ਵਰ,ਵਿਚੋਲੇ ਤੇ ਆਈਲੈੱਟਸ-1: ਪੰਜਾਬੀਆਂ ਦੇ ਕਿਸ ਰੁਝਾਨ ਨੂੰ ਆਈਲੈੱਟਸ ਨੇ ਦਿੱਤਾ ਪੁੱਠਾ ਗੇੜਾ

    • ਲੇਖਕ, ਦਲਜੀਤ ਅਮੀ
    • ਰੋਲ, ਬੀਬੀਸੀ ਪੰਜਾਬੀ

ਪੰਜਾਬ ਬਾਬਤ ਕੁਝ ਧਾਰਨਾਵਾਂ ਲਗਾਤਾਰ ਪੱਕੇ ਪੈਰੀਂ ਹੁੰਦੀਆਂ ਜਾ ਰਹੀਆਂ ਹਨ। ਪੰਜਾਬ ਦਾ ਸਮਾਜ ਨਸ਼ਿਆਂ ਦੀ ਮਾਰ ਵਿੱਚ ਆਇਆ ਹੋਇਆ ਹੈ ਅਤੇ ਪੰਜਾਬੀ ਹਰ ਹੀਲੇ ਵਿਦੇਸ਼ ਜਾਣਾ ਚਾਹੁੰਦੇ ਹਨ।

ਇਨ੍ਹਾਂ ਦੋਵਾਂ ਮਸਲਿਆਂ ਬਾਬਤ ਕੋਈ ਸਰਵੇਖਣ ਨਹੀਂ ਹੋਇਆ ਅਤੇ ਨਾ ਹੀ ਅਜਿਹਾ ਸਰਵੇਖਣ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਰੁਝਾਨ ਦੀ ਅਸਰਅੰਦਾਜ਼ੀ ਕਿਸੇ ਜੀਅ ਉੱਤੇ ਵਕਤੀ ਹੋ ਸਕਦੀ ਹੈ ਪਰ ਰੁਝਾਨ ਪੱਕੇ ਪੈਰੀਂ ਤੁਰਦੇ ਹਨ।

ਕਈ ਅਦਾਰਿਆਂ ਨੇ ਕਿਸੇ ਖ਼ਿੱਤੇ, ਦਫ਼ਤਰੀ ਅੰਕੜਿਆਂ ਜਾਂ ਤੈਅ ਸਮੇਂ ਦੌਰਾਨ ਅਧਿਐਨ ਕਰ ਕੇ ਪੂਰੇ ਸੂਬੇ ਬਾਬਤ ਸਮਝ ਉਸਾਰਨ ਦਾ ਉਪਰਾਲਾ ਕੀਤਾ ਹੈ ਪਰ ਇਹ ਸੁਆਲ ਲਗਾਤਾਰ ਕਾਇਮ ਰਹੇ ਹਨ ਕਿ ਇੱਕ ਖਿੱਤੇ ਦਾ ਅਧਿਐਨ ਦੂਜੀ ਥਾਂ ਅਤੇ ਇੱਕ ਸਮੇਂ ਦਾ ਅਧਿਐਨ ਦੂਜੇ ਸਮੇਂ ਉੱਤੇ ਲਾਗੂ ਨਹੀਂ ਹੁੰਦਾ।

ਇਹ ਵੀ ਪੜ੍ਹੋ:

ਇਹ ਸਾਰੀ ਦਲੀਲ ਰੁਝਾਨ ਦਾ ਪੁਖ਼ਤਾ ਨਾਪ ਲੈਣ ਲਈ ਕੀਤੀ ਜਾਂਦੀ ਹੈ। ਇਸ ਮਸ਼ਕ ਦੀ ਆਪਣੀ ਅਹਿਮੀਅਤ ਹੁੰਦੀ ਹੈ ਪਰ ਸਮਾਜਿਕ ਰੁਝਾਨ ਦੀ ਸ਼ਨਾਖ਼ਤ ਕਰਨ ਜਾਂ ਇਸ ਦਾ ਪਨ੍ਹਾ ਨਾਪਣ ਲਈ ਸਮਾਜਿਕ ਨਬਜ਼ ਨੂੰ ਫੜ ਕੇ ਦੇਖਣਾ ਵੀ ਮਾਅਨੇ ਰੱਖਦਾ ਹੈ।

