5000 ਸਾਲ ਕੈਦ : ਸਰਕਾਰ ਨੇ ਕਿਵੇਂ ਨਰਕ ਬਣਾਈ ਪੱਤਰਕਾਰ ਦੀ ਜ਼ਿੰਦਗੀ

ਰੋਡਨੇ ਡੀ. ਸੀਏਹ ਨੇ ਬੀਬੀਸੀ ਦੇ ਅਫਰੀਕੀ ਲੇਖਕਾਂ ਦੀਆਂ ਚਿੱਠੀਆਂ ਦੇ ਲੜੀਵਾਰ ਵਿੱਚ ਪੱਛਮੀ ਅਫ਼ਰੀਕਾ ’ਚ ਪੱਤਰਕਾਰੀ ਦੀ ਸਥਿਤੀ ਬਾਰੇ ਦੱਸਿਆ ਹੈ। ਉਹ ਲਾਈਬੇਰੀਆ ਦੇ ਰਸਾਲੇ ’ਫਰੰਟਪੇਜ ਅਫਰੀਕਾ’ ਦੇ ਸੰਪਾਦਕ ਹਨ।

ਮੈਂ ਇੱਕ ਸਰਕਾਰੀ ਆਡਿਟ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਤਾਂ ਇੱਕ ਮੰਤਰੀ ਨੇ ਮੇਰੇ ’ਤੇ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ।

ਆਡਿਟ ਵਿੱਚ ਇਹ ਸਾਹਮਣੇ ਆਇਆ ਸੀ ਕਿ ‘ਆਰਮੀ-ਵੌਰਮ’ ਦੀ ਮਹਾਂਮਾਰੀ ਦਾ ਸਾਹਮਣਾ ਕਰਨ ਲਈ 6 ਮਿਲੀਅਨ ਡਾਲਰ (44 ਕਰੋੜ ਰੁਪਏ) ਦੇ ਫੰਡ ਨੂੰ ਖੁਰਦਬੁਰਦ ਕੀਤਾ ਗਿਆ ਸੀ।

ਇਹ ਕੇਸ ਉਹ ਜਿੱਤ ਗਿਆ। ਮੈਨੂੰ ਹਰਜਾਨੇ ਵਜੋਂ 160 ਹਜ਼ਾਰ ਡਾਲਰ (1.17 ਕਰੋੜ ਰੁਪਏ) ਨਾ ਚੁਕਾਉਣ ਕਾਰਨ 5000 ਸਾਲ ਕੈਦ ਦੀ ਸਜ਼ਾ ਸੁਣਾਈ ਗਈ।

ਮੈਂ 2013 ਵਿੱਚ ਚਾਰ ਮਹੀਨਿਆਂ ਤੱਕ ਮੋਨਰੋਵੀਆ ਦੀ ਸੈਂਟਰਲ ਜੇਲ੍ਹ ਵਿੱਚ ਰਿਹਾ। ਮੈਨੂੰ ਕਾਤਲਾਂ ਤੇ ਲੁਟੇਰਿਆਂ ਨਾਲ ਇੱਕ ਸੈੱਲ ਵਿਚ ਸੁੱਟ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

200 ਕੈਦੀਆਂ ਨੂੰ ਰੱਖਣ ਲਈ ਰਾਜਧਾਨੀ ਵਿੱਚ ਬਣੀ ਇਸ ਜੇਲ੍ਹ ’ਚ 1,000 ਤੋਂ ਵੱਧ ਕੈਦੀ ਹਨ, ਜਿਨ੍ਹਾਂ 'ਚੋਂ ਤਕਰੀਬਨ ਅੱਧਿਆਂ ਨੂੰ ਬਿਨਾਂ ਮੁਕੱਦਮਾ ਚਲਾਇਆਂ ਰੱਖਿਆ ਗਿਆ ਹੈ ।

