ਲੁਕੇ ਹੋਏ ਕੈਮਰਿਆਂ ਤੋਂ ਇੰਝ ਬਚ ਸਕਦੇ ਹੋ ਤੁਸੀਂ

    • ਲੇਖਕ, ਗੁਰਪ੍ਰੀਤ ਸੈਣੀ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਦੀ ਇੱਕ ਔਰਤ ਜਦੋਂ ਰੈਸਟੋਰੈਂਟ ਦੇ ਬਾਥਰੂਮ ਵਿੱਚ ਗਈ ਤਾਂ ਉੱਥੇ ਇੱਕ ਫ਼ੋਨ ਦੇਖ ਕੇ ਹੈਰਾਨ ਰਹਿ ਗਈ।

ਇਹ ਫ਼ੋਨ ਬਾਥਰੂਮ ਵਿੱਚ ਲੁਕਾ ਕੇ ਰੱਖਿਆ ਗਿਆ ਸੀ। ਫ਼ੋਨ ਦਾ ਕੈਮਰਾ ਔਨ ਸੀ ਅਤੇ ਰਿਕਾਰਡਿੰਗ ਚੱਲ ਰਹੀ ਸੀ।

ਫ਼ੋਨ ਨੂੰ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਸ ਵਿੱਚ ਕਈ ਹੋਰ ਔਰਤਾਂ ਦੇ ਵੀਡੀਓ ਵੀ ਸਨ। ਇਨ੍ਹਾਂ ਵੀਡੀਓਜ਼ ਨੂੰ ਵੱਟਸਐਪ ਜ਼ਰੀਏ ਸ਼ੇਅਰ ਵੀ ਕੀਤਾ ਗਿਆ ਸੀ।

ਬਾਥਰੂਮ ਦੇ ਬਾਹਰ ਆ ਕੇ ਔਰਤਾਂ ਨੇ ਰੈਸਟੋਰੈਂਟ ਦੇ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ। ਪਤਾ ਲੱਗਿਆ ਕਿ ਉਹ ਫ਼ੋਨ ਹਾਊਸਕੀਪਿੰਗ ਵਿੱਚ ਕੰਮ ਕਰਨ ਵਾਲੇ ਇੱਕ ਸ਼ਖ਼ਸ ਦਾ ਹੈ।

ਇਹ ਵੀ ਪੜ੍ਹੋ:

ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਦੋਂ ਬਾਥਰੂਮ, ਚੇਜਿੰਗ ਰੂਮ ਅਤੇ ਹੋਟਲ ਦੇ ਕੈਮਰੇ ਵਿੱਚ ਹਿਡਨ ਕੈਮਰੇ ਦੇਖਣ ਨੂੰ ਮਿਲਦੇ ਹਨ।

2015 ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅਜਿਹੀ ਹੀ ਸ਼ਿਕਾਇਤ ਕੀਤੀ ਸੀ ਜਿਸ ਵਿੱਚ ਇੱਕ ਸਟੋਰ ਦੇ ਸੀਸੀਟੀਵੀ ਕੈਮਰੇ ਦਾ ਮੂੰਹ ਚੇਜਿੰਗ ਰੂਮ ਵੱਲ ਸੀ।

ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਔਰਤਾਂ ਦੇ ਦਿਲ-ਦਿਮਾਗ ਵਿੱਚ ਇੱਕ ਡਰ ਜਿਹਾ ਬੈਠ ਗਿਆ ਹੈ।

ਪਬਲਿਕ ਟਾਇਲਟ, ਚੇਜਿੰਗ ਰੂਮ ਜਾਂ ਹੋਟਲ ਜਾਣਾ ਬੰਦ ਤਾਂ ਨਹੀਂ ਕੀਤਾ ਜਾ ਸਕਦਾ, ਪਰ ਚੌਕਸ ਰਹਿ ਕੇ ਇਸ ਤਰ੍ਹਾਂ ਕੈਮਰਿਆਂ ਦੇ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦਾ ਹੈ।