ਵਿਦੇਸ਼ ਜਾਣ ਦੀ ਇੱਛਾ ਦਾ ਅਸਰ

ਪੰਜਾਬ ਵਿੱਚੋਂ ਪਰਵਾਸ ਕਰਨ ਦੀ ਇੱਛਾ ਨੂੰ ਪੁਖ਼ਤਾ ਅੰਕੜਿਆਂ ਵਿੱਚ ਨਾਪ ਲੈਣਾ ਮੁਸ਼ਕਿਲ ਹੈ ਕਿਉਂਕਿ ਇੱਛਾ ਤੋਂ ਬਾਅਦ ਉਪਰਾਲਾ ਜਾਂ ਕਾਮਯਾਬੀ-ਨਾਕਾਮਯਾਬੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਰੂਪ ਵਿੱਚ ਅੰਕੜਿਆਂ ਵਜੋਂ ਦਰਜ ਹੋ ਜਾਂਦੇ ਪਰ ਇੱਛਾ ਠੋਸ ਅੰਕੜਿਆਂ ਵਿੱਚ ਜਥੇਬੰਦ ਹੋਣ ਤੋਂ ਮੁਨਕਰ ਰਹਿੰਦੀ ਹੈ।

ਪਰਵਾਸ ਨਾਲ ਜੁੜੇ ਰੁਝਾਨ ਨੂੰ ਸਮਝਣ ਲਈ ਆਈਲੈੱਟਸ ਦੇ ਇਮਤਿਹਾਨ, ਵਿਦੇਸ਼ ਜਾਣ ਦੇ ਰੁਝਾਨ ਅਤੇ ਵਿਆਹ ਲਈ ਰਿਸ਼ਤਾ ਤੈਅ ਕਰਨ ਦੀਆਂ ਪੁੱਛਾਂ-ਦੱਸਾਂ ਨੂੰ ਪੰਜਾਬੀ ਸਮਾਜ ਦੀ ਥਾਹ ਪਾਉਣ ਲਈ ਖਿੜਕੀ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਸਮਝਣਾ ਆਪਣੇ-ਆਪ ਵਿੱਚ ਅਹਿਮ ਹੈ ਕਿ ਆਈਲੈੱਟਸ, ਵਿਦੇਸ਼ੀ ਖਿੱਚ ਅਤੇ ਵਿਆਹਿਕ ਰਿਸ਼ਤਿਆਂ ਦੇ ਜਮ੍ਹਾਂ-ਜੋੜ ਪੰਜਾਬੀ ਬੰਦੇ ਦੇ ਹੋਣੀ ਅਤੇ ਹਸਤੀ ਉੱਤੇ ਕਿਵੇਂ ਅਸਰਅੰਦਾਜ਼ ਹੋਏ ਹਨ।

ਆਈਲੈੱਟਸ ਦਾ ਇਮਤਿਹਾਨ ਵਿਆਹ ਅਤੇ ਵਿਦੇਸ਼ ਜਾਣ ਦੇ ਇਸ਼ਤਿਹਾਰਾਂ ਅਤੇ ਵਿਆਹ ਦੀਆਂ ਪੁੱਛਾਂ-ਦੱਸਾਂ ਵਿੱਚ ਸ਼ਾਮਿਲ ਹੋ ਗਿਆ ਹੈ।

ਇੱਕੋ ਵੇਲੇ ਵਿਆਹ ਕਰਨ ਅਤੇ ਵਿਦੇਸ਼ ਜਾਣ ਦੀ ਯੋਗਤਾ ਇਹ ਇਮਤਿਹਾਨ ਹੋ ਗਿਆ ਹੈ।

ਇਸ ਇਮਤਿਹਾਨ ਦੀ ਅਹਿਮੀਅਤ ਨੇ ਪੰਜਾਬੀ ਸਮਾਜ ਵਿੱਚ ਜੜ੍ਹ ਹੋਈ ਜਾਤੀ ਅਤੇ ਜਮਾਤੀ ਪਛਾਣ ਨੂੰ ਹਿਲਾਇਆ ਹੈ।

