ਪਦਮਾ ਲਕਸ਼ਮੀ - 16 ਸਾਲ ਦੀ ਉਮਰ ਵਿਚ ਮੇਰੇ ਨਾਲ ਰੇਪ ਹੋਇਆ ਪਰ ਮੈਂ ਚੁੱਪ ਰਹੀ

ਟੀਵੀ ਦਾ ਮਸ਼ਹੂਰ ਚਿਹਰਾ, ਮਾਡਲ ਅਤੇ ਲੇਖਿਕਾ ਪਦਮਾ ਲਕਸ਼ਮੀ ਨੇ ਕਿਹਾ ਹੈ ਕਿ 16 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨਾਲ ਬਲਾਤਕਾਰ ਹੋਇਆ ਸੀ।

ਉਨ੍ਹਾਂ ਕਿਹਾ ਕਿ ਉਹ ਹੁਣ ਸਮਝਦੇ ਹਨ ਕਿ ਮਹਿਲਾਵਾਂ ਕਿਉਂ ਜਿਨਸੀ ਸ਼ੋਸ਼ਣ ਬਾਰੇ ਕਈ ਸਾਲਾਂ ਤੱਕ ਚੁੱਪ ਵੱਟ ਲੈਂਦੀਆਂ ਹਨ।

ਅਮਰੀਕੀ ਨਾਗਰਿਕ ਅਤੇ ਮਸ਼ਹੂਰ ਲੇਖਕ ਸਲਮਾਨ ਰਸ਼ਦੀ ਦੀ ਪਤਨੀ ਰਹੀ ਪਦਮਾ ਲਕਸ਼ਮੀ ਨੇ ਆਪਣੇ ਅਤੀਤ ਦਾ ਇਹ ਹਿੱਸਾ ਉਸ ਵੇਲੇ ਜਨਤਕ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕੀ ਸੁਪਰੀਮ ਕੋਰਟ ਲਈ ਨਾਮਜ਼ਦ ਕੀਤੇ ਗਏ ਬ੍ਰੈਟ ਕੈਵਨਾ ਉੱਪਰ ਜਿਨਸੀ ਹਮਲੇ ਦੇ ਇਲਜ਼ਾਮ ਲੱਗੇ ਹਨ।

ਇਹ ਵੀ ਪੜ੍ਹੋ:

ਪਦਮਾ ਲਕਸ਼ਮੀ, ਜਿਨ੍ਹਾਂ ਨੂੰ ਭਾਰਤ 'ਚ ਬਾਲੀਵੁਡ ਫਿਲਮ 'ਬੂਮ' (2003) ਨਾਲ ਪਛਾਣ ਮਿਲੀ ਸੀ, ਨੇ 'ਨਿਊ ਯਾਰਕ ਟਾਈਮਜ਼' ਅਖਬਾਰ ਵਿਚ ਛਪੇ ਇੱਕ ਲੇਖ ਵਿਚ ਆਪਣੇ ਨਾਲ ਹੋਏ ਰੇਪ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਲਿਖਿਆ ਹੈ ਕਿ 16 ਸਾਲਾਂ ਦੀ ਉਮਰ 'ਚ ਉਨ੍ਹਾਂ ਨਾਲ ਬਲਾਤਕਾਰ ਉਨ੍ਹਾਂ ਦੇ ਉਸ ਵੇਲੇ ਦੇ ਬੁਆਏਫਰੈਂਡ ਨੇ ਹੀ ਕੀਤਾ ਪਰ ਉਨ੍ਹਾਂ ਨੇ ਪੁਲਿਸ ਰਿਪੋਰਟ ਦਰਜ ਨਹੀਂ ਕਰਵਾਈ ਕਿਉਂਕਿ ਉਨ੍ਹਾਂ ਨੂੰ ਲਗਦਾ ਰਿਹਾ ਕਿ ਗ਼ਲਤੀ ਉਨ੍ਹਾਂ ਦੀ ਆਪਣੀ ਸੀ।

ਰੇਪ ਕਿੱਥੇ ਹੋਇਆ?

ਉਨ੍ਹਾਂ ਲਿਖਿਆ, "ਮੈਂ ਕੁਝ ਮਹੀਨਿਆਂ ਤੋਂ 23 ਸਾਲਾਂ ਦੇ ਇੱਕ ਮੁੰਡੇ ਨੂੰ ਡੇਟ ਕਰ ਰਹੀ ਸੀ। ਉਸਨੂੰ ਪਤਾ ਸੀ ਕਿ ਮੈਂ ਕੁਆਰੀ ਹਾਂ। ਅਸੀਂ 31 ਦਸੰਬਰ ਦੀ ਸ਼ਾਮ ਨੂੰ ਨਵੇਂ ਸਾਲ ਦੀ ਪਾਰਟੀ ਲਈ ਗਏ ਸੀ। ਮੈਂ ਬੁਰੀ ਤਰ੍ਹਾਂ ਥੱਕ ਗਈ ਸੀ ਅਤੇ ਉਸਦੇ ਅਪਾਰਟਮੈਂਟ 'ਚ ਹੀ ਸੌਂ ਗਈ। ਤੁਸੀਂ ਸ਼ਾਇਦ ਇਹ ਵੀ ਜਾਣਨਾ ਚਾਹੋਗੇ ਕਿ ਕੀ ਮੈਂ ਰੇਪ ਵਾਲੀ ਰਾਤ ਨੂੰ ਸ਼ਰਾਬ ਪੀਤੀ ਹੋਈ ਸੀ? ਹਾਲਾਂਕਿ ਇਸ ਦਾ ਕੋਈ ਮਤਲਬ ਨਹੀਂ ਹੈ, ਪਰ ਮੈਂ ਸ਼ਰਾਬ ਨਹੀਂ ਪੀਤੀ ਹੋਈ ਸੀ।"

ਅੱਗੇ ਲਿਖਿਆ, "ਮੈਨੂੰ ਯਾਦ ਹੈ ਕਿ ਤੇਜ਼ ਦਰਦ ਨਾਲ ਮੇਰੀ ਨੀਂਦ ਟੁੱਟ ਗਈ ਸੀ। ਇੰਝ ਲੱਗ ਰਿਹਾ ਸੀ ਕਿ ਮੇਰੇ ਪੈਰਾਂ ਵਿਚ ਕਿਸੇ ਨੇ ਚਾਕੂ ਮਾਰ ਦਿੱਤਾ ਹੋਵੇ। ਉਹ ਮੇਰੇ ਉੱਪਰ ਸੀ। ਮੈਂ ਪੁੱਛਿਆ ਕਿ ਕੀ ਕਰ ਰਿਹਾ ਹੈਂ? ਉਸਨੇ ਕਿਹਾ ਕਿ ਇਹ ਤਾਂ ਮਾਮੂਲੀ ਦਰਦ ਹੈ। ਮੈਂ ਉਸਨੂੰ ਕਿਹਾ ਕਿ 'ਪਲੀਜ਼, ਮੈਨੂੰ ਛੱਡ ਦਿਓ', ਤੇ ਮੈਂ ਚੀਕ ਕੇ ਰੋਣ ਲੱਗੀ।"

ਇਹ ਵੀ ਪੜ੍ਹੋ:

ਉਸ ਦਰਦ ਨੂੰ ਬੇਇੰਤਹਾ ਦੱਸਦਿਆਂ ਉਨ੍ਹਾਂ ਨੇ ਦੱਸਿਆ, "ਉਸਨੇ ਕਿਹਾ ਕਿ ਜੇ ਮੈਂ ਸੌਂ ਜਾਵਾਂਗੀ ਤਾਂ ਦਰਦ ਘੱਟ ਹੋ ਜਾਵੇਗਾ। ਬਾਅਦ 'ਚ ਉਸਨੇ ਮੈਨੂੰ ਘਰ ਤੱਕ ਛੱਡਿਆ।"

'ਡੇਟ ਰੇਪ' ਕੀ ਹੁੰਦਾ ਹੈ?

ਲਕਸ਼ਮੀ ਮੁਤਾਬਕ ਉਨ੍ਹਾਂ ਨੇ ਆਪਣੇ ਕਿਸੇ ਵੱਡੇ ਨੂੰ ਇਹ ਗੱਲ ਨਹੀਂ ਦੱਸੀ ਕਿਉਂਕਿ 1980 ਦੇ ਦਹਾਕੇ 'ਚ ਡੇਟ ਰੇਪ ਵਰਗੀ ਕੋਈ ਚੀਜ਼ ਨਹੀਂ ਮੰਨੀ ਜਾਂਦੀ ਸੀ। ਡੇਟ ਰੇਪ ਦਾ ਭਾਵ ਹੈ ਕਿ ਤੁਹਾਡੇ ਨਾਲ ਉਹੀ ਵਿਅਕਤੀ ਬਲਾਤਕਾਰ ਕਰੇ ਜਿਹੜਾ ਤੁਹਾਨੂੰ ਜਾਣਦਾ ਹੋਵੇ।

ਲਕਸ਼ਮੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਲੋਕ ਉਨ੍ਹਾਂ ਨੂੰ ਪੁੱਛਣਗੇ ਕਿ ਉਹ ਉਸ ਰਾਤ ਨੂੰ ਉਸ ਮੁੰਡੇ ਦੇ ਅਪਾਰਟਮੈਂਟ ਵਿੱਚ ਕਿਉਂ ਗਈ ਸੀ। ਲਕਸ਼ਮੀ ਮੁਤਾਬਕ ਉਨ੍ਹਾਂ ਨਾਲ ਸੱਤ ਸਾਲ ਦੀ ਉਮਰ 'ਚ ਛੇੜਖਾਨੀ ਵੀ ਹੋਈ ਸੀ।

ਉਨ੍ਹਾਂ ਨੇ ਲਿਖਿਆ ਕਿ ਜਿਨਸੀ ਸ਼ੋਸ਼ਣ ਬਾਰੇ ਪ੍ਰੇਸ਼ਾਨ ਕਰਨ ਵਾਲੇ ਤਰਕ ਦਿੱਤੇ ਜਾਂਦੇ ਹਨ।

"ਮੈਂ ਹਮੇਸ਼ਾ ਸੋਚਦੀ ਸੀ ਕਿ ਜਦੋਂ ਮੈਂ ਆਪਣਾ ਕੁਆਰਾਪਣ ਗੁਆਵਾਂਗੀ ਤਾਂ ਉਹ ਬੜੀ ਵੱਡੀ ਗੱਲ ਹੋਵੇਗੀ ਜਾਂ ਆਪਣੀ ਮਰਜ਼ੀ ਦਾ ਫੈਸਲਾ ਹੋਵੇਗਾ। ਮੇਰੇ ਦਿਮਾਗ 'ਚ ਇਹ ਗੱਲ ਸੀ ਕਿ ਜਦੋਂ ਮੈਂ ਪਹਿਲੀ ਵਾਰ ਸੈਕਸ ਕਰਾਂਗੀ ਤਾਂ ਇਹ ਪਿਆਰ ਦਾ ਇਜ਼ਹਾਰ ਹੋਵੇਗਾ, ਸਾਂਝੇ ਆਨੰਦ ਦਾ ਅਹਿਸਾਸ ਹੋਵੇਗਾ ਜਾਂ ਬੱਚਾ ਪੈਦਾ ਕਰਨ ਲਈ। ਜ਼ਾਹਿਰ ਹੈ ਕਿ ਇਹ ਨਹੀਂ ਹੋਇਆ। ਮੈਨੂੰ ਇਸ ਰੇਪ ਬਾਰੇ ਆਪਣੇ ਸੰਗੀਆਂ ਅਤੇ ਥੈਰੇਪਿਸਟ ਨਾਲ ਗੱਲ ਕਰਨ 'ਚ ਦਹਾਕੇ ਲੱਗ ਗਏ।"

ਇੰਨੀ ਦੇਰ ਬਾਅਦ ਕਿਉਂ?

ਲਕਸ਼ਮੀ ਨੇ ਬ੍ਰੈਟ ਕੈਵਨਾ ਉੱਪਰ ਕਈ ਸਾਲ ਪਹਿਲਾਂ ਰੇਪ ਕਰਨ ਦੇ ਇਲਜ਼ਾਮ ਬਾਰੇ ਸਿੱਧਾ ਲਿਖਿਆ ਹੈ, "ਬ੍ਰੈਟ ਕੈਵਨਾ ਨੂੰ ਲੈ ਕੇ ਲੋਕ ਕਹਿ ਰਹੇ ਹਨ ਕਿ ਇਹ ਇਲਜ਼ਾਮ ਇੰਨੇ ਦਿਨਾਂ ਬਾਅਦ ਕਿਉਂ ਬਾਹਰ ਆਏ। ਕੁਝ ਲੋਕ ਕਹਿ ਰਹੇ ਹਨ ਕਿ ਇੱਕ ਆਦਮੀ ਨੇ ਆਪਣੀ ਅਲ੍ਹੜ ਉਮਰ 'ਚ ਜੋ ਕੀਤਾ ਉਸ ਦਾ ਸਿੱਟਾ ਉਹ ਹੁਣ ਕਿਉਂ ਭੁਗਤੇ? ਪਰ ਇਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਔਰਤ ਇਸ ਦੀ ਕੀਮਤ ਸਾਰੀ ਉਮਰ ਚੁਕਾਉਂਦੀ ਹੈ।"

ਇਹ ਵੀ ਪੜ੍ਹੋ:

ਲਕਸ਼ਮੀ ਨੇ ਅੱਗੇ ਕਿਹਾ ਹੈ, "ਇੱਕ ਮਾਂ ਦੇ ਤੌਰ 'ਤੇ ਮੈਂ ਆਪਣੀ ਧੀ ਨੂੰ ਹਮੇਸ਼ਾ ਕਹਿੰਦੀ ਹਾਂ ਕਿ ਜੇ ਕੋਈ ਉਸਨੂੰ ਗ਼ਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰੇ ਤਾਂ ਉਹ ਚੁੱਪ ਨਾ ਰਹੇ। ਮੈਨੂੰ ਉਮੀਦ ਹੈ ਕਿ ਧਿਆਨ ਨੂੰ ਕਦੇ ਇਸ ਡਰ ਤੇ ਸ਼ਰਮ ਨਾਲ ਨਾ ਜੂਝਣਾ ਪਵੇ। ਸਾਡੇ ਪੁੱਤਰ ਵੀ ਇਸ ਗੱਲ ਨੂੰ ਸਮਝਣ ਕਿ ਕੁੜੀਆਂ ਦਾ ਸ਼ਰੀਰ ਮੁੰਡਿਆਂ ਦੇ ਮਜ਼ੇ ਲਈ ਨਹੀਂ ਹੈ।"

ਪਦਮ ਲਕਸ਼ਮੀ ਦਾ ਜਨਮ 1 ਸਤੰਬਰ, 1970, ਨੂੰ ਚੇਨਈ 'ਚ ਹੋਇਆ ਸੀ। ਜਦੋਂ ਉਨ੍ਹਾਂ ਦੀ ਉਮਰ ਦੋ ਸਾਲ ਸੀ ਉਦੋਂ ਉਨ੍ਹਾਂ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਨੂੰ ਮਾਂ ਨੇ ਅਮਰੀਕਾ 'ਚ ਪਾਲਣ-ਪੋਸ਼ਣ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)