ਹਿਡਨ ਕੈਮਰਿਆਂ ਦਾ ਪਤਾ ਕਿਵੇਂ ਲਗਾਇਆ ਜਾਵੇ

ਸਭ ਤੋਂ ਪਹਿਲਾਂ ਇਹ ਜਾਣ ਲਵੋ ਕਿ ਕੈਮਰੇ ਕਿੱਥੇ-ਕਿੱਥੇ ਲੁਕੇ ਹੋ ਸਕਦੇ ਹਨ।

ਹਿਡਨ ਕੈਮਰੇ ਕਾਫ਼ੀ ਛੋਟੇ ਹੁੰਦੇ ਹਨ, ਪਰ ਇਹ ਤੁਹਾਡੀਆਂ ਸਾਰੀਆਂ ਗਤੀਵਿਧੀਆਂ ਨੂੰ ਰਿਕਾਰਡ ਕਰ ਸਕਦੇ ਹਨ।

ਫਿਰ ਭਾਵੇਂ ਤੁਸੀਂ ਬਾਥਰੂਮ ਵਿੱਚ ਹੋਵੋ, ਕਿਸੇ ਸਟੋਰ ਦੇ ਚੇਜਿੰਗ ਰੂਮ ਵਿੱਚ ਕੱਪੜੇ ਬਦਲ ਰਹੇ ਹੋਵੋ ਜਾਂ ਹੋਟਲ ਦੇ ਕਮਰੇ ਵਿੱਚ ਆਪਣੇ ਪਾਰਟਰ ਦੇ ਨਾਲ ਹੋਵੋ।

ਇਨ੍ਹਾਂ ਕੈਮਰਿਆਂ ਨੂੰ ਕਿਤੇ ਵੀ ਆਸਾਨੀ ਨਾਲ ਲੁਕਾਇਆ ਜਾ ਸਕਦਾ ਹੈ, ਜਿਵੇਂ ਕਿ

  • ਸ਼ੀਸ਼ੇ ਦੇ ਪਿੱਛੇ
  • ਦਰਵਾਜ਼ੇ ਵਿੱਚ
  • ਕੰਧ ਦੇ ਕਿਸੇ ਕੋਨੇ ਵਿੱਚ
  • ਛੱਤ ਉੱਤੇ
  • ਲੈਂਪ ਵਿੱਚ
  • ਫ਼ੋਟੋ ਫਰੇਮ ਵਿੱਚ
  • ਟਿਸ਼ੂ ਪੇਪਰ ਦੇ ਡੱਬੇ ਵਿੱਚ
  • ਕਿਸੇ ਗਮਲੇ ਵਿੱਚ
  • ਸਮੋਕ ਡਿਟੈਕਟਰ ਵਿੱਚ

ਤਾਂ ਕਿਵੇਂ ਪਤਾ ਕਰੀਏ ਕਿ ਕੈਮਰਾ ਹੈ ਕਿੱਥੇ ?

ਪਹਿਲਾਂ ਜਾਂਚ ਕਰ ਲਓ: ਸਾਈਬਰ ਐਕਸਪਰਟ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਚੌਕੰਨੇ ਰਹੋ। ਜਦੋਂ ਵੀ ਤੁਸੀਂ ਪਬਲਿਕ ਟਾਇਲਟ, ਚੇਜਿੰਗ ਰੂਮ ਜਾਂ ਹੋਟਲ ਦੇ ਕਿਸੇ ਕਮਰੇ ਵਿੱਚ ਜਾਓ ਤਾਂ ਚਾਰੇ ਪਾਸੇ ਚੰਗੀ ਤਰ੍ਹਾਂ ਦੇਖ ਲਵੋ। ਆਲੇ-ਦੁਆਲੇ ਰੱਖੇ ਸਾਮਾਨ ਨੂੰ ਦੇਖ ਲਓ। ਛੱਤ ਦੇ ਕੋਨੇ ਵੀ ਦੇਖੋ।

