ਚੀਨ ਤੋਂ ਅਫਰੀਕਾ ਤੱਕ ਮਾਰ ਕਰਨ ਵਾਲੀ ਭਾਰਤੀ ਮਿਜ਼ਾਈਲ ਦਾ ਸਫ਼ਲ ਪਰੀਖਣ

ਭਾਰਤ ਲੰਮੀ ਦੂਰੀ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਛੇਵਾਂ ਪਰੀਖਣ ਕਰਨ ਵਿੱਚ ਕਾਮਯਾਬ ਰਹੀ ਹੈ।

ਇਹ ਭਾਰਤ ਦੀ ਸਭ ਤੋਂ ਦੂਰ ਤੱਕ ਜਾਣ ਵਾਲੀ ਮਿਜ਼ਾਈਲ ਹੈ।

17.5 ਮੀਟਰ ਲੰਮੀ ਮਿਜ਼ਾਈਲ ਪੰਜ ਹਜ਼ਾਰ ਕਿਲੋਮੀਟਰ ਤੋਂ ਵੀ ਦੂਰ ਜਾ ਸਕਦੀ ਹੈ ਅਤੇ ਇਸ ਦੇ ਦਾਇਰੇ ਵਿੱਚ ਚੀਨ, ਯੂਰਪ ਅਤੇ ਅਫਰੀਕਾ ਆ ਸਕਦੇ ਹਨ।

ਹਾਲਾਂਕਿ ਭਾਰਤ ਸ਼ਾਂਤੀ ਦੀ ਮੰਗ ਕਰਦਾ ਹੈ ਪਰ ਲੋੜ ਪੈਣ 'ਤੇ ਇਸ ਵਿੱਚ ਅਣੂ ਬੰਬ ਦਾ ਹੀ ਇਸਤੇਮਾਲ ਹੋ ਸਕਦਾ ਹੈ।

ਮੱਧ-ਅਮਰੀਕੀ ਦੇਸ਼ ਗੁਆਟੇਮਾਲਾ ਵਿੱਚ ਜਵਾਲਾਮੁਖੀ ਫਿਉਗੋ ਫਟਣ ਤੋਂ ਬਾਅਦ ਸੱਤ ਲੋਕ ਮਾਰੇ ਗਏ ਅਤੇ 300 ਜ਼ਖਮੀ ਹੋਏ ਹਨ।

ਲਾਵਾ ਇੱਕ ਪਿੰਡ ਤੱਕ ਪਹੁੰਚ ਗਿਆ ਜਿਸ ਕਾਰਨ ਮੌਤਾਂ ਹੋਈਆਂ।

ਲੋਕਾਂ ਨੂੰ ਇਨ੍ਹਾਂ ਇਲਾਕਿਆਂ ਤੋਂ ਦੂਰ ਲਿਜਾਇਆ ਗਿਆ ਹੈ ਅਤੇ ਰਾਜਧਾਨੀ ਦਾ ਲਾ ਔਰੋਰਾ ਏਅਰਪੋਰਟ ਬੰਦ ਕਰ ਦਿੱਤਾ ਗਿਆ ਹੈ।

ਗੁਆਟੇਮਾਲਾ ਦੀ ਸਰਕਾਰ ਮੁਤਾਬਕ ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਮਾਸਕ ਲਾ ਕੇ ਰੱਖਣ ਦੀ ਹਿਦਾਇਤ ਦਿੱਤੀ ਹੈ।

ਖਬਰਾਂ ਹਨ ਕਿ ਸ਼ਿਲਾਂਗ ਵਿੱਚ ਐਤਵਾਰ ਦੇ ਕਰਫਿਊ ਤੋਂ ਬਾਅਦ ਮੁੜ ਤੋਂ ਹਿੰਸਾ ਹੋਈ।

ਬੀਤੇ ਦਿਨ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕੀਤਾ ਸੀ ਕਿ ਹਾਲਾਤ ਕਾਬੂ ਵਿੱਚ ਹਨ ਅਤੇ ਸਿੱਖਾਂ ਨੂੰ ਕੋਈ ਖਤਰਾ ਨਹੀਂ ਹੈ।

ਸ਼ਿਲਾਂਗ ਵਿੱਚ ਪਿਛਲੇ ਚਾਰ ਦਿਨਾਂ ਤੋਂ ਪੰਜਾਬੀ ਭਾਈਚਾਰੇ ਅਤੇ ਹੋਰਾਂ ਵਿਚਾਲੇ ਹਿੰਸਕ ਝੜਪਾਂ ਜਾਰੀ ਹਨ।