ਅਖ਼ਬਾਰੀ ਇਸ਼ਤਿਹਾਰ ਬਦਲੇ

ਅਖ਼ਬਾਰਾਂ ਵਿੱਚ ਇਸ਼ਤਿਹਾਰ ਛਪਦੇ ਹਨ ਕਿ ਜੇ ਕੁੜੀ ਨੇ ਇਹ ਇਮਤਿਹਾਨ ਪਾਸ ਕਰ ਲਿਆ ਹੈ ਤਾਂ ਰਿਸ਼ਤੇ ਲਈ ਜਾਤ ਅਤੇ ਜਮਾਤ ਦਾ ਹਰ ਬੰਧਨ ਬੇਮਾਅਨਾ ਹੈ।

ਇਸ ਤੋਂ ਇਲਾਵਾ ਵਿਆਹ ਵਿੱਚ ਮੁੰਡੇ ਵਾਲਿਆਂ ਦੀ ਸਰਦਾਰੀ ਇਸ ਰੁਝਾਨ ਨਾਲ ਜੁੜੀ ਹੋਈ ਹੈ ਕਿ ਕੁੜੀ ਵਾਲੇ ਉਨ੍ਹਾਂ ਦੀ ਹਰ ਸ਼ਰਤ ਅਤੇ ਨਖ਼ਰਾ ਖਿੜੇ-ਮੱਥੇ ਪ੍ਰਵਾਨ ਕਰਨ ਅਤੇ ਸੇਵਾ-ਪਾਣੀ-ਦਹੇਜ ਜੁਟਾਉਣ ਲਈ ਖੱਲ੍ਹਾਂ-ਖੂੰਜੇ ਤੱਕ ਫਰੋਲ ਦੇਣ।

ਜਾਪਦਾ ਹੈ ਕਿ ਆਈਲੈੱਟਸ ਨੇ ਇਸ ਰੁਝਾਨ ਨੂੰ ਵੀ ਪੁੱਠਾ ਗੇੜਾ ਦਿੱਤਾ ਹੈ। ਵਿਆਹ ਦੇ ਇਸ਼ਤਿਹਾਰਾਂ ਵਿੱਚ ਦਰਜ ਹੈ ਕਿ ਜੇ ਕੁੜੀ ਨੇ ਆਈਲੈੱਟਸ ਵਿੱਚੋਂ ਲੋੜੀਂਦੇ ਬੈਂਡ ਹਾਸਿਲ ਕੀਤੇ ਹਨ ਤਾਂ ਮੁੰਡੇ ਵਾਲੇ ਪਹਿਲਾਂ ਵਿਆਹ ਅਤੇ ਬਾਅਦ ਵਿੱਚ ਵਿਦੇਸ਼ ਜਾਣ ਦਾ ਖ਼ਰਚਾ ਕਰਨ ਨੂੰ ਤਿਆਰ ਹਨ।

ਪੰਜਾਬੀ ਸਮਾਜ ਵਿੱਚ ਦਾਜ ਲਈ ਕੁੜੀਆਂ ਦੇ ਕਤਲਾਂ ਦੇ ਮਾਮਲੇ ਤਕਰੀਬਨ ਹਰ ਜੀਅ ਦੀ ਯਾਦਾਸ਼ਤ ਦਾ ਹਿੱਸਾ ਹਨ। ਇਸ ਸਮਾਜ ਦੀ ਸੋਚ ਵਿੱਚ ਆਈਲੈੱਟਸ ਕਿਸੇ ਹਾਂਦਰੂ ਤਬਦੀਲੀ ਦੀ ਖ਼ਬਰ ਲਿਆਇਆ ਹੈ ਜਾਂ ਪੁਰਾਣੀ ਰੀਤ ਨੇ ਨਵਾਂ ਰੂਪ ਧਾਰਿਆ ਹੈ?