ਕੋਈ ਛੇਦ ਤਾਂ ਨਹੀਂ: ਕਿਤੇ ਕੋਈ ਛੇਦ ਦਿਖੇ ਤਾਂ ਉਸਦੇ ਅੰਦਰ ਝਾਕ ਕੇ ਵੇਖੋ ਕਿ ਕਿਤੇ ਉਸ ਵਿੱਚ ਕੁਝ ਲੱਗਾ ਤਾਂ ਨਹੀਂ ਹੈ। ਦਰਅਸਲ ਕੈਮਰਿਆਂ ਦੇ ਸ਼ੀਸ਼ਿਆਂ ਪਿੱਛੇ, ਫੋਟੋ ਫਰੇਮ ਜਾਂ ਬੈਕ ਡੁਰ ਵਰਗੀਆਂ ਥਾਵਾਂ 'ਤੇ ਲਗਾ ਦਿੱਤਾ ਜਾਂਦਾ ਹੈ। ਥੋੜ੍ਹਾ ਜਿਹਾ ਚੌਕਸ ਰਹਿ ਕੇ ਇਨ੍ਹਾਂ ਨੂੰ ਫੜ ਸਕਦੇ ਹਨ।

ਕੋਈ ਤਾਰ ਦਿਖ ਰਹੀ ਹੈ: ਇਹ ਵੀ ਦੇਖੋ ਕਿ ਕਿਤੋਂ ਐਕਸਟਰਾ ਤਾਰ ਜਾਂਦੀ ਹੋਈ ਤਾਂ ਨਹੀਂ ਦਿਖ ਰਹੀ। ਜੇਕਰ ਕੋਈ ਤਾਰ ਦਿਖੇ ਤਾਂ ਪਤਾ ਕਰੋ ਕਿ ਕਿੱਥੇ ਤੱਕ ਜਾ ਰਹੀ ਹੈ। ਹੋ ਸਕਦਾ ਹੈ ਕਿ ਉਹ ਤੁਹਾਨੂੰ ਕੈਮਰੇ ਤੱਕ ਲੈ ਜਾਵੇ। ਕਈ ਕੈਮਰਿਆਂ ਵਿੱਚ ਕੋਈ ਤਾਰ ਨਹੀਂ ਹੁੰਦੀ। ਉਹ ਬੈਟਰੀ ਨਾਲ ਚਲਦੇ ਹਨ ਅਤੇ ਮੈਗਨੇਟ ਦੀ ਤਰ੍ਹਾਂ ਕਿਤੇ ਵੀ ਚਿਪਕ ਜਾਂਦੇ ਹਨ।

ਇਹ ਵੀ ਪੜ੍ਹੋ:

ਲਾਈਟ ਬੰਦ ਕਰਕੇ ਦੇਖ ਲਓ: ਜੇਕਰ ਚੇਜਿੰਗ ਰੂਮ ਜਾਂ ਹੋਟਲ ਦੇ ਕਿਸੇ ਕਮਰੇ ਵਿੱਚ ਹੋ ਤਾਂ ਲਾਈਟ ਬੰਦ ਕਰਕੇ ਚਾਰੇ ਪਾਸੇ ਦੇਖੋ। ਜੇਕਰ ਕਿਤੇ ਐਲਈਡੀ ਦੀ ਰੋਸ਼ਨੀ ਦਿਖੇ ਤਾਂ ਹੋ ਸਕਦਾ ਹੈ ਕਿ ਕੈਮਰਾ ਹੋਵੇ। ਦਰਅਸਲ ਕੁਝ ਨਾਈਟ ਵਿਜ਼ਨ ਕੈਮਰੇ ਹੁੰਦੇ ਹਨ ਜਿਹੜੇ ਹਨੇਰੇ ਵਿੱਚ ਹੋ ਰਹੀ ਗਤੀਵਿਧੀ ਨੂੰ ਵੀ ਰਿਕਾਰਡ ਕਰਦੇ ਹਨ। ਇਨ੍ਹਾਂ ਕੈਮਰਿਆਂ ਵਿੱਚ ਐਲਈਡੀ ਲਾਈਟ ਲੱਗੀ ਹੁੰਦੀ ਹੈ। ਹਨੇਰੇ ਵਿੱਚ ਇਸ ਨੂੰ ਫੜਿਆ ਜਾ ਸਕਦਾ ਹੈ।

