You’re viewing a text-only version of this website that uses less data. View the main version of the website including all images and videos.
ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਨਸ਼ੀਦ ਨੇ ਭਾਰਤ ਅਤੇ ਅਮਰੀਕਾ ਤੋਂ ਮੰਗੀ ਮਦਦ
ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਭਾਰਤ ਅਤੇ ਅਮਰੀਕਾ ਤੋਂ ਦੇਸ ਵਿੱਚ ਚੱਲ ਰਹੇ ਸਿਆਸੀ ਸੰਕਟ ਵਿੱਚ ਦਖਲ ਦੇਣ ਨੂੰ ਕਿਹਾ ਹੈ।
ਮੁਹੰਮਦ ਨਸ਼ੀਦ ਫਿਲਹਾਲ ਸ਼੍ਰੀਲੰਕਾ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਭਾਰਤ ਨੂੰ ਕੈਦੀਆਂ ਦੀ ਰਿਹਾਈ ਵਿੱਚ ਮਦਦ ਕਰਨ ਨੂੰ ਕਿਹਾ ਹੈ ਅਤੇ ਅਮਰੀਕਾ ਤੋਂ ਫਿਲਹਾਲ ਸਰਕਾਰ ਵਿੱਚ ਮੌਜੂਦ ਆਗੂਆਂ ਤੋਂ ਆਰਥਿਕ ਲੈਣ-ਦੇਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਮਾਲਦੀਵ ਵਿੱਚ ਫਿਲਹਾਲ ਐਮਰਜੈਂਸੀ ਲੱਗੀ ਹੋਈ ਹੈ।
ਸੰਕਟ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਰਾਸ਼ਟਰਪਤੀ ਅਬਦੁੱਲਾ ਯਮੀਨ ਨੇ ਸੁਪਰੀਮ ਕੋਰਟ ਦੇ ਉਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਲਈ ਕਿਹਾ ਸੀ।
ਇਸ ਤੋਂ ਬਾਅਦ ਰਾਸ਼ਟਰਪਤੀ ਨੇ ਨਾ ਸਿਰਫ਼ 15 ਦਿਨਾਂ ਦੇ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਬਲਕਿ ਚੀਫ਼ ਜਸਟਿਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ।
ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਕਿ ਸਰਕਾਰ ਸਵਾਲ ਚੁੱਕਣ ਵਾਲਿਆਂ ਆਵਾਜ਼ਾਂ ਨੂੰ ਦਬਾ ਰਹੀ ਹੈ ਪਰ ਇੱਕ ਟੀਵੀ ਸੰਦੇਸ਼ ਵਿੱਚ ਰਾਸ਼ਟਰਪਤੀ ਯਮੀਨ ਨੇ ਕਿਹਾ ਕਿ ਜੱਜ ਤਖ਼ਤਾਪਲਟ ਦੀ ਸਾਜਿਸ਼ ਕਰ ਰਹੇ ਸੀ।
'ਭਾਰਤ ਉੱਥੇ ਜਾ ਕੇ ਦਖਲ ਦੇਵੇ'
ਇਸੇ ਵਿਚਾਲੇ ਮੁਹੰਮਦ ਨਸ਼ੀਦ ਨੇ ਇੱਕ ਟਵੀਟ ਵਿੱਚ ਕਿਹਾ, "ਮਾਲਦੀਵ ਦੇ ਲੋਕਾਂ ਵੱਲੋਂ ਅਸੀਂ ਸਨਿਮਰ ਮੰਗ ਕਰਦੇ ਹਾਂ ਕਿ,
- ਭਾਰਤ ਸਾਬਕਾ ਰਾਸ਼ਟਰਪਤੀ ਗਯੂਮ ਸਣੇ ਸਾਰੇ ਸਿਆਸੀ ਕੈਦੀਆਂ ਨੂੰ ਛੁਡਾਉਣ ਦੇ ਲਈ ਆਪਣਾ ਇੱਕ ਨੁਮਾਇੰਦਾ ਭੇਜੇ ਜਿਸ ਨੂੰ ਫੌਜ ਦੀ ਹਮਾਇਤ ਵੀ ਹਾਸਿਲ ਹੋਵੇ। ਅਸੀਂ ਚਾਹੁੰਦੇ ਹਾਂ ਕਿ ਭਾਰਤ ਉੱਥੇ ਜਾ ਕੇ ਮਾਮਲੇ ਵਿੱਚ ਦਖਲ ਦੇਵੇ।
- ਅਸੀਂ ਅਮਰੀਕਾ ਤੋਂ ਵੀ ਮੰਗ ਕਰਦੇ ਹਾਂ ਕਿ ਉਹ ਮਾਲਦੀਵ ਦੀ ਸਰਕਾਰ ਦੇ ਸਾਰੇ ਆਗੂਆਂ ਦੇ ਅਮਰੀਕੀ ਬੈਂਕਾਂ ਦੇ ਜ਼ਰੀਏ ਹੋਣ ਵਾਲੇ ਪੈਸਿਆਂ ਦੇ ਲੈਣ-ਦੇਣ 'ਤੇ ਰੋਕ ਲਾ ਦੇਵੇ।''
ਮੁਹੰਮਦ ਨਸ਼ੀਦ ਨੇ ਇੱਕ ਬਿਆਨ ਵੀ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ, "ਰਾਸ਼ਟਰਪਤੀ ਯਮੀਨ ਨੇ ਗੈਰ-ਕਾਨੂੰਨੀ ਤਰੀਕੇ ਨਾਲ ਮਾਰਸ਼ਲ ਲਾਅ ਲਗਾਇਆ ਗਿਆ ਹੈ। ਸਾਨੂੰ ਉਨ੍ਹਾਂ ਨੂੰ ਸੱਤਾ ਤੋਂ ਹਟਾ ਦੇਣਾ ਚਾਹੀਦਾ ਹੈ।''
ਮਾਲਦੀਵ ਸਰਕਾਰ ਦੇ ਇਸ ਕਦਮ ਦੀ ਵਿਰੋਧੀ ਧਿਰ ਅਤੇ ਕਈ ਹੋਰ ਦੇਸਾਂ ਦੀ ਸਰਕਾਰਾਂ ਨੇ ਵੀ ਨਿੰਦਾ ਕੀਤੀ ਹੈ। ਅਮਰੀਕਾ ਨੇ ਵੀ ਇਸ 'ਤੇ ਚਿੰਤਾ ਜ਼ਾਹਿਰ ਕੀਤੀ ਹੈ।