You’re viewing a text-only version of this website that uses less data. View the main version of the website including all images and videos.
'ਭਗਵਾਨ ਸ਼ਿਵ ਦੇ ਰੂਪ ਵਿੱਚ ਇਮਰਾਨ ਖਾਨ' ਪਾਕਿਸਤਾਨੀ ਸੰਸਦ ਵਿੱਚ ਹੰਗਾਮਾ
ਭਗਵਾਨ ਸ਼ਿਵ ਦੀ ਤਸਵੀਰ ਵਿੱਚ ਸਾਬਕਾ ਕ੍ਰਿਕਟਰ ਅਤੇ ਰਾਜਨੀਤਕ ਆਗੂ ਇਮਰਾਨ ਖਾਨ ਦਾ ਚਿਹਰਾ ਲਗਾਉਣ 'ਤੇ ਪਾਕਿਸਤਾਨ ਵਿੱਚ ਰੌਲਾ ਪੈ ਗਿਆ ਹੈ।
ਪਾਕਿਸਤਾਨੀ ਸੰਸਦ ਦੇ ਪ੍ਰਧਾਨ ਨੇ ਇਮਰਾਨ ਖਾਨ ਨੂੰ ਹਿੰਦੂ ਦੇਵਤਾ ਦੇ ਰੂਪ ਵਿੱਚ ਪੇਸ਼ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਏਜੰਸੀ ਐਫਏਆਈ ਨੂੰ ਸੌਂਪ ਦਿੱਤੀ ਹੈ।
ਬੁੱਧਵਾਰ ਨੂੰ ਪਾਕਿਸਤਾਨੀ ਸੰਸਦ ਦੀ ਕਾਰਵਾਈ ਦੌਰਾਨ ਵਿਰੋਧੀ ਪਾਰਟੀ ਪੀਪੀਪੀ (ਪਾਕਿਸਤਾਨ ਪੀਪਲਜ਼ ਪਾਰਟੀ) ਦੇ ਇੱਕ ਮੈਂਬਰ ਰਮੇਸ਼ ਲਾਲ ਨੇ ਕਿਹਾ ਕਿ ਸੱਤਾਧਾਰੀ ਮੁਸਲਿਮ ਲੀਗ (ਨਵਾਜ਼ ਸ਼ਰੀਫ) ਦੇ ਵਰਕਰਾਂ ਨੇ ਸੋਸ਼ਲ ਮੀਡੀਆ 'ਤੇ ਇਮਰਾਨ ਖਾਨ ਦੀ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੂੰ ਹਿੰਦੂਆਂ ਦੇ ਦੇਵਤਾ ਸ਼ਿਵ ਦੇ ਰੂਪ ਵਿੱਚ ਵਿਖਾਇਆ ਗਿਆ ਹੈ।
ਸੰਸਦ ਦੇ ਪ੍ਰਧਾਨ ਸਰਦਾਰ ਅਯਾਜ਼ ਸਾਦਿਕ ਨੇ ਗ੍ਰਹਿ ਮੰਤਰੀ ਤਲਾਲ ਚੌਧਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਰਿਪੋਰਟ ਛੇਤੀ ਪੇਸ਼ ਕੀਤੀ ਜਾਵੇ।
ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ
ਰਮੇਸ਼ ਲਾਲ ਨੇ ਕਿਹਾ ਕਿ ਇਮਰਾਨ ਖਾਨ ਦੇ ਵਿਰੋਧ ਵਿੱਚ ਸੱਤਾਧਾਰੀ ਪਾਰਟੀ ਦੇ ਲੋਕਾਂ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਵਿੱਚ ਇਹ ਸਾਫ ਲਿਖਿਆ ਹੋਇਆ ਹੈ ਕਿ ਕੋਈ ਵੀ ਇਨਸਾਨ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਏਗਾ।
ਉਨ੍ਹਾਂ ਦੀ ਮੰਗ ਹੈ ਕਿ ਜਿਸ ਨੇ ਵੀ ਇਹ ਕੀਤਾ ਹੈ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਹੁੰਦੀ ਹੈ।
ਪਾਕਿਸਤਾਨ ਦੀ ਸੁਪਰੀਮ ਕੋਰਟ ਵੀ ਹਿੰਦੂਆਂ ਦੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਲਈ ਪਿਛਲੇ ਦਿਨਾਂ ਤੋਂ ਸਰਗਰਮ ਨਜ਼ਰ ਆ ਰਹੀ ਹੈ।
ਪੰਜਾਬ ਪ੍ਰਦੇਸ਼ ਦੇ ਇਲਾਕੇ ਚਕਵਾਲ ਵਿੱਚ ਕਟਾਸਰਾਜ ਮੰਦਿਰ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਖੁਦ ਫੈਸਲਾ ਲਿਆ ਸੀ ਅਤੇ ਹਿੰਦੂਆਂ ਦੇ ਇੱਸ ਪਵਿੱਤਰ ਅਸਥਾਨ ਦੀ ਦੇਖ-ਭਾਲ ਲਈ ਸਖਤ ਕਦਮ ਚੁੱਕੇ ਸਨ।