You’re viewing a text-only version of this website that uses less data. View the main version of the website including all images and videos.
ਬਲਾਗ: ਉਨ੍ਹਾਂ ਮਰਦਾਂ ਦੀਆਂ ਕਹਾਣੀਆਂ ਜਿਹੜੇ ਕਿਸੇ ਸੈਂਚੇ ਫਿਟ ਨਹੀਂ ਹੁੰਦੇ
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
"...ਔਰਤ ਜਨਮ ਨਹੀਂ ਲੈਂਦੀ, ਔਰਤ ਬਣਾਈ ਜਾਂਦੀ ਹੈ।" ਤਕਰੀਬਨ 70 ਸਾਲ ਪਹਿਲਾਂ ਫਰਾਂਸੀਸੀ ਲੇਖਿਕਾ ਸੀਮੋਨ ਦੇ-ਬੁਵੇਅਰਾ ਨੇ ਇਹ ਗੱਲ ਆਪਣੀ ਬੇਹੱਦ ਮਸ਼ਹੂਰ ਕਿਤਾਬ 'ਦਿ ਸੈਕਿੰਡ ਸੈਕਸ' ਵਿੱਚ ਲਿਖੀ ਸੀ।
ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰੇਗਾ ਕਿ ਸਮਾਜ ਆਪਣੀਆਂ ਜ਼ਰੂਰਤਾਂ ਮੁਤਾਬਕ ਔਰਤ ਨੂੰ ਬਣਾਉਂਦਾ, ਬਦਲਦਾ, ਝੁਕਾਉਂਦਾ ਰਹਿੰਦਾ ਹੈ। ਕਹਾਣੀਆਂ ਵੀ ਵਰਗਲਾਉਣ ਲਈ ਬਣਾਈਆਂ ਗਈਆਂ ਹਨ।
ਜਿਵੇਂ ਅਸੀਂ ਕਹਾਣੀ ਸੁਣਦੇ ਹਾਂ ਕਿ ਸੱਤਿਆਵਾਨ ਦੀ ਮੌਤ ਹੋ ਗਈ ਤਾਂ ਉਸਦੀ ਪਤਨੀ ਸਵਿੱਤਰੀ ਯਮਰਾਜ ਨਾਲ ਲੜ ਕੇ ਆਪਣੇ ਪਤੀ ਨੂੰ ਵਾਪਸ ਲੈ ਆਈ। ਪਰ ਕਦੇ ਕੋਈ ਅਜਿਹੀ ਕਹਾਣੀ ਨਹੀਂ ਸੁਣੀ ਕਿ ਪਤਨੀ ਦੀ ਮੌਤ ਹੋ ਗਈ ਤੇ ਪਤੀ ਉਸ ਨੂੰ ਵਾਪਿਸ ਲੈ ਆਇਆ।
ਕਿਸੇ ਮਰਦ ਵਿੱਚ ਸਵਿੱਤਰੀ ਵਾਲ਼ੇ ਗੁਣ ਕਿਉਂ ਨਹੀਂ ਨਜ਼ਰ ਆਉਂਦੇ?