ਇੱਥੇ ਸਰਕਾਰ ਆਪਣੇ ਨਿੰਦਕਾਂ ਨੂੰ ਸਬਕ ਸਿਖਾਉਣ ਲਈ ਭੇਜਦੀ ਹੈ।

ਮੈਨੂੰ ਯਾਦ ਹੈ ਕਿ ਜੇਲ੍ਹਰ ਮੈਨੂੰ ਉਸ ਦਿਨ ਜੇਲ੍ਹ ਦਾ ਖਾਣਾ ਅਜ਼ਮਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ: ਫਲੀਆਂ ਅਤੇ ਚੌਲ ਦੀ ਥਾਲੀ ਨਾਲ ਕੋਈ ਮੀਟ ਜਾਂ ਮੱਛੀ ਨਹੀਂ ਸੀ। ਖਾਣੇ ਦੀ ਮੇਜ਼ ਦੇ ਆਲੇ-ਦੁਆਲੇ ਕੀੜੇ ਘੁੰਮ ਰਹੇ ਸੀ।

ਸਮਰਥਕਾਂ ਅਤੇ ਹਮਦਰਦਾਂ ਦੇ ਰੋਸ ਵਿਖਾਵਿਆਂ ਅਤੇ ਨਿਊ ਯਾਰਕ ਟਾਈਮਜ਼ ਵਿੱਚ ਛਪੇ ਲੇਖ ਮਗਰੋਂ ਤਤਕਾਲੀ ਰਾਸ਼ਟਰਪਤੀ ਐਲਨ ਜੌਨਸਨ ਸਰਲੀਫ਼ ਦੀ ਸਰਕਾਰ ਨੇ ਮੈਨੂੰ ਰਿਹਾਅ ਕਰ ਦਿੱਤਾ।

ਨੌਜਵਾਨ ਮੁੰਡੇ ਅਤੇ ਬੰਦੂਕਾਂ

ਮੇਰੀ ਕਹਾਣੀ ਪੱਤਰਕਾਰਾਂ ਦੁਆਰਾ ਹੰਢਾਈਆਂ ਮੁਸ਼ਕਿਲਾਂ ਦੀ ਇੱਕ ਮਿਸਾਲ ਹੈ। ਇਹ ਸਮੱਸਿਆਵਾਂ ਝੱਲਣੀਆਂ ਹੀ ਪੈਂਦੀਆਂ ਹਨ ਜਦੋਂ ਸਾਸ਼ਕਾਂ ਨੂੰ ਆਲੋਚਕਾਂ ਨਾਲ ਨਫਰਤ ਹੋ ਜਾਵੇ।

ਪਿਛਲੇ ਕੁਝ ਦਹਾਕਿਆਂ ਦੌਰਾਨ ਜੋ ਕੁਝ ਵਾਪਰਿਆ ਹੈ, ਉਸ ’ਤੇ ਇੱਕ ਨਜ਼ਰ ਮਾਰੀ ਜਾਵੇ ਤਾਂ ਮੇਰੇ ਬਹੁਤ ਸਾਰੇ ਸਾਥੀਆਂ ਨੂੰ ਬੇਇੱਜ਼ਤ ਕੀਤਾ ਗਿਆ, ਸਤਾਇਆ ਗਿਆ, ਮਾਰਿਆ ਗਿਆ ਹੈ।

ਅਖਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਡੇ ਕੰਮਕਾਜੀ ਖੇਤਰ ਵਿੱਚ ਖੌਫ ਹੈ। ਕੁਝ ਪੱਤਰਕਾਰ ਆਪਣੇ ਪਰਿਵਾਰਾਂ ਤੋਂ ਦੂਰ ਹੋਰਨਾਂ ਦੇਸ਼ਾਂ ਵਿੱਚ ਰਹਿੰਦੇ ਹਨ।

