You’re viewing a text-only version of this website that uses less data. View the main version of the website including all images and videos.
ਕੀ ਬਲੂਚਿਸਤਾਨ ਦੀ ਪਛਾਣ ਜੂਨੀਪਰ ਜੰਗਲ ਇਤਿਹਾਸ ਬਣ ਜਾਣਗੇ?
- ਲੇਖਕ, ਸ਼ੁਮਾਇਲਾ ਜਾਫਰੀ ਤੇ ਫਰਹਾਨ ਰਫੀ
- ਰੋਲ, ਬਲੋਚਿਸਤਾਨ ਤੋਂ ਬੀਬੀਸੀ ਪੱਤਰਕਾਰ
ਮਾਰਚ ਦੇ ਮਹੀਨੇ ਵਿੱਚ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਪਾਰਾ ਕਾਫੀ ਤੇਜ਼ੀ ਨਾਲ ਵਧਦਾ ਹੈ। ਜ਼ੀਆਰਤ ਵੈਲੀ ਦਾ ਚੌਤੀਅਰ ਇਲਾਕਾ ਜ਼ਿਆਦਾਤਰ ਬਰਫ਼ ਵਿੱਚ ਢਕਿਆ ਰਹਿੰਦਾ ਹੈ।
ਪਾਕਿਸਤਾਨ ਦੇ ਦੱਖਣੀ - ਪੱਛਮ ਸੂਬੇ ਬਲੋਚਿਸਤਾਨ ਵਿੱਚ ਸਥਿਤ ਜ਼ੀਆਰਤ ਇੱਕ ਪਹਾੜੀ ਇਲਾਕਾ ਹੈ।
ਇਹ ਬਖਤਾਵਰ ਬੀਬੀ ਦਾ ਜੱਦੀ ਸ਼ਹਿਰ ਹੈ। ਬਖਤਾਵਰ ਬੀਬੀ ਦੀ ਜ਼ਿੰਦਗੀ ਇਨ੍ਹਾਂ ਜੂਨੀਪਰ ਦੇ ਜੰਗਲਾਂ ਦੇ ਆਲੇ-ਦੁਆਲੇ ਹੀ ਬੀਤਦੀ ਹੈ। ਇਹ ਜੰਗਲੀ ਇਲਾਕਾ ਉਸ ਦੇ ਪੁਰਾਣੇ ਘਰ ਦੇ ਚਾਰੇ-ਪਾਸੇ ਹੈ।
ਇਹ ਜੰਗਲ ਦੁਨੀਆਂ ਵਿੱਚ ਦੂਜੇ ਨੰਬਰ ਦੇ ਸਭ ਤੋਂ ਵੱਡੇ ਜੂਨੀਪਰ ਦੇ ਜੰਗਲ ਹਨ। ਇਸ ਜੰਗਲ ਦੇ ਰੁੱਖ ਸਭ ਤੋਂ ਪੁਰਾਣੇ ਮੰਨੇ ਜਾਂਦੇ ਹਨ ਕਿਉਂਕਿ ਇਹ ਬਹੁਤ ਹੌਲੀ - ਹੌਲੀ ਵਧਦੇ ਹਨ।
ਸਰਦੀਆਂ ਵਿੱਚ ਮੁਸ਼ਕਿਲ ਹੈ ਜ਼ਿੰਦਗੀ
ਇੱਕ ਠੰਢਾ ਕਮਰਾ ਸੀ, ਰੋਸ਼ਨੀ ਉਸ ਕਮਰੇ ਵਿੱਚ ਘੱਟ ਸੀ। ਬੱਖਤਾਵਰ ਆਪਣੇ ਚੁੱਲ੍ਹੇ ਵਿੱਚ ਜੂਨੀਪਰ ਦੀਆਂ ਲੱਕੜਾਂ ਲਾ ਰਹੀ ਸੀ। ਉਸ ਨੇ ਘਰ ਹੁਣੇ ਹੀ ਮੁਰੰਮਤ ਕਰਵਾਇਆ ਸੀ।
ਲੱਕੜਾਂ ਪਾਉਂਦੇ ਹੋਏ ਬੱਖਤਾਵਰ ਨੇ ਮੇਰੇ ਵੱਲ ਮੂੰਹ ਕਰਕੇ ਕਿਹਾ, "ਇਸ ਸਾਲ ਸਰਦੀਆਂ ਕਾਫੀ ਮੁਸ਼ਕਿਲ ਸਨ, ਜ਼ਿੰਦਗੀ ਠੰਢ ਕਾਰਨ ਕਾਫੀ ਮੁਸ਼ਕਿਲ ਹੋ ਗਈ ਸੀ।''