ਔਰਤਾਂ ਤਾਂ ਹਜ਼ਾਰਾਂ ਸਾਲਾਂ ਤੋਂ ਹੀ ਮਰਦਾਂ ਉੱਪਰ 'ਨਿਸ਼ਾਵਰ' ਹੁੰਦੀਆਂ ਰਹੀਆਂ ਹਨ। ਕਦੇ ਸੁਣਿਆ ਹੀ ਨਹੀਂ ਕਿ ਕੋਈ ਮਰਦ ਵੀ ਸਤੀ ਹੋ ਗਿਆ ਹੋਵੇ। ਕਿਉਂਕਿ ਸਾਰੇ ਨਿਯਮ-ਕਾਨੂੰਨ, ਸਾਰੀ ਵਿਵਸਥਾ, ਸਾਰਾ ਅਨੁਸ਼ਾਸਨ ਮਰਦਾਂ ਨੇ ਹੀ ਬਣਾਏ ਹਨ। ਇਨ੍ਹਾਂ ਨੂੰ ਇਸਤਰੀਆਂ ਉੱਪਰ ਥੋਪ ਦਿੱਤਾ ਗਿਆ ਹੈ।
ਇਹ ਸਾਰੀਆਂ ਕਹਾਣੀਆਂ ਵੀ ਕਿਸੇ ਮਰਦ ਨੇ ਹੀ ਬਣਾਈਆਂ ਹਨ,ਜਿਨ੍ਹਾਂ ਵਿੱਚ ਮਰਦ ਨੂੰ ਤਾਂ ਔਰਤ ਬਚਾ ਕੇ ਲਿਆਉਂਦੀ ਹੈ ਪਰ ਔਰਤ ਕਦੇ ਇਸ ਢੰਗ ਨਾਲ ਬਚਾਈ ਨਹੀਂ ਜਾਂਦੀ।
ਇਹ ਵੀ ਪੜ੍ਹੋ:
ਔਰਤਾਂ ਲਈ ਬਣਾਈ, 'ਸਾਜਿਸ਼ਾਂ'ਨਾਲ ਭਰੀ ਹੋਈ ਇਸ ਦੁਨੀਆਂ ਵਿੱਚ ਵੀ ਕੁਝ ਔਰਤਾਂ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਂਦੀਆਂ ਹਨ। ਇਨ੍ਹਾਂ ਕਹਾਣੀਆਂ ਦੀ ਝਲਕ ਅਸੀਂ ਤੁਹਾਨੂੰ ਬੀਬੀਸੀ ਦੀ #HerChoice ਸੀਰੀਜ਼ ਵਿੱਚ ਵੀ ਦਿਖਾਈ ਸੀ।
ਬੀਬੀਸੀ #HerChoice ਸੀਰੀਜ਼ ਤੁਸੀਂ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ
ਜਦੋਂ ਇਹ ਕਹਾਣੀਆਂ ਅਸੀਂ ਪੇਸ਼ ਕੀਤੀਆਂ ਤਾਂ ਪਾਠਕਾਂ ਵੱਲੋਂ ਤੇ ਸਾਡੇ ਦਫ਼ਤਰ ਦੇ ਅੰਦਰ ਵੀ ਸਾਡੇ ਮਰਦ ਸਹਿਯੋਗੀਆਂ ਨੇ ਪੁੱਛਿਆ, ਸਿਰਫ਼ ਮਹਿਲਾਵਾਂ ਦੀ ਹੀ ਗੱਲ ਕਿਉਂ? ਕੀ #HisChoice ਨਹੀਂ ਹੋਵੇਗਾ? ਕੀ ਸਾਡੀਆਂ ਕੋਈ ਇੱਛਾਵਾਂ ਨਹੀਂ? ਕਿ ਸਾਡੇ ਲਈ ਸਮਾਜਿਕ ਪੈਮਾਨੇ ਤੈਅ ਨਹੀਂ ਹੁੰਦੇ? ਕੀ ਸਾਨੂੰ ਇੱਕ ਸੈਂਚੇ ਵਿੱਚ ਨਹੀਂ ਪਾਇਆ ਜਾਂਦਾ?
ਸਵਾਲ ਗੰਭੀਰ ਸਨ। ਆਮ ਸਹਿਮਤੀ ਨਾਲ ਸੰਪਾਦਕੀ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਬੀਬੀਸੀ ਟੀਮ ਤੁਹਾਡੇ ਲਈ ਹੁਣ ਉਨ੍ਹਾਂ ਮਰਦਾਂ ਦੀਆਂ ਕਹਾਣੀਆਂ ਲੈ ਕੇ ਆਵੇਗੀ ਜਿਨ੍ਹਾਂ ਨੇ ਸੈਂਚੇ ਵਿੱਚ ਪਾਏ ਜਾਣ ਦੀ ਪ੍ਰਵਾਹ ਨਹੀਂ ਕੀਤੀ। ਇਨ੍ਹਾਂ ਨੇ ਆਪਣੀਆਂ ਇੱਛਾਵਾਂ ਨੂੰ ਜ਼ਾਹਿਰ ਕੀਤਾ ਅਤੇ ਆਪਣਾ ਰਾਹ ਬਣਾਉਣ ਦਾ ਫੈਸਲਾ ਕੀਤਾ।
ਅਸੀਂ ਤਾਂ ਉਸ ਨੂੰ ਬਦਲਾਅ ਦੀ ਇੱਕ ਬਾਰੀਕ ਰੇਖਾ ਵਜੋਂ ਵੇਖਦੇ ਹਾਂ ਪਰ ਸਹੀ-ਗ਼ਲਤ ਦਾ ਫੈਸਲਾ ਤੁਸੀਂ ਕਰੋਗੇ।
ਇਹ ਵੀ ਪੜ੍ਹੋ:
#HisChoice ਦੀਆਂ ਕਹਾਣੀਆਂ ਰਾਹੀਂ ਸਾਡੀ ਕੋਸ਼ਿਸ਼ ਮਰਦਾਂ ਦੇ ਦਿਲ-ਦਿਮਾਗ ਤੇ ਸਮਾਜ ਦੀਆਂ ਡੂੰਘਾਈਆਂ ਵਿੱਚ ਜਾਣ ਦੀ ਹੈ।
ਇਹ 10 ਕਹਾਣੀਆਂ ਤੁਹਾਨੂੰ ਹੈਰਾਨ ਕਰ ਦੇਣਗੀਆਂ ਅਤੇ ਆਪਣੇ ਅੰਦਰ ਝਾਤ ਮਾਰਨ ਲਈ ਮਜਬੂਰ ਵੀ ਕਰਨਗੀਆਂ।
- ਇੱਕ ਮਰਦ ਨੇ ਕਿਹਾ, 'ਘਰ ਦਾ ਕੰਮ ਮੇਰਾ, ਬਾਹਰ ਦਾ ਤੇਰਾ... ਨੌਕਰੀ ਤੂੰ ਕਰ, ਮੈਂ ਘਰ ਸਾਂਭਾਂਗਾ।'
- ਇੱਕ ਪੜ੍ਹਿਆ-ਲਿਖਿਆ ਨੌਜਵਾਨ ਜਿਹੜਾ ਨੌਕਰੀ ਕਰਦਾ ਹੈ ਪਰ ਆਪਣੀਆਂ ਜ਼ਰੂਰਤਾਂ ਲਈ ਉਸ ਨੇ ਕੰਮ ਅਜਿਹਾ ਚੁਣਿਆ ਜਿਹੜਾ ਬੰਦ ਕਮਰਿਆਂ ਵਿੱਚ ਹੀ ਕੀਤਾ ਜਾ ਸਕਦਾ ਹੈ।
- ਵਿਆਹ ਸਹੀ ਉਮਰ ਵਿੱਚ ਹੋ ਜਾਣਾ ਚਾਹੀਦਾ ਹੈ' - ਆਮ ਤੌਰ 'ਤੇ ਕੁੜੀਆਂ ਹੀ ਇਹ ਗੱਲ ਸੁਣਦੀਆਂ ਹਨ ਅਤੇ ਉਨ੍ਹਾਂ ਉੱਪਰ ਹੀ ਵਿਆਹ ਦਾ ਦਬਾਅ ਜ਼ਿਆਦਾ ਹੁੰਦਾ ਹੈ। ਹੁਣ ਜੇ ਕੋਈ ਮਰਦ 35 ਸਾਲਾਂ ਦੀ ਉਮਰ ਵਿੱਚ ਵੀ ਇਹ ਕਹੇ ਕਿ ਉਸ ਨੇ ਵਿਆਹ ਨਹੀਂ ਕਰਾਉਣਾ ਤਾਂ ਤੁਹਾਡੇ ਦਿਮਾਗ ਵਿੱਚ ਕੀ ਸਵਾਲ ਆਉਣਗੇ? ਤਮਿਲਨਾਡੂ ਤੋਂ ਅਜਿਹੀ ਹੀ ਇੱਕ ਕਹਾਣੀ ਅਸੀਂ ਪੇਸ਼ ਕਰਾਂਗੇ।