ਮੋਨਰੋਵੀਆ ਦੇ ਇੱਕ ਪਿੱਛੜੇ ਇਲਾਕੇ ਵਿੱਚ ਵੱਡੇ ਹੁੰਦਿਆਂ ਮੈਂ ਬਹੁਤ ਕੁਝ ਬੇਪਰਦ ਹੁੰਦੇ ਦੇਖਿਆ।

1979 ਵਿੱਚ ਚਾਵਲਾਂ ਲਈ ਦੰਗੇ ਹੋਏ। ਇੱਕ ਸਾਲ ਬਾਅਦ ਖ਼ੂਨੀ ਰਾਜ ਪਲਟੇ ਮਗਰੋਂ ਮਾਸਟਰ ਸਰਜੈਂਟ ਸੈਮੁਏਲ ਕੈਨਯੋਨ ਡੋਅ ਸੱਤਾ ਵਿੱਚ ਆਇਆ।

ਹਿੰਸਾ ਦੀਆਂ ਤਸਵੀਰਾਂ ਮੇਰੀ ਯਾਦਾਂ ਦਾ ਹਿੱਸਾ ਹਨ। ਇਸੇ ਨੇ ਮੈਨੂੰ ਪੱਤਰਕਾਰ ਬਣਨ ਲਈ ਪ੍ਰੇਰਿਤ ਕੀਤਾ ਸੀ।

ਲਾਈਬੇਰੀਆ ਦੀ ਖਾਨਾ ਜੰਗੀ ਵਿੱਚ ਕੀ ਹੋਇਆ ਸੀ?

  • 1989: ਚਾਰਲਸ ਟੇਲਰ ਨੇ ਰਾਸ਼ਟਰਪਤੀ ਸੈਮੁਏਲ ਡੋਅ ਦੇ ਵਿਰੁੱਧ ਵਿਦਰੋਹ ਸ਼ੁਰੂ ਕੀਤਾ
  • 1990: ਡੋਅ ਨੂੰ ਬਾਗੀਆਂ ਨੇ ਬੇਰਹਿਮ ਮੌਤ ਮਾਰਿਆ
  • 1997: 2.5 ਲੱਖ ਮੌਤਾਂ ਦੇ ਬਾਅਦ ਘਰੇਲੂ ਖਾਨਾ ਜੰਗੀ ਮੁੱਕੀ ਤਾਂ ਟੇਲਰ ਰਾਸ਼ਟਰਪਤੀ ਚੁਣੇ ਗਏ
  • 2012: ਗੁਆਂਢੀ ਦੇਸ ਸੀਐਰਾ ਲਿਓਨ ਵਿੱਚ ਟੇਲਰ 'ਤੇ ਯੁੱਧ ਅਪਰਾਧ ਦੇ ਦੋਸ਼ ਲੱਗੇ

ਮੇਰੇ ਅੰਕਲ ਐਲਬਰਟ ਪੋਰਟ, ਜੋ ਹੁਣ ਦੁਨੀਆਂ 'ਚ ਨਹੀਂ ਹਨ, ਲੇਖਕ ਅਤੇ ਪੱਤਰਕਾਰ ਸਨ।

ਉਨ੍ਹਾਂ ਨੂੰ ਭ੍ਰਿਸ਼ਟ ਪ੍ਰਣਾਲੀ ਦੇ ਖ਼ਿਲਾਫ ਖੜ੍ਹੇ ਹੋਣ ਅਤੇ ਰਾਸ਼ਟਰਪਤੀ ਵਿਲੀਅਮ ਵੀ.ਐਸ. ਟੂਬਮਾਨ ਨਾਲ ਇਤਿਹਾਸਕ ਪੱਤਰਾਚਾਰ ਲਈ ਯਾਦ ਕੀਤਾ ਜਾਂਦਾ ਹੈ।

ਇਸ ਪੱਤਰਾਚਾਰ ’ਚ ਉਨ੍ਹਾਂ ਨੇ ਰਾਸ਼ਟਰਪਤੀ ਟੂਬਮਾਨ ਦੁਆਰਾ ਇੱਕ ਨਿੱਜੀ ਕਿਸ਼ਤੀ ਖਰੀਦਣ ਦਾ ਵਿਰੋਧ ਕੀਤਾ ਸੀ।