ਸਾਡੇ ਕੋਲ ਗਰਮ ਪਾਣੀ ਨਹੀਂ ਹੁੰਦਾ ਸੀ ਅਤੇ ਖਾਣਾ ਬਣਾਉਣਾ ਕਰੀਬ ਨਾਮੁਮਕਿਨ ਹੀ ਸੀ।
ਮਾਚਿਸ ਨਾਲ ਚੁੱਲ੍ਹੇ ਦੀਆਂ ਲੱਕੜਾਂ ਜਲਣ ਲੱਗੀਆਂ ਤਾਂ ਉਸ ਵੇਲੇ ਬੱਖਤਾਵਰ ਦੇ ਚਿਹਰੇ ਦੀ ਚਮਕ ਦੇਖਣ ਵਾਲੀ ਸੀ।
ਜੰਗਲਾਂ ਦੀ ਅਹਿਮੀਅਤ ਦਾ ਅਹਿਸਾਸ ਨਹੀਂ
ਬਖਤਾਵਰ ਨੇ ਦੱਸਿਆ, "ਸਰਦੀਆਂ ਵਿੱਚ ਲੱਕੜਾਂ ਇਕੱਠੀਆਂ ਕਰਨਾ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ।''
ਇੱਥੇ ਹੋਰ ਕਿਸੇ ਤਰ੍ਹਾਂ ਦਾ ਬਾਲਣ ਉਪਲਬਧ ਨਹੀਂ ਹੈ ਇਸ ਲਈ ਬਖਤਾਵਰ ਵਰਗੇ ਹੋਰ ਸਥਾਨਕ ਲੋਕ ਅੱਗ ਬਾਲਣ ਲਈ ਜੂਨੀਪਰ ਦੇ ਜੰਗਲਾਂ ਤੋਂ ਹੀ ਲੱਕੜਾਂ ਕੱਟਦੇ ਹਨ।
ਉਨ੍ਹਾਂ ਨੂੰ ਇਸ ਬਾਰੇ ਅਹਿਸਾਸ ਨਹੀਂ ਹੈ ਕਿ ਉਹ ਦੁਨੀਆਂ ਦੀ ਸਭ ਤੋਂ ਬੇਸ਼ਕੀਮਤੀ ਕੁਦਰਤੀ ਵਿਰਾਸਤ ਨੂੰ ਖ਼ਤਮ ਕਰ ਰਹੇ ਹਨ।
ਪਰ ਅਫਗਾਨ ਆਲਮ ਵਰਗੇ ਕੁਝ ਲੋਕ ਇਨ੍ਹਾਂ ਜੰਗਲਾਂ ਦੀ ਅਹਿਮੀਅਤ ਨੂੰ ਸਮਝਦੇ ਹਨ। ਅਫਗਾਨ ਆਲਮ ਇੱਕ ਸਮਾਜਿਕ ਕਾਰਕੁਨ ਹਨ ਅਤੇ 'ਜੂਨੀਪਰ ਯੂਨਾਈਟਿਡ ਕੌਂਸਲ' ਦੇ ਪ੍ਰਧਾਨ ਵੀ ਹਨ।
ਇਹ ਸੰਸਥਾ ਜੂਨੀਪਰ ਦੇ ਰੁੱਖਾਂ ਨੂੰ ਬਚਾਉਣ ਲਈ ਲੋਕਾਂ ਵਿੱਚ ਜਾਗੂਰਕਤਾ ਫੈਲਾਉਣ ਦਾ ਕੰਮ ਕਰਦੀ ਹੈ।
ਪ੍ਰਸ਼ਾਸਨ ਦਾ ਢਿੱਲਾ ਰਵੱਈਆ
ਅਫਗਾਨ ਆਲਮ ਦਾ ਮੰਨਣਾ ਹੈ ਕਿ ਜੰਗਲਾਤ ਮਹਿਕਮਾ ਆਪਣਾ ਕੰਮ ਨਹੀਂ ਕਰ ਰਿਹਾ ਹੈ।
ਆਲਮ ਦੇ ਬੀਬੀਸੀ ਨੂੰ ਦੱਸਿਆ, "ਜੰਗਲਾਤ ਮਹਿਕਮੇ ਦਾ ਦਫ਼ਤਰ ਜੰਗਲਾਂ ਦੇ ਵਿਚਕਾਰ ਹੀ ਹੈ। ਇਹ ਸਭ ਉਨ੍ਹਾਂ ਦੀ ਨੱਕ ਥੱਲੇ ਹੋ ਰਿਹਾ ਹੈ ਅਤੇ ਉਹ ਇਸ ਨੂੰ ਰੋਕਣ ਵਾਸਤੇ ਕੁਝ ਨਹੀਂ ਕਰ ਰਹੇ ਹਨ।''