ਮਿਰਰ ਟੈਸਟ: ਚੇਜਿੰਗ ਰੂਮ, ਬਾਥਰੂਮ ਅਤੇ ਕਮਰਿਆਂ ਵਿੱਚ ਹਰ ਥਾਂ ਸ਼ੀਸ਼ੇ ਲੱਗੇ ਹੁੰਦੇ ਹਨ ਜਿਨ੍ਹਾਂ ਦੇ ਸਾਹਮਣੇ ਤੁਸੀਂ ਕੱਪੜੇ ਬਦਲਦੇ ਹੋ, ਟਾਇਲਟ ਕਰਦੇ ਹੋ। ਹੋਟਲ ਦੇ ਕਮਰੇ ਵਿੱਚ ਵੀ ਵੱਡਾ ਜਿਹਾ ਸ਼ੀਸ਼ਾ ਹੁੰਦਾ ਹੈ। ਇਸ ਲਈ ਹੋ ਸਕਦਾ ਹੈ ਕਿ ਸ਼ੀਸ਼ੇ ਦੇ ਦੂਜੇ ਪਾਸਿਓਂ ਤੁਹਾਨੂੰ ਕੋਈ ਦੇਖ ਰਿਹਾ ਹੋਵੇ ਜਾਂ ਪਿੱਛੇ ਕੋਈ ਕੈਮਰਾ ਲੱਗਾ ਹੋਵੇ ਜਿਹੜਾ ਸਭ ਕੁਝ ਰਿਕਾਰਡ ਕਰ ਰਿਹਾ ਹੋਵੇ। ਅਜਿਹੇ ਵਿੱਚ ਸ਼ੀਸ਼ੇ ਦੀ ਜਾਂਚ ਵੀ ਜ਼ਰੂਰੀ ਹੁੰਦੀ ਹੈ। ਇਸਦੇ ਲਈ ਸ਼ੀਸ਼ੇ 'ਤੇ ਉਂਗਲੀ ਰੱਖੋ ਅਤੇ ਦੇਖੋ। ਜੇਕਰ ਤੁਹਾਡੀ ਉਂਗਲੀ ਅਤੇ ਸ਼ੀਸ਼ੇ 'ਤੇ ਬਣ ਰਹੀ ਈਮੇਜ ਵਿਚਾਲੇ ਥੋੜ੍ਹਾ ਗੈਪ ਦਿਖੇ, ਤਾਂ ਸ਼ੀਸ਼ਾ ਸਹੀ ਹੈ। ਪਰ ਜੇਕਰ ਤੁਹਾਡੀ ਉਂਗਲੀ ਅਤੇ ਈਮੇਜ ਵਿੱਚ ਗੈਪ ਨਾ ਦਿਖੇ ਮਤਲਬ ਕੋਈ ਗੜਬੜ ਹੈ।

ਫਲੈਸ਼ ਔਨ ਕਰਕੇ ਦੇਖ ਲਓ: ਬੱਤੀ ਬੁਝਾ ਕੇ ਮੋਬਾਈਲ ਦਾ ਫਲੈਸ਼ ਔਨ ਕਰੋ ਅਤੇ ਚਾਰੇ ਪਾਸੇ ਵੇਖੋ। ਜੇਕਰ ਕਿਤੋਂ ਰਿਫਲੈਕਸ਼ਨ ਆਵੇ ਤਾਂ ਹੋ ਸਕਦਾ ਹੈ ਕਿ ਕੈਮਰੇ ਦੇ ਕੱਚ ਤੋਂ ਆ ਰਹੀ ਹੋਵੇ। ਉਸ ਦਿਸ਼ਾ ਵਿੱਚ ਜਾ ਕੇ ਚੰਗੀ ਤਰ੍ਹਾਂ ਦੇਖੋ ਕਿ ਕਿਤੇ ਹਿਡਨ ਕੈਮਰਾ ਤਾਂ ਨਹੀਂ ਹੈ।

