ਦੁਨੀਆਂ ਦੀਆਂ ਪੰਜ ਖ਼ਤਰਨਾਕ ਜਾਸੂਸ ਔਰਤਾਂ

    • ਲੇਖਕ, ਹੇਲੇਨ ਵਿਟਾਕਰ
    • ਰੋਲ, ਬੀਬੀਸੀ ਥ੍ਰੀ

ਜਾਸੂਸੀ ਡ੍ਰਾਮਾ ਆਮ ਤੌਰ 'ਤੇ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਸ ਨੂੰ ਦੇਖਣ ਨਾਲ ਇਨਸਾਨ ਅੰਦਰ ਤੱਕ ਹਿੱਲ ਜਾਂਦਾ ਹੈ। ਪਰ ਜੇਕਰ ਇਸ ਨੂੰ ਲਿਖਣ ਵਾਲੀ ਫ਼ੋਬੇ ਵਾੱਲਰ-ਬ੍ਰਿਜ ਹੋਣ ਤਾਂ ਇਸ ਨੂੰ ਵੀ ਡਾਰਕ ਕਾਮੇਡੀ ਦਾ ਤੜਕਾ ਲੱਗ ਜਾਂਦਾ ਹੈ।

ਇਹ ਹੀ ਕਾਰਨ ਹੈ ਕਿ ਫ਼ੋਬੇ ਦਾ ਨਵਾਂ ਡ੍ਰਾਮਾ 'ਕਿਲਿੰਗ ਈਵ' ਆਪਣੇ ਆਪ 'ਚ ਇੱਕ ਜਾਸੂਸੀ ਕਹਾਣੀ ਅਤੇ ਸਿੱਟਕਾੱਮ (ਸਿਚੁਏਸ਼ਨਲ ਕਾਮੇਡੀ) ਨੂੰ ਆਪਣੇ 'ਚ ਸਮੇਟੇ ਹੋਏ ਹੈ।

ਜਾਸੂਸੀ ਕਹਾਣੀਆਂ ਵਿੱਚ ਕਿਸੇ ਔਰਤ ਦਾ ਕਾਤਲ ਹੋਣਾ ਹਮੇਸ਼ਾ ਹੀ ਆਕਰਸ਼ਿਤ ਕਰਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਔਰਤਾਂ ਨੂੰ ਆਮ ਤੌਰ 'ਤੇ ਇਸ ਭੂਮਿਕਾ ਵਿਚ ਘੱਟ ਹੀ ਦੇਖਿਆ ਜਾਂਦਾ ਹੈ। ਜੋ ਗੱਲ ਆਮ ਨਹੀਂ, ਉਹ ਆਕਰਸ਼ਿਤ ਕਰਦੀ ਹੀ ਹੈ।

ਇਹ ਵੀ ਪੜ੍ਹੋ:

ਇਹ ਤਾਂ ਰਹੀ ਕਾਲਪਨਿਕ ਕਹਾਣੀਆਂ ਦੀ ਗੱਲ, ਪਰ ਅਜਿਹੀਆਂ ਵੀ ਕੁਝ ਔਰਤਾਂ ਹਨ ਜੋ ਆਪਣੀ ਅਸਲ ਜ਼ਿੰਦਗੀ 'ਚ ਖ਼ਤਰਨਾਕ ਜਾਸੂਸ ਰਹੀਆਂ ਹਨ। ਇਨ੍ਹਾਂ ਦੀਆਂ ਜ਼ਿੰਦਗੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਨਾਲ ਭਰਪੂਰ ਹਨ।

ਡਬਲ ਏਜੰਟ 'ਮਾਤਾ ਹਾਰੀ'

ਮਾਰਗ੍ਰੇਥਾ ਗੀਰਤਰੂਇਦੀ ਮੈਕਲਿਓਡ ਜਿੰਨ੍ਹਾਂ ਨੂੰ 'ਮਾਤਾ ਹਾਰੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹ ਇਕ ਇਰੋਟਿਕ ਡਾਂਸਰ ਸਨ, ਜਿੰਨ੍ਹਾਂ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਗੋਲੀ ਮਾਰ ਦਿੱਤੀ ਗਈ। ਮਾਤਾ ਹਾਰੀ ਦੀ ਜ਼ਿੰਦਗੀ 'ਤੇ ਸਾਲ 1931 ਵਿਚ ਇੱਕ ਹੌਲੀਵੁਡ ਫ਼ਿਲਮ ਬਣਾਈ ਗਈ, ਜਿਸ ਵਿਚ ਗ੍ਰੇਟਾ ਗਰਬੋ ਮੁੱਖ ਭੂਮਿਕਾ ਵਿਚ ਸਨ।

