ਕੈਪਟਨ ਅਮਰਿੰਦਰ ਨੇ ਕੀਤੀ ਸਭ ਤੋਂ ਵੱਡੀ ਬੇਅਦਬੀ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਵਿਖੇ ਹੋਈ ਰੈਲੀ ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਭ ਤੋਂ ਵੱਡੀ ਬੇਅਦਬੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਗੁਟਕਾ ਸਾਹਿਬ ਤੇ ਸਹੂੰ ਖਾਣ ਤੋਂ ਬਾਅਦ ਮੁੱਕਰ ਗਏ।

ਸ਼੍ਰੋਮਣੀ ਅਕਾਲੀ ਦਲ ਦੀ 'ਜ਼ਬਰ ਵਿਰੋਧ ਰੈਲੀ' ਲਈ ਸਰਕਾਰ ਵੱਲੋਂ ਮਨਾਹੀ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇਸ ਦੀ ਇਜਾਜ਼ਤ ਲਿੱਤੀ।

ਰੈਲੀ ਵਿੱਚ ਮੌਜੂਦ ਅਕਾਲੀ ਦਲ ਦੇ ਆਗੂਆਂ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ।

ਇਹ ਵੀ ਪੜ੍ਹੋ:-

ਰੈਲੀ ਵਿੱਚ ਕਿਸ ਨੇ ਕੀ ਕਿਹਾ?

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ 'ਚ ਕਿਹਾ:-

  • ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਰਾਹਾਂ 'ਤੇ ਚੱਲਣ ਵਾਲੀ ਪਾਰਟੀ ਹੈ ਜੋ ਸਾਨੂੰ ਗੁਰੂ ਸਾਹਿਬਾਨ ਨੇ ਦੱਸੇ ਹਨ ਜਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਮਿਲਦੀ ਹੈ। ਅਸੀਂ ਸੱਚਾਈ ਲਈ ਜ਼ਬਰ-ਜ਼ੁਲਮ ਖ਼ਿਲਾਫ਼ ਲੜਨ ਵਾਲੇ ਲੋਕ ਹਾਂ।
  • ਕਾਂਗਰਸ ਨੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ ਫ਼ੌਜੀ ਹਮਲੇ ਕੀਤੇ। ਉਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ।
  • 1984 ਦਾ ਕਤਲੇਆਮ ਤੁਸੀਂ ਭੁੱਲ ਜਾਂਦੇ ਹੋ, ਗਲਿਆਂ 'ਚ ਟਾਇਰ ਪਾ ਕੇ ਸਾੜਿਆ ਗਿਆ। ਫੌਜੀ ਭਰਾ ਜੋ ਡਿਊਟੀ 'ਤੇ ਆ ਰਹੇ ਸਨ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ।
  • ਕਾਂਗਰਸ ਦੇ ਮੰਤਰੀ, ਮੁੱਖ ਮੰਤਰੀ ਤੇ ਹੋਰਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਪਾਰਟੀ ਤੋਂ ਅਹੁਦੇ ਲੈਂਦੇ ਹੋ। ਤੁਸੀਂ ਇਹ ਤਸਦੀਕ ਕਰਦੇ ਹੋ ਕਿ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਠੀਕ ਹੋਇਆ।
  • ਉਹ ਕਹਿੰਦੇ ਸਨ ਜਦੋਂ ਵੱਡਾ ਦਰਖ਼ਤ ਡਿੱਗਦਾ ਹੈ ਤਾਂ ਜ਼ਮੀਨ ਹਿਲਦੀ ਹੈ। ਅਜਿਹੀ ਪਾਰਟੀ ਨਾਲ ਕਿਵੇਂ ਕੋਈ ਰਿਸ਼ਤਾ ਰੱਖ ਸਕਦਾ ਹੈ।
  • ਜੇ ਮੇਰੀ ਜਾਂ ਸੁਖਬੀਰ ਦੀ ਸ਼ਹਾਦਤ ਨਾਲ ਪੰਜਾਬ ਵਿੱਚ ਸ਼ਾਂਤੀ ਰਹਿ ਸਕਦੀ ਹੈ ਤਾਂ ਅਸੀਂ ਤਿਆਰ ਹਾਂ।
  • 1984 ਵਿੱਚ ਵੀ ਇੰਦਰਾ ਗਾਂਧੀ ਦੇ ਪੁੱਤਰ ਨੇ ਹੀ ਕਤਲੇਆਮ ਕਰਵਾਇਆ। ਪਛਾਣੋ ਕਿ ਮਿੱਤਰ ਕੌਣ ਹੈ ਅਤੇ ਦੁਸ਼ਮਨ ਕੌਣ।
  • ਇਨ੍ਹਾਂ ਦੀ ਅੱਖ ਤੁਹਾਡੇ ਗੁਰੂਧਾਮਾਂ 'ਤੇ ਹੈ। ਲਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਸਮੇਂ ਇੱਕ ਵਾਰ ਮਨ ਬਣਾ ਲਿਆ ਸੀ ਕਿ ਗੁਰਦੁਆਰਿਆਂ 'ਤੇ ਕਬਜ਼ਾ ਕਰਨਾ ਹੈ।

ਇਹ ਵੀ ਪੜ੍ਹੋ:-

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਦੌਰਾਨ ਕਿਹਾ:-

  • 2017 ਚੋਣਾਂ ਵਿੱਚ ਕੈਪਟਨ ਨੇ ਤੇ ਟੋਪੀ ਵਾਲੇ ਨੇ ਰਲ ਕੇ ਝੂਠ ਹੀ ਇੰਨਾਂ ਬੋਲਿਆ।
  • ਉਨ੍ਹਾਂ ਨੇ ਦੇਖਿਆ ਕਿ 10 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਚਲ ਰਿਹਾ ਹੈ। ਇਸ ਰਾਜ ਨੂੰ ਕਿਵੇਂ ਰੋਕਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਨੂੰ ਕਿਵੇਂ ਰੋਕਿਆ ਜਾਵੇ।
  • ਕੈਪਟਨ ਤੇ ਟੋਪੀ ਵਾਲੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਚਿੱਟਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੇਚਦੇ ਹਨ। ਮੈਂ ਕੈਪਟਨ ਨੂੰ ਪੁੱਛਣਾ ਚਾਹੁੰਦਾ ਹਾਂ, ਹੁਣ ਤੁਹਾਡੀ ਸਕਰਾਕ ਹੈ। ਕਿਹੜਾ ਅਕਾਲੀ ਦਲ ਦਾ ਵਰਕਰ ਸੀ ਜਿਹੜਾ ਵੇਚਦਾ ਸੀ। ਹੁਣ ਕਿਉਂ ਚੁਪ ਹੋਈ ਬੈਠੇ ਹੋ।
  • ਸਭ ਤੋਂ ਵੱਡੀ ਬੇਅਦਬੀ ਜੇ ਕੀਤੀ ਹੈ ਤੇ ਕੈਪਟਨ ਨੇ ਕੀਤੀ ਹੈ। ਗੁਟਕਾ ਸਾਹਿਬ ਤੇ ਹੱਥ ਰਖ ਕੇ, ਟਲਵੰਡੀ ਸਾਹਿਬ ਵੱਲ ਮੂੰਹ ਕਰ ਕੇ, ਸਹੂੰ ਖਾ ਕੇ ਮੁਕਰ ਗਏ।
  • ਕਾਂਗਰਸੀਆਂ ਦਾ ਸਿੱਖੀ ਪ੍ਰਤੀ, ਗੁਰੂ ਪ੍ਰਤੀ ਕੋਈ ਪਿਆਰ ਸਤਕਾਰ ਨਹੀਂ। ਇੰਨਾਂ ਦਾ ਗੁਰੂ ਸਿਰਫ ਗਾਂਧੀ ਪਰਿਵਾਰ ਹੈ।
  • ਕੁਝ ਤਾਕਤਾਂ ਅਮਨ ਸ਼ਾਂਤੀ ਭੰਗ ਕਰਨਾ ਚਾਹੰਦੀਆਂ ਹਨ। ਕਲ ਜਲੰਧਰ ਵਿੱਚ ਬੰਬ ਚੱਲਿਆ। 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ ਓਦੋਂ ਤਾਂ ਨਹੀਂ ਚੱਲਿਆ। ਕੈਪਟਨ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ।

ਕੈਪਟਨ ਅਮਰਿੰਦਰ ਕਰਨਗੇ ਲੰਬੀ 'ਚ ਰੈਲੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਲ੍ਹਾ ਪਰਿਸ਼ਦ ਚੋਣਾਂ ਤੋਂ ਬਾਅਦ ਬਾਦਲਾਂ ਦੇ ਗੜ੍ਹ ਲੰਬੀ ਵਿੱਚ ਰੈਲੀ ਕਰਨਗੇ।

ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣਾ ਵੇਲਾ ਝੂਠ ਬੋਲ ਕੇ ਫਿਰਕੂਵਾਦ ਨੂੰ ਵਧਾਉਂਦੇ ਹਨ।

ਉਨ੍ਹਾਂ ਕਿਹਾ ਕਿ ਬਾਦਲ ਬੇਅਦਬੀ ਦੇ ਮਾਮਲੇ ਤੇ ਗਲਤ ਪ੍ਰਚਾਰ ਕਰ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਇੰਨਾਂ ਕਾਰਨਾ ਕਰ ਕੇ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 2017 ਚੋਣਾਂ ਵਿੱਚ ਹਰਾ ਦਿੱਤਾ।

ਜਲੰਧਰ ਵਿੱਚ ਬੀਬੀਸੀ ਦੇ ਸਥਾਨਕ ਪੱਤਰਕਾਰ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਪੰਜਾਬ ਕਾਂਗਰਸ ਮੁੱਖੀ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਉਸੇ ਜ਼ਿਲ੍ਹੋ ਵਿੱਚ ਜਸ਼ਨ ਨਮਾ ਰਿਹਾ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ।

ਜਾਖੜ ਨੇ ਕਿਹਾ ਕਿ ਪੀੜਤ ਪਰਿਵਾਰਾਂ ਤੋਂ ਮਾਫੀ ਮੰਗਣ ਦੀ ਬਜਾਏ ਸੁਖਬੀਰ ਨੇ ਰੈਲੀ ਕਰ ਕੇ ਪੀੜਤ ਦੇ ਮਾਨ ਨੂੰ ਸੱਟ ਮਾਰਨ ਦਾ ਜਤਨ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)