You’re viewing a text-only version of this website that uses less data. View the main version of the website including all images and videos.
ਪੀਰੀਅਡਜ਼ 'ਚ ਕਈ ਵਾਰ ਖੁਦਕੁਸ਼ੀ ਦਾ ਖਿਆਲ ਇਸ ਲਈ ਆਉਂਦਾ ਹੈ
- ਲੇਖਕ, ਕਮਲੇਸ਼
- ਰੋਲ, ਬੀਬੀਸੀ ਪੱਤਰਕਾਰ
ਛਾਯਾਨਿਕਾ ਉਸ ਦਿਨ ਕਾਫੀ ਪ੍ਰੇਸ਼ਾਨ ਹੋ ਗਈ, ਜਦੋਂ ਉਹ ਛੋਟੀ ਜਿਹੀ ਗੱਲ 'ਤੇ ਆਪਣੇ ਪਤੀ ਨਾਲ ਪੂਰੇ ਦਿਨ ਲੜਦੀ ਰਹੀ ਅਤੇ ਆਖਿਰ ਵਿੱਚ ਉਸ ਨੂੰ ਇਸ ਬਾਰੇ ਅਫ਼ਸੋਸ ਹੋਇਆ।
ਛਾਯਾਨਿਕਾ ਕਹਿੰਦੀ ਹੈ, "ਗੱਲ ਬਹੁਤ ਛੋਟੀ ਜਿਹੀ ਸੀ। ਅਸੀਂ ਲੋਕ ਮੇਰੀ ਮਾਂ ਦੇ ਘਰ ਗਏ ਹੋਏ ਸੀ ਅਤੇ ਵਾਪਸ ਆਉਂਦੇ ਹੋਏ ਕਿਤੇ ਘੁੰਮਣ ਦਾ ਪਲਾਨ ਸੀ।''
"ਪਰ ਮੇਰੇ ਪਤੀ ਕਾਫੀ ਥੱਕ ਚੁੱਕੇ ਸਨ, ਇਸ ਲਈ ਉਨ੍ਹਾਂ ਨੇ ਕਿਹਾ ਕਿ ਅਸੀਂ ਸਿੱਧਾ ਘਰ ਹੀ ਚੱਲਦੇ ਹਾਂ।''
"ਉਨ੍ਹਾਂ ਦਾ ਇੰਨਾ ਕਹਿਣਾ ਸੀ ਕਿ ਮੈਂ ਲੜਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਦੇਰ ਰਾਤ ਤੱਕ ਮੇਰਾ ਮੂਡ ਖ਼ਰਾਬ ਰਿਹਾ। ਅਗਲੇ ਦੋ ਦਿਨ ਵੀ ਮੈਂ ਚਿੜਚਿੜੀ ਰਹੀ ਅਤੇ ਫਿਰ ਮੈਨੂੰ ਪੀਰੀਅਡਜ਼ ਹੋ ਗਏ।''
ਇਹ ਵੀ ਪੜ੍ਹੋ:
ਉਸ ਵੇਲੇ ਛਾਯਾਨਿਕਾ ਨਹੀਂ ਜਾਣਦੀ ਸੀ ਕਿ ਉਸ ਦੇ ਨਾਲ ਜੋ ਹੋ ਰਿਹਾ ਹੈ ਉਹ ਕੀ ਹੈ। ਉਹ ਦੱਸਦੀ ਹੈ, "ਮੈਨੂੰ ਪੀਰੀਅਡਜ਼ ਸ਼ੁਰੂ ਹੋਣ ਦੇ ਇੱਕ-ਦੋ ਦਿਨ ਪਹਿਲਾਂ ਹੀ ਡਿਪਰੈਸ਼ਨ ਹੋਣ ਤੇ ਮੇਰਾ ਮੂਡ ਖ਼ਰਾਬ ਹੋਣ ਲੱਗਦਾ ਹੈ।''
"ਸਾਰੀਆਂ ਪੁਰਾਣੀਆਂ ਗੱਲਾਂ ਅਤੇ ਗਲਤੀਆਂ ਯਾਦ ਆਉਂਦੀਆਂ ਹਨ ਅਤੇ ਫਿਰ ਸਾਰਿਆਂ 'ਤੇ ਗੁੱਸਾ ਆਉਂਦਾ ਹੈ। ਇਕੱਲੇ ਰਹਿਣ ਦਾ ਮਨ ਕਰਦਾ ਹੈ। ਕਦੇ-ਕਦੇ ਖੁਦ ਨੂੰ ਖ਼ਤਮ ਕਰ ਦੇਣ ਦਾ ਵੀ ਖਿਆਲ ਆਉਂਦਾ ਹੈ।''
ਪਰ ਇੱਕ ਦਿਨ ਛਾਯਾਨਿਕਾ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰੀਮੈਨਸਟਰੂਅਲ ਡਿਸਫੌਰਿਕ ਸਿੰਡਰੌਮ ਦੇ ਬਾਰੇ ਵਿੱਚ ਪਤਾ ਲੱਗਿਆ।
ਫਿਰ ਜਦੋਂ ਉਨ੍ਹਾਂ ਨੇ ਇਸ ਬਾਰੇ ਹੋਰ ਪਤਾ ਕੀਤਾ ਤਾਂ ਉਹ ਸਮਝ ਸਕੀ ਕਿ ਉਨ੍ਹਾਂ ਦੇ ਵਤੀਰੇ ਵਿੱਚ ਅਚਾਨਕ ਬਦਲਾਅ ਕਿਉਂ ਆਉਂਦਾ ਹੈ।
ਪੀਰੀਅਡਜ਼ ਵਿੱਚ ਹੋਣ ਵਾਲੇ ਦਰਦ ਅਤੇ ਸਰੀਰਕ ਪ੍ਰੇਸ਼ਾਨੀਆਂ ਦੇ ਬਾਰੇ ਤਾਂ ਔਰਤਾਂ ਜਾਣਦੀਆਂ ਹਨ ਪਰ ਉਸ ਨਾਲ ਜੁੜੇ ਮਾਨਸਿਕ ਬਦਲਾਅ ਬਾਰੇ ਉਹ ਅਣਜਾਣ ਰਹਿੰਦੀਆਂ ਹਨ।
ਕਈ ਔਰਤਾਂ ਨੂੰ ਪੀਰੀਅਡਜ਼ ਤੋਂ ਪਹਿਲਾਂ ਪੀਐੱਮਡੀਡੀ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਦੇ ਵਤੀਰੇ ਵਿੱਚ ਫਰਕ ਆਉਂਦਾ ਹੈ ਅਤੇ ਉਹ ਸਾਰਿਆਂ ਨਾਲ ਦੂਰੀ ਬਣਾ ਲੈਂਦੀਆਂ ਹਨ। ਇਹ ਸਮੱਸਿਆ ਕਈ ਵਾਰ ਖ਼ਤਰਨਾਕ ਪੱਧਰ ਤੱਕ ਪਹੁੰਚ ਸਕਦੀ ਹੈ।
ਕੀ ਹੈ ਪੀਐੱਮਡੀਡੀ?
ਪ੍ਰੀਮੈਨਸਟਰੂਅਲ ਡਿਸਫੌਰਿਕ ਸਿੰਡਰੌਮ (ਪੀਐੱਮਡੀਡੀ) ਵਿੱਚ ਹਾਰਮੋਨਲ ਬਦਲਾਅ ਆਉਂਦਾ ਹੈ, ਜਿਨ੍ਹਾਂ ਦਾ ਦਿਮਾਗ 'ਤੇ ਅਸਰ ਪੈਂਦਾ ਹੈ।
ਆਮ ਤੌਰ 'ਤੇ ਪੀਰੀਅਡਜ਼ ਵੇਲੇ ਸਰੀਰ ਵਿੱਚ ਕੁਝ ਬਦਲਾਅ ਆਉਂਦੇ ਹਨ ਪਰ ਪੀਐੱਮਡੀਡੀ ਵਿੱਚ ਮੁੱਖ ਤੌਰ 'ਤੇ ਦਿਮਾਗ ਦੇ ਅੰਦਰ ਦੇ ਕੈਮੀਕਲ ਘਟਦੇ-ਵਧਦੇ ਹਨ। ਇਸ ਵਿਗੜਦੇ ਸੰਤੁਲਨ ਕਾਰਨ ਭਾਵਨਾਤਮਕ ਲੱਛਣ ਪੈਦਾ ਹੁੰਦੇ ਹਨ।
