You’re viewing a text-only version of this website that uses less data. View the main version of the website including all images and videos.
ਮਹਾਤਮਾ ਗਾਂਧੀ: ਕੀ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਕਤਲ 'ਚ ਆਰਐੱਸਐਸ ਦੀ ਸ਼ਮੂਲੀਅਤ ਸੀ
- ਲੇਖਕ, ਰਜਨੀਸ਼ ਕੁਮਾਰ
- ਰੋਲ, ਪੱਤਰਕਾਰ, ਬੀਬੀਸੀ
"ਗਾਂਧੀ ਜੀ ਨੂੰ ਮਾਰਿਆ ਇਨ੍ਹਾਂ ਨੇ। ਆਰਐੱਸਐੱਸ ਦੇ ਲੋਕਾਂ ਨੇ ਹੀ ਗਾਂਧੀ ਜੀ ਨੂੰ ਗੋਲੀ ਮਾਰੀ ਅਤੇ ਅੱਜ ਉਨ੍ਹਾਂ ਦੇ ਲੋਕ ਗਾਂਧੀ ਜੀ ਦੀ ਗੱਲ ਕਰਦੇ ਹਨ।"
ਰਾਹੁਲ ਗਾਂਧੀ ਨੇ ਇਹ ਗੱਲ 2014 ਵਿੱਚ 6 ਮਾਰਚ ਨੂੰ ਮਹਾਂਰਾਸ਼ਟਰ ਦੇ ਭਿਵੰਡੀ ਵਿੱਚ ਇੱਕ ਚੋਣ ਰੈਲੀ ਦੌਰਾਨ ਕਹੀ ਸੀ। ਰਾਹੁਲ ਗਾਂਧੀ ਦੇ ਇਸ ਭਾਸ਼ਨ 'ਤੇ ਆਰਐੱਸਐੱਸ ਦੇ ਇੱਕ ਵਰਕਰ ਰਾਜੇਸ਼ ਕੁੰਤੇ ਨੇ ਮੁਕੱਦਮਾ ਦਰਜ ਕਰਵਾਇਆ ਅਤੇ 2016 ਵਿੱਚ ਭਿਵੰਡੀ ਦੀ ਇੱਕ ਅਦਾਲਤ ਨੇ ਰਾਹੁਲ ਨੂੰ ਜ਼ਮਾਨਤ ਦੇ ਦਿੱਤੀ।
ਇਹ ਮਾਮਲਾ ਹਾਲੇ ਖ਼ਤਮ ਨਹੀਂ ਹੋਇਆ ਹੈ। 12 ਜੂਨ, 2018 ਨੂੰ ਰਾਹੁਲ ਗਾਂਧੀ ਭਿਵੰਡੀ ਦੀ ਅਦਾਲਤ ਵਿੱਚ ਹਾਜ਼ਰ ਹੋਏ ਅਤੇ ਕਿਹਾ ਕਿ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ। ਜੱਜ ਨੇ ਤੈਅ ਕੀਤਾ ਹੈ ਕਿ ਰਾਹੁਲ ਦੇ ਖਿਲਾਫ਼ ਮੁਕੱਦਮਾ ਚੱਲੇਗਾ।
ਹੁਣ ਰਾਹੁਲ ਗਾਂਧੀ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨਗੇ। ਰਾਹੁਲ ਨੇ ਕਿਹਾ ਕਿ ਇਹ ਵਿਚਾਰਧਾਰਾ ਦੀ ਲੜਾਈ ਹੈ ਅਤੇ ਉਹ ਪਿੱਛੇ ਨਹੀਂ ਹਟਣਗੇ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 2016 ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਐੱਫ਼ਆਈਆਰ ਰੱਦ ਕੀਤੀ ਜਾਵੇ ਪਰ ਬਾਅਦ ਵਿੱਚ ਉਨ੍ਹਾਂ ਨੇ ਇਹ ਪਟੀਸ਼ਨ ਇਹ ਕਹਿੰਦੇ ਹੋਏ ਵਾਪਸ ਲੈ ਲਈ ਸੀ ਕਿ ਉਹ ਆਰਐੱਸਐੱਸ ਨਾਲ ਕੋਰਟ ਵਿੱਚ ਲੜਣਾ ਚਾਹੁੰਦੇ ਹਨ।
ਆਰਐੱਸਐੱਸ ਦਾ ਕਹਿਣਾ ਹੈ ਕਿ ਜੇ ਰਾਹੁਲ ਜਨਤਕ ਤੌਰ 'ਤੇ ਮੁਆਫ਼ੀ ਮੰਗ ਲੈਣ ਤਾਂ ਮੁਕੱਦਮਾ ਵਾਪਸ ਲੈ ਲਿਆ ਜਾਵੇਗਾ।
ਰਾਹੁਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਕਿਹਾ ਹੈ ਉਸ ਦੇ ਹਰ ਸ਼ਬਦ 'ਤੇ ਉਹ ਡਟੇ ਰਹਿਣਗੇ।
ਗਾਂਧੀ ਦੇ ਕਤਲ ਕਰਨ ਵਾਲਿਆਂ ਨੂੰ ਲੈ ਕੇ ਕੋਈ ਰਹੱਸ ਨਹੀਂ ਹੈ, ਸਵਾਲ ਇਹ ਹੈ ਕਿ ਆਰਐੱਸਐੱਸ ਨਾਲ ਉਨ੍ਹਾਂ ਦਾ ਕੋਈ ਸਬੰਧ ਸੀ ਜਾਂ ਨਹੀਂ?
