ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਾਮ ਖਾਨ ਦੀ ਕਿਤਾਬ 'ਤੇ ਤਰਥੱਲੀ

ਪਾਕਿਸਤਾਨ ਦੀ ਤਹਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਾਮ ਖਾਨ ਅੱਜ-ਕੱਲ੍ਹ ਚਰਚਾ ਵਿੱਚ ਹਨ। ਚਰਚਾ ਬਣੀ ਹੈ ਉਨ੍ਹਾਂ ਦੀ ਲਿਖੀ ਕਿਤਾਬ ਜੋ ਕਿ ਹਾਲੇ ਛਪੀ ਵੀ ਨਹੀਂ ਹੈ।

ਪਾਕਿਸਤਾਨੀ ਅਖ਼ਬਾਰ ਜੰਗ ਮੁਤਾਬਕ ਰੇਹਾਮ ਖਾਨ ਅਗਲੇ ਹਫ਼ਤੇ ਲੰਡਨ ਵਿੱਚ ਸਵੈ ਜੀਵਨੀ ਰਿਲੀਜ਼ ਕਰਨਗੇ।

ਅਖ਼ਬਾਰ ਮੁਤਾਬਕ ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਰਹੀ ਚੁੱਕੇ ਹੁਸੈਨ ਹੱਕਾਨੀ ਨਾਲ ਲੰਡਨ ਵਿੱਚ ਮੁਲਾਕਾਤ ਕੀਤੀ ਹੈ।

ਇਸ ਮੁਲਾਕਾਤ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਅਖ਼ਬਾਰ ਮੁਤਾਬਕ ਪਾਕਿਸਤਾਨੀ ਸਿਆਸਤ 'ਤੇ ਨਜ਼ਰ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇਸ ਕਿਤਾਬ ਦੇ ਸਾਹਮਣੇ ਆਉਣ ਨਾਲ ਇਮਰਾਨ ਖਾਨ ਨੂੰ ਸਿਆਸੀ ਧੱਕਾ ਲੱਗੇਗਾ। 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਕਾਰਨ ਹੀ ਇਸ ਕਿਤਾਬ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

ਕਿਤਾਬ ਤੋਂ ਪਹਿਲਾਂ ਹੀ ਹੰਗਾਮਾ

ਕਿਤਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪਾਕਿਸਤਾਨੀ ਟੀਵੀ ਦੇ ਇੱਕ ਕਲਾਕਾਰ ਅਤੇ ਪੀਟੀਆਈ ਦੇ ਮੈਂਬਰ ਹਮਜ਼ਾ ਅੱਬਾਸੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਹ ਕਿਤਾਬ ਪੜ੍ਹ ਲਈ ਹੈ।

ਹਮਜ਼ਾ ਅੱਬਾਸੀ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਨੇ ਕਿਤਾਬ ਪੜ੍ਹ ਲਈ ਹੈ। ਇਸ ਵਿੱਚ ਖੁਲਾਸਾ ਇਹ ਕੀਤਾ ਗਿਆ ਹੈ, "ਇਮਰਾਨ ਖਾਨ ਇਸ ਧਰਤੀ 'ਤੇ ਜਨਮ ਲੈਣ ਵਾਲਾ ਸਭ ਤੋਂ ਵੱਡਾ ਸ਼ੈਤਾਨ ਹੈ। ਜਦੋਂਕਿ ਰੇਹਾਮ ਖਾਨ ਇੱਕ ਧਾਰਮਿਕ ਔਰਤ ਹੈ ਅਤੇ ਸ਼ਹਿਬਾਜ਼ ਸ਼ਰੀਫ਼ ਇੱਕ ਚੰਗੇ ਇਨਸਾਨ ਹਨ।"

ਰੇਹਾਮ ਖਾਨ ਨੇ ਇਸ 'ਤੇ ਪਲਟ ਕੇ ਜਵਾਬ ਦਿੰਦੇ ਹੋਏ ਟਵੀਟ ਕੀਤਾ, "ਜਾਂ ਤਾਂ ਉਨ੍ਹਾਂ ਨੇ ਇਸ ਕਿਤਾਬ ਦੇ ਮਸੌਦੇ ਦੀ ਚੋਰੀ ਕੀਤੀ ਹੈ ਜਾਂ ਫਿਰ ਕੋਈ ਧੋਖਾਧੜੀ ਕੀਤੀ ਹੈ।"

ਹਾਲਾਂਕਿ ਰੇਹਾਮ ਖਾਨ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇਸ ਕਿਤਾਬ ਵਿੱਚ ਉਨ੍ਹਾਂ ਦੀ ਪਿਛਲੀ ਜ਼ਿੰਦਗੀ ਨਾਲ ਜੁੜੀਆਂ ਸਾਰੀਆਂ ਗੱਲਾਂ ਦਾ ਜ਼ਿਕਰ ਹੋਵੇਗਾ। ਸਿਰਫ਼ ਇਮਰਾਨ ਖਾਨ ਨਾਲ ਉਨ੍ਹਾਂ ਦਾ ਵਿਆਹ ਅਤੇ ਫਿਰ ਤਲਾਕ ਦਾ ਜ਼ਿਕਰ ਨਹੀਂ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)