ਰਾਸ਼ਟਰਪਤੀ ਨੇ ਇਹ ਕਿਸ਼ਤੀ ਉਸ ਸਮੇਂ ਖਰੀਦੀ ਸੀ ਜਦੋਂ ਆਮ ਲੋਕ ਭੋਜਨ ਲਈ ਵੀ ਸੰਘਰਸ਼ ਕਰ ਰਹੇ ਸਨ।

ਜਦੋਂ ਚਾਰਲਸ ਟੇਲਰ ਨੇ 1989 ਵਿੱਚ ਕ੍ਰਿਸਮਸ ਦੌਰਾਨ ਆਪਣੀ ਬਗਾਵਤ ਸ਼ੁਰੂ ਕੀਤੀ ਤਾਂ ਮੈਂ ਆਪਣੇ ਦੋਸਤਾਂ, ਪਰਿਵਾਰਾਂ ਨੂੰ ਮੱਖੀਆਂ ਦੀ ਤਰ੍ਹਾਂ ਮਰਦੇ ਦੇਖਿਆ।

ਮੈਂ ਨੌਜਵਾਨ ਮੁੰਡਿਆਂ ਨੂੰ ਆਪਣੇ ਤੋਂ ਵੱਡੀਆਂ ਬੰਦੂਕਾਂ ਚੁੱਕ ਕੇ ਫਿਰਦਿਆਂ, ਪਰਿਵਾਰਾਂ ਦੇ ਹਜੂਮ ਨੂੰ ਸਭ ਚੁੱਕ ਕੇ ਭੱਜਦੇ ਦੇਖਿਆ। ਸਾਡੇ ਕੁਝ ਗੁਆਂਢੀਆਂ ਨੇ ਆਪਣੇ ਘਰ ਤੇ ਸਮਾਨ ਦੀ ਰਾਖੀ ਲਈ ਪਿੱਛੇ ਰਹਿ ਕੇ ਆਪਣੀਆਂ ਜਾਨਾਂ ਗੁਆ ਦਿੱਤੀਆਂ।

ਉਹ ਇਸ ਲਈ ਮਾਰੇ ਗਏ ਕਿਉਂਕਿ ਉਹ ਕਿਸੇ ਨਸਲ ਨਾਲ ਸਬੰਧਤ ਸਨ ਜਾਂ ਫਿਰ ਇਸ ਲਈ ਕਿਉਂਕਿ ਉਹ ਗਲਤ ਸਮੇਂ ਗਲਤ ਥਾਂ 'ਤੇ ਸਨ।

ਅਗਲੇ ਕੁਝ ਸਾਲਾਂ 'ਚ ਡੋਅ ਨੂੰ ਬਾਗ਼ੀਆਂ ਦੁਆਰਾ ਫੜ ਕੇ ਮਾਰ ਦਿੱਤਾ ਗਿਆ, ਮੈਂ ਗਾਂਬੀਆ ਵਿੱਚ ਮੇਰੇ ਅੰਕਲ ਕੈਨੇਥ ਬੈਸਟ ਕੋਲ ਚਲਾ ਗਿਆ, ਜਿਥੇ ਉਨ੍ਹਾਂ ਨੇ ’ਡੇਲੀ ਓਬਜ਼ਰਵਰ’ ਅਖ਼ਬਾਰ ਸ਼ੁਰੂ ਕੀਤਾ ਸੀ।

1994 ਵਿੱਚ, ਜਦੋਂ ਲੈਫਟੀਨੈਂਟ ਯਾਹੀਆ ਜਮੇਹ ਨੇ 29 ਸਾਲ ਦੀ ਉਮਰ ‘ਚ ਗਾਂਬੀਆ ਵਿੱਚ ਸੱਤਾ ਹਾਸਲ ਕੀਤੀ, ਸਭ ਕੁਝ ਠਹਿ ਗਿਆ।

ਇਹ ਵੀ ਪੜ੍ਹੋ:

ਪੱਤਰਕਾਰ ਵੱਜੋਂ ਮੈਂ ਜਮੇਹ ਦਾ ਪਹਿਲਾ ਇੰਟਰਵਿਊ ਕੀਤਾ ਤਾਂ ਉਸ ਨੇ ਡੋਅ ਨਾਲ ਆਪਣੀ ਤੁਲਨਾ ਤੋਂ ਇਨਕਾਰ ਕੀਤਾ ਸੀ; ਵਾਅਦਾ ਸੀ ਕਿ ਗਾਂਬੀਆ ਵਿਚ ਤਾਨਾਸ਼ਾਹੀ ਨਹੀਂ ਹੋਵੇਗੀ। ਉਸ ਨੇ 2017 ਤੱਕ 22 ਸਾਲ ਰਾਜ ਕੀਤਾ, ਜਦੋਂ ਤੱਕ ਉਹ ਚੋਣਾਂ ਹਾਰਨ ਮਗਰੋਂ ਜਲਾਵਤਨ ਨਾ ਹੋ ਗਿਆ।

1994 ਦੇ ਰਾਜ ਪਲਟੇ ਤੋਂ ਥੋੜ੍ਹੀ ਦੇਰ ਬਾਅਦ ਮੈਂ ਦੇਖਿਆ ਕਿ ਜਮੇਹ ਨੇ ‘ਨਿਊ ਯਾਰਕ ਟਾਈਮਜ਼’ ਨਾਲ ਇਕ ਵਿਵਾਦਪੂਰਨ ਇੰਟਰਵਿਊ ਤੋਂ ਬਾਅਦ ਮੇਰੇ ਚਾਚੇ ਨੂੰ ਦੇਸ਼ ਨਿਕਾਲਾ ਦੇ ਦਿੱਤਾ।

ਕੁਝ ਸਮੇਂ ਬਾਅਦ ਮੈਂ ਵੀ ਨਿਸ਼ਾਨਾ ਬਣ ਗਿਆ। 'ਫਰੰਟਪੇਜ ਅਫਰੀਕਾ' ਆਨਲਾਈਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਯੂ.ਕੇ. ਅਤੇ ਅਮਰੀਕਾ ’ਚ ਰੂਪੋਸ਼ ਰਹਿ ਕੇ ਪੱਤਰਕਾਰੀ ਦੇ ਹੁਨਰ ਨੂੰ ਕਈ ਅਖ਼ਬਾਰਾਂ ਨਾਲ ਨਿਖਾਰਿਆ।

ਪਰਤਿਆ ਕਿਉਂ

ਛੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੇਰੇ ਦੇਸ਼ ਨੂੰ ਮੇਰੀ ਲੋੜ ਹੈ।

ਯੁੱਧ ਖਤਮ ਹੋਣ ਤੋਂ ਬਾਅਦ, ਸਾਲ 2005 ਵਿੱਚ ਸਫਲ ਚੋਣਾਂ ਮਗਰੋਂ ਸਿਰਲੀਫ਼ ਸੱਤਾ ਵਿੱਚ ਆਈ। ਮੈਂ 2007 ਵਿੱਚ ਲਾਇਬੇਰੀਆ ਪਰਤਿਆ ਅਤੇ ‘ਫਰੰਟਪੇਜ ਅਫਰੀਕਾ’ ਦਾ ਪ੍ਰਿੰਟ ਐਡੀਸ਼ਨ ਸ਼ੁਰੂ ਕੀਤਾ।

ਇਸ ਤਰ੍ਹਾਂ ਲਗਦਾ ਹੈ ਜਿਵੇਂ ਬਹੁਤ ਸਾਰੇ ਲੋਕਾਂ ਨੇ ਮੇਰੀ ਵਾਪਸੀ ਨੂੰ ਬਦਲਾ ਲੈਣ ਦੇ ਮੌਕੇ ਵਜੋਂ ਦੇਖਿਆ।

