You’re viewing a text-only version of this website that uses less data. View the main version of the website including all images and videos.
ਬ੍ਰਿਟੇਨ ’ਚ ਭਰੂਣ ਲਿੰਗ ਜਾਂਚ ਉੱਤੇ ਪਾਬੰਦੀ ਦੀ ਮੰਗ
- ਲੇਖਕ, ਐਂਬਰ ਹਕ਼
- ਰੋਲ, ਬੀਬੀਸੀ ਵਿਕਟੋਰੀਆ ਡਰਬੀਸ਼ਾਇਰ ਪ੍ਰੋਗਰਾਮ
ਕੰਨਿਆ ਭਰੂਣ ਹੱਤਿਆ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਬ੍ਰਿਟੇਨ 'ਚ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਨੇ ਭਰੂਣ ਦੇ ਲਿੰਗ ਨੂੰ ਪਛਾਨਣ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਪਾਰਟੀ ਦੀ ਸਾਂਸਦ ਨਾਜ਼ ਸ਼ਾਹ ਨੇ ਕਿਹਾ ਕਿ ਲਿੰਗ ਦੀ ਪਛਾਣ ਤੋਂ ਬਾਅਦ ਗਰਭਪਾਤ ਕਰਾਉਣਾ ਨੈਤਿਕ ਤੌਰ 'ਤੇ ਗ਼ਲਤ ਹੈ।
ਬ੍ਰਿਟੇਨ ਵਿਚ 'ਐਨ.ਆਈ.ਪੀ.ਟੀ' ਇੱਕ ਸ਼ੁਰੂਆਤੀ ਬਲੱਡ ਟੈਸਟ ਹੈ ਜਿਸ ਰਾਹੀਂ ਗਰਭ 'ਚ ਪਲ ਰਹੇ ਬੱਚੇ ਦੀ ਸਿਹਤ ਜਾਂਚੀ ਜਾਂਦੀ ਹੈ ਪਰ ਨਿਜੀ ਤੌਰ 'ਤੇ ਪੈਸੇ ਦੇ ਕੇ ਤੁਸੀਂ ਭਰੂਣ ਦਾ ਲਿੰਗ ਵੀ ਜਾਣ ਸਕਦੇ ਹੋ।
ਲਿੰਗ ਕਾਰਣ ਗਰਭਪਾਤ ਕਰਾਉਣਾ ਬ੍ਰਿਟੇਨ ਵਿੱਚ ਗੈਰ-ਕਾਨੂੰਨੀ ਹੈ ਪਰ ਔਰਤਾਂ ਆਮ ਤੌਰ 'ਤੇ ਗਰਭਪਾਤ ਦੀ ਕੋਈ ਹੋਰ ਵਜ੍ਹਾ ਦੱਸ ਦਿੰਦੀਆਂ ਹਨ।
ਨਾਜ਼ ਸ਼ਾਹ ਵੱਲੋਂ ਕੀਤੀ ਮੰਗ ਤੋਂ ਬਾਅਦ ਬ੍ਰਿਟੇਨ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਇਸ ਮੁੱਦੇ ਉੱਤੇ ਤੱਥਾਂ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ:
ਪਾਕਿਸਤਾਨੀ ਮੂਲ ਦੇ ਨਾਜ਼ ਸ਼ਾਹ ਬ੍ਰਿਟੇਨ ਵਿਚ ਔਰਤਾਂ ਅਤੇ ਬਰਾਬਰੀ ਦੇ ਮਸਲਿਆਂ ਦੇ 'ਸ਼ੈਡੋ' ਮੰਤਰੀ ਹਨ। ਉਨ੍ਹਾਂ ਦਾ ਕੰਮ ਇਸ ਵਿਭਾਗ ਦੇ ਮੰਤਰੀ ਅਤੇ ਨੀਤੀਆਂ ਉੱਤੇ ਨਜ਼ਰ ਰੱਖਣ ਦਾ ਹੈ।
ਨਾਜ਼ ਸ਼ਾਹ ਮੁਤਾਬਕ ਦੱਖਣੀ ਏਸ਼ੀਆਈ ਦੇਸ਼ਾਂ ਅਤੇ ਕੁਝ ਹੋਰ ਇਲਾਕਿਆਂ ਦੇ ਸੱਭਿਆਚਾਰ 'ਚ ਹੀ ਮੁੰਡਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਕਾਰਣ ਔਰਤਾਂ ਉੱਪਰ ਬਹੁਤ ਦਬਾਅ ਰਹਿੰਦਾ ਹੈ ਅਤੇ "ਭਰੂਣ ਦਾ ਲਿੰਗ ਪਤਾ ਕਰ ਕੇ ਪਰਿਵਾਰਕ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼" ਕਰਦੀਆਂ ਹਨ।
ਕੀ ਹੈ ਇਹ ਟੈਸਟ?
ਇਸ ਟੈਸਟ ਵਿਚ ਔਰਤ ਤੋਂ ਲਏ ਸੈਂਪਲ ਨਾਲ ਬੱਚੇ ਦੇ ਡੀ.ਐਨ.ਏ. ਦੀ ਜਾਂਚ ਹੁੰਦੀ ਹੈ। ਮੁੱਖ ਤੌਰ 'ਤੇ ਇਸ ਤੋਂ ਪਤਾ ਲਗਦਾ ਹੈ ਕਿ ਬੱਚੇ ਨੂੰ ਕਿਸੇ ਜੈਨੇਟਿਕ ਬਿਮਾਰੀ ਦਾ ਖ਼ਤਰਾ ਤਾਂ ਨਹੀਂ।
ਇਸ ਤੋਂ ਭਰੂਣ ਦੇ ਲਿੰਗ ਦਾ ਵੀ ਪਤਾ ਲੱਗਦਾ ਹੈ ਪਰ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਹੇਠਾਂ ਆਉਣ ਵਾਲੇ ਡਾਕਟਰ ਲਿੰਗ ਬਾਰੇ ਨਹੀਂ ਦੱਸਦੇ। ਅਗਲੇ ਮਹੀਨੇ ਤੋਂ ਇਹ ਟੈਸਟ ਸਾਰੇ ਇੰਗਲੈਂਡ 'ਚ ਸ਼ੁਰੂ ਕੀਤਾ ਜਾ ਰਿਹਾ ਹੈ।
ਨਿਜੀ ਹਸਪਤਾਲਾਂ 'ਚ ਇਹੀ ਟੈਸਟ 150-200 ਪੌਂਡ (14,000-16,000 ਭਾਰਤੀ ਰੁਪਏ) ਦੇ ਕੇ ਹੋ ਜਾਂਦਾ ਹੈ ਅਤੇ ਉਹ ਲਿੰਗ ਵੀ ਦੱਸ ਦਿੰਦੇ ਹਨ। ਅਜਿਹੇ ਵੀ ਹਸਪਤਾਲ ਹਨ ਜੋਕਿ ਖ਼ੂਨ ਦਾ ਸੈਂਪਲ ਡਾਕ ਰਾਹੀਂ ਵੀ ਮੰਗਵਾ ਲੈਂਦੇ ਹਨ।
ਨਾਜ਼ ਸ਼ਾਹ ਨੇ ਕਿਹਾ ਹੈ ਕਿ ਇਸ ਟੈਸਟ ਦੀ ਵਰਤੋਂ ਬਿਮਾਰੀਆਂ ਦਾ ਡਰ ਦੂਰ ਕਰਨ ਲਈ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਸਰਕਾਰ ਨੂੰ ਟੈਸਟ ਦੀ ਦੁਰਵਰਤੋਂ ਰੋਕਣ ਲਈ ਕੁਝ ਕਦਮ ਚੁੱਕਣੇ ਚਾਹੀਦੇ ਹਨ।
'ਮੁੰਡਾ ਹੀ ਚਾਹੀਦਾ ਹੈ'
ਬੀਬੀਸੀ ਦੇ ਵਿਕਟੋਰੀਆ ਡਰਬੀਸ਼ਾਇਰ ਪ੍ਰੋਗਰਾਮ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਵੀ ਇਹ ਸਾਹਮਣੇ ਆਇਆ ਕਿ ਹਜ਼ਾਰਾਂ ਔਰਤਾਂ ਇਸ ਟੈਸਟ ਰਾਹੀਂ ਭਰੂਣ ਦਾ ਲਿੰਗ ਜਾਨਣ ਬਾਰੇ ਇੰਟਰਨੈੱਟ ਉੱਪਰ ਚਰਚਾ ਕਰਦੀਆਂ ਹਨ।
ਇਨ੍ਹਾਂ ਚਰਚਾਵਾਂ ਵਿੱਚ ਔਰਤਾਂ ਕੁੜੀ ਜੰਮਣ ਬਾਰੇ ਆਪਣੀ ਚਿੰਤਾ ਜ਼ਾਹਿਰ ਕਰਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਪੋਸਟ ਕਹਿੰਦੀ ਹੈ, "ਮੈਨੂੰ ਸਕੂਨ ਲਈ ਇੱਕ ਪੁੱਤਰ ਚਾਹੀਦਾ ਹੈ... ਟੈਸਟ ਵਿੱਚ ਮੁੰਡਾ ਹੋਵੇਗਾ ਤਾਂ ਹੀ ਇਸ ਗਰਭ ਨੂੰ ਰੱਖਾਂਗੀ।"
ਇਨ੍ਹਾਂ ਮਸਲਿਆਂ ਉੱਤੇ ਕੰਮ ਕਰਨ ਵਾਲੀ ਸੰਸਥਾ ਜੀਣਾ ਇੰਟਰਨੈਸ਼ਨਲ ਵੱਲੋਂ ਰਾਣੀ ਬਿਲਖੂ ਨੇ ਦੱਸਿਆ ਕਿ ਕਾਫੀ ਔਰਤਾਂ ਨੂੰ ਦੂਜੀ ਜਾਂ ਤੀਜੀ ਕੁੜੀ ਜੰਮਣ ਕਰਕੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ:
ਇਹ ਸੰਸਥਾ ਚਾਹੁੰਦੀ ਹੈ ਕਿ ਲਿੰਗ 'ਤੇ ਆਧਾਰਤ ਗਰਭਪਾਤ ਨੂੰ "ਗ਼ੈਰਤ-ਸੰਬੰਧੀ " ਅੱਤਿਆਚਾਰ ਮੰਨਿਆ ਜਾਵੇ ਕਿਉਂਕਿ ਇਨ੍ਹਾਂ ਮਾਮਲਿਆਂ ਵਿੱਚ "ਔਰਤਾਂ ਉਦੋਂ ਹੀ ਗਰਭਪਾਤ ਕਰਵਾਉਂਦੀਆਂ ਹਨ ਜਦੋਂ ਉਨ੍ਹਾਂ ਕੋਲ ਕੋਈ ਹੋਰ ਰਸਤਾ ਨਹੀਂ ਰਹਿ ਜਾਂਦਾ"।
ਰਾਣੀ ਬਿਲਖੂ ਮੁਤਾਬਕ, "ਉਹ (ਔਰਤਾਂ) ਨਾ ਤਾਂ ਘਰ ਛੱਡ ਸਕਦੀਆਂ ਹਨ, ਨਾ ਹੀ ਪਤੀ ਨਾਲ ਰਿਸ਼ਤਾ ਤੋੜ ਸਕਦੀਆਂ ਹਨ।"
ਪੋਸਟਰ ਕੀ ਦੱਸਦੇ ਹਨ?
ਬੀਬੀਸੀ ਨੇ ਲੰਡਨ ਦੇ ਨੇੜੇ ਸਲੋਹ ਖੇਤਰ ਵਿੱਚ ਤਾਂ ਅਜਿਹੇ ਪੋਸਟਰ ਵੀ ਦੇਖੇ ਜਿਨ੍ਹਾਂ ਉੱਤੇ ਲਿੰਗ ਪਛਾਣ ਦੇ ਟੈਸਟਾਂ ਦੇ ਇਸ਼ਤਿਹਾਰ ਸਨ।
ਇਲਾਕੇ ਦੇ ਸਾਂਸਦ ਤਨਮਨਜੀਤ ਢੇਸੀ ਮੁਤਾਬਕ ਇਨ੍ਹਾਂ ਇਸ਼ਤਿਹਾਰਾਂ ਅਤੇ ਭਰੂਣ ਲਿੰਗ ਪਛਾਣ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ।
ਲੇਬਰ ਪਾਰਟੀ ਦੇ ਸਾਂਸਦ ਢੇਸੀ ਕਹਿੰਦੇ ਹਨ, "ਦੱਖਣੀ ਏਸ਼ੀਆ ਦੇ ਕਈ ਭਾਈਚਾਰਿਆਂ ਨੇ ਇਸ ਸਮਾਜਕ ਸਮੱਸਿਆ ਨੂੰ ਮੁਕਾਉਣ ਵੱਲ ਵੱਡੇ ਕਦਮ ਪੁੱਟੇ ਹਨ। ਇਸ ਦਾ ਮੁੱਖ ਤਰੀਕਾ ਹੈ ਕਾਨੂੰਨ, ਜਿਸ ਰਾਹੀਂ ਭਰੂਣ ਦਾ ਲਿੰਗ ਦੱਸਣ ਵਾਲੇ ਟੈਸਟ ਉੱਤੇ ਪਾਬੰਦੀ ਲਾਈ ਗਈ ਹੈ। ਯੂ.ਕੇ. ਨੂੰ ਵੀ ਇਹੀ ਕਰਨਾ ਚਾਹੀਦਾ ਹੈ।"
ਸਰਕਾਰ ਕੀ ਸੋਚਦੀ ਹੈ?
ਸਿਹਤ ਵਿਭਾਗ ਦੇ ਇੱਕ ਬੁਲਾਰੇ ਮੁਤਾਬਕ, "ਜਨਮ ਤੋਂ ਪਹਿਲਾਂ ਕੀਤੇ ਜਾਣ ਵਾਲੇ ਇਸ ਟੈਸਟ ਦੀ ਵਰਤੋਂ ਭਰੂਣ ਦੇ ਲਿੰਗ ਦੀ ਪਛਾਣ ਲਈ ਨਹੀਂ ਕੀਤੀ ਜਾਣੀ ਚਾਹੀਦੀ ਹੈ। ਅਸੀਂ ਤੱਥਾਂ ਦੀ ਜਾਂਚ ਕਰਦੇ ਰਹਾਂਗੇ।"
ਇਹ ਵੀ ਪੜ੍ਹੋ:
ਸਾਲ 2015 ਵਿੱਚ ਬ੍ਰਿਟੇਨ ਦੀ ਸਰਕਾਰ ਨੇ ਮੰਨਿਆ ਸੀ ਕਿ ਉਸਨੂੰ ਨਹੀਂ ਪਤਾ ਕਿ ਲਿੰਗ ਜਾਂਚ ਲਈ ਇਸ ਟੈਸਟ ਦੀ ਕਿੰਨੀ ਕੁ ਵਰਤੋਂ ਕੀਤੀ ਜਾ ਰਹੀ ਹੈ।