ਗਾਂਧੀ ਦਾ ਕਤਲ ਕਿਸ ਨੇ ਕੀਤਾ ਸੀ?
ਮਹਾਤਮਾ ਗਾਂਧੀ 30 ਜਨਵਰੀ, 1948 ਨੂੰ ਦਿੱਲੀ ਦੇ ਬਿਰਲਾ ਭਵਨ ਵਿੱਚ ਸ਼ਾਮ ਦੀ ਪ੍ਰਾਰਥਨਾ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ। ਇਸੇ ਦੌਰਾਨ ਨੱਥੂਰਾਮ ਵਿਨਾਇਕ ਗੋਡਸੇ ਨੇ ਗਾਂਧੀ ਨੂੰ ਗੋਲੀ ਮਾਰ ਦਿੱਤੀ ਸੀ।
ਕੇਂਦਰ ਸਰਕਾਰ ਦੇ ਹੁਕਮ 'ਤੇ ਗਾਂਧੀ ਦੇ ਕਤਲ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਲਈ ਲਾਲ ਕਿਲੇ ਦੇ ਅੰਦਰ ਇੱਕ ਖ਼ਾਸ ਅਦਾਲਤ ਦਾ ਗਠਨ ਕੀਤਾ ਗਿਆ ਸੀ।
ਇੱਥੇ ਹੀ ਹੋਈ ਅਦਾਲਤੀ ਸੁਣਵਾਈ ਵਿੱਚ 8 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਗੋਡਸੇ ਅਤੇ ਕਤਲ ਦੀ ਸਾਜਿਸ਼ ਰਚਨ ਵਾਲੇ ਨਾਰਾਇਣ ਆਪਟੇ ਨੂੰ ਕਤਲ ਦੇ ਅਪਰਾਧ ਲਈ 15 ਨਵੰਬਰ, 1949 ਨੂੰ ਫਾਂਸੀ ਦੇ ਦਿੱਤੀ ਗਈ।
ਗੋਡਸੇ ਨੇ ਗਾਂਧੀ ਦਾ ਕਤਲ ਕਿਉਂ ਕੀਤਾ?
'ਗਾਂਧੀ ਵਧ ਕਿਉਂ' ਕਿਤਾਬ ਵਿੱਚ ਨੱਥੂਰਾਮ ਦੇ ਭਰਾ ਗੋਪਾਲ ਗੋਡਸੇ ਨੇ ਲਿਖਿਆ ਹੈ, "ਜੇ ਦੇਸ਼ਭਗਤੀ ਪਾਪ ਹੈ ਤਾਂ ਮੈਂ ਮੰਨਦਾ ਹਾਂ ਮੈਂ ਪਾਪ ਕੀਤਾ ਹੈ। ਜੇ ਇਹ ਸ਼ਲਾਘਾਯੋਗ ਹੈ ਤਾਂ ਖੁਦ ਨੂੰ ਉਸ ਸ਼ਲਾਘਾ ਦਾ ਅਧਿਕਾਰੀ ਮੰਨਦਾ ਹਾਂ। ਮੈਨੂੰ ਭਰੋਸਾ ਹੈ ਕਿ ਮਨੁੱਖਾਂ ਤੋਂ ਉੱਤੇ ਕੋਈ ਅਦਾਲਤ ਹੋਵੇ ਤਾਂ ਉਸ ਵਿੱਚ ਮੇਰੇ ਕੰਮ ਨੂੰ ਅਪਰਾਧ ਨਹੀਂ ਮੰਨਿਆ ਜਾਵੇਗਾ। ਮੈਂ ਦੇਸ ਅਤੇ ਜਾਤੀ ਦੀ ਭਲਾਈ ਲਈ ਇਹੀ ਕੰਮ ਕੀਤਾ ਹੈ। ਮੈਂ ਉਸ ਸ਼ਖ਼ਸ 'ਤੇ ਗੋਲੀ ਚਲਾਈ ਜਿਸ ਦੀ ਨੀਤੀ ਨਾਲ ਹਿੰਦੂਆਂ 'ਤੇ ਮੁਸੀਬਤ ਆਈ, ਹਿੰਦੂ ਨਸ਼ਟ ਹੋਏ।"
ਨੱਥੂਰਾਮ ਗੋਡਸੇ ਕਿਸੇ ਜ਼ਮਾਨੇ ਵਿੱਚ ਆਰਐੱਸਐੱਸ ਦੇ ਮੈਂਬਰ ਰਹੇ ਸਨ ਪਰ ਬਾਅਦ ਵਿੱਚ ਉਹ ਹਿੰਦੂ ਮਹਾਂਸਭਾ ਵਿੱਚ ਆ ਗਏ ਸੀ। ਹਾਲਾਂਕਿ 2016 ਵਿੱਚ ਅੱਠ ਸਿਤੰਬਰ ਨੂੰ 'ਇਕਨੌਮਿਕ ਟਾਈਮਜ਼' ਨੂੰ ਦਿੱਤੇ ਇੰਟਰਵਿਊ ਵਿੱਚ ਗੋਡਸੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ 'ਗੋਡਸੇ ਨੇ ਨਾ ਤਾਂ ਕਦੇ ਆਰਐੱਸਐੱਸ ਛੱਡਿਆ ਸੀ ਅਤੇ ਨਾਂ ਹੀ ਉਨ੍ਹਾਂ ਨੂੰ ਕੱਢਿਆ ਗਿਆ ਸੀ।'