ਐਪ ਅਤੇ ਡਿਟੈਕਟਰ: ਤੁਹਾਨੂੰ ਕਈ ਐਪ ਮਿਲ ਜਾਣਗੇ ਜਿਸ ਨਾਲ ਤੁਸੀਂ ਹਿਡਨ ਕੈਮਰੇ ਦਾ ਪਤਾ ਲਗਾ ਸਕਦੇ ਹੋ। ਪਰ ਸਾਈਬਰ ਐਕਸਪਰਟ ਮੁਤਾਬਕ ਕਈ ਐਪ ਫ਼ੇਕ ਵੀ ਹੋ ਸਕਦੇ ਹਨ, ਜਿਹੜੇ ਕੁਝ ਦੱਸ ਹੀ ਨਹੀਂ ਸਕਣਗੇ ਅਤੇ ਤੁਹਾਡੇ ਫ਼ੋਨ ਵਿੱਚ ਵੀ ਵਾਇਰਸ ਛੱਡ ਦੇਣਗੇ। ਇਸ ਤੋਂ ਇਲਾਵਾ ਕੁਝ ਡਿਟੈਕਟਰ ਡਿਵਾਈਸ ਵੀ ਬਾਜ਼ਾਰ ਵਿੱਚ ਉਪਲਬਧ ਹਨ। ਪਰ ਇਹ ਮਹਿੰਗੇ ਹੁੰਦੇ ਹਨ, ਜਿਸ ਨੂੰ ਹਰ ਕੋਈ ਖ਼ਰੀਦ ਨਹੀਂ ਸਕਦਾ। ਇਹ ਅਕਸਰ ਪੁਲਿਸ ਕੋਲ ਹੁੰਦੇ ਹਨ।

ਕੈਮਰਾ ਦਿਖ ਜਾਵੇ ਤਾਂ ਕੀ ਕਰੋ

ਜੇਕਰ ਤੁਹਾਨੂੰ ਹਿਡਨ ਕੈਮਰਾ ਦਿਖ ਜਾਣ ਤਾਂ ਘਬਰਾਓ ਨਹੀਂ। ਤੁਰੰਤ ਪੁਲਿਸ ਨਾਲ ਸੰਪਰਕ ਕਰੋ। ਕੈਮਰੇ ਨੂੰ ਹੱਥ ਨਾ ਲਗਾਓ, ਕਿਉਂਕਿ ਉਸ ਉੱਤੇ ਮੁਲਜ਼ਮ ਦੇ ਫਿੰਗਰਪ੍ਰਿੰਟ ਹੋਣਗੇ। ਪੁਲਿਸ ਦੇ ਆਉਣ ਤੱਕ ਉੱਥੇ ਹੀ ਰੁਕੋ।

ਸਾਈਬਰ ਮਾਹਿਰ ਕਰਣਿਕਾ ਦੱਸਦੀ ਹੈ, "ਕਿਸੇ ਔਰਤ ਦੀ ਸਹਿਮਤੀ ਤੋਂ ਬਿਨਾਂ ਫੋਟੋ ਖਿੱਚਣਾ ਜਾਂ ਵੀਡੀਓ ਰਿਕਾਰਡ ਕਰਕੇ ਦੂਜਿਆਂ ਨੂੰ ਵੰਡਣਾ ਅਪਰਾਧ ਹੈ। ਇਸ ਵਿੱਚ ਆਈਟੀ ਐਕਟ ਦੀ ਧਾਰਾ 67 A ਅਤੇ 66E (ਨਿੱਜਤਾ ਦਾ ਹਨਨ), ਆਈਪੀਸੀ ਦੀ ਧਾਰਾ 354ਸੀ ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਇਸਦੇ ਲਈ ਮੁਲਜ਼ਮ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਅਤੇ ਜ਼ੁਰਮਾਨਾ ਹੋ ਸਕਦਾ ਹੈ।"

ਉਨ੍ਹਾਂ ਮੁਤਾਬਕ ਫਿਸ਼ਿੰਗ ਹੈਕਿੰਗ ਤੋਂ ਬਾਅਦ ਸਭ ਤੋਂ ਵੱਧ ਮਾਮਲੇ ਇਸੇ ਜ਼ੁਰਮ ਦੇ ਸਾਹਮਣੇ ਆਉਂਦੇ ਹਨ। ਐਨਸੀਆਰਬੀ ਦੇ ਅੰਕੜਿਆਂ ਮੁਤਾਬਕ 2016 ਵਿੱਚ ਸਾਈਬਰ ਕਰਾਈਮ 'ਚ ਕਰੀਬ 11,000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਅੱਧੇ ਲੋਕਾਂ ਨੂੰ ਅਜਿਹੇ ਹੀ ਵੀਡੀਓਜ਼ ਬਣਾਉਣ ਦੇ ਇਲਜ਼ਾਮ ਵਿੱਚ ਫੜਿਆ ਗਿਆ ਸੀ।