ਮਨੋਰੋਗ ਦੇ ਮਾਹਿਰ ਸੰਦੀਪ ਵੋਹਰਾ ਦੱਸਦੇ ਹਨ, "ਪੀਐੱਮਡੀਡੀ ਦੇ ਲੱਛਣ ਪੀਰੀਅਡਜ਼ ਤੋਂ ਦੋ-ਤਿੰਨ ਦਿਨ ਪਹਿਲਾਂ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ।''
"ਇਨ੍ਹਾਂ ਵਿੱਚ ਭਾਵਨਾਤਮਕ ਅਤੇ ਮਾਨਸਿਕ ਲੱਛਣ ਸਰੀਰਕ ਲੱਛਣਾਂ ਨਾਲ ਜੁੜ ਜਾਂਦੇ ਹਨ। ਇਸ ਦੌਰਾਨ ਚਿੜਚਿੜਾ ਹੋਣਾ, ਡਿਪਰੈਸ਼ਨ, ਤਣਾਅ, ਨੀਂਦ ਨਾ ਆਉਣਾ, ਬਹੁਤ ਜ਼ਿਆਦਾ ਗੁੱਸਾ ਵਰਗੇ ਲੱਛਣ ਨਜ਼ਰ ਆਉਂਦੇ ਹਨ।''
"ਕੁਝ ਮਾਮਲਿਆਂ ਵਿੱਚ ਔਰਤਾਂ ਨੂੰ ਖੁਦਕੁਸ਼ੀ ਦੇ ਖਿਆਲ ਵੀ ਆਉਂਦੇ ਹਨ ਜਾਂ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਹਨ। ਪਰ ਇਹ ਸਭ ਬਹੁਤ ਘੱਟ ਮਾਮਲਿਆਂ ਵਿੱਚ ਹੁੰਦਾ ਹੈ।''
ਪਰ ਜ਼ਰੂਰੀ ਨਹੀਂ ਹੈ ਕਿ ਇਸ ਵੇਲੇ ਹਰ ਔਰਤ ਵਿੱਚ ਇੱਕੋ ਜਿਹਾ ਅਸਰ ਨਜ਼ਰ ਆਵੇ। ਜਿਵੇਂ ਛਾਯਾਨਿਕਾ ਨੂੰ ਪੀਰੀਅਡਜ਼ ਤੋਂ ਪਹਿਲਾਂ ਬਹੁਤ ਇਕੱਲਾਪਨ ਅਤੇ ਚਿੜਚਿੜਾਹਟ ਹੁੰਦੀ ਹੈ ਪਰ ਦਿੱਲੀ ਦੀ ਰਹਿਣ ਵਾਲੀ ਮਾਨਸੀ ਵਰਮਾ ਦਾ ਮਾਮਲਾ ਕੁਝ ਵੱਖ ਹੈ।
ਮਾਨਸੀ ਦੱਸਦੀ ਹੈ, "ਮੈਂ ਪੀਰੀਅਡਜ਼ ਤੋਂ ਪਹਿਲਾਂ ਬਹੁਤ ਉਦਾਸ ਮਹਿਸੂਸ ਕਰਦੀ ਹਾਂ। ਪਿਛਲੀ ਵਾਰ ਪੀਰੀਅਡਜ਼ ਆਉਣ ਤੋਂ ਪਹਿਲਾਂ ਹੀ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਇਆ ਸੀ ਕਿ ਮੈਂ ਦੁਖੀ ਹੋ ਜਾਵਾਂ ਪਰ ਫਿਰ ਵੀ ਮੈਂ ਬਹੁਤ ਉਦਾਸ ਹੋ ਗਈ ਸੀ।''
"ਮਨ ਕਰ ਰਿਹਾ ਸੀ ਕਿ ਕਿਤੇ ਭੱਜ ਜਾਵਾਂ ਪਰ ਕਿਸ ਤੋਂ ਭੱਜ ਰਹੀ ਹਾਂ ਇਹ ਵੀ ਨਹੀਂ ਪਤਾ ਸੀ। ਆਤਮ ਵਿਸ਼ਵਾਸ ਨਹੀਂ ਸੀ ਅਤੇ ਅਸਰੁੱਖਿਅਤ ਮਹਿਸੂਸ ਕਰ ਰਹੀ ਸੀ। ਮੇਰਾ ਪੂਰਾ ਦਿਨ ਰੋਂਦੇ ਹੋਏ ਬਤੀਤ ਹੋਇਆ।''
ਪੀਐੱਮਐੱਸ ਤੇ ਪੀਐੱਮਡੀਡੀ ਵਿੱਚ ਅੰਤਰ
ਅਕਸਰ ਲੋਕ ਪੀਐੱਮਐੱਸ ਅਤੇ ਪੀਐੱਮਡੀਡੀ ਦਾ ਅੰਤਰ ਸਮਝ ਨਹੀਂ ਸਕਦੇ। ਦੋਹਾਂ ਵਿੱਚ ਕੁਝ ਮਾਨਸਿਕ ਲੱਛਣਾਂ ਦੇ ਅੰਤਰ ਦੇ ਨਾਲ-ਨਾਲ ਉਨ੍ਹਾਂ ਦੀ ਗੰਭੀਰਤਾ ਦਾ ਅੰਤਰ ਹੁੰਦਾ ਹੈ।
ਔਰਤਾਂ ਦੇ ਰੋਗਾਂ ਦੀ ਮਾਹਿਰ ਡਾਕਟਰ ਅਨੀਤਾ ਗੁਪਤਾ ਕਹਿੰਦੀ ਹਨ, "ਪੀਐੱਮਐੱਸ ਵਿੱਚ ਪੀਰੀਅਡਜ਼ ਦੇ ਸਾਈਕਲ ਨੂੰ ਸੰਤੁਲਿਤ ਕਰਨ ਵਾਲੇ ਹਾਰਮੌਨ ਵਿੱਚ ਥੋੜ੍ਹਾ ਅੰਸੁਤਲਨ ਆ ਜਾਂਦਾ ਹੈ।''
"ਇਸ ਵਿੱਚ ਬ੍ਰੈਸਟ ਵਿੱਚ ਦਰਦ, ਬੁਖਾਰ ਅਤੇ ਉਲਟੀ ਹੋ ਸਕਦੀ ਹੈ ਪਰ ਇਸ ਦਾ ਭਾਵਨਾਤਮਕ ਅਤੇ ਮਾਨਸਿਕ ਅਸਰ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਉਸ ਦਾ ਸਮਾਜਿਕ ਜੀਵਨ 'ਤੇ ਅਸਰ ਪਏ।''
"ਪੀਐੱਮਐੱਸ ਵਿੱਚ ਕੇਵਲ ਵਿਟਾਮਿਨ ਦਿੰਦੇ ਹਨ ਪਰ ਪੀਐੱਮਡੀਡੀ ਵਿੱਚ ਪੂਰੇ ਤਰ੍ਹਾਂ ਇਲਾਜ ਚੱਲਦਾ ਹੈ ਅਤੇ ਕਾਊਂਸਲਿੰਗ ਦੀ ਵੀ ਲੋੜ ਪੈਂਦੀ ਹੈ। ਪੀਐੱਮਐਸ ਦੇ ਲੱਛਣ ਪੀਰੀਅਡਜ਼ ਤੋਂ 5-6 ਦਿਨ ਪਹਿਲਾਂ ਸ਼ੁਰੂ ਹੁੰਦੇ ਹਨ ਅਤੇ ਪੀਰੀਅਡਜ਼ ਦੌਰਾਨ ਵੀ ਰਹਿੰਦੇ ਹਨ। ਇਹ ਬਹੁਤ ਹਲਕੇ ਹੁੰਦੇ ਹਨ।''
ਪ੍ਰੀਮੈਨਸਟਰੂਅਲ ਡਿਸਫੌਰਿਕ ਸਿੰਡਰੌਮ ਦੇ ਲੱਛਣ ਪੀਰੀਅਡਜ਼ ਤੋਂ ਦੋ-ਤਿੰਨ ਦਿਨ ਪਹਿਲਾਂ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ।
ਇਨ੍ਹਾਂ ਵਿੱਚ ਸਰੀਰਕ ਲੱਛਣਾਂ ਦੇ ਨਾਲ ਭਾਵਨਾਤਮਕ ਅਤੇ ਮਾਨਸਿਕ ਲੱਛਣ ਵੀ ਜੁੜ ਜਾਂਦੇ ਹਨ। ਇਸ ਦਾ ਮਾਨਸਿਕ ਅਸਰ ਵੱਧ ਹੁੰਦਾ ਹੈ।