ਨੱਥੂਰਾਮ ਗੋਡਸੇ ਅਤੇ ਵਿਨਾਇਕ ਦਾਮੋਦਰ ਸਾਵਰਕਰ ਦੇ ਵੰਸ਼ਜ ਸਤਿਆਕੀ ਗੋਡਸੇ ਨੇ 'ਇਕਨੌਮਿਕ ਟਾਈਮਜ਼' ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਨੱਥੂਰਾਮ ਜਦੋਂ ਸਾਂਗਲੀ ਵਿੱਚ ਸਨ ਉਦੋਂ ਉਹ 1932 ਵਿੱਚ ਆਰਐੱਸਐੱਸ ਵਿੱਚ ਸ਼ਾਮਿਲ ਹੋ ਗਏ ਸਨ। ਉਹ ਜਦੋਂ ਤੱਕ ਜ਼ਿੰਦਾ ਰਹੇ ਉਦੋਂ ਤੱਕ ਸੰਘ ਦੇ ਬੌਧਿਕ ਚਾਲਕ ਰਹੇ। ਉਨ੍ਹਾਂ ਨੇ ਨਾ ਤਾਂ ਕਦੇ ਸੰਗਠਨ ਛੱਡਿਆ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੱਢਿਆ ਗਿਆ ਸੀ।"
ਗਾਂਧੀ ਦਾ ਕਤਲ ਅਤੇ ਆਰਐੱਸਐੱਸ
ਮਹਾਤਮਾ ਗਾਂਧੀ ਦੇ ਕਤਲ ਦੇ ਤਾਰ ਆਰਐੱਸਐੱਸ ਨਾਲ ਜੋੜੇ ਜਾਂਦੇ ਰਹੇ ਹਨ। ਨਵਜੀਵਨ ਪ੍ਰਕਾਸ਼ਨ ਅਹਿਮਦਾਬਾਦ ਤੋਂ ਪ੍ਰਕਾਸ਼ਿਤ ਗਾਂਧੀ ਦੇ ਨਿੱਜੀ ਸਕੱਤਰ ਰਹੇ ਪਿਆਰੇ ਲਾਲ ਨਈਅਰ ਨੇ ਆਪਣੀ ਕਿਤਾਬ 'ਮਹਾਤਮਾ ਗਾਂਧੀ: ਲਾਸਟ ਫੇਜ਼' (ਪੰਨੇ ਨੰ.-70) ਵਿੱਚ ਲਿਖਿਆ ਹੈ, "ਆਰਐੱਸਐੱਸ ਦੇ ਮੈਂਬਰਾਂ ਨੂੰ ਕੁਝ ਥਾਵਾਂ 'ਤੇ ਪਹਿਲਾਂ ਹੀ ਹੁਕਮ ਮਿਲੇ ਸਨ ਕਿ ਸ਼ੁਕਰਵਾਰ ਨੂੰ ਚੰਗੀ ਖ਼ਬਰ ਲਈ ਰੇਡੀਓ ਖੋਲ੍ਹ ਕੇ ਰੱਖਿਓ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਆਰਐੱਸਐੱਸ ਦੇ ਮੈਂਬਰਾਂ ਨੇ ਮਿਠਾਈ ਵੰਡੀ ਸੀ।"
ਗਾਂਧੀ ਦੇ ਕਤਲ ਦੇ ਦੋ ਦਹਾਕੇ ਬਾਅਦ ਆਰਐੱਸਐੱਸ ਦੇ ਮੁੱਖ ਪੱਤਰ 'ਆਰਗੇਨਾਈਜ਼ਰ' ਨੇ 11 ਜਨਵਰੀ 1970 ਦੇ ਸੰਪਾਦਕੀ ਵਿੱਚ ਲਿਖਿਆ ਸੀ, "ਨਹਿਰੂ ਦੇ ਪਾਕਿਸਤਾਨ ਹਮਾਇਤੀ ਹੋਣ ਅਤੇ ਗਾਂਧੀ ਦਾ ਕਤਲ ਜਨਤਾ ਦੇ ਗੁੱਸੇ ਦਾ ਇਜ਼ਹਾਰ ਸੀ।"
ਗਾਂਧੀ ਦੇ ਕਤਲ ਨਾਲ ਜੁੜੇ ਕੁਝ ਹੋਰ ਤੱਥ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ 22 ਮਾਰਚ 1965 ਨੂੰ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ। 21 ਨਵੰਬਰ, 1966 ਨੂੰ ਇਸ ਜਾਂਚ ਕਮਿਸ਼ਨ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਜੇਐੱਲ ਕਪੂਰ ਨੂੰ ਦਿੱਤੀ ਗਈ।