ਮੈਂ ਆਪਣੇ ਅਖ਼ਬਾਰ ਦੇ ਦਫ਼ਤਰ ’ਚ ਕਾਤਲਾਨਾ ਹਮਲੇ ਤੋਂ ਬਚ ਗਿਆ ਅਤੇ ਕਈ ਮੁਕੱਦਮਿਆਂ ਦਾ ਸਾਹਮਣਾ ਕੀਤਾ, ਜਿਨ੍ਹਾਂ ਵਿਚੋਂ ਦੋ ਵਿੱਚ ਮੈਨੂੰ ਜੇਲ੍ਹ ਵੀ ਹੋਈ ।

ਰੋਜ਼ਾਨਾ ਅਖ਼ਬਾਰ ਚਲਾਉਣ ਨਾਲ ਬਹੁਤ ਸਾਰੇ ਖ਼ਤਰੇ ਆਉਂਦੇ ਹਨ, ਖ਼ਾਸ ਕਰਕੇ ਜੇ ਤੁਸੀਂ ਮਾਦਾ ਜਣਨ ਅੰਗਾਂ ਨੂੰ ਕੱਟਣ (ਫੀਮੇਲ ਜੈਨਿਟਲ ਮਿਊਟੀਲੇਸ਼ਨ ਜਾਂ ਐਫ.ਜੀ.ਐਮ.) ਅਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਦਿਆ 'ਤੇ ਲਿਖੋ।

ਐਫ.ਜੀ.ਐਮ. 'ਤੇ ਰਿਪੋਰਟਿੰਗ ਲਈ ਮਸ਼ਹੂਰ, ਮੇਅ ਅਜ਼ੰਗੋ ਸਾਡੇ ਅਜ਼ੀਜ਼ ਪੱਤਰਕਾਰਾਂ ਵਿਚੋਂ ਇੱਕ ਹਨ। 2010 ਵਿੱਚ ਉਹ ਇਸ ਰਵਾਇਤ ਦਾ ਖੁਲਾਸਾ ਕਰਨ ਗਏ ਸਨ।

ਜਨਵਰੀ ਵਿੱਚ ਆਪਣੀ ਸਰਕਾਰ ਦੇ ਆਖ਼ਰੀ ਦਿਨ ਸਿਰਲੀਫ਼ ਨੇ ਐਫ.ਜੀ.ਐਮ. ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਜਿਸ ਮਗਰੋਂ ਇਸ ਨੂੰ ਹੁਣ ਲਾਇਬੇਰੀਆ ਵਿੱਚ ਬੰਦ ਕਰ ਦਿੱਤਾ ਗਿਆ ਹੈ।

ਅਜ਼ੰਗੋ ਤੇ ਇੱਕ ਹੋਰ ਮਹਿਲਾ ਰਿਪੋਰਟਰ ਨੇ ਵੇਸਵਾਵਾਂ ਦਾ ਰਾਤ ਨੂੰ ਪਿੱਛਾ ਕਰਨ ਦੀ ਬਹਾਦਰੀ ਦਿਖਾਈ।

ਵੇਸਵਾਵਾਂ ਨੇ ਆਪਣੇ ਬੁਰੇ ਅਨੁਭਵ ਉਨ੍ਹਾਂ ਨਾਲ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਸਰੀਰ ਬਦਲੇ ਪੰਜ ਲਾਇਬੇਰੀਅਨ ਡਾਲਰ (2.2 ਰੁਪਏ) ਮਿਲਦੇ ਸੀ ।

‘ਮੈਂ ਪਿੱਛੇ ਹਟਣ ਤੋਂ ਇਨਕਾਰ ਕੀਤਾ’