ਡਾ. ਅਨੀਤਾ ਦੱਸਦੀ ਹੈ ਕਿ ਪੀਐੱਮਡੀਡੀ ਵਿੱਚ ਮੂਡ ਬਹੁਤ ਤੇਜ਼ੀ ਨਾਲ ਬਦਲਦਾ ਹੈ। ਔਰਤਾਂ ਸਮਾਜ ਤੋਂ ਵੱਖ ਮਹਿਸੂਸ ਕਰਦੀਆਂ ਹਨ ਅਤੇ ਕੰਮਕਾਜ 'ਤੇ ਵੀ ਇਸ ਦਾ ਅਸਰ ਪੈਂਦਾ ਹੈ।
ਜੇ ਲੱਛਣ ਬਹੁਤ ਜ਼ਿਆਦਾ ਹੋਣ ਅਤੇ ਡਾਕਟਰ ਨੂੰ ਨਾ ਦਿਖਾਇਆ ਜਾਵੇ ਤਾਂ ਔਰਤਾਂ ਪੂਰੀ ਤਰ੍ਹਾਂ ਡਿਪਰੈਸ਼ਨ ਵਿੱਚ ਆ ਸਕਦੀ ਹਨ ਜਾਂ ਖੁਦ ਨੂੰ ਨੁਕਸਾਨ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਭਾਵੇਂ ਅਜਿਹੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ।
ਕੀ ਹੈ ਇਲਾਜ?
ਡਾਕਟਰ ਸੰਦੀਪ ਕਹਿੰਦੇ ਹਨ ਕਿ ਇਸ ਦੇ ਇਲਾਜ ਵਿੱਚ ਪਹਿਲਾਂ ਦੇਖਦੇ ਹਾਂ ਕਿ ਲੱਛਣ ਕਿਸ ਪੱਧਰ ਦੇ ਹਨ। ਫਿਰ ਦਵਾਈ ਦੇ ਨਾਲ-ਨਾਲ ਕਾਊਂਸਲਿੰਗ ਵੀ ਕੀਤੀ ਜਾ ਸਕਦੀ ਹੈ। ਕੁਝ ਮਾਮਲਿਆਂ ਵਿੱਚ ਦਵਾਈ ਲਗਾਤਾਰ ਦੇਣੀ ਪੈਂਦੀ ਹੈ ਅਤੇ ਕੁਝ ਵਿੱਚ ਕੇਵਲ ਪੀਰੀਅਡਜ਼ ਦੌਰਾਨ ਦਿੱਤੀ ਜਾਂਦੀ ਹੈ।
ਇਸ ਵਿੱਚ ਘਰ ਵਾਲਿਆਂ ਅਤੇ ਔਰਤਾਂ ਦੋਹਾਂ ਨੂੰ ਸਮਝਾਇਆ ਜਾਂਦਾ ਹੈ। ਪਰਿਵਾਰ ਦੀ ਕੌਂਸਲਿੰਗ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਜੋ ਉਹ ਸਮਝ ਸਕਣ ਕਿ ਬਹੁਤ ਸਾਰੀਆਂ ਗੱਲਾਂ ਮਰੀਜ਼ਾਂ ਦੇ ਹੱਥ ਵੀ ਨਹੀਂ ਹਨ।
ਇਹ ਹਾਰਮੋਨਲ ਅਤੇ ਦਿਮਾਗ ਵਿੱਚ ਕੈਮੀਕਲ ਦਾ ਸੰਤੁਲਨ ਵਿਗੜਨ ਕਾਰਨ ਹੁੰਦਾ ਹੈ।
ਉੱਥੇ ਹੀ ਮਰੀਜ਼ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਜੇ ਪੀਰੀਅਡਜ਼ ਦੇ ਆਲੇ-ਦੁਆਲੇ ਹੋ ਰਿਹਾ ਹੈ ਤਾਂ ਤੁਸੀਂ ਕੁਝ ਚੀਜ਼ਾਂ ਦਾ ਧਿਆਨ ਰੱਖ ਸਕਦੇ ਹੋ, ਜਿਵੇਂ ਨੀਂਦ ਪੂਰੀ ਕਰੋ, ਖਾਣਾ ਸਮੇ 'ਤੇ ਖਾਓ, ਤਾਂ ਜੋ ਮੂਡ ਖਰਾਬ ਹੋਣ ਦਾ ਕੋਈ ਕਾਰਨ ਨਾ ਬਣੇ।
ਜਾਣਕਾਰੀ ਦੀ ਘਾਟ
ਪੀਐੱਮਐਸ ਅਤੇ ਪੀਐੱਮਡੀਡੀ ਦੋਹਾਂ ਨੂੰ ਲੈ ਕੇ ਔਰਤਾਂ ਵਿੱਚ ਜਾਣਕਾਰੀ ਦਾ ਘਾਟ ਹੈ। ਮਰਦਾਂ ਨੂੰ ਤਾਂ ਇਸ ਦੀ ਜਾਣਕਾਰੀ ਹੋਰ ਵੀ ਘੱਟ ਹੈ। ਉੱਥੇ ਹੀ ਪੀਐੱਮਡੀਡੀ ਦੇ ਮਾਮਲੇ ਵੀ ਬਹੁਤ ਘੱਟ ਹੁੰਦੇ ਹਨ ਇਸ ਲਈ ਵੀ ਔਰਤਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ।
ਡਾਕਟਰ ਸੰਦੀਪ ਕਹਿੰਦੇ ਹਨ ਕਿ ਔਰਤਾਂ ਨੂੰ ਜੇ ਇਸ ਸਮੱਸਿਆ ਦੀ ਜਾਣਕਾਰੀ ਹੋਵੇ ਤਾਂ ਉਹ ਇਸ ਨਾਲ ਖੁਦ ਨੂੰ ਸਮਝ ਸਕਦੀਆਂ ਹਨ। ਉਸ ਵੇਲੇ ਉਹ ਆਪਣਾ ਵੱਧ ਖਿਆਲ ਵੀ ਰੱਖ ਸਕਦੀਆਂ ਹਨ।
ਮਾਨਸੀ ਵਰਮਾ ਕਹਿੰਦੀ ਹੈ ਕਿ ਜਦੋਂ ਤੋਂ ਉਨ੍ਹਾਂ ਨੂੰ ਪੀਐੱਮਡੀਡੀ ਦੇ ਬਾਰੇ ਵਿੱਚ ਪਤਾ ਲੱਗਿਆ ਹੈ ਉਸੇ ਵੇਲੇ ਤੋਂ ਉਨ੍ਹਾਂ ਨੇ ਫੈਸਲ ਕਰ ਲਿਆ ਹੈ ਕਿ ਉਹ ਆਪਣੇ ਪੀਰੀਅਡਜ਼ ਦਾ ਧਿਆਨ ਰੱਖਣਗੇ ਅਤੇ ਆਪਣੇ ਵਤੀਰੇ ਬਾਰੇ ਵੀ ਸੁਚੇਤ ਰਹਿਣਗੇ।
ਪਹਿਲਾਂ ਉਹ ਅਜਿਹਾ ਨਹੀਂ ਕਰਦੀ ਸਨ। ਹੁਣ ਉਨ੍ਹਾਂ ਨੇ ਆਪਣੀ ਮਾਂ ਤੋਂ ਵੀ ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਉੱਥੇ ਹੀ ਡਾਕਟਰ ਸੰਦੀਪ ਸਾਫ਼ ਤੌਰ 'ਤੇ ਇਹ ਦੱਸਦੇ ਹਨ ਕਿ ਪੀਐੱਮਡੀਡੀ ਬਾਇਓਲੌਜੀਕਲ ਕਾਰਨਾਂ ਕਰਕੇ ਹੁੰਦਾ ਹੈ।
ਇਹ ਕੋਈ ਮਾਨਕਿਸ ਰੋਗ ਨਹੀਂ ਹੈ ਅਤੇ ਇਸ ਦਾ ਇਲਾਜ ਸੰਭਵ ਹੈ। ਜੇ ਲੱਛਣ ਬਹੁਤ ਡੂੰਘੇ ਨਹੀਂ ਹਨ ਤਾਂ ਆਪਣਾ ਧਿਆਨ ਰੱਖ ਕੇ ਪਰਿਵਾਰ ਦੇ ਸਹਿਯੋਗ ਨਾਲ ਸਭ ਠੀਕ ਹੋ ਜਾਂਦਾ ਹੈ।