ਵੀਰਵਾਰ ਨੂੰ ਸਰਕਾਰੀ ਬੱਸ ਦੇ ਇੱਕ ਨੌਜਵਾਨ ਕੰਡਕਟਰ ਅਤੇ ਇੱਕ ਪੰਜਾਬੀ ਕੁੜੀ ਵਿਚਾਲੇ ਕਥਿਤ ਵਿਵਾਦ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਹੋਈ ਸੀ।

ਕੈਬਨਿਟ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਸੰਸਦ ਵਿੱਚ 'ਨੋ ਹੋਮਵਰਕ ਬਿਲ ਪੇਸ਼' ਕਰੇਗੀ।

ਇਸ ਦੇ ਤਹਿਤ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਹੋਮਵਰਕ ਨਾ ਦਿੱਤੇ ਜਾਣ ਦੀ ਤਜ਼ਵੀਜ਼ ਹੋਵੇਗੀ।

ਪ੍ਰਕਾਸ਼ ਜਾਵੜੇਕਰ ਨੇ ਕਿਹਾ, "ਮੇਰਾ ਮੰਨਣਾ ਹੈ ਕਿ 'ਸਿੱਖੋ ਮਜ਼ੇ ਨਾਲ'। ਬੱਚਿਆਂ 'ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਅਦਾਲਤ ਦੇ ਹੁਕਮਾਂ ਮੁਤਾਬਕ ਬੱਚਿਆਂ 'ਤੇ ਦਬਾਅ ਘਟਾਉਣ ਲਈ ਜੋ ਵੀ ਕਰਨ ਦੀ ਲੋੜ ਹੈ ਅਸੀਂ ਕਰਾਂਗੇ।"

ਦਰਅਸਲ ਮਦਰਾਸ ਹਾਈ ਕੋਰਟ ਨੇ 30 ਮਈ ਨੂੰ ਹੁਕਮ ਦਿੱਤਾ ਸੀ ਜਿਸ ਦੇ ਤਹਿਤ ਕੇਂਦਰ ਨੂੰ ਕਿਹਾ ਗਿਆ ਕਿ ਉਹ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦੇਣ ਕਿ ਸਕੂਲੀ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਬੋਝ ਘਟੇ ਅਤੇ ਪਹਿਲੀ ਅਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਦਾ ਹੋਮਵਰਕ ਖ਼ਤਮ ਕੀਤਾ ਜਾਵੇ।

ਮੁੰਬਈ ਦੇ ਸਿੰਧਿਆ ਹਾਊਸ ਵਿੱਚ ਲੱਗੀ ਅੱਗ 'ਚ ਨੀਰਵ ਮੋਦੀ ਨਾਲ ਜੁੜੇ ਦਸਤਾਵੇਜ਼ ਸੜ ਗਏ ਹਨ।

ਜਿਸ ਤੋਂ ਬਾਅਦ ਕਰ ਅਤੇ ਆਬਕਾਰੀ ਵਿਭਾਗ ਦੇ ਟਵਿੱਟਰ ਅਕਾਉਂਟ ਤੋਂ ਦੋ ਟਵੀਟ ਲਗਾਤਾਰ ਕਰਕੇ ਸਫਾਈ ਦਿੱਤੀ ਗਈ ਕਿ ਇਹ ਸਭ ਗਲਤ ਖ਼ਬਰਾਂ ਹਨ।

ਇਸ ਤੋਂ ਬਾਅਦ ਉਨ੍ਹਾਂ ਟਵੀਟ ਕੀਤਾ, "ਇਹ ਸਪਸ਼ਟ ਹੈ ਕਿ ਨੀਰਵ ਮੋਦੀ/ਮੇਹੁਲ ਚੋਕਸੀ ਨਾਲ ਸਬੰਧਤ ਰਿਕਾਰਡ/ਦਸਤਾਵੇਜ ਪਹਿਲਾਂ ਹੀ ਅਸੈੱਸਮੈਂਟ ਯੂਨਿਟ ਵਿੱਚ ਟਰਾਂਸਫਰ ਕਰ ਦਿੱਤੇ ਗਏ ਹਨ। ਦਸਤਾਵੇਜਾਂ ਦੇ ਨੁਕਸਾਨੇ ਜਾਣ/ਨਸ਼ਟ ਹੋਣ ਦੀਆਂ ਖਬਰਾਂ ਗਲਤ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)