ਕਪੂਰ ਕਮਿਸ਼ਨ ਦੀ ਰਿਪੋਰਟ ਵਿੱਚ ਸਮਾਜਵਾਦੀ ਆਗੂ ਜੈਪ੍ਰਕਾਸ਼ ਨਰਾਇਣ, ਰਾਮਮਨੋਹਰ ਲੋਹੀਆ ਅਤੇ ਕਮਲਾਦੇਵੀ ਚੱਟੋਪਾਧਿਆਏ ਦੀ ਪ੍ਰੈੱਸ ਕਾਨਫਰੰਸ ਵਿੱਚ ਉਸ ਬਿਆਨ ਦਾ ਜ਼ਿਕਰ ਹੈ ਜਿਸ ਵਿੱਚ ਇਨ੍ਹਾਂ ਨੇ ਕਿਹਾ ਸੀ ਕਿ 'ਗਾਂਧੀ ਦੇ ਕਤਲ ਲਈ ਕੋਈ ਇੱਕ ਸ਼ਖ਼ਸ ਜ਼ਿੰਮੇਵਾਰ ਨਹੀਂ ਹੈ ਸਗੋਂ ਇਸ ਦੇ ਪਿੱਛੇ ਇੱਕ ਵੱਡੀ ਸਾਜਿਸ਼ ਅਤੇ ਸੰਗਠਨ ਹੈ।'
ਇਸ ਸੰਗਠਨ ਵਿੱਚ ਇਨ੍ਹਾਂ ਨੇ ਆਰਐੱਸਐੱਸ, ਹਿੰਦੂ ਮਹਾਸਭਾ ਅਤੇ ਮੁਸਲਿਮ ਲੀਗ ਦਾ ਨਾਮ ਲਿਆ ਸੀ।
ਗਾਂਧੀ ਦੇ ਅੰਤਿਮ ਸਸਕਾਰ ਤੋਂ ਠੀਕ ਬਾਅਦ 31 ਜਨਵਰੀ ਨੂੰ ਕੈਬਨਿਟ ਦੀ ਬੈਠਕ ਸੱਦੀ ਗਈ। ਇਸ ਬੈਠਕ ਵਿੱਚ ਕੈਬਨਿਟ ਦੇ ਸੀਨੀਅਰ ਮੰਤਰੀ, ਵੱਡੇ ਅਧਿਕਾਰੀ ਅਤੇ ਪੁਲਿਸ ਦੇ ਲੋਕ ਸ਼ਾਮਿਲ ਸਨ। ਇਸ ਵਿੱਚ ਆਰਐੱਸਐੱਸ ਅਤੇ ਹਿੰਦੂ ਮਹਾਸਭਾ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ ਗਿਆ।
ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਆਪਣੀ ਕਿਤਾਬ 'ਲੈਟਸ ਕਿੱਲ ਗਾਂਧੀ' ਵਿੱਚ ਲਿਖਿਆ ਹੈ, "ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਧੀ ਮਣੀਬੇਨ ਪਟੇਲ ਨੇ ਕਪੂਰ ਕਮਿਸ਼ਨ ਨੂੰ ਕਿਹਾ ਸੀ ਕਿ ਪਾਬੰਦੀ ਦੇ ਫ਼ੈਸਲੇ ਦੀ ਅਗਲੀ ਸਵੇਰ ਨੂੰ ਉਨ੍ਹਾਂ ਦੇ ਪਿਤਾ ਨੂੰ ਆਰਐੱਸਐੱਸ ਦੇ ਲੋਕ ਮਿਲਣ ਆਏ। ਮਣੀਬੇਨ ਨੇ ਕਿਹਾ ਕਿ ਇੱਕ ਫਰਵਰੀ 1948 ਨੂੰ ਵੀ ਉਨ੍ਹਾਂ ਦੇ ਪਿਤਾ ਨੂੰ ਆਰਐੱਸਐੱਸ ਦੇ ਲੋਕ ਮਿਲਣ ਆਏ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਸੰਗਠਨ ਗਾਂਧੀ ਦੇ ਕਤਲ ਵਿੱਚ ਸ਼ਾਮਿਲ ਨਹੀਂ ਹੈ।"
ਆਰਐੱਸਐੱਸ 'ਤੇ ਪਾਬੰਦੀ ਲਗਾਉਣ ਦਾ ਕੈਬਨਿਟ ਦਾ ਫ਼ੈਸਲਾ ਲੀਕ ਹੋ ਗਿਆ। ਤੁਸ਼ਾਰ ਗਾਂਧੀ ਨੇ ਆਪਣੀ ਕਿਤਾਬ ਵਿੱਚ ਕਪੂਰ ਕਮਿਸ਼ਨ ਨੂੰ ਦਿੱਤੇ ਇੱਕ ਗਵਾਹ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਾਬੰਦੀ ਦੀ ਖ਼ਬਰ ਸੁਣ ਕੇ ਆਰਐੱਸਐੱਸ ਆਗੂ ਅੰਡਰ ਗਰਾਊਂਡ ਹੋ ਗਏ।
ਆਰਐੱਸਐੱਸ 'ਤੇ ਇਹ ਪਾਬੰਦੀ ਫਰਵਰੀ 1948 ਤੋਂ ਜੁਲਾਈ 1949 ਤੱਕ ਰਹੀ ਸੀ।