ਜ਼ੀਆਰਤ ਜ਼ਿਲ੍ਹੇ ਦਾ ਜ਼ਿਆਦਤਰ ਇਲਾਕਾ ਸੰਘਣੇ ਜੰਗਲਾਂ ਨਾਲ ਭਰਿਆ ਸੀ ਪਰ ਹੁਣ ਇੱਥੇ ਮਿੱਟੀ ਹੀ ਨਜ਼ਰ ਆਉਂਦੀ ਹੈ ਅਤੇ ਹੁਣ ਸਿਰਫ਼ ਕੁਝ ਰੁੱਖ ਹੀ ਰਹਿ ਗਏ ਹਨ। ਇੱਥੇ ਜੰਗਲ ਤੇਜ਼ੀ ਨਾਲ ਖ਼ਤਮ ਹੁੰਦੇ ਜਾ ਰਹੇ ਹਨ।
ਅਫਗਾਨ ਆਲਮ ਦਾਅਵਾ ਕਰਦਾ ਹੈ ਕਿ ਜੰਗਲਾਤ ਮਹਿਕਮਾ ਹਰ ਸਾਲ ਪੌਦੇ ਲਾਉਣ ਦੀ ਮੁਹਿੰਮ ਚਲਾਉਂਦਾ ਹੈ।
ਅਫਗਾਨ ਆਲਮ ਨੇ ਦੱਸਿਆ, "ਬੀਤੇ ਦਸ ਸਾਲਾਂ ਤੋਂ ਮਹਿਕਮੇ ਵੱਲੋਂ ਜੂਨੀਪਰ ਦੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਤੁਹਾਨੂੰ ਇਲਾਕੇ ਵਿੱਚ ਇੱਕ ਵੀ ਨਵਾਂ ਰੁੱਖ ਨਹੀਂ ਨਜ਼ਰ ਆਵੇਗਾ।
ਉਨ੍ਹਾਂ ਅੱਗੇ ਕਿਹਾ, "ਉਹ ਸਿਰਫ਼ ਤਸਵੀਰਾਂ ਖਿਚਵਾਉਂਦੇ ਹਨ ਪਰ ਅਸਲ ਵਿੱਚ ਜੰਗਲਾਂ ਨੂੰ ਬਚਾਉਣ ਦੇ ਲਈ ਉਨ੍ਹਾਂ ਦੇ ਕੋਲ ਕੋਈ ਸਪਸ਼ਟ ਨੀਤੀ ਨਹੀਂ ਹੈ।''
ਲੱਕੜਾਂ ਦਾ ਹੁੰਦਾ ਕਈ ਕੰਮਾਂ ਲਈ ਇਸਤੇਮਾਲ
ਜੰਗਲਾਤ ਮਹਿਕਮਾ ਅਫਗਾਨ ਆਲਮ ਦੇ ਦਾਅਵਿਆਂ ਨੂੰ ਖਾਰਿਜ ਕਰਦਾ ਹੈ ਜਿੱਥੇ ਅਫਗਾਨ ਆਲਮ ਖੜ੍ਹੇ ਹੋ ਕੇ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀ ਉੱਥੋਂ ਕਰੀਬ ਇੱਕ ਕਿਲੋਮੀਟਰ ਦੂਰ ਜੰਗਲਾਤ ਮਹਿਕਮੇ ਨੇ ਇੱਕ ਨਰਸਰੀ ਬਣਾਈ ਹੈ।
ਜੂਨੀਪਰ ਹੌਲੀ - ਹੌਲੀ ਵਧਦੇ ਹਨ ਇਸ ਲਈ ਇਨ੍ਹਾਂ ਪੁਰਾਤਨ ਜੰਗਲਾਂ ਨੂੰ ਸਾਂਭਣਾ ਹੋਰ ਵੀ ਔਖਾ ਹੋ ਜਾਂਦਾ ਹੈ।
ਜੰਗਲਾਤ ਮਹਿਕਮੇ ਦੇ ਅਫਸਰ ਆਫਰਾਸਿਆਬ ਖ਼ਾਨ ਨੇ ਦੱਸਿਆ, "ਸਿਰਫ 5 ਤੋਂ 10 ਫੀਸਦ ਬੀਜ ਹੀ ਪੌਦੇ ਬਣਨ ਵੱਲ ਵਧਦੇ ਹਨ। ਸਹੀ ਮਿੱਟੀ ਅਤੇ ਤਾਪਮਾਨ ਉਪਲਬਧ ਕਰਵਾਉਣਾ ਵੀ ਕਾਫ਼ੀ ਮੁਸ਼ਕਿਲ ਹੈ।''
ਜੰਗਲਾਤ ਮਹਿਕਮੇ ਵੱਲੋਂ ਲਾਏ 20 ਹਜ਼ਾਰ ਪੌਦਿਆਂ ਵਿੱਚੋਂ ਸਿਰਫ਼ 2 ਹਜ਼ਾਰ ਪੌਦੇ ਹੀ ਬਚ ਸਕੇ ਹਨ।