ਮਾਰਗ੍ਰੇਥਾ ਦਾ ਜਨਮ ਹੌਲੈਂਡ ਵਿਚ ਹੋਇਆ। ਉਨ੍ਹਾਂ ਦਾ ਵਿਆਹ ਇੱਕ ਫ਼ੌਜੀ ਕਪਤਾਨ ਦੇ ਨਾਲ ਹੋਇਆ ਸੀ। ਇੱਕ ਮਾੜੇ ਰਿਸ਼ਤੇ ਵਿਚ ਫ਼ਸੇ ਹੋਣ ਕਾਰਨ ਮਾਰਗ੍ਰੇਥਾ ਨੇ ਆਪਣੇ ਨਵ-ਜੰਮੇ ਬੱਚੇ ਨੂੰ ਵੀ ਗੁਆ ਦਿੱਤਾ।

ਸਾਲ 1905 ਵਿਚ ਮਾਰਗ੍ਰੇਥਾ ਨੇ ਖੁਦ ਨੂੰ 'ਮਾਤਾ ਹਾਰੀ' ਦੀ ਪਹਿਚਾਨ ਦਿੱਤੀ ਅਤੇ ਇਟਲੀ ਦੇ ਮਿਲਾਨ ਸਥਿਤ ਲਾ ਸਕਾਲਾ ਅਤੇ ਪੈਰਿਸ ਦੇ ਇਲਜ਼ਾਮ ਵਿਚਕਾਰ ਇੱਕ ਇਰੋਟਿਕ ਡਾਂਸਰ ਬਣ ਕੇ ਉੱਭਰੀ।

ਹੁਣ ਮਾਰਗ੍ਰੇਥਾ ਗੁਆਚ ਚੁੱਕੀ ਸੀ, ਅਤੇ ਜਿਸ ਦੁਨੀਆ ਵਿੱਚ ਉਹ ਮੌਜੂਦ ਸੀ, ਉਸ ਵਿਚ ਸਭ ਲੋਕ ਉਸ ਨੂੰ ਮਾਤਾ ਹਾਰੀ ਦੇ ਨਾਂ ਨਾਲ ਜਾਣਦੇ ਸਨ। ਆਪਣੇ ਪੇਸ਼ੇ ਕਾਰਨ ਉਸ ਲਈ ਸਫ਼ਰ ਕਰਨਾ ਆਸਾਨ ਸੀ।

ਇਹੀ ਕਾਰਨ ਸੀ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਤਾ ਹਾਰੀ ਨੂੰ ਜਰਮਨੀ ਨੇ ਪੈਸਿਆਂ ਦੇ ਬਦਲੇ ਜਾਣਕਾਰੀ ਸਾਂਝੀ ਕਰਨ ਦੀ ਪੇਸ਼ਕਸ਼ ਕੀਤੀ ਅਤੇ ਇਸ ਤਰ੍ਹਾਂ ਉਹ ਜਰਮਨੀ ਦੀ ਜਾਸੂਸ ਬਣੀ।

ਹਾਲਾਂਕਿ ਮਾਤਾ ਹਾਰੀ ਨੇ ਖੁਦ ਕਿਸੇ ਨੂੰ ਨਹੀਂ ਮਾਰਿਆ, ਪਰ ਉਨ੍ਹਾਂ ਦੀ ਜਾਸੂਸੀ ਨੇ ਲਗਭਗ 50 ਹਜ਼ਾਰ ਫਰਾਂਸੀਸੀ ਫੌਜੀਆਂ ਦੀ ਜਾਨ ਲੈ ਲਈ।

ਇਸ ਤੋਂ ਬਾਅਦ ਫਰਾਂਸ ਨੂੰ ਉਨ੍ਹਾਂ 'ਤੇ ਸ਼ੱਕ ਹੋਣ ਲੱਗਾ। ਫਰਵਰੀ 1917 ਵਿਚ ਉਨ੍ਹਾਂ ਨੂੰ ਪੈਰਿਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਕਤੂਬਰ ਵਿਚ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।

ਸ਼ਾਰਲੇਟ ਕਾਰਡੀ

ਸ਼ਾਰਲੇਟ ਦਾ ਪੂਰਾ ਨਾਂ ਮੈਰੀ ਐਨ ਸ਼ਾਰਲੇਟ ਡੀ ਕਾਰਡੀ ਸੀ ਅਤੇ ਉਹ ਫਰਾਂਸ ਦੀ ਕ੍ਰਾਂਤੀ ਦਾ ਹਿੱਸਾ ਰਹੀ। ਸ਼ਾਰਲੇਟ ਇੱਕ ਗਿਰੌਡਿਨ ਸੀ।

ਫਰਾਂਸ ਦੀ ਕ੍ਰਾਂਤੀ ਵਿਚ ਗਿਰੌਂਡਿਨ ਉਹ ਸਨ ਜੋ ਰਾਜਤੰਤਰ ਨੂੰ ਤਾਂ ਖਤਮ ਕਰਨਾ ਚਾਹੁੰਦੇ ਸਨ ਪਰ ਹਿੰਸਾ ਦੇ ਖਿਲਾਫ਼ ਸਨ। ਇਨਕਲਾਬ ਲਈ ਹਿੰਸਾ ਨੂੰ ਅਪਨਾਉਣ ਵਾਲੀ ਸ਼ਾਰਲੇਟ ਨੇ ਆਪਣੇ ਵਿਰੋਧੀ ਜੈਕੋਬਿਨ ਸਮੂਹ ਦੇ ਆਗੂ ਜੀਨ ਪੌਲ ਮੈਰਾਟ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ:

ਜੁਲਾਈ ਸਾਲ 1793 ਵਿਚ ਸ਼ਾਰਲੇਟ ਨੇ ਮੈਰਾਤ ਨੂੰ ਉਸ ਵੇਲੇ ਚਾਕੂ ਮਾਰਿਆ ਜਦੋਂ ਉਹ ਨਹਾ ਰਿਹਾ ਸੀ। ਜਦੋਂ ਉਨ੍ਹਾਂ ਨੂੰ ਇਸ ਕਤਲ ਦੇ ਅਪਰਾਧ ਲਈ ਗ੍ਰਿਫ਼ਤਾਰ ਕੀਤਾ ਗਿਆ ਤਾਂ ਸ਼ਾਰਲੇਟ ਨੇ ਇਸ ਨੂੰ ਦੇਸ਼ ਦੇ ਹਿੱਤ ਵਿਚ ਕੀਤੀ ਗਈ ਹੱਤਿਆ ਕਿਹਾ। ਉਨ੍ਹਾਂ ਇਹ ਦਾਅਵਾ ਕੀਤਾ ਕਿ ਇਸ ਇੱਕ ਕਤਲ ਨਾਲ ਉਨ੍ਹਾਂ ਨੇ ਸੈਂਕੜੇ-ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਹੈ। ਪਰ ਇਸ ਦੇ ਚਾਰ ਦਿਨ ਬਾਅਦ ਹੀ ਉਨ੍ਹਾਂ ਨੂੰ ਸਜ਼ਾ ਦੇ ਦਿੱਤੀ ਗਈ।

ਸ਼ੀ ਜਿਆਨਕਿਆਓ

ਜਾਸੂਸ ਆਪਣਾ ਉਪ-ਨਾਂ ਰੱਖਣਾ ਪਸੰਦ ਕਰਦੇ ਹਨ। ਇਸੇ ਤੱਥ ਨੂੰ ਅਸਲ ਹਕੀਕਤ ਵਿਚ ਤਬਦੀਲ ਕਰਦੇ ਹੋਏ ਸ਼ੀ ਗੁਲਾਨ ਨੇ ਜਾਸੂਸੀ ਦੀ ਦੁਨੀਆ ਵਿਚ ਖੁਦ ਦਾ ਨਾਂ ਸ਼ੀ ਜਿਆਨਕਿਆਓ ਰੱਖਿਆ।

ਸ਼ੀ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਜਾਸੂਸ ਬਣੀ ਜਿੰਨ੍ਹਾਂ ਦਾ ਕਤਲ ਚੀਨੀ ਆਗੂ ਸੁਨ ਚੁਆਂਗਫਾਂਗ ਨੇ ਸੰਨ 1925 ਵਿਚ ਕੀਤਾ ਸੀ।

10 ਸਾਲਾਂ ਬਾਅਦ ਜਿਆਨਕਿਆਉ ਨੇ ਚੁਆਂਗਫਾਂਗ ਦੇ ਸਿਰ ਵਿਚ ਉਸ ਵੇਲੇ ਗੋਲੀ ਮਾਰੀ ਜਦੋਂ ਉਹ ਇੱਕ ਬੌਧ ਮੰਦਰ ਵਿੱਚ ਪੂਜਾ ਕਰ ਰਹੇ ਸਨ। ਕਤਲ ਕਰਨ ਤੋਂ ਬਾਅਦ, ਉਹ ਘਟਨਾ ਵਾਲੀ ਥਾਂ ਤੋਂ ਭੱਜਣ ਦੀ ਥਾਂ ਉੱਥੇ ਹੀ ਰੁਕੀ ਰਹੀ ਅਤੇ ਆਪਣੇ ਅਪਰਾਧ ਨੂੰ ਕਬੂਲ ਕੀਤਾ।

ਇਸ ਹਾਈ ਪ੍ਰੋਫ਼ਾਇਲ ਕੇਸ ਵਿਚ ਸਾਲ 1936 ਵਿਚ ਫੈਸਲਾ ਆਇਆ ਅਤੇ ਜਿਆਨਕਿਆਓ ਨੂੰ ਬਰੀ ਕਰ ਦਿੱਤਾ ਗਿਆ। ਇਸ ਕੇਸ ਵਿਚ ਅਦਾਲਤ ਨੇ ਕਿਹਾ ਕਿ ਇਹ ਕਤਲ, ਕਾਤਲ ਨੇ ਆਪਣੇ ਪਿਤਾ ਦੇ ਕਤਲ ਦੇ ਦੁਖ ਵਿਚ ਕੀਤਾ ਹੈ। ਸਾਲ 1979 ਵਿਚ ਸ਼ੀ ਜਿਆਨਕਿਆਓ ਦੀ ਮੌਤ ਹੋਈ।

ਬ੍ਰਿਗਿਤ ਮੋਅਨਹਾਪਟ

ਇੱਕ ਸਮਾਂ ਸੀ ਜਦੋਂ ਬ੍ਰਿਗਿਤ ਮੋਅਨਹਾਪਟ ਨੂੰ ਜਰਮਨੀ ਵਿਚ ਸਭ ਤੋਂ ਖ਼ਤਰਨਾਕ ਔਰਤ ਮੰਨਿਆ ਜਾਂਦਾ ਸੀ। ਉਹ ਰੈੱਡ ਆਰਮੀ ਫੈਕਸ਼ਨ ਦੀ ਮੈਂਬਰ ਵੀ ਰਹਿ ਚੁੱਕੀ ਹੈ। ਬ੍ਰਿਗਿਤ ਸਾਲ 1977 ਵਿਚ ਜਰਮਨੀ ਵਿਚ ਇੱਕ ਅੱਤਵਾਦੀ ਗਤੀਵਿਧੀ ਵਿਚ ਵੀ ਸ਼ਾਮਲ ਰਹੀ।

70 ਦੇ ਦਹਾਕੇ ਵਿਚ ਪੱਛਮੀ ਜਰਮਨੀ ਵਿਚ ਇੱਕ ਖੱਬੇ-ਪੱਖੀ ਸਮੂਹ ਦੁਆਰਾ ਇੱਕ ਤੋਂ ਬਾਅਦ ਇੱਕ ਕਈ ਹਾਈਜੈਕ, ਕਤਲ ਅਤੇ ਬੰਬ ਧਮਾਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਹ ਅਪਰਾਧ ਪੱਛਮੀ ਜਰਮਨੀ ਵਿਚ ਪੂੰਜੀਵਾਦ ਨੂੰ ਖ਼ਤਮ ਕਰਨ ਦੇ ਨਾਂ 'ਤੇ ਕੀਤੇ ਗਏ ਸਨ।

1982 ਵਿਚ ਇਸ ਅਪਰਾਧ ਵਿਚ ਸ਼ਾਮਲ ਹੋਣ ਕਾਰਨ, ਮੋਅਨਹਾਪਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ। ਇਸ ਤੋਂ ਇਲਾਵਾ ਉਸ ਨੂੰ ਨੌਂ ਹੋਰ ਕਤਲ ਦੇ ਮਾਮਲਿਆਂ ਵਿਚ 15 ਸਾਲ ਦੀ ਸਜ਼ਾ ਦਿੱਤੀ ਗਈ।

ਮੋਅਨਹਾਪਟ ਨੇ ਕਦੇ ਵੀ ਆਪਣਾ ਅਪਰਾਧ ਨਹੀਂ ਕਬੂਲਿਆ, ਅਤੇ 2007 ਵਿਚ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ। ਉਹ ਅੱਜ ਵੀ ਜ਼ਿੰਦਾ ਹੈ।

ਏਜੰਟ ਪੇਨੇਲੋਪ

ਇਸਰਾਇਲੀ ਇੰਟੈਲੀਜੈਂਸ ਏਜੰਸੀ ਮੋਸਾਦ ਲਈ ਕੰਮ ਕਰਨ ਵਾਲੀ ਏਜੰਟ ਪੋਨੇਲੋਪ ਫ਼ਲਸਤੀਨੀ ਸਮੂਹ ਬਲੈਕ ਸਿਤੰਬਰ ਦੇ ਆਗੂ ਅਲੀ ਹੁਸੈਨ ਸਲਾਮੇ ਦੇ ਕਤਲ ਵਿਚ ਸ਼ਾਮਲ ਰਹੀ।

ਅਲੀ ਹੁਸੈਨ ਨੇ ਸਾਲ 1972 ਵਿਚ ਮਿਊਨਿਖ਼ ਓਲੰਪਿਕ ਦੌਰਾਨ 11 ਇਸਰਾਇਲੀ ਲੜਕੀਆਂ ਨੂੰ ਬੰਧੀ ਬਣਾਇਆ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ:

ਇਸ ਕਤਲ ਦੇ ਜਵਾਬ ਵਿਚ ਇਸਰਾਇਲੀ ਪ੍ਰਧਾਨ ਮੰਤਰੀ ਗੋਲਡਾ ਮਿਅਰ ਦੇ ਹੁਕਮ 'ਤੇ 'ਆਪਰੇਸ਼ਨ ਵ੍ਰੈਥ ਆਫ਼ ਗੋਲਡ' ਸ਼ੁਰੂ ਕੀਤਾ ਗਿਆ ਅਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੰਦੇ ਹੋਏ ਹੁਸੈਨ ਸਲਾਮੇ ਦਾ ਕਤਲ ਕੀਤਾ ਗਿਆ।

ਅਲੀ ਹੁਸੈਨ ਨੂੰ ਮਾਰਨ ਲਈ ਪੇਨੇਲੋਪ ਨੇ ਤਕਰੀਬਨ 6 ਹਫ਼ਤੇ ਉਸ ਅਪਾਰਟਮੈਂਟ ਵਿਚ ਬਿਤਾਏ ਜਿੱਥੇ ਉਹ ਰਹਿ ਰਿਹਾ ਸੀ।

ਜਿਸ ਬੰਬ ਧਮਾਕੇ ਵਿਚ ਅਲੀ ਹੁਸੈਨ ਦਾ ਕਤਲ ਹੋਇਆ, ਉਸ ਵਿਚ ਪੇਨੇਲੋਪ ਵੀ ਮਾਰੀ ਗਈ। ਮੌਤ ਤੋਂ ਬਾਅਦ ਉਸ ਦੇ ਸਮਾਨ ਵਿਚ ਇੱਕ ਬ੍ਰਿਟਿਸ਼ ਪਾਸਪੋਰਟ ਵੀ ਬਰਾਮਦ ਹੋਇਆ ਜਿਸ ਵਿਚ ਏਰੀਕਾ ਚੈਂਬਰ ਨਾਂ ਲਿਖਿਆ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)