ਕਪੂਰ ਕਮਿਸ਼ਨ ਵਿੱਚ ਤਤਕਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਧੀ ਮਣੀਬੇਨ ਪਟੇਲ ਨੂੰ ਵੀ ਗਵਾਹ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਉਹ ਗਵਾਹ ਨੰਬਰ 79 ਸੀ। ਉਨ੍ਹਾਂ ਨੇ ਕਪੂਰ ਕਮਿਸ਼ਨ ਨੂੰ ਕਿਹਾ ਸੀ, "ਇੱਕ ਮੀਟਿੰਗ ਵਿੱਚ ਮੇਰੇ ਪਿਤਾ ਨੂੰ ਜੈਪ੍ਰਕਾਸ਼ ਨਾਰਾਇਣ ਨੇ ਜਨਤਕ ਤੌਰ 'ਤੇ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਦੱਸਿਆ। ਉਸ ਬੈਠਕ ਵਿੱਚ ਮੌਲਾਨਾ ਆਜ਼ਾਦ ਵੀ ਸਨ ਪਰ ਉਨ੍ਹਾਂ ਨੇ ਇਸ ਦਾ ਵਿਰੋਧ ਨਹੀਂ ਕੀਤਾ ਅਤੇ ਇਹ ਮੇਰੇ ਪਿਤਾ ਲਈ ਗਹਿਰਾ ਝਟਕਾ ਸੀ।"
ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਇੱਕ ਪੁਲਿਸ ਅਫ਼ਸਰ ਬੀਬੀਐੱਸ ਜੇਟਲੀ ਕੋਲੋਂ ਕਪੂਰ ਕਮਿਸ਼ਨ ਨੇ ਪੁੱਛਿਆ ਸੀ ਕਿ ਗਾਂਧੀ ਜਦੋਂ ਜ਼ਿਲ੍ਹਿਆਂ ਦਾ ਦੌਰਾ ਕਰਦੇ ਸਨ ਤਾਂ ਉਹ ਸੁਰੱਖਿਅਤ ਕਿਵੇਂ ਰਹਿੰਦੇ ਸਨ?
ਇਸ 'ਤੇ ਜੇਟਲੀ ਨੇ ਕਿਹਾ ਸੀ, "ਸਥਾਨਕ ਪੁਲਿਸ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਸੀ। ਬਿਨਾਂ ਵਰਦੀ ਦੇ ਆਮ ਕਪੜਿਆਂ ਵਿੱਚ ਪੁਲਿਸ ਵਾਲਿਆਂ ਨੂੰ ਬੁਲਾ ਕੇ ਉਨ੍ਹਾਂ ਦੀ ਰਣਨੀਤਿਕ ਤੌਰ 'ਤੇ ਤੈਨਾਤੀ ਕੀਤੀ ਜਾਂਦੀ ਸੀ।"
ਜੇਟਲੀ ਨੇ ਕਪੂਰ ਕਮਿਸ਼ਨ ਨੂੰ ਕਿਹਾ ਸੀ, "ਮੈਂ ਮਹਾਤਮਾ ਗਾਂਧੀ ਨੂੰ ਆਰਐੱਸਐੱਸ ਕੋਲੋਂ ਜ਼ਬਤ ਕੀਤੇ ਹਥਿਆਰਾਂ ਦਿਖਾਏ ਸੀ ਅਤੇ ਗ੍ਰਹਿ ਮੰਤਰੀ ਨੂੰ ਕਿਹਾ ਸੀ ਕਿ ਆਰਐੱਸਐੱਸ ਵੱਲੋਂ ਕੁਝ ਗੰਭੀਰ ਵਾਰਦਾਤ ਹੋ ਸਕਦੀ ਹੈ।"
ਕਪੂਰ ਕਮਿਸ਼ਨ ਦੀ ਜਾਂਚ ਰਿਪੋਰਟ ਵਿੱਚ ਅਲਵਰ ਸ਼ਹਿਰ ਦੀਆਂ ਗਤੀਵਿਧੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਵਿਦੇਸ਼ੀ ਸ਼ਖ਼ਸ ਸਾਧੂ ਦਾ ਰੂਪ ਧਾਰ ਕੇ ਸਥਾਨਕ ਹਿੰਦੀ ਮਹਾਸਭਾ ਦੇ ਸਕੱਤਰ ਗਿਰਧਰ ਸਿੱਧਾ ਨਾਲ ਰਹਿ ਰਿਹਾ ਸੀ।