- ਬਚਪਨ ਤੋਂ ਹੀ ਮਹਿੰਦੀ ਲਗਾਉਣ ਦਾ ਸ਼ੌਕ ਸੀ। ਸੋਚਿਆ ਕਿ ਅਜਿਹਾ ਕੋਈ ਕੰਮ ਕਰਨਾ ਹੈ। ਪਰ ਇੱਕ ਮੁੰਡਾ ਮਹਿਲਾਵਾਂ ਨੂੰ ਸਜਾਉਣ-ਸਵਾਰਣ ਦਾ ਕੰਮ ਕਿਵੇਂ ਕਰ ਸਕਦਾ ਹੈ? ਇਸ ਸਵਾਲ ਨਾਲ ਜੂਝਦਿਆਂ ਇਕ ਮੁੰਡੇ ਨੇ ਖੁਦ ਲਈ ਕੀ ਚੁਣਿਆ?
- ਸਾਥੀਆਂ ਦੇ ਵਿਆਹ ਹੋ ਰਹੇ ਸਨ ਪਰ ਇਨ੍ਹਾਂ ਲਈ ਕੋਈ ਰਿਸ਼ਤਾ ਹੀ ਨਹੀਂ ਆ ਰਿਹਾ ਸੀ। ਜਿਹੜੇ ਰਿਸ਼ਤੇ ਆਉਂਦੇ, ਉਹ ਇਨ੍ਹਾਂ ਨੂੰ ਪਸੰਦ ਨਾ ਆਉਂਦੇ। ਇਸ ਵਿਅਕਤੀ ਨੇ ਫਿਰ ਕੀ ਕੀਤਾ, ਆਵੇਗੀ ਕਹਾਣੀ ਗੁਜਰਾਤ ਤੋਂ।
- ਕਹਿੰਦੇ ਹਨ ਕਿ ਪਹਿਲਾ ਇਸ਼ਕ ਪਹਿਲਾ ਹੀ ਹੁੰਦਾ ਹੈ। ਇਹ ਗੁਆਂਢੀ ਸਨ। ਪਿਆਰ ਹੋ ਗਿਆ, ਪਤਾ ਸੀ ਕਿ ਉਹ ਕੁੜੀ ਨਹੀਂ ਹੈ, ਫਿਰ ਵੀ ਵਿਆਹ ਕਰਵਾਇਆ। ਕਿੰਨਾ ਕੁ ਚੱਲਿਆ ਇਹ ਵਿਆਹ?
- ਇਹ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸਨੇ ਅਖਬਾਰ ਵਿੱਚ ਇੱਕ ਇਸ਼ਤਿਹਾਰ ਦੇਖਿਆ ਤਾਂ ਮਨ ਵਿੱਚ ਸਵਾਲ ਉੱਠੇ। ਫਿਰ ਸੋਚਿਆ ਕਿ ਮਦਦ ਕਰਨ ਵਿੱਚ ਕੀ ਨੁਕਸਾਨ ਹੈ। ਇਸ ਮਦਦ ਬਾਰੇ ਨਾ ਤਾਂ ਉਹ ਆਪਣੀ ਗਰਲਫਰੈਂਡ ਨੂੰ ਦੱਸ ਸਕਦਾ ਹੈ ਅਤੇ ਨਾ ਹੀ ਆਪਣੀ ਪਤਨੀ ਨੂੰ ਕਦੇ ਦੱਸ ਪਾਏਗਾ।
- ਇਸ ਵਿਅਕਤੀ ਨੇ ਲਵ-ਮੈਰਿਜ ਕੀਤੀ, ਫਿਰ ਕੁੜੀ ਜੰਮੀ ਤੇ ਫਿਰ ਹੋ ਗਿਆ ਤਲਾਕ। ਪਤਨੀ ਨੇ ਕਰ ਲਿਆ ਦੂਜਾ ਵਿਆਹ। ਫਿਰ ਪਤੀ ਨੇ ਆਪਣੀ ਧੀ ਦਾ ਕੀ ਕੀਤਾ?