ਜੂਨੀਪਰ ਦੀ ਲੱਕੜ ਦਾ ਇਸਤੇਮਾਲ ਘਰ ਬਣਾਉਣ ਵਾਸਤੇ ਵੀ ਹੁੰਦਾ ਹੈ। ਆਲੇ - ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕ ਵਿੱਚ ਆਪਣੇ ਘਰਾਂ ਦੀਆਂ ਛੱਤਾਂ 'ਤੇ ਦਰਵਾਜ਼ੇ ਬਣਾਉਣ ਵਾਸਤੇ ਜੂਨੀਪਰ ਦੀ ਲੱਕੜ ਦਾ ਇਸਤੇਮਾਲ ਕਰਦੇ ਹਨ।
ਅਫਗਾਨ ਆਲਮ ਨੇ ਦੱਸਿਆ, "ਸਰਦੀਆਂ ਵਿੱਚ ਜਦੋਂ ਪਰਿਵਾਰ ਇਸ ਇਲਾਕੇ ਤੋਂ ਹਿਜਰਤ ਕਰਦੇ ਹਨ ਤਾਂ ਉਹ ਆਪਣੇ ਨਾਲ ਜੂਨੀਪਰ ਦੀ ਲੱਕੜ ਲੈ ਜਾਂਦੇ ਹਨ ਕਿਉਂਕਿ ਉਹ ਮੁਫ਼ਤ ਮਿਲਦੀ ਹੈ।''
ਕਿਉਂ ਰੁਖ ਸਾਂਭਣ ਨੂੰ ਤਰਜੀਹ ਨਹੀਂ?
ਵਧਦਾ ਤਾਪਮਾਨ, ਸੋਕੇ ਅਤੇ ਬਰਫਬਾਰੀ ਅਤੇ ਮੀਂਹ ਘੱਟ ਪੈਣਾ ਜੰਗਲਾਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਸਥਾਨਕ ਲੋਕ ਖੇਤੀ ਲਈ ਵੀ ਜੰਗਲਾਂ ਦੀ ਕਟਾਈ ਕਰਦੇ ਹਨ। ਉਹ ਇੱਥੇ ਪੈਸੇ ਕਮਾਉਣ ਲਈ ਫਲ਼ਾਂ ਦੇ ਬਗੀਚੇ ਲਾ ਰਹੇ ਹਨ।
ਕੁਝ ਰੁੱਖ ਤਾਂ ਇੱਥੇ 4000 ਸਾਲ ਪੁਰਾਣੇ ਹਨ। ਯੂਨੈਸਕੋ ਨੇ ਇਸ ਨੂੰ ਬਾਇਓਸਫੇਅਰ ਰਿਜ਼ਰਵ ਕਰਾਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੇ ਇਸਤੇਮਾਲ ਨਾਲ ਮੌਸਮ ਵਿੱਚ ਹੁੰਦੇ ਬਦਲਾਅ ਬਾਰੇ ਪਤਾ ਕੀਤਾ ਜਾ ਸਕਦਾ ਹੈ।
ਜੰਗਲਾਂ ਨੂੰ ਬਚਾਉਣ ਦੀ ਉਮੀਦ ਵੀ ਘਟਦੀ ਜਾ ਰਹੀ ਹੈ। ਭਾਵੇਂ ਜੂਨੀਪਰ ਦੀ ਕਟਾਈ ਗੈਰ-ਕਾਨੂੰਨੀ ਹੈ ਅਤੇ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਲਈ ਸਜ਼ਾਵਾਂ ਦੀ ਵੀ ਤਜਵੀਜ਼ ਹੈ ਪਰ ਫਿਰ ਵੀ ਰੁੱਖਾਂ ਦੀ ਕਟਾਈ ਲਗਾਤਾਰ ਜਾਰੀ ਹੈ।
ਪਰ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਗਰੀਬੀ ਤੇ ਹਿੰਸਾ ਵੱਡੇ ਪੱਧਰ 'ਤੇ ਹੈ ਉੱਥੇ ਵਨਸਪਤੀ ਵਿਭਿੰਨਤਾ ਨੂੰ ਸਾਂਭਣ ਨੂੰ ਤਰਜੀਹ ਕਿੱਥੇ ਦਿੱਤੀ ਜਾ ਸਕਦੀ ਹੈ।