ਇਸ ਵਿਦੇਸ਼ੀ ਵਿਅਕਤੀ ਨੇ ਕਪੂਰ ਕਮਿਸ਼ਨ ਨੂੰ ਕਿਹਾ ਹੈ ਕਿ 'ਅਲਵਰ ਵਿੱਚ ਗਾਂਧੀ ਦੇ ਕਤਲ ਨਾਲ ਜੁੜਿਆ ਇੱਕ ਪੈਂਫਲੇਟ ਸ਼ਾਮ ਨੂੰ ਤਿੰਨ ਵਜੇ ਹੀ ਛੱਪ ਗਿਆ ਸੀ ਜਦੋਂਕਿ ਕਤਲ ਉਸ ਦਿਨ ਸ਼ਾਮ ਨੂੰ 5 ਵਜ ਕੇ 17 ਮਿੰਟ 'ਤੇ ਹੋਇਆ ਸੀ। ਅਲਵਰ ਵਿੱਚ ਆਰਐੱਸਐੱਸ ਦੇ ਲੋਕਾਂ ਨੇ ਵੀ ਖੁਸ਼ੀ ਵਿੱਚ ਮਿਠਾਈ ਵੰਡੀ ਸੀ ਅਤੇ ਪਿਕਨਿਕ ਮਨਾਈ ਸੀ।' (ਤੁਸ਼ਾਰ ਗਾਂਧੀ, ਪੰਨਾ 770)
17 ਜਨਵਰੀ 1948 ਨੂੰ ਇਸ ਕੇਸ ਵਿੱਚ 8ਵੇਂ ਮੁਲਜ਼ਮ ਡਾਕਟਰ ਦੱਤਾਤ੍ਰੇਅ ਸਦਾਸ਼ਿਵ ਰਪਚੁਰੇ ਨੇ 15 ਪੰਨਿਆਂ ਦਾ ਬਿਆਨ ਕੋਰਟ ਵਿੱਚ ਪੜ੍ਹਿਆ ਸੀ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਸੀ, "ਮੈਂ ਨੱਥੂਰਾਮ ਗੋਡਸੇ ਨੂੰ ਜਾਣਦਾ ਹਾਂ। ਉਹ ਆਰਐੱਸਐੱਸ ਵਿੱਚ ਮੁੱਖ ਸੰਗਠਨਕਰਤਾ ਸੀ। ਉਹ 'ਹਿੰਦੂ ਰਾਸ਼ਟਰ' ਨਾਮ ਨਾਲ ਇੱਕ ਅਖਬਾਰ ਕੱਢਦਾ ਸੀ।"
'ਆਰਐੱਸਐੱਸ ਹੁਣ ਗਾਂਧੀਵਾਦੀ ਬਣ ਗਿਆ ਹੈ'
ਨੱਥੂਰਾਮ ਗੋਡਸੇ ਦੇ ਭਰਾ ਗੋਪਾਲ ਗੋਡਸੇ ਨੇ 28 ਜਵਰੀ, 1994 ਨੂੰ ਫਰੰਟਲਾਈਨ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਅਸੀਂ ਸਾਰੇ ਭਰਾ ਆਰਐੱਸਐੱਸ ਵਿੱਚ ਸੀ। ਨੱਥੂਰਾਮ, ਦੱਤਾਤ੍ਰੇਅ, ਮੈਂ ਖੁਦ ਅਤੇ ਗੋਵਿੰਦ। ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਪਣੇ ਘਰ ਨਹੀਂ, ਆਰਐੱਸਐੱਸ ਵਿੱਚ ਪਲੇ-ਵੱਡੇ ਹੋਏ ਹਾਂ। ਆਰਐੱਸਐੱਸ ਸਾਡੇ ਲਈ ਪਰਿਵਾਰ ਸੀ। ਨੱਥੂਰਾਮ ਆਰਐੱਸਐੱਸ ਵਿੱਚ ਬੁੱਧੀਜੀਵੀ ਨਿਗਰਾਨ ਬਣ ਗਏ ਸੀ। ਨੱਥੂਰਾਮ ਨੇ ਆਪਣੇ ਬਿਆਨ ਵਿੱਚ ਆਰਐੱਸਐੱਸ ਛੱਡਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਇਹ ਬਿਆਨ ਇਸ ਲਈ ਦਿੱਤਾ ਸੀ ਕਿਉਂਕਿ ਗਾਂਧੀ ਦੇ ਕਤਲ ਤੋਂ ਬਾਅਦ ਗੋਲਵਲਕਰ ਅਤੇ ਆਰਐੱਸਐੱਸ ਲਈ ਮੁਸ਼ਕਿਲਾਂ ਖੜੀਆਂ ਹੋ ਜਾਂਦੀਆਂ ਪਰ ਨੱਥੂਰਾਮ ਨੇ ਆਰਐੱਸਐੱਸ ਨਹੀਂ ਛੱਡਿਆ ਸੀ।"
ਇਸੇ ਇੰਟਰਵਿਊ ਵਿੱਚ ਗੋਪਾਲ ਗੋਡਸੇ ਨੂੰ ਪੁੱਛਿਆ ਗਿਆ ਸੀ ਕਿ ਅਡਵਾਨੀ ਨੇ ਆਰਐੱਸਐੱਸ ਨਾਲ ਨੱਥੂਰਾਮ ਦੇ ਰਿਸ਼ਤੇ ਨੂੰ ਖਾਰਜ ਕਰ ਦਿੱਤਾ ਹੈ ਤਾਂ ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਉਹ ਕਾਇਰਤਾ ਨਾਲ ਗੱਲ ਕਰ ਰਹੇ ਹਨ। ਤੁਸੀਂ ਇਹ ਕਹਿ ਸਕਦੇ ਹੋ ਕਿ ਆਰਐੱਸਐੱਸ ਨੇ ਕੋਈ ਮਤਾ ਪਾਸ ਨਹੀਂ ਕੀਤਾ ਸੀ ਕਿ 'ਜਾਓ ਅਤੇ ਗਾਂਧੀ ਦਾ ਕਤਲ ਕਰ ਦਿਓ' ਪਰ ਤੁਸੀਂ ਨੱਥੂਰਾਮ ਦੇ ਆਰਐੱਸਐੱਸ ਨਾਲ ਸਬੰਧਾਂ ਨੂੰ ਖਾਰਜ ਨਹੀਂ ਕਰ ਸਕਦੇ। ਹਿੰਦੂ ਮਹਾਸਭਾ ਨੇ ਅਜਿਹਾ ਨਹੀਂ ਕਿਹਾ। ਨੱਥੂਰਾਮ ਰਾਮ ਨੇ 1944 ਵਿੱਚ ਬੁੱਧੀਜੀਵੀ ਹੋਣ ਦੇ ਦੌਰਾਨ ਹਿੰਦੂ ਮਹਾਂਸਭਾ ਲਈ ਕੰਮ ਕਰਨਾ ਸ਼ੁਰੂ ਕੀਤਾ।
ਹਿੰਦੂ ਮਹਾਂਸਭਾ ਦੇ ਮੌਜੂਦਾ ਜਨਰਲ ਸਕੱਤਰ ਮੁੰਨਾ ਕੁਮਾਰ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਕਿ "ਆਰਐੱਸਐੱਸ ਹੁਣ ਗਾਂਧੀਵਾਦੀ ਬਣ ਚੁੱਕਿਆ ਹੈ। ਹੁਣ ਉਨ੍ਹਾਂ ਨੂੰ ਗੋਡਸੇ ਤੋਂ ਪਰੇਸ਼ਾਨੀ ਹੁੰਦੀ ਹੈ, ਜਦਕਿ ਸੱਚਾਈ ਇਹ ਹੈ ਕਿ ਗੋਡਸੇ ਸਾਡੇ ਸਨ ਅਤੇ ਸਾਡਾ ਵਿਸ਼ਵਾਸ ਹੈ ਕਿ ਉਹ ਆਰਐੱਸਐੱਸ ਦੇ ਵੀ ਸਨ ਪਰ ਹੁਣ ਉਹ ਵਿਸ਼ਵਾਸ ਨਹੀਂ ਕਰਦੇ।"
ਸ਼ਰਮਾ ਕਹਿੰਦੇ ਹਨ ਕਿ ਉਦੋਂ ਫਿਰ ਆਰਐੱਸਐੱਸ ਅਤੇ ਹਿੰਦੂ ਮਹਾਸਭਾ ਵੱਖਰੇ ਸੰਗਠਨ ਨਹੀਂ ਸਨ।
ਗਾਂਧੀ ਦੇ ਕਤਲ ਤੋਂ ਬਾਅਦ ਇੱਕ ਨੌਜਵਾਨ ਨੇ ਪਟੇਲ ਨੂੰ ਪੱਤਰ ਲਿਖਿਆ, ਉਸ ਨੇ ਖੁਦ ਨੂੰ ਆਰਐੱਸਐੱਸ ਦਾ ਮੈਂਬਰ ਦੱਸਿਆ ਸੀ। ਉਸ ਨੇ ਲਿਖਿਆ ਕਿ ਸੰਘ ਤੋਂ ਉਸ ਦਾ ਮੋਹਭੰਗ ਹੋ ਗਿਆ ਹੈ। ਚਿੱਠੀ ਵਿੱਚ ਉਸ ਨੇ ਲਿਖਿਆ, "ਆਰਐੱਸਐੱਸ ਨੇ ਪਹਿਲਾਂ ਹੀ ਕੁਝ ਥਾਵਾਂ 'ਤੇ ਆਪਣੇ ਲੋਕਾਂ ਨੂੰ ਦੱਸ ਦਿੱਤਾ ਸੀ ਕਿ ਖੁਸ਼ਖਬਰੀ ਆਉਣ ਵਾਲੀ ਹੈ, ਰੇਡੀਓ ਨੂੰ ਸ਼ੁੱਕਰਵਾਰ ਨੂੰ ਚਾਲੂ ਰੱਖਿਓ। ਕਤਲ ਦੇ ਬਾਅਦ ਆਰਐੱਸਐੱਸ ਦੀਆਂ ਸ਼ਾਖਾਵਾਂ ਵਿੱਚ ਮਿਠਾਈਆਂ ਵੰਡੀਆਂ ਗਈਆਂ।'' (ਤੁਸ਼ਾਰ ਗਾਂਧੀ, ਲੈਟਸ ਕਿੱਲ ਗਾਂਧੀ, ਸਫ਼ਾ 138)
ਸਤੰਬਰ 1948 ਵਿੱਚ ਆਰਐੱਸਐੱਸ ਦੇ ਮੁਖੀ ਮਾਧਵ ਸਦਾਸ਼ਿਵ ਗੋਲਵਲਕਰ ਨੇ ਪਟੇਲ ਨੂੰ ਚਿੱਠੀ ਲਿਖ ਕੇ ਆਰਐੱਸਐੱਸ 'ਤੇ ਪਾਬੰਦੀ ਲਾਉਣ ਦਾ ਵਿਰੋਧ ਕੀਤਾ ਸੀ।
11 ਸਤੰਬਰ, 1948 ਨੂੰ ਗੋਲਵਲਕਰ ਦੇ ਜਵਾਬ ਵਿੱਚ ਸਰਦਾਰ ਪਟੇਲ ਨੇ ਕਿਹਾ, "ਸੰਘ ਨੇ ਹਿੰਦੂ ਸਮਾਜ ਦੀ ਸੇਵਾ ਕੀਤੀ ਹੈ ਪਰ ਇਤਰਾਜ਼ ਇਹ ਹੈ ਕਿ ਆਰਐੱਸਐੱਸ ਮੁਸਲਮਾਨਾਂ 'ਤੇ ਬਦਲਾ ਲੈਣ ਦੀ ਭਾਵਨਾ ਨਾਲ ਹਮਲਾ ਕਰਦੀ ਹੈ। ਤੁਹਾਡੇ ਹਰ ਭਾਸ਼ਣ ਵਿੱਚ ਫਿਰਕੂ ਜ਼ਹਿਰ ਭਰਿਆ ਹੋਇਆ ਹੈ। ਨਤੀਜਾ ਇਹ ਨਿਕਲਿਆ ਕਿ ਦੇਸ ਨੂੰ ਗਾਂਧੀ ਕੁਰਬਾਨ ਕਰਨਾ ਪਿਆ ਸੀ। ਗਾਂਧੀ ਦੇ ਕਤਲ ਤੋਂ ਬਾਅਦ ਆਰਐੱਸਐੱਸ ਦੇ ਲੋਕਾਂ ਨੇ ਮਠਿਆਈਆਂ ਵੰਡੀਆਂ। ਅਜਿਹੇ ਵਿੱਚ ਸਰਕਾਰ ਨੂੰ ਆਰਐੱਸਐੱਸ 'ਤੇ ਪਾਬੰਦੀ ਲਾਉਣੀ ਜ਼ਰੂਰੀ ਸੀ।"
16 ਅਗਸਤ 1949 ਨੂੰ ਗੋਲਵਲਕਰ ਨੇ ਪਟੇਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਪਟੇਲ ਨੇ ਨਹਿਰੂ ਨੂੰ ਲਿਖਿਆ, "ਮੈਂ ਗੋਵਲਵਕਰ ਨੂੰ ਦੱਸਿਆ ਹੈ ਉਨ੍ਹਾਂ ਨੇ ਕੀ ਗਲਤੀ ਕੀਤੀ ਹੈ ਜੋ ਨਹੀਂ ਹੋਣੀ ਚਾਹੀਦੀ ਸੀ। ਮੈਂ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਵਿਨਾਸ਼ਕਾਰੀ ਤਰੀਕਿਆਂ ਤੋਂ ਬਾਜ਼ ਆਉਣ ਅਤੇ ਰਚਨਾਤਮਕ ਭੂਮਿਕਾ ਅਦਾ ਕਰਨ।"
ਸਰਦਾਰ ਪਟੇਲ ਅਤੇ ਆਰਐੱਸਐੱਸ
ਇਸ ਤੋਂ ਕੁਝ ਮਹੀਨੇ ਪਹਿਲਾਂ ਹੀ ਪਟੇਲ ਨੇ ਜੈਪੁਰ ਵਿੱਚ ਆਰਐੱਸਐੱਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਸੀ, 'ਅਸੀਂ ਆਰਐੱਸਐੱਸ ਜਾਂ ਕਿਸੇ ਹੋਰ ਫਿਰਕੂ ਸੰਗਠਨ ਨੂੰ ਦੇਸ ਨੂੰ ਪਿੱਛੇ ਧੱਕਣ ਦੀ ਆਗਿਆ ਨਹੀਂ ਦੇਵਾਂਗੇ। ਮੈਂ ਇੱਕ ਸਿਪਾਹੀ ਹਾਂ ਅਤੇ ਤੋੜਨ ਵਾਲੀਆਂ ਤਾਕਤਾਂ ਦੇ ਵਿਰੁੱਧ ਲੜਾਂਗਾ। ਜੇ ਮੇਰਾ ਪੁੱਤਰ ਵੀ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।"
ਇਸੇ ਤਰ੍ਹਾਂ 6 ਜਨਵਰੀ 1948 ਨੂੰ ਸਰਦਾਰ ਪਟੇਲ ਨੇ ਲਖਨਊ ਵਿੱਚ ਮੁਸਲਮਾਨਾਂ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਨੇ ਪੁੱਛਿਆ ਸੀ, "ਕਸ਼ਮੀਰ ਵਿੱਚ ਪਾਕਿਸਤਾਨੀ ਹਮਲੇ ਦੀ ਨਿੰਦਾ ਕਿਉਂ ਕੀਤੀ ਗਈ। ਤੁਸੀਂ ਦੋ ਕਿਸ਼ਤੀਆਂ 'ਤੇ ਸਵਾਰ ਨਹੀਂ ਰਹਿ ਸਕਦੇ। ਕਿਸੇ ਇੱਕ ਨੂੰ ਚੁਣਨਾ ਪਵੇਗਾ। ਜੋ ਪਾਕਿਸਤਾਨ ਜਾਣਾ ਚਾਹੁੰਦੇ ਹਨ ਉਹ ਜਾਣ ਅਤੇ ਸ਼ਾਂਤੀ ਨਾਲ ਰਹਿਣ।''
ਗਾਂਧੀ ਦੇ ਕਤਲ ਵਿੱਚ ਸਰਦਾਰ ਪਟੇਲ 'ਤੇ ਕਈ ਪਾਸਿਓਂ ਸਵਾਲ ਪੁੱਛੇ ਗਏ। ਉਨ੍ਹਾਂ ