ਇੰਡੋਨੇਸ਼ੀਆ: ਮਸ਼ੀਨਾਂ ਦੀ ਘਾਟ ਕਾਰਨ ਮਲਬੇ 'ਚੋਂ ਜ਼ਿੰਦਾ ਲੋਕਾਂ ਨੂੰ ਕੱਢਣ ਦੇ ਕੰਮ ਦੀ ਰਫ਼ਤਾਰ ਹੌਲੀ

ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿੱਚ ਅਜੇ ਵੀ ਦਰਜਨਾਂ ਲੋਕ ਸੁਨਾਮੀ ਤੇ ਭੂਚਾਲ ਕਾਰਨ ਢਹਿਢੇਰੀ ਹੋਈਆਂ ਇਮਾਰਤਾਂ ਹੇਠ ਦੱਬੇ ਹੋਏ ਹਨ।

ਬਚਾਅ ਵਰਕਰ ਵੱਡੀਆਂ ਮਸ਼ੀਨਾਂ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦਾ ਇਮਾਰਤ ਵਿੱਚ ਜਾਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਉਹ ਇਮਾਰਤ ਹੇਠਾਂ ਫਸੇ ਲੋਕਾਂ ਨੂੰ ਪਾਣੀ ਤੇ ਹੋਰ ਸਪਲਾਈ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਲੋਕਾਂ ਵੱਲੋਂ ਬਾਹਰ ਕੱਢਣ ਲਈ ਗੁਹਾਰ ਕੀਤੀ ਜਾ ਰਹੀ ਹੈ।

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਤੇ ਸੁਨਾਮੀ ਕਾਰਨ ਤਕਰੀਬਨ 832 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।

ਇਹ ਵੀ ਪੜ੍ਹੋ

ਇੰਡੋਨੇਸ਼ੀਆ ਦੀ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਦੱਸਿਆ, ਸੰਚਾਰ ਵਿਵਸਥਾ ਸੀਮਿਤ ਹੈ, ਵੱਡੀਆਂ ਮਸ਼ੀਨਾਂ ਵੀ ਕਾਫੀ ਘੱਟ ਹਨ। ਢਹਿਢੇਰੀ ਹੋਈਆਂ ਇਮਾਰਤਾਂ ਉਹ ਮਸ਼ੀਨਾਂ ਕਾਫੀ ਨਹੀਂ ਹਨ।''

ਇੱਕ ਕਾਰਕੁਨ ਥਾਲਿਬ ਬਵਾਨੋ ਨੇ ਏਐਫਪੀ ਨਿਊਜ਼ ਏਜੰਸੀ ਨੇ ਕਿਹਾ ਕਿ ਹੋਟਲ ਦੇ ਮਲਬੇ ਤੋਂ 3 ਲੋਕਾਂ ਨੂੰ ਬਚਾ ਲਿਆ ਹੈ ਜਦਕਿ 50 ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ।

ਉਨ੍ਹਾਂ ਦੱਸਿਆ, ਸਾਨੂੰ ਮਲਬੇ ਦੇ ਹੇਠਾਂ ਤੋਂ ਵੱਖ-ਵੱਖ ਲੋਕਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਬੱਚੇ ਦੀਆਂ ਆਵਾਜ਼ ਵੀ ਆ ਰਹੀ ਹੈ।

ਸੁਨਾਮੀ ਦੀਆਂ ਤਰੰਗਾ ਸਮੁੰਦਰ ਵਿੱਚ 800 ਕਿਲੋਮੀਟਰ ਦੀ ਰਫਤਾਰ ਨਾਲ ਵਧੀਆਂ ਸਨ ਅਤੇ ਤਿੰਨ ਸੋ ਕਿਲੋਮੀਟਰ ਲੰਬੇ ਸਮੁੰਦਰੀ ਤੱਟ ਨਾਲ ਟਕਰਾਈਆਂ ਹਨ।

ਟੁੱਟੀਆਂ ਸੜਕਾਂ ਤੇ ਸੰਚਾਰ ਵਿਵਸਥਾ ਠੱਪ ਹੋਣ ਕਾਰਨ ਵੀ ਬਚਾਅ ਮੁਲਾਜ਼ਮਾਂ ਤੱਕ ਪਹੁੰਚਣਾ ਮੁਸ਼ਿਕਿਲ ਹੋ ਰਿਹਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਪ੍ਰਭਾਵਿਤ ਸ਼ਹਿਰਾਂ ਦਾ ਦੌਰਾ ਕਰ ਰਹੇ ਹਨ।

3 ਮੀਟਰ ਤੱਕ ਲਹਿਰਾਂ ਉੱਠੀਆਂ

ਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ।

ਅਧਿਕਾਰੀਆਂ ਮੁਤਾਬਕ ਇੰਡੋਨੇਸ਼ੀਆ ਦੇ ਪਾਲੂ ਸ਼ਹਿਰ ਵਿਚ ਸੁਨਾਮੀ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਗਿਆ ਹੈ, ਇੱਥੇ ਸਮੁੰਦਰ ਵਿਚ 3 ਮੀਟਰ ਤੱਕ ਉੱਚੀਆਂ ਲਹਿਰਾ ਉੱਠੀਆਂ ਹਨ।

ਬੀਬੀਸੀ ਦੀ ਟੀਮ ਜਦੋਂ ਸੁਨਾਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਗਈ ਤਾਂ ਉਨ੍ਹਾਂ ਨੂੰ ਉਹ ਲੋਕ ਮਿਲੇ ਜੋ ਆਪਣਿਆਂ ਦੀ ਭਾਲ ਵਿੱਚ ਲੱਗੇ ਹੋਏ ਸਨ।

ਇੱਕ ਨੇ ਕਿਹਾ, "ਮੈਨੂੰ ਪਤਾ ਕਿ ਮੈਂ ਆਪਣੇ ਪਰਿਵਾਰ ਦੇ ਤਿੰਨ ਮੈਂਬਰ ਗੁਆ ਚੁੱਕਾ ਹਾਂ, ਦੋ ਬਜ਼ੁਰਗ ਅਤੇ ਇੱਕ ਨੌਜਵਾਨ ਪਿਤਾ ਸੀ। ਸਾਨੂੰ ਉਨ੍ਹਾਂ ਬਾਰੇ ਕੁਝ ਨਹੀਂ ਪਤਾ।''

ਸੋਸ਼ਲ ਮੀਡੀਆ ਵਿਚ ਸੁਨਾਮੀ ਦਾ ਜਿਹੜਾ ਵੀਡੀਓ ਆਇਆ ਹੈ , ਉਸ ਵਿਚ ਲੋਕਾਂ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।

ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸੁਨਾਮੀ ਦੇ ਕਾਰਨ ਇੱਕ ਮਸਜਿਦ ਸਣੇ ਕਈ ਇਮਾਰਤਾਂ ਡਿੱਗਦੀਆਂ ਹਨ।

ਇੰਡੋਨੇਸ਼ੀਆ ਦੇ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਪੁਰਵੋ ਨੁਗਰੋਹੋ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਕਿਹਾ, "ਸੂਨਾਮੀ ਕਾਰਨ ਕਾਫੀ ਲਾਸ਼ਾਂ ਸਮੁੰਦਰ ਦੇ ਕਿਨਾਰੇ ਮਿਲੀਆਂ ਹਨ।''

''ਸੁਨਾਮੀ ਖੁਦ ਨਹੀਂ ਆਇਆ ਸਗੋਂ ਆਪਣੇ ਨਾਲ ਕਾਰਾਂ, ਲੱਕੜਾਂ, ਘਰ ਸਭ ਕੁਝ ਲੈ ਕੇ ਆਇਆ।''

ਪਿਛਲੇ ਮਹੀਨੇ ਇੰਡੋਨੇਸ਼ੀਆ ਵਿਚ ਇਕ ਤੋਂ ਬਾਅਦ ਇੱਕ ਭੂਚਾਲ ਆਏ ਸਨ, ਜਿਸ ਵਿਚ ਸੈਕੜੇ ਵਿਅਕਤੀ ਮਾਰੇ ਗਏ ਸਨ। ਸਭ ਤੋਂ ਖ਼ਤਰਨਾਕ ਭੂਚਾਲ ਪੰਜ ਅਗਸਤ ਨੂੰ ਆਇਆ ਸੀ, ਜਿਸ ਵਿਚ 460 ਲੋਕਾਂ ਦੀ ਮੌਤ ਹੋ ਗਈ ਸੀ।

ਕੀ ਕਹਿੰਦੇ ਹਨ ਲੋਕ

ਅਨਸਰ ਬਚਮਿਡ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਲੋਕਾਂ ਨੂੰ ਖਾਣਾ ਅਤੇ ਪੀਣ ਦਾ ਸਾਫ ਪਾਣੀ ਚਾਹੀਦਾ ਹੈ।

ਅਨਸਰ ਨੇ ਕਿਹਾ, "ਸਾਨੂੰ ਨਹੀਂ ਪਤਾ ਅਸੀਂ ਰਾਤ ਨੂੰ ਕੀ ਖਾਵਾਂਗੇ।"

ਦਵੀ ਹੈਰਿਸ ਨੇ ਅਸੋਸੀਏਟਿਡ ਪ੍ਰੈੱਸ ਨੂੰ ਦੱਸਿਆ, "ਸਾਡੇ ਕੋਲ ਆਪਣੇ ਆਪ ਨੂੰ ਬਚਾਉਣ ਦਾ ਸਮਾਂ ਵੀ ਨਹੀਂ ਸੀ। ਮੈਂ ਆਪਣੀ ਬੀਵੀ ਨੂੰ ਮਦਦ ਲਈ ਪੁਕਾਰਦੇ ਸੁਣਿਆ, ਫਿਰ ਸਭ ਸ਼ਾਤ ਹੋ ਗਿਆ। ਮੈਨੂੰ ਨਹੀਂ ਪਤਾ ਮੇਰੀ ਬੀਵੀ ਤੇ ਬੱਚੇ ਨੂੰ ਕੀ ਹੋਇਆ। ਮੈਂ ਉਮੀਦ ਕਰ ਰਿਹਾ ਹਾਂ ਕਿ ਉਹ ਠੀਕ ਹੋਣ।"

ਇਹ ਵੀ ਪੜ੍ਹੋ:

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)