ਬਿੱਗ ਬੌਸ ਸ਼ੋਅ 'ਚ ਅਨੂਪ ਜਲੋਟਾ ਤੇ ਜਸਲੀਨ ਮਠਾੜੂ ਦੀ ਜੋੜੀ ਨੇ ਛੇੜੀ ਚਰਚਾ

ਰਿਐਲਿਟੀ ਟੀਵੀ ਪ੍ਰੋਗਰਾਮ 'ਬਿੱਗ ਬੌਸ' ਵਿੱਚ ਭਜਨ ਗਾਇਕ ਅਨੂਪ ਜਲੋਟਾ ਦੀ ਭਾਗੀਦਾਰੀ ਪਹਿਲਾਂ ਹੀ ਸੁਰਖੀਆਂ ਵਿੱਚ ਸੀ ਪਰ ਹੁਣ ਇਸ ਵਿੱਚ ਸੋਸ਼ਲ ਮੀਡੀਆ ਦਾ ਤੜਕਾ ਵੀ ਲੱਗ ਗਿਆ ਹੈ।

ਇਸ ਦਾ ਕਾਰਨ ਹੈ 65 ਵਰ੍ਹਿਆਂ ਦੇ ਅਨੂਪ ਜਲੋਟਾ ਦਾ ਉਨ੍ਹਾਂ ਦੀ 28-ਸਾਲਾ ਸ਼ਾਗਿਰਦ ਜਸਲੀਨ ਮਠਾੜੂ ਨਾਲ ਜਗ-ਜ਼ਾਹਿਰ ਹੋਇਆ ਇਸ਼ਕ।

ਵਿਵਾਦਾਂ ਲਈ ਜਾਣੇ ਜਾਂਦੇ ਪ੍ਰੋਗਰਾਮ 'ਬਿਗ ਬੌਸ' ਦੇ 12ਵੇਂ ਸੀਜ਼ਨ ਦੇ ਸ਼ੁਰੂਆਤੀ ਐਪੀਸੋਡ ਵਿੱਚ ਹੀ ਸਟੇਜ ਉੱਤੇ ਦੋਹਾਂ ਨੇ ਆਪਣੇ ਇਸ਼ਕ ਨੂੰ ਜਨਤਕ ਕਰ ਦਿੱਤਾ।

ਇਹ ਵੀ ਪੜ੍ਹੋ:

ਐਤਵਾਰ ਨੂੰ ਬਿੱਗ ਬੌਸ ਸ਼ੋਅ ਵਿੱਚ ਦਿਖਾਏ ਜਾਣ ਤੋਂ ਬਾਅਦ ਲਗਾਤਾਰ ਅਨੂਪ ਜਲੋਟਾ-ਜਸਲੀਨ ਮਠਾੜੂ ਪ੍ਰੇਮੀ ਜੋੜੇ ਦੀ ਉਮਰ ਵਿਚਾਲੇ ਫਰਕ ਨੂੰ ਲੈ ਕੇ ਟਵਿੱਟਰ ਉੱਤੇ ਖਾਸ ਚਰਚਾ ਹੈ।

ਕਈ ਲੋਕਾਂ ਨੂੰ ਇਹ ਸ਼ੱਕ ਹੋਇਆ ਕਿ ਇਹ ਸਿਰਫ ਮਸ਼ਹੂਰੀ ਲਈ ਰਚਿਆ ਇੱਕ ਝੂਠ ਹੈ। ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਟਵੀਟ ਮੁਤਾਬਕ ਲੋਕਾਂ ਨੂੰ ਅਨੂਪ ਜਲੋਟਾ ਦੇ ਇੱਕ ਖੂਬਸੂਰਤ ਮਹਿਲਾ ਨਾਲ ਸੰਬੰਧ ਬਾਰੇ ਈਰਖਾ ਨਹੀਂ ਕਰਨੀ ਚਾਹੀਦੀ ਹੈ।

ਬੌਬੀ ਬ੍ਰਾਊਨ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੂੰ ਇਸ ਸਬੰਧ ਦਾ ਜਨਤਕ ਹੋਣਾ ਪਸੰਦ ਨਹੀਂ ਆਇਆ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਅਨੂਪ ਜਲੋਟਾ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਇਸ ਤਰ੍ਹਾਂ ਜਨਤਕ ਨਹੀਂ ਕਰਨਾ ਚਾਹੀਦਾ ਸੀ।

ਫਿਲਮ ਅਤੇ ਟੀਵੀ ਵਿਸ਼ਲੇਸ਼ਕ ਸਲਿਲ ਸੈਂਡ ਨੇ ਪੁੱਛਿਆ ਕਿ ਜੇ ਕਿਸੇ ਨੂੰ ਇਸ਼ਕ ਹੈ ਵੀ ਤਾਂ ਇਸ ਵਿੱਚ ਕੀ ਗ਼ਲਤ ਹੈ।

ਬੀ. ਦਾਸ ਨੇ ਲਿਖਿਆ ਕਿ ਇਹ ਸਬੰਧ ਜ਼ਿਆਦਾ ਸਮਾਂ ਨਹੀਂ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ "ਭਜਨ ਸਮਰਾਟ" ਅਨੂਪ ਜਲੋਟਾ ਲਈ ਦੁਖ ਹੋ ਰਿਹਾ ਹੈ।

ਮਿਸ਼ੂਕਾ ਨਾਂ ਦੀ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਭਾਵੇਂ ਅਸੀਂ ਅਗਾਂਹਵਧੂ ਸੋਚ ਰੱਖਦੇ ਹਾਂ "ਪਰ ਕਿਤੇ ਤਾਂ ਲੀਕ ਖਿੱਚਣੀ" ਪਵੇਗੀ।

ਫੈਜ਼ਾਨ ਖਾਨ ਨੇ ਹਲਕੇ ਅੰਦਾਜ਼ ਵਿੱਚ ਇੱਕ ਪੋਸਟ ਪਾ ਕੇ ਲੋਕਾਂ ਨੂੰ ਕਿਹਾ, "ਜਾਣ ਵੀ ਦਿਓ, ਯਾਰੋ!"

ਫਿਰ ਵੀ ਇੱਕ ਹੋਰ ਯੂਜ਼ਰ ਸਾਗਰ ਰਾਠੌੜ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਉਹ ਅਨੂਪ ਜਲੋਟਾ ਦੇ ਗਾਏ ਸਾਰੇ ਭਜਨ ਡਿਲੀਟ ਕਰ ਰਹੇ ਹਨ।

ਉਨ੍ਹਾਂ ਨੂੰ ਲੋਕਾਂ ਨੇ ਸਲਾਹ ਦਿੱਤੀ ਕਿ ਉਹ ਅਨੂਪ ਜਲੋਟਾ ਅਤੇ ਜਸਲੀਨ ਮਠਾੜੂ ਨੂੰ ਇੰਨੀ ਛੇਤੀ ਮਾੜਾ ਨਾ ਆਖਣ, ਸਗੋਂ ਇੰਤਜ਼ਾਰ ਕਰਨ ਅਤੇ ਉਨ੍ਹਾਂ ਨੂੰ ਆਪਣਾ ਇਸ਼ਕ ਸਾਬਤ ਕਰਨ ਦਾ ਮੌਕਾ ਦੇਣ।

ਇਸ ਰੌਲੇ ਵਿੱਚ ਰਜਨੀ ਪਾਟਿਲ ਨਾਂ ਦੀ ਟਵਿੱਟਰ ਯੂਜ਼ਰ ਨੇ ਕਿਹਾ ਕਿ ਅਨੂਪ ਜਲੋਟਾ ਅਤੇ ਜਸਲੀਨ ਮਠਾੜੂ ਦੇ ਇਸ਼ਕ ਨੂੰ ਦੇਖ ਕੇ ਉਨ੍ਹਾਂ ਦਾ "ਦੁਨੀਆਂ ਉੱਤੋਂ ਵਿਸ਼ਵਾਸ ਹੀ ਉੱਠ ਗਿਆ ਹੈ।'' ਨਾਲ ਹੀ ਉਨ੍ਹਾਂ ਨੇ ਸਾਫ ਕੀਤਾ ਕਿ ਉਹ ਇਸ ਇਸ਼ਕ ਦੀ ਇੱਜ਼ਤ ਕਰਦੇ ਹਨ।

ਅਨੂਪ ਜਲੋਟਾ ਅਤੇ ਜਸਲੀਨ ਮਠਾੜੂ ਹੈਸ਼ ਟੈਗ ਤਾਂ ਬਣ ਗਏ ਪਰ ਇਸ ਰੌਲੇ ਬਾਰੇ ਉਨ੍ਹਾਂ ਵੱਲੋਂ ਕੋਈ ਬਿਆਨ ਜਾਰੀ ਨਹੀਂ ਹੋਇਆ।

ਦੋਵੇਂ ਫਿਲਹਾਲ ਬਾਕੀ ਪ੍ਰਤੀਭਾਗੀਆਂ ਨਾਲ ਬਿੱਗ ਬੌਸ ਹਾਊਸ ਦੇ ਅੰਦਰ ਹਨ।ਕਲਰਜ਼ ਟੀਵੀ ਚੈਨਲ, ਜਿਸ ਉੱਤੇ ਇਹ ਪ੍ਰੋਗਰਾਮ ਆਉਂਦਾ ਹੈ, ਨੇ ਟਵਿੱਟਰ ਉੱਤੇ ਲੋਕਾਂ ਦੀ ਰਾਇ ਜ਼ਰੂਰ ਪੁੱਛੀ ਹੈ।

ਇਸੇ ਦੌਰਾਨ ਲੇਖਿਕਾ ਹਰਨੀਤ ਸਿੰਘ ਨੇ ਤਾਂ 'ਅਨੂਪ' ਅਤੇ 'ਜਸਲੀਨ' ਦਾ ਜੋੜ ਕਰ ਕੇ ਦੋਵਾਂ ਦਾ ਸਾਂਝਾ ਨਾਂ "ਅਨੂਲੀਨ" ਰੱਖ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੇ ਬਿੱਗ ਬੌਸ ਜਿੱਤਣ ਦੀ ਦੁਆ ਵੀ ਕਰ ਛੱਡੀ।

ਇਹ ਵੀ ਪੜ੍ਹੋ:

ਅਨੂਪ ਜਲੋਟਾ ਇਸ ਤੋਂ ਪਹਿਲਾਂ ਤਿੰਨ ਵਾਰ ਵਿਆਹ ਕਰਵਾ ਚੁੱਕੇ ਹਨ ਪਰ ਇਸ ਵੇਲੇ ਉਹ ਸ਼ਾਦੀਸ਼ੁਦਾ ਨਹੀਂ ਹਨ। ਜਸਲੀਨ ਮਠਾੜੂ ਬਾਰੇ ਜ਼ਿਆਦਾ ਜਾਣਕਾਰੀ ਅਜੇ ਜਨਤਕ ਨਹੀਂ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)