟ ਨਖ਼ਰੇ ਨਹੀਂ ਵਿਖਾਉਂਦੇ। ਉਨ੍ਹਾਂ ਦੀ ਮੰਗ ਹੁੰਦੀ ਹੈ ਕਿ ਵਿਆਹ ਉੱਤੇ ਹੋਣ ਵਾਲਾ ਸਾਰਾ ਖ਼ਰਚਾ ਮੁੰਡੇ ਵਾਲੇ ਹੀ ਕਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)