ਇਹ ਵੀ ਪੜ੍ਹੋ:

ਇਹ ਸੁਆਲ ਸਮਾਜ ਸ਼ਾਸਤਰੀਆਂ ਲਈ ਛੱਡਿਆ ਜਾ ਸਕਦਾ ਹੈ। ਇਸ ਬਾਬਤ ਕੋਈ ਦੋਰਾਏ ਨਹੀਂ ਹੋ ਸਕਦੀ ਹੈ ਕਿ ਆਈਲੈੱਟਸ ਦਾ ਇਮਤਿਹਾਨ ਪੰਜਾਬੀ ਸਮਾਜ ਦੀਆਂ ਡੂੰਘੀਆਂ ਰਮਜ਼ਾਂ ਅਤੇ ਕਬੀਲਦਾਰੀ ਦੀਆਂ ਮਜਬੂਰੀਆਂ ਨੂੰ ਜ਼ਾਹਿਰ ਕਰਨ ਦਾ ਸਬੱਬ ਬਣਿਆ ਹੈ।

ਆਈਲੈੱਟਸ ਦੀ ਤਿਆਰੀ ਕਰਵਾਉਣ ਲਈ ਹਰ ਸ਼ਹਿਰ-ਕਸਬੇ ਵਿੱਚ ਸੈਂਟਰ ਖੁੱਲ੍ਹ ਗਏ ਹਨ। ਇਨ੍ਹਾਂ ਸੈਂਟਰਾਂ ਦੀ ਹਾਜ਼ਰੀ ਕੰਧਾਂ ਉੱਤੇ ਇਸ਼ਤਿਹਾਰਾਂ ਦੇ ਰੂਪ ਵਿੱਚ ਦਰਜ ਹੈ।

ਕੀ ਦੱਸਦੇ ਹਨ ਇਸ਼ਤਿਹਾਰ?

ਇਨ੍ਹਾਂ ਇਸ਼ਤਿਹਾਰਾਂ ਤੋਂ ਲੋੜਬੰਦ ਲੋੜੀਂਦੀ ਜਾਣਕਾਰੀ ਹਾਸਿਲ ਕਰ ਦਿੰਦੇ ਹਨ ਪਰ ਇਹ ਇਬਾਰਤ ਵਜੋਂ ਨਜ਼ਰਅੰਦਾਜ਼ ਹੋ ਜਾਂਦੇ ਹਨ। ਇਨ੍ਹਾਂ ਨੂੰ ਪੜ੍ਹਨ-ਲਿਖਣ ਨਾਲ ਜੁੜਿਆ ਤਬਕਾ ਨਜ਼ਰਅੰਦਾਜ਼ ਕਰਦਾ ਹੈ ਜਾਂ ਛੁਟਿਆ ਕੇ ਵੇਖਦਾ ਹੈ।

ਇਹ ਕਸਬੀ ਇਸ਼ਤਿਹਾਰ ਹਨ। ਇਨ੍ਹਾਂ ਨੂੰ ਕਸਬੀ ਵਾਧੇ ਲਈ ਬਣਾਇਆ ਅਤੇ ਸਜਾਇਆ ਗਿਆ ਹੈ। ਹਰ ਕਸਬੀ ਉਪਰਾਲੇ ਵਿੱਚ ਕਸਬਕਾਰ ਆਪਣੇ ਕਸਬ ਦਾ ਧਿਆਨ ਰੱਖਦਾ ਹੈ ਅਤੇ ਆਪਣੇ ਮੁਨਾਫ਼ੇ ਮੁਤਾਬਕ ਸੋਧਾਂ/ਤਰਮੀਮਾਂ ਕਰਦਾ ਹੈ।

ਇਸ ਪੱਖੋਂ ਇਨ੍ਹਾਂ ਇਸ਼ਤਿਹਾਰਾਂ ਦਾ ਲਿਖਣਹਾਰ ਸੰਜੀਦਾ ਹੈ ਅਤੇ ਕਸਬੀ ਵਾਧੇ ਦੇ ਹਰ ਸੁਝਾਅ ਦੇ ਸੁਆਗਤ ਲਈ ਤਿਆਰ ਹੈ। ਨਤੀਜੇ ਵਜੋਂ ਅੰਗਰੇਜ਼ੀ ਪੜ੍ਹਨ ਨੂੰ ਉਹ ਵਿਦੇਸ਼ ਜਾਣ ਦੀ ਸਲਾਹ ਦੇਣ ਲਈ ਤਿਆਰ ਹੈ।