- ਜਦੋਂ ਛੇੜਛਾੜ ਜਾਂ ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਔਰਤ ਦਾ ਹੀ ਦੋਸ਼ ਮੰਨ ਲਿਆ ਜਾਂਦਾ ਹੈ। ਕੀ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਕਿ ਉਹ ਮੁੰਡਿਆਂ ਨੂੰ ਬਚਪਨ ਤੋਂ ਹੀ ਕੁੜੀਆਂ ਦੀ ਇੱਜ਼ਤ ਕਰਨਾ ਸਿਖਾਉਣ? ਜਦੋਂ ਇੱਕ ਪਿਤਾ ਆਪਣੇ ਡੇਢ ਸਾਲ ਦੇ ਮੁੰਡੇ ਨੂੰ ਖੇਡਦੇ ਦੇਖਦਾ ਹੈ ਤਾਂ ਉਸਦੇ ਦਿਲ ਵਿੱਚ ਕੀ ਆਉਂਦਾ ਹੈ?
- ਪ੍ਰਿਯੰਕਾ ਚੋਪੜਾ ਨੇ ਜਦੋਂ ਆਪਣੇ ਤੋਂ ਘੱਟ ਉਮਰ ਦੇ ਨਿੱਕ ਜੋਨਸ ਨਾਲ ਮੰਗਣੀ ਕਰਾਈ ਤਾਂ ਕਿਸੇ ਨੇ ਵਧਾਈ ਦਿੱਤੀ ਅਤੇ ਕਿਸੇ ਨੇ ਇਸ ਰਿਸ਼ਤੇ ਨੂੰ ਬੇਮੇਲ ਆਖਿਆ। ਇਸ ਕਹਾਣੀ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੇ ਬੰਦੇ ਨਾਲ ਮਿਲਾਵਾਂਗੇ ਜਿਸ ਨੇ ਆਪਣੇ ਤੋਂ ਵੱਧ ਉਮਰ ਦੀ ਔਰਤ ਨਾਲ ਵਿਆਹ ਕਰਵਾਇਆ। ਕੀ ਇਸ ਬੰਦੇ ਨੂੰ ਪਛਤਾਵਾ ਹੈ ਜਾਂ ਖੁਸ਼ੀ?
ਬੀਬੀਸੀ ਦੀ ਇਸ ਵਿਸ਼ੇਸ਼ ਸੀਰੀਜ਼ #HisChoice ਵਿੱਚ ਆਉਣ ਵਾਲੇ ਹਰ ਸ਼ਨੀਵਾਰ ਤੇ ਐਤਵਾਰ ਨੂੰ ਤੁਸੀਂ ਇਨ੍ਹਾਂ ਕਹਾਣੀਆਂ ਦਾ ਆਨੰਦ ਮਾਣ ਸਕਦੇ ਹੋ।
ਸ਼ਾਇਦ ਇਹ ਕਹਾਣੀਆਂ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣ ਅਤੇ ਤੁਹਾਨੂੰ ਹੋਰਾਂ ਦਾ ਨਜ਼ਰੀਆ ਬਦਲਣ ਵਿੱਚ ਮਦਦ ਵੀ ਕਰਨ।
ਇਹ ਵੀ ਪੜ੍ਹੋ: