ਗਾਂਧੀ ਚਾਹੁੰਦੇ ਸਨ ਕਿ ਔਰਤਾਂ 'ਮਜ਼ੇ ਲਈ ਸੈਕਸ' ਦਾ ਵਿਰੋਧ ਕਰਨ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਦਸੰਬਰ 1935 'ਚ ਅਮਰੀਕੀ ਆਬਾਦੀ ਕੰਟਰੋਲ ਕਾਰਕੁਨ ਅਤੇ ਸੈਕਸ ਜਾਗਰੂਕ-ਕਰਤਾ ਮਾਰਗਰੇਟ ਸੈਂਗਰ ਦੀ ਮੁਲਾਕਾਤ ਭਾਰਤ ਦੇ ਆਜ਼ਾਦੀ ਲਹਿਰ ਦੇ ਨਾਇਕ ਮਹਾਤਮਾ ਗਾਂਧੀ ਨਾਲ ਹੋਈ, ਇਸ ਦੌਰਾਨ ਮਾਰਗਰੇਟ ਦੀ ਗਾਂਧੀ ਨਾਲ ਕਾਫ਼ੀ ਲੰਬੀ ਗੱਲਬਾਤ ਵੀ ਹੋਈ।

ਭਾਰਤ ਵਿਚ ਆਬਾਦੀ ਕੰਟਰੋਲ ਨਾਲ ਸਬੰਧਤ ਡਾਕਟਰਾਂ ਅਤੇ ਔਰਤਾਂ ਦੀ ਆਜ਼ਾਦੀ ਬਾਰੇ ਕਾਰਕੁਨਾਂ ਨਾਲ ਗੱਲਬਾਤ ਕਰਨ ਲ਼ਈ ਆਏ ਸੈਂਗਰ, ਉਸ ਸਮੇਂ ਭਾਰਤ ਦੇ 18 ਸ਼ਹਿਰਾਂ ਦਾ ਦੌਰਾ ਕੀਤਾ।

ਮਾਰਗਰੇਟ ਦੀ ਗਾਂਧੀ ਨਾਲ ਉਨ੍ਹਾਂ ਦੇ ਮਹਾਰਾਸ਼ਟਰ ਵਿੱਚ ਸਥਿਤ ਆਸ਼ਰਮ ਵਿਖੇ ਹੋਈ ਦਿਲਚਸਪ ਗੱਲਬਾਤ ਦਾ ਹਿੱਸਾ, ਇਤਿਹਾਸਕਾਰ ਰਾਮਚੰਦਰ ਗੁਹਾ ਦੁਆਰਾ ਭਾਰਤ ਦੇ "ਫ਼ਾਦਰ ਆਫ ਦਿ ਨੇਸ਼ਨ" 'ਤੇ ਲਿਖੀ ਗਈ ਜੀਵਨੀ ਵਿੱਚ ਵੀ ਦਰਜ ਹੈ।

ਇਹ ਵੀ ਪੜ੍ਹੋ:

ਦੁਨੀਆਂ ਭਰ ਦੇ 60 ਵੱਖ-ਵੱਖ ਸੰਗ੍ਰਹਿਾਂ ਤੋਂ ਕਦੇ-ਪਹਿਲਾਂ ਨਾ ਵੇਖੇ ਗਏ ਸਰੋਤਾਂ 'ਚੋਂ ਤੱਥ ਕੱਢ ਕੇ ਇਹ 1,129 ਸਫ਼ਿਆਂ ਦੀ ਕਿਤਾਬ ਤਿਆਰ ਕੀਤੀ ਗਈ।

1915 ਵਿਚ ਦੱਖਣੀ ਅਫ਼ਰੀਕਾ ਤੋਂ ਭਾਰਤ ਪਰਤਣ ਤੋਂ ਲੈ ਕੇ, 1948 ਵਿੱਚ ਹੋਏ ਉਨ੍ਹਾਂ ਦੇ ਕਤਲ ਤੱਕ ਇਹ ਕਿਤਾਬ ਦੁਨੀਆਂ ਦੇ ਸਭ ਤੋਂ ਮਸ਼ਹੂਰ ਸ਼ਾਂਤ ਸੁਭਾਅ ਵਾਲੇ ਆਗੂ ਦੇ ਜੀਵਨ ਦੀ ਕਹਾਣੀ ਬਿਆਨ ਕਰਦੀ ਹੈ।

ਇਸ ਜੀਵਨੀ ਵਿਚ ਔਰਤਾਂ ਦੇ ਅਧਿਕਾਰਾਂ, ਲਿੰਗ ਅਤੇ ਬ੍ਰਹਮਚਾਰੀ ਵਿਵਹਾਰ ਬਾਰੇ ਗਾਂਧੀ ਦੇ ਵਿਚਾਰਾਂ ਦੀ ਝਲਕ ਪੇਸ਼ ਕੀਤੀ ਗਈ ਹੈ।

ਆਪਣੇ ਹੀ ਆਸ਼ਰਮ ਵਿਚ, ਉਨ੍ਹਾਂ ਦੇ ਸਕੱਤਰ ਮਹਾਦੇਵ ਦੇਸਾਈ ਨੇ ਗਾਂਧੀ ਅਤੇ ਮਾਰਗਰੇਟ ਦੀ ਹੋਈ ਬੈਠਕ ਦੇ ਵਿਸਥਾਰ ਵਿਚ ਨੋਟਸ ਤਿਆਰ ਕੀਤੇ।

ਉਨ੍ਹਾਂ ਲਿਖਿਆ, "ਦੋਵਾਂ 'ਚ ਹੀ ਇਸ ਗੱਲ ਨੂੰ ਲੈ ਕੇ ਸਹਿਮਤੀ ਸੀ ਕਿ ਔਰਤਾਂ ਨੂੰ ਸਮਾਜ ਵਿੱਚ ਆਜ਼ਾਦੀ ਮਿਲਣੀ ਚਾਹਿਦੀ ਹੈ ਅਤੇ ਔਰਤ ਕੋਲ ਖ਼ੁਦ ਆਪਣੀ ਕਿਸਮਤ ਨਿਰਧਾਰਿਤ ਕਰਨ ਦਾ ਹੱਕ ਹੋਣਾ ਚਾਹੀਦਾ ਹੈ।"

ਪਰ ਦੋਵਾਂ ਦੇ ਵਿਚਾਰਾਂ 'ਚ ਫ਼ਰਕ ਬਹੁਤ ਜਲਦ ਹੀ ਨਜ਼ਰ ਆਉਣ ਲੱਗ ਪਿਆ।

ਸੰਨ 1916 ਵਿਚ ਪਹਿਲਾ ਅਮਰੀਕੀ ਪਰਿਵਾਰ ਨਿਯੋਜਨ ਕੇਂਦਰ, ਨਿਊਯਾਰਕ ਵਿਖੇ ਖੋਲ੍ਹਣ ਵਾਲੀ ਸੈਂਗਰ ਦਾ ਮੰਨਣਾ ਸੀ ਕਿ ਗਰਭ ਨਿਰੋਧਕ ਹੀ ਔਰਤਾਂ ਨੂੰ ਵੱਖੋ-ਵੱਖਰੇ ਪੱਖਾਂ ਤੋਂ ਆਜ਼ਾਦੀ ਦਵਾਉਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ।

ਗਾਂਧੀ ਨੇ ਇਸ 'ਤੇ ਦਲੇਰੀ ਨਾਲ ਕਿਹਾ ਕਿ ਔਰਤਾਂ ਨੂੰ ਆਪਣੇ ਪਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ, ਜਦਕਿ ਆਦਮੀਆਂ ਨੂੰ ਆਪਣੇ "ਜਾਨਵਰਾਂ ਵਰਗੇ ਜਨੂੰਨ" ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਸੈਕਸ ਸਿਰਫ਼ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਹੀ ਕੀਤਾ ਜਾਣਾ ਚਾਹੀਦਾ ਹੈ। ਮਿਸਿਜ਼ ਸੈਂਗਰ ਅਜੇ ਵੀ ਉਤਸ਼ਾਹ ਨਾਲ ਡਟੀ ਰਹੀ।

ਉਨ੍ਹਾਂ ਗਾਂਧੀ ਨੂੰ ਕਿਹਾ, "ਔਰਤਾਂ ਵੀ ਉਸੇ ਡੂੰਘਾਈ ਨਾਲ ਜਿਨਸੀ ਇੱਛਾਵਾਂ ਨੂੰ ਮਹਿਸੂਸ ਕਰਦੀਆਂ ਹਨ, ਜਿਸ ਤੀਬਰਤਾ ਨਾਲ ਆਦਮੀ ਕਰਦੇ ਹਨ। ਅਜਿਹਾ ਕਈ ਵਾਰ ਹੁੰਦਾ ਹੈ ਜਦੋਂ ਔਰਤਾਂ ਵੀ ਆਪਣੇ ਪਤੀਆਂ ਵਾਂਗ ਹੀ ਸਰੀਰਕ ਸਬੰਧ ਨੂੰ ਅਨੁਭਵ ਕਰਨ ਦੀ ਇੱਛਾ ਰੱਖਦੀਆਂ ਹਨ।"

ਮਾਰਗਰੇਟ ਨੇ ਪੁੱਛਿਆ, "ਕੀ ਤੁਹਾਨੂੰ ਲੱਗਦਾ ਹੈ ਕਿ ਦੋ ਇਨਸਾਨ ਜੋ ਇੱਕ-ਦੂਜੇ ਨੂੰ ਪਿਆਰ ਕਰਦੇ ਹਨ, ਜੋ ਇਕੱਠੇ ਖੁਸ਼ ਹਨ, ਉਹ ਸੈਕਸ ਕਰਨ ਨੂੰ ਸਾਲ ਵਿੱਚ ਇੱਕ ਜਾਂ ਦੋ ਵਾਰ ਤੱਕ ਸੀਮਤ ਕਰ ਸਕਣ, ਤਾਂ ਜੋ ਉਨ੍ਹਾਂ ਦਾ ਸਬੰਧ ਸਿਰਫ਼ ਉਸ ਸਮੇਂ ਕਾਇਮ ਹੋਵੇ ਜਦ ਉਨ੍ਹਾਂ ਨੂੰ ਬੱਚਾ ਚਾਹੀਦਾ ਹੈ?"

ਇੱਥੇ ਮਾਰਗਰੇਟ ਨੇ ਗਰਭ ਨਿਰੋਧਕ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਔਰਤਾਂ ਨੂੰ ਅਣਚਾਹੀਆਂ ਗਰਭ-ਅਵਸਥਾਵਾਂ ਰੋਕਣ ਅਤੇ ਆਪਣੇ ਸਰੀਰ 'ਤੇ ਕੰਟਰੋਲ ਰੱਖਣ ਵਿਚ ਵੀ ਸਹਾਇਤਾ ਮਿਲਦੀ ਹੈ।

ਗਾਂਧੀ ਅਜੇ ਵੀ ਇਸ ਵਿਚਾਰ ਦੇ ਵਿਰੋਧ ਵਿਚ ਅੜੇ ਰਹੇ।

ਗਾਂਧੀ ਨੇ ਸੈਂਗਰ ਨੂੰ ਦੱਸਿਆ ਕਿ ਉਹ ਹਰ ਤਰ੍ਹਾਂ ਦੇ ਸੈਕਸ ਨੂੰ 'ਕਾਮ' ਸਮਝਦੇ ਹਨ।

ਉਨ੍ਹਾਂ ਇੱਥੇ ਆਪਣੇ ਹੀ ਵਿਆਹ ਦਾ ਜ਼ਿਕਰ ਕਰਦਿਆਂ ਦੱਸਿਆ ਕਿ "ਸਰੀਰਕ ਆਨੰਦ ਵਾਲੀ ਜ਼ਿੰਦਗੀ ਨੂੰ ਅਲਵਿਦਾ" ਆਖਣ ਤੋਂ ਬਾਅਦ ਉਨ੍ਹਾਂ ਆਪਣੀ ਪਤਨੀ ਦੇ ਨਾਲ ਆਪਣੇ ਸਬੰਧ ਨੂੰ "ਆਤਮਿਕ" ਤੌਰ 'ਤੇ ਅਨੁਭਵ ਕੀਤਾ।

ਗਾਂਧੀ ਦਾ ਵਿਆਹ 13 ਸਾਲ ਦੀ ਉਮਰ ਵਿੱਚ ਹੋ ਗਿਆ ਸੀ। 38 ਸਾਲ ਦੀ ਉਮਰ 'ਚ ਜਦੋਂ ਉਹ 4 ਬੱਚਿਆਂ ਦੇ ਪਿਤਾ ਸਨ, ਉਨ੍ਹਾਂ ਨੇ ਬ੍ਰਹਮਚਾਰੀ ਦਾ ਅਭਿਆਸ ਕਰਨ ਦੀ ਸਹੁੰ ਖਾਧੀ।

ਅਜਿਹਾ ਕਰਨ ਵਿੱਚ ਉਹ ਜੈਨੀ ਪੈਗੰਬਰ ਰਾਇਚੰਦਭਾਈ ਅਤੇ ਰੂਸੀ ਲੇਖਕ ਲੀਓ ਟਾਲਸਟਾਏ ਤੋਂ ਪ੍ਰਭਾਵਿਤ ਸਨ, ਜਿਨ੍ਹਾਂ ਆਪਣੀ ਬਾਅਦ ਦੀ ਜ਼ਿੰਦਗੀ ਵਿਚ ਸੈਲੀਬੇਸੀ ਨੂੰ ਅਪਣਾਇਆ। (ਜੈਨ ਧਰਮ ਇੱਕ ਪੁਰਾਤਨ ਭਾਰਤੀ ਧਰਮ ਹੈ, ਜੋ ਤਿਆਗ ਕਰਨ ਅਤੇ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚਾਉਣ 'ਤੇ ਅਧਾਰਿਤ ਹੈ।)

ਆਪਣੀ ਆਤਮਕਥਾ ਵਿਚ ਗਾਂਧੀ ਨੇ ਲਿਖਿਆ ਕਿ ਉਹ ਇਸ ਗੱਲ ਨੂੰ ਲੈ ਕੇ ਬਹੁਤ ਬੁਰਾ ਮਹਿਸੂਸ ਕਰਦੇ ਹਨ ਕਿ ਆਪਣੇ ਪਿਤਾ ਦੀ ਮੌਤ ਸਮੇਂ ਉਹ ਆਪਣੀ ਪਤਨੀ ਨਾਲ ਸੈਕਸ ਕਰ ਰਹੇ ਸਨ।

ਸੈਂਗਰ ਦੇ ਨਾਲ ਗੱਲਬਾਤ ਦੇ ਅੰਤ 'ਚ ਗਾਂਧੀ ਨੇ ਥੋੜੀ ਨਰਮੀ ਵਿਖਾਈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਤਰਾਜ਼ ਨਹੀਂ ਹੋਵੇਗਾ ਜੇਕਰ, "ਆਦਮੀ ਸਵੈ-ਇੱਛਤ ਸੈਕਸ ਹੀ ਕਰਵਾਉਣ, ਕਿਉਂਕਿ ਉਨ੍ਹਾਂ ਨੇ ਵੀ ਇਸ ਦੀ ਸ਼ੁਰੂਆਤ ਕੀਤੀ", ਅਤੇ ਗਰਭ ਨਿਰੋਧਨ ਕਰਨ ਦੀ ਥਾਂ ਜੋੜਿਆਂ ਨੂੰ ਮਾਹਵਾਰੀ ਚੱਕਰ ਦੇ "ਸੁਰੱਖਿਅਤ ਸਮੇਂ" ਦੌਰਾਨ ਸੈਕਸ ਕਰਨਾ ਚਾਹੀਦਾ ਹੈ।

ਇਨ੍ਹਾਂ ਵਿਚਾਰਾਂ ਨਾਲ ਅਸਹਿਮਤੀ ਦੇ ਨਾਲ ਹੀ ਸੈਂਗਰ ਆਸ਼ਰਮ ਤੋਂ ਚਲੇ ਗਏ। ਬਾਅਦ ਵਿਚ ਉਨ੍ਹਾਂ ਗਾਂਧੀ ਦੇ "ਜਿਨਸੀ ਵਿਵਹਾਰ ਅਤੇ ਇਸ ਸਬੰਧਿਤ ਡਰ" ਬਾਰੇ ਲਿਖਿਆ। ਉਹ ਆਪਣੀ ਮੁਹਿੰਮ ਦਾ ਗਾਂਧੀ ਦੁਆਰਾ ਸਮਰਥਨ ਨਾ ਕੀਤੇ ਜਾਣ ਤੋਂ ਕਾਫ਼ੀ ਨਿਰਾਸ਼ ਸਨ।

ਇਹ ਕੋਈ ਪਹਿਲੀ ਵਾਰ ਨਹੀਂ ਸੀ ਜਦੋਂ ਗਾਂਧੀ ਆਰਟੀਫੀਸ਼ੀਅਲ ਜਨਮ ਕੰਟਰੋਲ ਬਾਰੇ ਬੋਲੇ ਹੋਣ।

1934 ਵਿਚ ਇੱਕ ਭਾਰਤੀ ਮਹਿਲਾ ਅਧਿਕਾਰ ਕਾਰਕੁਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਗਰਭ ਨਿਰੋਧਕ "ਸਵੈ-ਨਿਯੰਤਰਣ" ਤੋਂ ਬਾਅਦ ਦੂਸਰਾ ਸਭ ਤੋਂ ਸਹੀ ਉਪਾਅ ਹੈ।

ਇਹ ਵੀ ਪੜ੍ਹੋ:

ਗਾਂਧੀ ਨੇ ਜਵਾਬ ਦਿੱਤਾ, "ਕੀ ਤੁਸੀਂ ਸੋਚਦੇ ਹੋ ਕਿ ਸਰੀਰ ਦੀ ਆਜ਼ਾਦੀ ਗਰਭ ਨਿਰੋਧਕਾਂ ਦੀ ਵਰਤੋਂ ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ? ਔਰਤਾਂ ਨੂੰ ਆਪਣੇ ਪਤੀਆਂ ਦਾ ਵਿਰੋਧ ਕਰਨਾ ਸਿੱਖਣਾ ਚਾਹੀਦਾ ਹੈ। ਜੇਕਰ ਪੱਛਮ ਵਾਂਗ ਹੀ ਗਰਭ-ਨਿਰੋਧਕਾਂ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਨਤੀਜੇ ਭਿਆਨਕ ਹੋਣਗੇ। ਆਦਮੀ ਅਤੇ ਔਰਤਾਂ ਸਿਰਫ਼ ਸੈਕਸ ਲਈ ਹੀ ਜੀਉਣਗੇ। ਉਹ ਨਰਮ-ਸੋਚ ਵਾਲੇ, ਨਿਰਲੇਪ, ਅਸਲ ਵਿਚ ਮੂਰਖ, ਅਤੇ ਗੈਰ-ਨੈਤਿਕ ਹੋ ਜਾਂਦੇ ਹਨ।"

ਹਾਲ ਹੀ ਵਿਚ ਲਿਖੀ ਗਈ ਜੀਵਨੀ "ਗਾਂਧੀ: ਦਿ ਈਅਰਜ਼ ਦੈਟ ਚੇਂਜਡ ਦਿ ਵਰਲਡ" ਦੇ ਲੇਖਕ ਗੁਹਾ ਲਿਖਦੇ ਹਨ ਕਿ, "ਗਾਂਧੀ ਲਈ ਹਰ ਤਰ੍ਹਾਂ ਦਾ ਸੈਕਸ 'ਕਾਮ' ਹੈ, ਸੈਕਸ ਸਿਰਫ਼ ਪਰਿਵਾਰ ਨੂੰ ਅੱਗੇ ਵਧਾਉਣ ਲਈ ਹੀ ਜ਼ਰੂਰੀ ਹੈ। ਜਨਮ ਨਿਯੰਤਰਣ ਦੇ ਆਧੁਨਿਕ ਤਰੀਕਿਆਂ ਨੇ ਇਸ 'ਕਾਮ' ਨੂੰ ਜਾਇਜ਼ ਕਰਾਰ ਦਿੱਤਾ ਹੈ। ਬਿਹਤਰ ਹੋਵੇਗਾ ਜੇ ਪਤਨੀਆਂ ਆਪਣੇ ਪਤੀਆਂ ਦਾ ਵਿਰੋਧ ਅਤੇ ਪਤੀ ਆਪਣੇ ਜਾਨਵਰਾਂ ਵਰਗੇ ਜਨੂੰਨ ਨੂੰ ਕਾਬੂ ਕਰਨ।"

ਕਈ ਸਾਲਾਂ ਬਾਅਦ, ਭਾਰਤ ਦੇ ਆਜ਼ਾਦ ਹੋਣ ਤੋਂ ਇੱਕ ਦਿਨ ਪਹਿਲਾਂ, ਜਦੋਂ ਹਿੰਦੂ-ਮੁਸਲਿਮ ਦੰਗਿਆਂ ਨੇ ਬੰਗਾਲ ਰਾਜ ਦੇ ਦੱਖਣੀ ਨਖਾਲੀ ਜ਼ਿਲ੍ਹੇ ਨੂੰ ਦਹਿਲਾਇਆ ਹੋਇਆ ਸੀ, ਤਾਂ ਗਾਂਧੀ ਨੇ ਇਕ ਵਿਵਾਦਪੂਰਨ ਪ੍ਰਯੋਗ ਕੀਤਾ। ਉਨ੍ਹਾਂ ਆਪਣੀ ਪੋਤੀ ਮਨੂ ਗਾਂਧੀ ਨੂੰ ਆਪਣੇ ਹੀ ਬਿਸਤਰ 'ਤੇ ਨਾਲ ਸੌਂਣ ਲਈ ਆਖਿਆ।

ਗੁਹਾ ਲਿਖਦੇ ਹਨ ਕਿ, "ਅਜਿਹਾ ਕਰਕੇ ਗਾਂਧੀ ਵਾਰ-ਵਾਰ ਆਪਣੀ ਯੌਨ ਇੱਛਾ ਦੀ ਪ੍ਰੀਖਿਆ ਲੈ ਰਹੇ ਸਨ।"

ਜੀਵਨੀਕਾਰ ਮੁਤਾਬਕ, ਗਾਂਧੀ ਮਹਿਸੂਸ ਕਰਦੇ ਸਨ ਕਿ, "ਧਾਰਮਿਕ ਹਿੰਸਾ ਦਾ ਵਾਧਾ ਉਨ੍ਹਾਂ ਦੇ ਆਪਣੇ ਪੂਰਨ ਬ੍ਰਹਮਚਾਰੀ ਬਣਨ ਵਿਚ ਅਸਫ਼ਲ ਰਹਿਣ ਨਾਲ ਜੁੜਿਆ ਹੋਇਆ ਹੈ।"

ਗਾਂਧੀ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇੰਟਰਫੇਥ ਹਾਰਮਨੀ ਲਈ ਮੁਹਿੰਮ ਚਲਾਈ, ਉਹ ਬ੍ਰਿਟੇਨ ਤੋਂ ਭਾਰਤ ਦੀ ਆਜ਼ਾਦੀ ਸਮੇਂ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵਿਚਕਾਰ ਹਿੰਸਾ ਤੋਂ ਕਾਫ਼ੀ ਚਿੰਤਾ ਵਿਚ ਆ ਗਏ ਸਨ।

ਗੁਹਾ ਲਿਖਦੇ ਹਨ, "ਗਾਂਧੀ ਇਸ ਦ੍ਰਿਸ਼ਟੀਕੋਣ ਤੱਕ ਪਹੁੰਚ ਚੁੱਕੇ ਸਨ ਕਿ ਉਨ੍ਹਾਂ ਦੇ ਆਲੇ- ਦੁਆਲੇ ਹੋ ਰਹੀ ਹਿੰਸਾ ਉਨ੍ਹਾਂ ਦੀਆਂ ਅੰਦਰਲੀਆਂ ਕਮੀਆਂ ਵਿੱਚੋਂ ਉਪਜ ਰਹੀ ਸੀ।"

ਆਪਣੇ ਸਹਿਯੋਗੀਆਂ ਨੂੰ ਆਪਣੇ "ਪ੍ਰਯੋਗ" ਬਾਰੇ ਦੱਸਣ 'ਤੇ ਗਾਂਧੀ ਨੂੰ ਕਾਫ਼ੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਇਸ ਨਾਲ ਗਾਂਧੀ ਦਾ ਨਾਂ ਖ਼ਰਾਬ ਹੋਣ ਦੀ ਚਿਤਾਵਨੀ ਦਿੰਦਿਆ ਗਾਂਧੀ ਦੇ ਸਾਥੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨਾ ਛੱਡ ਦੇਣ ਦੀ ਵੀ ਸਲਾਹ ਦਿੱਤੀ।

ਇੱਕ ਸਹਿਯੋਗੀ ਮੁਤਾਬਕ ਇਹ ਬਹੁਤ "ਅਜੀਬੋ ਗਰੀਬ ਅਤੇ ਦਲੀਲਾਂ ਨਾਲ ਨਾ ਸੁਲਝਣ ਵਾਲਾ" ਮਸਲਾ ਹੈ। ਇੱਕ ਸਹਿਯੋਗੀ ਨੇ ਵਿਰੋਧ ਵਜੋਂ ਗਾਂਧੀ ਨਾਲ ਕੰਮ ਕਰਨਾ ਹੀ ਬੰਦ ਕਰ ਦਿੱਤਾ।

ਗੁਹਾ ਨੇ ਲਿਖਿਆ ਕਿ ਅਜਿਹੇ ਅਜੀਬ ਪ੍ਰਯੋਗ ਨੂੰ ਸਮਝਣ ਲਈ ਇੱਕ ਵਿਅਕਤੀ ਨੂੰ "ਆਦਮੀਆਂ ਦੇ ਵਿਵਹਾਰ ਬਾਰੇ ਤਰਕਸ਼ੀਲ ਸਫ਼ਾਈਆਂ" ਤੋਂ ਵੀ ਪਾਰ ਦੇਖਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ:

ਤਕਰੀਬਨ 40 ਸਾਲ ਗਾਂਧੀ ਸੈਲੀਬੇਸੀ ਦੇ ਵਿਚਾਰ 'ਤੋਂ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਰਹੇ। "ਹੁਣ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ 'ਤੇ, ਜਦੋਂ ਉਹ ਆਪਣੇ ਸੰਯੁਕਤ ਭਾਰਤ ਦੇ ਸੁਫ਼ਨੇ ਨੂੰ ਖੁੱਸਦਾ ਹੋਇਆ ਦੇਖ ਰਹੇ ਸਨ ਤਾਂ ਉਹ ਸਮਾਜ ਦੀਆਂ ਕਮੀਆਂ ਨੂੰ, ਸਮਾਜ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂ, ਯਾਨਿ ਕਿ ਖ਼ੁਦ ਨਾਲ ਜੋੜ ਕੇ ਦੇਖ ਰਹੇ ਸਨ।"

ਗਾਂਧੀ ਦੇ ਇੱਕ ਨਜ਼ਦੀਕੀ ਸਾਥੀ ਅਤੇ ਪ੍ਰਸ਼ੰਸਕ ਨੇ ਬਾਅਦ ਵਿਚ ਆਪਣੇ ਮਿੱਤਰ ਨੂੰ ਲਿਖਿਆ ਕਿ ਆਗੂ ਦੀਆਂ ਲਿਖਤਾਂ ਦੇ ਅਧਿਐਨ ਤੋਂ ਇਹ ਦੇਖਿਆ ਗਿਆ ਹੈ ਕਿ ਉਹ, "ਇਕ ਸਖ਼ਤ ਅਤੇ ਸਵੈ ਅਨੁਸ਼ਾਸਿਤ ਯੌਨ ਵਿਵਹਾਰ ਦਾ ਪ੍ਰਤੀਨਿਧ ਕਰਦੇ ਸਨ, ਜੋ ਮੱਧਕਾਲੀ ਈਸਾਈ ਸਾਧੂਆਂ ਜਾਂ ਜੈਨ ਪੈਗੰਬਰਾਂ ਵਿੱਚ ਵੇਖਣ ਨੂੰ ਮਿਲਦਾ ਸੀ।"

ਇਤਿਹਾਸਕਾਰ ਪੈਟਰਿਕ ਫ਼ਰੈਂਚ ਲਿਖਦੇ ਹਨ ਕਿ ਭਾਵੇਂ ਗਾਂਧੀ ਦੇ ਕੁਝ ਵੱਖਰੇ ਖ਼ਿਆਲ ਪੁਰਾਤਨ ਹਿੰਦੂ ਸੋਚ ਵਿਚੋਂ ਉਪਜੇ ਹਨ, ਪਰ "ਉਹ ਪਿਛਲੇ ਵਿਕਟੋਰੀਅਨ ਸਮੇਂ ਦਾ ਪ੍ਰਤੀਨਿਧ ਬਿਤਰ ਕਰਦੇ ਹਨ, ਭਾਵੇਂ ਉਨ੍ਹਾਂ ਦੇ ਸੈਕਸ ਵਿਵਹਾਰ ਦੀ ਗੱਲ ਹੋਵੇ ਜਾਂ ਫਿਰ ਉਨ੍ਹਾਂ ਦੇ ਸਿਹਤ, ਖੁਰਾਕ ਅਤੇ ਸੰਪ੍ਰਦਾਇਕ ਜੀਵਨ ਬਾਰੇ ਸਿਧਾਂਤਾਂ ਦੀ ਗੱਲ ਹੋਵੇ।"

ਇਹ ਸਪੱਸ਼ਟ ਹੈ ਕਿ ਗਾਂਧੀ ਦਾ ਔਰਤਾਂ ਪ੍ਰਤੀ ਰਵੱਈਆ ਬਹੁਤ ਗੁੰਝਲਦਾਰ ਅਤੇ ਤਰਕਸੰਗਤ ਹੈ।

ਉਹ ਮਰਦਾਂ ਲਈ ਆਪਣੇ ਆਪ ਨੂੰ ਹੋਰ ਆਕਰਸ਼ਕ ਬਣਾਉਣ ਵਾਲੀਆਂ ਔਰਤਾਂ ਪ੍ਰਤੀ ਵਿਰੋਧੀ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਗੁਹਾ ਮੁਤਾਬਕ ਉਹ "ਆਧੁਨਿਕ ਵਾਲਾਂ ਦੇ ਸਟਾਇਲ ਅਤੇ ਕੱਪੜਿਆਂ" ਨੂੰ ਪਸੰਦ ਨਹੀਂ ਕਰਦੇ ਸਨ।

"ਇਹ ਕਿੰਨਾ ਤਰਸਯੋਗ ਹੈ", ਉਹ ਮਨੂ ਗਾਂਧੀ ਨੂੰ ਲਿਖਦੇ ਹਨ, "ਕਿ ਨਵੇਂ ਜ਼ਮਾਨੇ ਦੀ ਇੱਕ ਮਹਿਲਾ ਆਪਣੀ ਸਿਹਤ ਅਤੇ ਤਾਕਤ ਦੀ ਸੁਰੱਖਿਆ ਦੇ ਮੁਕਾਬਲੇ ਨਵੇਂ ਫੈਸ਼ਨ ਨਾਲ ਖ਼ੁਦ ਨੂੰ ਜੋੜਨ ਨੂੰ ਜ਼ਿਆਦਾ ਅਹਿਮੀਅਤ ਦਿੰਦੀ ਹੈ।" ਉਹ ਮੁਸਲਿਮ ਔਰਤਾਂ ਲਈ ਪਰਦੇ ਦੀ ਵੀ ਆਲੋਚਨਾ ਕਰਦੇ ਕਹਿੰਦੇ ਸਨ ਕਿ, "ਇਸ ਨਾਲ ਔਰਤਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਪੂਰੀ ਤਰ੍ਹਾਂ ਹਵਾ ਅਤੇ ਰੌਸ਼ਨੀ ਨਾ ਮਿਲਣ ਨਾਲ ਉਨ੍ਹਾਂ ਨੂੰ ਬਿਮਾਰੀਆਂ ਦਾ ਵੀ ਖ਼ਤਰਾ ਰਹਿੰਦਾ ਹੈ।"

ਇਸ ਦੇ ਨਾਲ ਹੀ ਗਾਂਧੀ ਔਰਤਾਂ ਦੇ ਅਧਿਕਾਰਾਂ ਵਿੱਚ ਵਿਸ਼ਵਾਸ ਰਖਦੇ ਸਨ ਅਤੇ ਔਰਤਾਂ-ਆਦਮੀਆਂ ਵਿਚ ਬਰਾਬਰੀ ਦੀ ਗੱਲ ਕਰਦੇ ਸਨ।

ਦੱਖਣੀ ਅਫ਼ਰੀਕਾ ਵਿਚ ਉਨ੍ਹਾਂ ਦੇ ਸਿਆਸੀ ਅਤੇ ਸਮਾਜਿਕ ਅੰਦੋਲਨ ਵਿਚ ਮਹਿਲਾਵਾਂ ਵੀ ਸ਼ਾਮਲ ਹੋਈਆਂ। ਉਨ੍ਹਾਂ ਦੁਆਰਾ ਇੱਕ ਮਹਿਲਾ, ਸਰੋਜਨੀ ਨਾਇਡੂ ਨੂੰ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ।

ਇਹ ਉਹ ਸਮਾਂ ਸੀ ਜਦੋਂ ਪੱਛਮ ਦੀਆਂ ਸਿਆਸੀ ਪਾਰਟੀਆਂ 'ਚ ਮਹਿਲਾ ਆਗੂ ਘੱਟ ਹੀ ਦੇਖੀਆਂ ਜਾਂਦੀਆਂ ਸਨ। ਉਨ੍ਹਾਂ ਨੇ ਔਰਤਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਕਿਹਾ।

ਬਰਤਾਨੀਆ ਦੇ ਲੂਣ ਇੰਦਰਾਅ ਅਤੇ ਲੂਣ ਟੈਕਸ ਖਿਲਾਫ਼ ਕੱਢੇ ਗਏ ਮਾਰਚ ਵਿਚ ਬਹੁਤ ਸਾਰੀਆਂ ਔਰਤਾਂ ਵੱਲੋਂ ਹਿੱਸਾ ਲਿਆ ਗਿਆ।

ਗੁਹਾ ਲਿਖਦੇ ਹਨ ਕਿ, "ਗਾਂਧੀ ਨੇ ਆਧੁਨਿਕ ਨਾਰੀਵਾਦ ਦੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ।"

ਇਹ ਵੀ ਪੜ੍ਹੋ:

"ਔਰਤਾਂ ਦੀ ਸਿੱਖਿਆ ਦਾ ਜ਼ੋਰਦਾਰ ਤਰੀਕੇ ਨਾਲ ਸਮਰਥਨ ਕਰਦੇ ਹੋਏ, ਅਤੇ ਔਰਤਾਂ ਦੇ ਦਫਤਰਾਂ ਅਤੇ ਫੈਕਟਰੀਆਂ ਵਿਚ ਕੰਮ ਕਰਨ ਦੇ ਖ਼ਿਆਲ ਨਾਲ ਸਹਿਮਤੀ ਰੱਖਦੇ ਹੋਏ, ਉਹ ਸੋਚਦੇ ਹਨ ਕਿ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਘਰੇਲੂ ਕੰਮ-ਕਾਜ ਦਾ ਬੋਝ ਔਰਤਾਂ ਦੁਆਰਾ ਚੁੱਕਿਆ ਜਾਣਾ ਚਾਹੀਦਾ ਹੈ। ਸਾਡੇ ਸਮੇਂ ਦੇ ਮਿਆਰ ਅਨੁਸਾਰ ਗਾਂਧੀ ਨੂੰ ਰੂੜੀਵਾਦੀ ਮੰਨਣਾ ਚਾਹੀਦਾ ਹੈ। ਹਾਲਾਂਕਿ, ਉਹ ਆਪਣੇ ਸਮੇਂ ਦੇ ਹਿਸਾਬ ਨਾਲ, ਬਿਨ੍ਹਾਂ ਸ਼ੱਕ ਪ੍ਰਗਤੀਸ਼ੀਲ ਸਨ।"

ਗੁਹਾ ਮੰਨਦੇ ਹਨ ਕਿ ਜਦੋਂ ਭਾਰਤ 1947 ਵਿਚ ਆਜ਼ਾਦ ਹੋਇਆ ਤਾਂ ਇਸ ਵਿਰਾਸਤ ਨੇ ਦੇਸ ਨੂੰ ਇਕ ਮਹਿਲਾ ਗਵਰਨਰ ਅਤੇ ਇਕ ਮਹਿਲਾ ਕੈਬਨਿਟ ਮੰਤਰੀ ਦੇਣ ਵਿਚ ਮਦਦ ਕੀਤੀ।

ਲੱਖਾਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦਾ ਕੰਮ ਵੀ ਔਰਤਾਂ ਦੇ ਇੱਕ ਸ਼ਕਤੀਸ਼ਾਲੀ ਸਮੂਹ ਦੁਆਰਾ ਹੀ ਚਲਾਇਆ ਗਿਆ ਸੀ। ਸਭ ਤੋਂ ਉੱਚੀਆਂ ਅਮਰੀਕੀ ਯੂਨੀਵਰਸਿਟੀਆਂ ਵੱਲੋਂ ਮਹਿਲਾ ਪ੍ਰਧਾਨਾਂ ਦੀ ਚੋਣ ਤੋਂ ਕਈ ਦਹਾਕੇ ਪਹਿਲਾਂ, ਭਾਰਤ ਦੀ ਇੱਕ ਸਿਖ਼ਰ ਦੀ ਯੂਨੀਵਰਸਿਟੀ ਨੇ ਇਕ ਮਹਿਲਾ ਨੂੰ ਵਾਈਸ-ਚਾਂਸਲਰ ਵਜੋਂ ਚੁਣਿਆ।

ਗੁਹਾ ਕਹਿੰਦੇ ਹਨ ਕਿ 1940 ਅਤੇ 1950 ਦੇ ਦਹਾਕੇ ਵਿਚ ਭਾਰਤ ਦੇ ਜਨਤਕ ਜੀਵਨ ਵਿਚ ਔਰਤਾਂ ਦੀ ਭੂਮਿਕਾ, ਉਸੇ ਸਮੇਂ ਦੌਰਾਨ ਅਮਰੀਕਾ ਵਿਚ ਔਰਤਾਂ ਦੀ ਭੂਮਿਕਾ ਦੇ ਬਰਾਬਰ ਸੀ।

ਉਹ ਕਹਿੰਦੇ ਹਨ ਕਿ ਅਜੀਬੋ-ਗਰੀਬ "ਸੱਚ ਨਾਲ ਕੀਤੇ ਗਏ ਪ੍ਰਯੋਗਾਂ" ਦੇ ਬਾਵਜੂਦ, ਇਨ੍ਹਾਂ ਨੂੰ ਗਾਂਧੀ ਦੀਆਂ ਘੱਟ ਪ੍ਰਸਿੱਧ ਪਰ ਅਹਿਮ ਉਪਲਬਧੀਆਂ ਵਿਚ ਗਿਣਿਆ ਜਾਣਾ ਚਾਹੀਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।