ਆਈਲੈੱਟਸ ਦੇ ਇਮਤਿਹਾਨ ਲਈ ਪਾਸਪੋਰਟ ਸਭ ਤੋਂ ਅਹਿਮ ਦਸਤਾਵੇਜ਼ ਹੈ। ਜੇ ਇਮਤਿਹਾਨ ਦਾ ਵਿਦੇਸ਼ ਜਾਣ ਦੇ ਦਸਤਾਵੇਜ਼ ਨਾਲ ਡੂੰਘਾ ਰਿਸ਼ਤਾ ਹੈ ਤਾਂ ਅੰਗਰੇਜ਼ੀ ਪੜ੍ਹਾਉਣ ਵਾਲੇ ਨੇ ਵੀ ਇਸ ਰਿਸ਼ਤੇ ਦੀ ਕਦਰ ਪਾਈ ਹੈ।

ਅੰਗਰੇਜ਼ੀ ਪੜ੍ਹਾਉਣ ਅਤੇ ਵਿਦੇਸ਼ ਭੇਜਣ ਦੀ ਸਲਾਹਕਾਰੀ ਇੱਕੋ ਕਸਬ ਬਣ ਗਈ ਹੈ। ਸਮਾਜ ਨੇ ਕਾਨੂੰਨੀ ਤਜਵੀਜ਼ਾਂ ਦਾ ਲਾਹਾ ਲੈਣ ਲਈ ਰਿਸ਼ਤੇਦਾਰੀਆਂ ਦਾ ਸਹਾਰਾ ਲਿਆ ਹੈ।

ਆਈਲੈੱਟਸ-ਸਮਾਜ ਦੀ ਨਬਜ਼ ਸਮਝਣ ਦਾ ਮੌਕਾ

ਜਦੋਂ ਇੱਕ ਜੀਅ ਦੇ ਆਈਲੈੱਟਸ ਦਾ ਇਮਤਿਹਾਨ ਪਾਸ ਹੋਣ ਤੋਂ ਬਾਅਦ ਸ਼ਾਦੀਸ਼ੁਦਾ ਜੋੜਾ ਵਿਦੇਸ਼ ਜਾ ਸਕਦਾ ਹੈ ਤਾਂ ਇਸ ਤਜਵੀਜ਼ ਦਾ ਲਾਹਾ ਲੈਣ ਲਈ ਇਸ ਇਮਤਿਹਾਨ ਵਿੱਚ ਬੈਠਣ ਆਇਆ ਹੈ।

ਨਵਾਂ ਇਮਤਿਹਾਨ ਹੈ ਤਾਂ ਪੁਰਾਣੀ ਸਿੱਖਿਆ ਨੂੰ ਦਰਕਿਨਾਰ ਕਰਨਾ ਹੋਵੇਗਾ।

ਇਸ ਦੇ ਨਤੀਜੇ ਵਜੋਂ ਆਈਲੈੱਟਸ ਦੀ ਤਿਆਰੀ ਕਰਵਾਉਣ ਵਾਲਾ ਹਰ ਅਦਾਰਾ ਭਾਵੇਂ ਰਿਸ਼ਤੇ ਕਰਵਾਉਣ ਦੇ ਰਸਮੀ ਧੰਦੇ ਤੋਂ ਕੰਨੀ ਕਤਰਾ ਜਾਵੇ ਪਰ ਗ਼ੈਰ-ਰਸਮੀ ਸਲਾਹ ਦੇਣ ਨੂੰ ਤਿਆਰ ਹੈ।

ਜੇ ਇਹ ਕੰਮ ਪੁਰਾਣੇ ਅਧਿਆਪਕ ਕਰਦੇ ਆਏ ਹਨ ਤਾਂ ਆਈਲੈੱਟਸ ਦੀ ਤਿਆਰੀ ਕਰਵਾਉਣ ਵਾਲੇ ਵੀ ਕਰ ਸਕਦੇ ਹਨ।

ਇਨ੍ਹਾਂ ਹਾਲਤਾਂ ਵਿੱਚ ਆਈਲੈੱਟਸ ਦਾ ਇਮਤਿਹਾਨ ਸਮਾਜ ਦੀ ਨਬਜ਼ ਪਛਾਨਣ ਦਾ ਸਭ ਤੋਂ ਅਹਿਮ ਮੌਕਾ ਹੈ।

ਇਸੇ ਥਾਂ ਤੋਂ ਸਮਾਜ ਆਪਣੇ ਬੱਚਿਆਂ ਦੀ ਰਿਹਾਇਸ਼ੀ ਮੰਜ਼ਿਲ, ਕਸਬੀ ਮੁਹਾਣ ਅਤੇ ਨਵੀਂਆਂ ਰਿਸ਼ਤੇਦਾਰੀਆਂ ਨਾਲ ਵਰਤਣ ਦਾ ਸਲੀਕਾ ਤੈਅ ਕਰ ਰਿਹਾ ਹੈ।

ਰਵਾਇਤੀ ਵਿਚੋਲਿਆਂ ਕੋਲ ਪੁੱਜਦੀਆਂ ਪੁੱਛਾਂ-ਦੱਸਾਂ ਵਿੱਚ ਵੀ ਆਈਲੈੱਟਸ ਦਾ ਇਮਤਿਹਾਨ ਅਹਿਮ ਹੋ ਗਿਆ ਹੈ।

ਕਈ ਸਾਲਾਂ ਤੋਂ ਪੰਜਾਬ ਦੇ ਸਮਾਜਿਕ ਪਿੜ ਵਿੱਚ ਵਿਦੇਸ਼ੀ ਲਾੜਿਆਂ ਨਾਲ ਜੁੜੀਆਂ ਦੁਹਾਗਣਾਂ ਦਾ ਸੁਆਲ ਦਰਪੇਸ਼ ਹੈ।

ਕੀ ਹੈ IELTS?

  • ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ (IELTS) ਉਹ ਪਰੀਖਿਆ ਹੈ ਜਿਸਦੇ ਜ਼ਰੀਏ ਅੰਗਰੇਜ਼ੀ ਭਾਸ਼ਾ ਵਿੱਚ ਕਿਸੇ ਦੀ ਮੁਹਾਰਤ ਪਰਖੀ ਜਾਂਦੀ ਹੈ।
  • ਉਹ ਮੁਲਕ ਜਿੱਥੇ ਅੰਗਰੇਜ਼ੀ ਸੰਚਾਰ ਦਾ ਮੁੱਖ ਸਾਧਨ ਹੈ ਉਨ੍ਹਾਂ ਦੇਸ਼ਾਂ ਨੇ ਆਵਾਸੀਆਂ ਦੀ ਭਾਸ਼ਾ 'ਚ ਪ੍ਰਵੀਣਤਾ ਲਈ ਆਈਲੈੱਟਸ ਨੂੰ ਪੈਮਾਨਾ ਬਣਾਇਆ ਹੈ।
  • ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ, ਕੈਨੇਡਾ ਤੇ ਹੋਰ ਮੁਲਕਾਂ ਵਿੱਚ ਪੜ੍ਹਾਈ ਕਰਨ ਜਾਂ ਕੰਮ ਕਰਨ ਨੂੰ ਲੈ ਕੇ ਆਈਲੈੱਟਸ ਵਿੱਚ ਬੈਂਡ ਸਿਸਟਮ ਅਪਣਾਇਆ ਜਾਂਦਾ ਹੈ।

ਕਈ ਸੁਫ਼ਨੇ ਟੁੱਟੇ ਵੀ

ਵਿਦੇਸ਼ੀ ਲਾੜੇ ਆਪਣੇ ਨਾਲ ਵਾਜਿਆਂ-ਗਾਜਿਆਂ ਨਾਲ ਪੰਚ ਪਰਮੇਸ਼ਵਰਾਂ ਦੀ ਹਾਜ਼ਰੀ ਅਤੇ ਧਾਰਮਿਕ ਰਸਮਾਂ ਦੀ ਹਜ਼ੂਰੀ ਵਿੱਚ ਪਰਨਾਈਆਂ ਬੀਬੀਆਂ ਨੂੰ ਵਿਦੇਸ਼ਾਂ ਵਿੱਚ ਲਿਜਾਣ ਵਿੱਚ ਨਾਕਾਮਯਾਬ ਹੋਏ ਹਨ।

ਉਹ ਮੁੱਕਰ ਗਏ ਜਾਂ ਮਜਬੂਰੀਆਂ ਦੇ ਮਾਰੇ ਹਨ ਪਰ ਉਨ੍ਹਾਂ ਦੇ ਰਿਸ਼ਤੇ ਤੈਅ ਕਰਨ ਵਿੱਚ ਉਨ੍ਹਾਂ ਦਾ ਵਿਦੇਸ਼ੀਂ ਵਸਣਾ ਅਹਿਮ ਸੀ।

ਵਿਦੇਸ਼ੀਂ ਵਸਣ ਦੇ ਸੁਫ਼ਨੇ ਦੇਖਣ ਵਾਲੀਆਂ ਬੀਬੀਆਂ ਆਪਣੇ ਬੱਚਿਆਂ ਨੂੰ ਇੱਕਲੀਆਂ ਪਾਲ ਰਹੀਆਂ ਹਨ ਅਤੇ ਆਪਣੇ ਸੁਫ਼ਨਿਆਂ ਦੀ ਹਾਲਤ ਆਪਣੇ ਮਾਪਿਆਂ ਦੀਆਂ ਅੱਖਾਂ ਵਿੱਚੋਂ ਸਮਝ ਰਹੀਆਂ ਹਨ।

ਇਹ ਰੁਝਾਨ ਕਾਨੂੰਨੀ ਚਾਰਾਜੋਈਆਂ ਦੀ ਮੰਗ ਬਣਿਆ ਹੈ। ਇਸ ਮਾਮਲੇ ਵਿੱਚ ਸੂਬਾ ਅਤੇ ਕੇਂਦਰ ਸਰਕਾਰਾਂ ਨੇ ਕੁਝ ਪਹਿਲਕਦਮੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ:

ਕੁਝ ਸਮਾਜਿਕ ਕਾਰਕੁਨਾਂ ਨੇ ਜਥੇਬੰਦੀਆਂ ਬਣਾਈਆਂ ਹਨ। ਇਹ ਉਪਰਾਲੇ ਤਰਲੇ ਕੱਢਣ, ਦੁੱਖ ਸਾਂਝੇ ਕਰਨ ਅਤੇ ਸਰਕਾਰ ਦੀਆਂ ਨੁਮਾਇਸ਼ੀ ਤਾਇਨਾਤੀਆਂ ਤੋਂ ਅੱਗੇ ਵਧਣ ਵਿੱਚ ਨਾਕਾਮਯਾਬ ਰਹੇ ਹਨ।

ਕਈ ਸਰਕਾਰੀ ਪਹਿਲਕਦਮੀਆਂ ਵੀ ਹੋਈਆਂ

ਇਸੇ ਰੁਝਾਨ ਨੂੰ ਉੱਤਰੀ ਅਮਰੀਕੀ, ਯੂਰਪੀ ਅਤੇ ਆਸਟਰੇਲੀਆ ਵੀ ਮੁਖ਼ਾਤਬ ਹੋਏ ਹਨ।

ਇਨ੍ਹਾਂ ਮੁਲਕਾਂ ਵਿੱਚ ਇਹ ਬਹਿਸ ਲਗਾਤਾਰ ਜਾਰੀ ਹੈ ਕਿ ਆਵਾਸੀ ਕਿਸ ਤਰ੍ਹਾਂ ਦੇ ਹੱਥਕੰਢੇ ਅਪਣਾ ਕੇ ਵੀਜ਼ਾ ਹਾਸਿਲ ਕਰਦੇ ਹਨ ਜਾਂ ਉਨ੍ਹਾਂ ਦੇ ਆਵਾਸੀ ਕਾਨੂੰਨਾਂ ਵਿੱਚ ਕਿੱਥੇ ਚੋਰ-ਮੋਰੀਆਂ ਹਨ।

ਕੈਨੇਡਾ ਨੇ ਇਸ ਮਾਮਲੇ ਵਿੱਚ ਸਭ ਤੋਂ ਵੱਧ ਪਹਿਕਦਮੀਆਂ ਕੀਤੀਆਂ ਹਨ। ਕੈਨੇਡਾ ਦੇ ਇਮੀਗਰੇਸ਼ਨ ਅਤੇ ਸਿਟੀਜਨਸ਼ਿਪ ਮੰਤਰਾਲੇ ਨੇ ਵਿਆਹਾਂ ਦੀ ਆਪਣੇ ਪੱਧਰ ਉੱਤੇ ਤਸਦੀਕ ਕਰਨ ਲਈ ਖ਼ੁਫ਼ੀਆ ਦਸਤੇ ਤੱਕ ਬਣਾਏ ਹਨ।

ਨਤੀਜੇ ਵਜੋਂ ਵਿਆਹ ਦੀਆਂ ਫੋਟੋਆਂ-ਵੀਡੀਓ, ਨਾਮੀ ਗਾਇਕਾਂ ਦੇ ਸ਼ਗਨ-ਨੁਮਾ ਅਖਾੜੇ, ਰਿਸ਼ਤੇਦਾਰਾਂ ਦੇ ਭੰਗੜੇ, ਮੁਕੱਦਸ ਗ੍ਰੰਥਾਂ ਦੀ ਹਜ਼ੂਰੀ ਵਿੱਚ ਕੀਤੀਆਂ ਰਸਮਾਂ, ਵਿਆਹ ਤੋਂ ਪਹਿਲਾਂ-ਬਾਅਦ ਦੀਆਂ ਘੁੰਮਣਘੇਰੀਆਂ ਦੇ ਸਬੂਤ, ਧਾਰਮਿਕ ਅਦਾਰਿਆਂ ਦੇ ਜਾਰੀ ਕੀਤੇ ਪ੍ਰਮਾਣ ਪੱਤਰ ਅਤੇ ਅਦਾਲਤਾਂ ਵਿੱਚ ਹਾਸਿਲ ਕੀਤੇ ਮੈਰਿਜ ਸਰਟੀਫੀਕੇਟ ਸ਼ੱਕ ਦੇ ਘੇਰੇ ਵਿੱਚ ਹਨ।

ਮੌਜੂਦਾ ਹਾਲਾਤ ਵਿੱਚ ਆਈਲੈੱਟਸ, ਵਿਦੇਸ਼ ਅਤੇ ਵਿਆਹ ਦੇ ਜਮ੍ਹਾਂ-ਜੋੜ ਪੰਜਾਬੀ ਸਮਾਜ ਦੀਆਂ ਤਾਂਘਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਇਨ੍ਹਾਂ ਜਮ੍ਹਾਂ-ਜੋੜਾਂ ਵਿੱਚ ਹੀ ਬਹੁਤ ਸਾਰੇ ਖ਼ਦਸ਼ੇ ਵਾਸ ਕਰਦੇ ਹਨ।

ਸਾਰੇ ਸਮਾਜਿਕ, ਧਾਰਮਿਕ, ਕਾਨੂੰਨੀ ਅਤੇ ਵਿਦਿਅਕ ਅਦਾਰੇ ਇਸ ਰੁਝਾਨ ਸਾਹਮਣੇ ਨਿਮਾਣੇ ਜਾਪਦੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਜਮਾਂਜੋੜ੍ਹਾਂ ਦੇ ਆਲੇ-ਦੁਆਲੇ ਕਾਮਯਾਬੀਆਂ-ਨਾਕਾਮਯਾਬੀਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਪਰ ਇਨ੍ਹਾਂ ਨਾਲ ਕੋਈ ਕਾਮਯਾਬੀ-ਨਾਕਾਮਯਾਬੀ ਦਾ ਮੰਤਰ ਨਹੀਂ ਨਿਕਲਦਾ।

ਇਨ੍ਹਾਂ ਜਮ੍ਹਾਂਜੋੜਾਂ ਵਿੱਚ ਉਹ ਸੁਆਲ ਹਨ ਜਿਨ੍ਹਾਂ ਨੂੰ ਮੁਖ਼ਾਤਬ ਹੋਏ ਬਿਨਾਂ ਪੰਜਾਬੀ ਸਮਾਜ ਦੀ ਥਾਹ ਨਹੀਂ ਪਾਈ ਜਾ ਸਕਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)