ਵੀਡੀਓ ਦਾ ਕੀ ਕਰਦੇ ਹਨ

ਇੱਕ ਹੋਰ ਸਾਈਬਰ ਐਕਸਪਰਟ ਵਿਨੀਤ ਕੁਮਾਰ ਕਹਿੰਦੇ ਹਨ, "ਇੱਕ ਤਾਂ ਲੋਕ ਖ਼ੁਦ ਦੇਖਣ ਲਈ ਅਜਿਹੇ ਵੀਡੀਓਜ਼ ਬਣਾਉਂਦੇ ਹਨ। ਦੂਜਾ ਇਸਦਾ ਇੱਕ ਬਹੁਤ ਵੱਡਾ ਬਾਜ਼ਾਰ ਵੀ ਹੈ। ਇਨ੍ਹਾਂ ਨੂੰ ਵੈੱਬਸਾਈਟਜ਼ ਉੱਤੇ ਪਾ ਦਿੱਤਾ ਜਾਂਦਾ ਹੈ। ਇਨ੍ਹਾਂ ਵੀਡੀਓਜ਼ ਨੂੰ ਬਹੁਤ ਲੋਕ ਦੇਖਦੇ ਹਨ।"

"ਕਈ ਵਾਰ ਕੁੜੀਆਂ ਇਸਦੀ ਸ਼ਿਕਾਇਤ ਨਹੀਂ ਕਰਦੀਆਂ। ਉਨ੍ਹਾਂ ਨੂੰ ਲਗਦਾ ਹੈ ਕਿ ਕਿਸੇ ਨੂੰ ਦੱਸਣਗੀਆਂ ਤਾਂ ਉਨ੍ਹਾਂ ਦੀ ਹੀ ਬਦਨਾਮੀ ਹੋਵੇਗੀ। ਕੁਝ ਕੁੜੀਆਂ ਖੁਦਕੁਸ਼ੀ ਤੱਕ ਸੋਚਦੀਆਂ ਹਨ। ਪਰ ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ, ਸਗੋਂ ਪੁਲਿਸ ਨਾਲ ਸਪੰਰਕ ਕਰਕੇ ਮਦਦ ਮੰਗਣੀ ਚਾਹੀਦੀ ਹੈ।"

ਵਿਨੀਤ ਕਹਿੰਦੇ ਹਨ, "ਭਾਰਤ ਸਰਕਾਰ ਦੀ ਵੈੱਬਸਾਈਟ cybercrime.gov.in 'ਤੇ ਫਿਲਹਾਲ ਬੱਚਿਆਂ ਨਾਲ ਜੁੜੇ ਮਾਮਲੇ ਦਰਜ ਕੀਤੇ ਜਾਂਦੇ ਹਨ, ਪਰ ਕੁਝ ਸਮੇਂ ਬਾਅਦ ਇਸ 'ਤੇ ਔਰਤਾਂ ਨਾਲ ਜੁੜੇ ਮਾਮਲੇ ਵੀ ਦਰਜ ਕੀਤੇ ਜਾਣਗੇ। ਔਰਤਾਂ ਫਿਲਹਾਲ ਮਹਿਲਾ ਆਯੋਗ ਦੀ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ। ਇਸ ਤੋਂ ਇਲਾਵਾ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਾਈਬਰ ਸੈੱਲ ਵਿੱਚ ਵੀ ਸ਼ਿਕਾਇਤ ਕਰ ਸਕਦੇ ਹਨ।"

ਇਹ ਵੀ ਪੜ੍ਹੋ:

ਲੁਕੇ ਹੋਏ ਕੈਮਰਿਆਂ ਦਾ ਪਤਾ ਲਗਾਉਣ ਲਈ ਸਾਈਬਰ ਐਕਸਪਰਟ ਨੇ ਕਈ ਟਿਪਸ ਤਾਂ ਦੱਸੇ ਪਰ ਉਹ ਸਭ ਤੋਂ ਵੱਧ ਜ਼ੋਰ ਚੌਕਸ ਰਹਿਣ 'ਤੇ ਦਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)