ਇਨ੍ਹਾਂ ਕਹਾਣੀਆਂ ਨੂੰ ਬਾਹਰ ਲਿਆਉਣ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਿਪੋਰਟਰਾਂ ਨੂੰ ਥੋੜ੍ਹੀ ਜਿਹੀ ਤਨਖ਼ਾਹ ਬਦਲੇ ਵੱਡੇ ਖ਼ਤਰੇ ਮੁੱਲ ਲੈਣੇ ਪੈਂਦੇ ਹਨ ਕਿਉਂਕਿ ਅਖ਼ਬਾਰਾਂ ਦੇ ਮਾਲਕਾਂ ਨੂੰ ਸਟਾਫ ਦੀ ਤਨਖ਼ਾਹ ਦੇਣ ਅਤੇ ਅਸਥਿਰ ਬਿਜਲੀ ਦੀ ਸਪਲਾਈ ਦੇ ਕਾਰਨ ਜਨਰੇਟਰ ਚਾਲੂ ਰੱਖਣ ਲਈ ਸੰਘਰਸ਼ ਕਰਨਾ ਪੈਂਦਾ ਹੈ।

ਅਖ਼ਬਾਰਾਂ ਲਈ ਇਸ਼ਤਿਹਾਰ ਕਮਾਈ ਦਾ ਸਭ ਤੋਂ ਵੱਡਾ ਸਾਧਨ ਹਨ ਪਰ ਸਰਕਾਰ ਅਕਸਰ ਸਭ ਤੋਂ ਵੱਡੀ ਵਿਗਿਆਪਨਦਾਤਾ ਹੈ ਅਤੇ ਇਹ ਕਿਸੇ ਵੀ ਸਮੇਂ ਬਾਈਕਾਟ ਕਰ ਸਕਦੀ ਹੈ।

ਇਨ੍ਹਾਂ ਸਾਲਾਂ ਦੌਰਾਨ ਮੈਂ ਪੱਛਮੀ ਅਫ਼ਰੀਕਾ ਦੀਆਂ ਕਈ ਸਰਕਾਰਾਂ ਦੇ ਅਧੀਨ ਕੰਮ ਕੀਤਾ ਹੈ, ਇਸ ਲਈ ਮੈਂ ਪਹਿਲਾਂ ਹੀ ਜਾਣਦਾ ਹਾਂ ਕਿ ਤਾਨਾਸ਼ਾਹੀ ਆਗੂ ਕਿਸ ਤਰ੍ਹਾਂ ਮੀਡੀਆ ਨਾਲ ਧੱਕੇਸ਼ਾਹੀ ਕਰਦੇ ਹਨ।

ਇਹ ਵੀ ਪੜ੍ਹੋ:

ਜੇ ਮੈਂ ਮਰ ਗਿਆ ਹੁੰਦਾ ਤਾਂ ਪੱਤਰਕਾਰਾਂ ਦੀ ਸੁਰੱਖਿਆ ਲਈ ਬਣੀ ਕਮੇਟੀ ਦੀ ਸਾਲਾਨਾ ਰਿਪੋਰਟ ਵਿੱਚ ਦਰਜ ਸੈਂਕੜੇ ਨਾਂਵਾਂ ’ਚੋਂ ਇੱਕ ਬਣ ਜਾਣਾ ਸੀ, ਜਿਨ੍ਹਾਂ ਨੂੰ ਕੋਈ ਯਾਦ ਨਹੀਂ ਕਰਦਾ।

ਜੇ ਮੈਂ ਪਿੱਛੇ ਮੁੜ ਜਾਂਦਾ ਤਾਂ ਸ਼ਾਇਦ ਮੈਂ 5,000 ਸਾਲੀ ਭੁਗਤ ਰਿਹਾ ਹੁੰਦਾ।

ਮੈਂ ਇੱਥੇ ਤੱਕ ਪਹੁੰਚ ਸਕਿਆ ਹਾਂ ਕਿਉਂਕਿ ਮੈਂ ਪਿੱਛੇ ਮੁੜਨ ਤੋਂ ਇਨਕਾਰ ਕਰ ਦਿੱਤਾ।

(ਰੋਡਨੇ ਡੀ. ਸੀਏਹ ਆਉਣ ਵਾਲੀ ਕਿਤਾਬ ਜਰਨਲਿਸਟ ਆਨ ਟ੍ਰਾਇਲ ਦੇ ਲੇਖਕ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)