You’re viewing a text-only version of this website that uses less data. View the main version of the website including all images and videos.
ਬੱਬਰ ਖਾਲਸਾ ਦੇ ਮੈਂਬਰਾਂ ਦੀ ਭਾਲ ਲਈ ਬਰਤਾਨੀਆ ਦੀ ਪੁਲਿਸ ਦੀ ਛਾਪੇਮਾਰੀ - 5 ਅਹਿਮ ਖਬਰਾਂ
ਯੂਕੇ ਪੁਲਿਸ ਦੇ ਨਿਸ਼ਾਨੇ 'ਤੇ ਬੱਬਰ ਖਾਲਸਾ
ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਵੈਸਟਲੈਂਡਜ਼ ਕਾਊਂਟਰ ਟੈਰੇਰਿਜ਼ਮ ਯੂਨਿਟ ਨੇ ਪਿਛਲੇ ਹਫ਼ਤੇ ਕਵੈਂਟਰੀ, ਲੈਸਟਰ ਅਤੇ ਬਰਮਿੰਘਮ ਵਿੱਚ ਸਿੱਖਾਂ ਦੇ ਘਰਾਂ ਵਿੱਚ ਛਾਪੇ ਮਾਰੇ ਗਏ। ਉਹ ਯੂਕੇ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਨਾਲ ਜੁੜੇ ਲੋਕਾਂ ਦੀ ਭਾਲ ਕਰ ਰਹੇ ਸਨ।
ਸਰਚ ਵਾਰੰਟ ਦੇ ਵਿੱਚ ਪੂਰਾ ਵੇਰਵਾ ਦਿੱਤਾ ਗਿਆ ਹੈ ਕਿ ਯੂਕੇ ਵਿੱਚ ਪਾਬੰਦੀਸ਼ੁਦਾ ਬੱਬਰ ਖਾਲਸਾ ਜਾਂ ਭਾਰਤ ਵਿੱਚ ਪਾਬੰਦੀਸ਼ੁਦਾ ਹੋਰ ਜਥੇਬੰਦੀਆਂ, ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਤਿਆਰ ਕੀਤੇ ਜਾ ਰਹੇ ਹਥਿਆਰ ਜਾਂ ਕੋਈ ਹੋਰ ਦਸਤਾਵੇਜ ਸ਼ਾਮਿਲ ਹਨ।
ਅਖ਼ਬਾਰ ਦੀ ਖ਼ਬਰ ਮੁਤਾਬਕ ਟਵਿੱਟਰ ਉੱਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਸਰਚ ਵਾਰੰਟ ਦੇਖਿਆ ਜਾ ਸਕਦਾ ਹੈ।
ਹਿਮਾਚਲ 'ਚ ਫਸੇ 50 ਵਿਦਿਆਰਥੀ ਬਚਾਏ ਗਏ
ਹਿੰਦੁਸਤਾਨ ਟਾਈਮਜ਼ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿੱਚ ਪਾਣੀ ਵਿੱਚ ਫਸੇ 50 ਆਈਆਈਟੀ ਵਿਦਿਆਰਥੀਆਂ ਨੂੰ ਭਾਰਤੀ ਹਵਾਈ ਫੌਜ ਨੇ ਬਚਾ ਲਿਆ ਹੈ। ਅਧਿਕਾਰੀਆਂ ਮੁਤਾਬਕ ਲਾਹੌਲ ਅਤੇ ਸਪਿਤੀ ਦੇ ਕਈ ਖੇਤਰਾਂ ਵਿੱਚ ਹਾਲੇ ਵੀ 500 ਤੋਂ ਵੱਧ ਲੋਕ ਫਸੇ ਹੋਏ ਹਨ।
ਹਾਲਾਂਕਿ ਪਹਾੜੀ ਖੇਤਰਾਂ ਵਿੱਚ ਮੀਂਹ ਰੁਕ ਗਿਆ ਹੈ। ਪੰਜਾਬ ਤੇ ਹਰਿਆਣਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਿਹਾ ਮੀਂਹ ਵੀ ਫਿਲਹਾਲ ਬੰਦ ਹੋ ਗਿਆ ਹੈ ਅਤੇ ਮੌਸਮ ਸਾਫ਼ ਹੈ।
ਮੰਗਲਵਾਰ ਨੂੰ ਹਿਮਾਚਲ ਵਿੱਚ ਹਲਕਾ ਮੀਂਹ ਪਿਆ ਸੀ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਵੀ ਅਜਿਹਾ ਹੀ ਮੌਸਮ ਰਹੇਗਾ। ਪਰ ਬਰਫ਼ਬਾਰੀ ਅਤੇ ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਮਾਰਗ ਸਣੇ ਕਈ ਸੜਕਾਂ ਬੰਦ ਰਹੀਆਂ।
ਵਿਭਾਗ ਦਾ ਕਹਿਣਾ ਹੈ ਕਿ ਪਹਾੜੀ ਖੇਤਰਾਂ 'ਤੇ ਮੀਂਹ ਲਗਭਗ ਬੰਦ ਹੋਣ ਅਤੇ ਪਾਣੀ ਘਟਣ ਕਾਰਨ ਡੈਮਾਂ ਦੇ ਫਲੱਡ ਗੇਟ ਬੰਦ ਕਰ ਦਿੱਤੇ ਗਏ ਹਨ।
ਉੱਤਰ ਭਾਰਤ ਦੇ ਸੂਬੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਇਕਸਾਰ ਕਰਨ ਲਈ ਰਾਜ਼ੀ
ਟਾਈਮਜ਼ ਆਫ਼ ਇੰਡੀਆ ਮੁਤਾਬਕ ਉੱਤਰ ਭਾਰਤ ਦੇ ਸੂਬੇ ਪੈਟਰੋਲ ਅਤੇ ਡੀਜ਼ਲ ਇਕਸਾਰ ਕਰਨ ਲਈ ਰਾਜ਼ੀ ਹੋ ਗਏ ਹਨ।
ਇਸ ਸਬੰਧੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ-ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਬੈਠਕ ਵਿੱਚ ਸੁਝਾਅ ਦਿੱਤੇ।
ਪੰਜਾਬ ਦੀ ਨੁਮਾਇੰਦਗੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ ਜਦਕਿ ਦਿੱਲੀ ਵੱਲੋਂ ਮਨੀਸ਼ ਸਿਸੋਦੀਆ ਹਾਜ਼ਰ ਰਹੇ।
ਕੈਪਟਨ ਅਭਿਮਨਿਊ ਨੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਕੇਂਦਰ ਦੀ 'ਇੱਕ ਦੇਸ ਇੱਕ ਟੈਕਸ ਯੋਜਨਾ' ਦਾ ਹੀ ਹਿੱਸਾ ਹੈ।
ਇਸ ਬੈਠਕ ਦੌਰਾਨ ਇੱਕ ਸਬ-ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ।
ਨਸਲਵਾਦੀ ਨੀਤੀਆਂ ਕਰਾਰ ਦਿੰਦਿਆਂ ਭਾਰਤੀ- ਅਮਰੀਕੀ ਰਾਜਦੂਤ ਦਾ ਅਸਤੀਫ਼ਾ
ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇੱਕ ਸੀਨੀਅਰ ਭਾਰਤੀ-ਅਮਰੀਕੀ ਰਾਜਦੂਤ ਨੇ ਟਰੰਪ ਦੀਆਂ ਨੀਤੀਆਂ ਨੂੰ ਨਸਲਵਾਦੀ ਅਤੇ ਲਿੰਗਵਾਦੀ ਕਰਾਰ ਦਿੰਦਿਆਂ ਇਸ ਦੇ ਵਿਰੋਧ ਵਿੱਚ ਅਸਤੀਫ਼ਾ ਦੇ ਦਿੱਤਾ ਹੈ
ਭਾਰਤੀ ਅਮਰੀਕੀ ਰਾਜਦੂਤ ਉਜ਼ਰਾ ਜ਼ੀਆ ਨੇ ਪੋਲੀਟੀਕੋ ਵਿੱਚ ਲਿਖਿਆ, "ਹੁਣ ਉੱਚ ਵਿਭਾਗਾਂ ਵਿੱਚ ਵੱਧ ਚਿੱਟੇ, ਜ਼ਿਆਦਾ ਮਰਦ ਅਤੇ ਅਮਰੀਕਾ ਵਾਂਗ ਘੱਟ ਹੀ ਨਜ਼ਰ ਆ ਰਹੇ ਹਨ।"
ਜ਼ੀਆ ਪੈਰਿਸ ਵਿੱਚ ਅਮਰੀਕੀ ਅੰਬੈਸੀ ਵਿੱਚ ਡਿਪਟੀ ਚੀਫ ਰਹੀ ਹੈ ਅਤੇ ਜ਼ੀਆ ਨੇ ਟਰੰਪ ਦੇ ਕਾਮਯਾਬ ਦੌਰ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਭਾਰਤ-ਅਫ਼ਗਾਨਿਸਤਾਨ ਵਿਚਾਲੇ ਮੈਚ ਬਰਾਬਰ ਰਿਹਾ
ਦਿ ਹਿੰਦੂ ਮੁਤਾਬਕ ਦੁਬਈ ਵਿੱਚ ਏਸ਼ੀਆ ਕੱਪ ਦੇ ਸੁਪਰ-4 ਦੇ ਦਿਲਚਸਪ ਮੁਕਾਬਲੇ ਵਿੱਚ ਮੰਗਲਵਾਰ ਨੂੰ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਮੈਚ ਬਰਾਬਰ ਹੋ ਗਿਆ।
ਭਾਰਤੀ ਟੀਮ 49.5ਵੇਂ ਓਵਰ ਵਿੱਚ 252 ਦੌੜਾਂ ਤੇ ਆਲ ਆਊਟ ਹੋ ਗਈ ਅਤੇ ਜਿੱਤ ਲਈ 253 ਦੌੜਾਂ ਦੀ ਲੋੜ ਸੀ।
ਇਸ ਮੈਚ ਵਿੱਚ ਅਫ਼ਗਾਨੀਸਤਾਨ ਵੱਲੋਂ ਤੇਜ਼ ਗੇਂਦਬਾਜ਼ੀ ਅਤੇ ਫੀਲਡਿੰਗ ਦੇਖਣ ਨੂੰ ਮਿਲੀ। ਭਾਰਤ ਦੇ ਓਪਨਿੰਗ ਬੱਲੇਬਾਜ਼ਾਂ ਦੀ ਸਾਂਝੇਦਾਰੀ ਚੰਗੀ ਰਹੀ।
ਕੇਐਲ ਰਾਹੁਲ (60) ਅਤੇ ਅੰਬਾਤੀ ਰਾਯਯੁਡੁ (57) ਨੇ ਮਿਲ ਕੇ 110 ਦੌੜਾਂ ਬਣਾਈਆਂ ਸਨ।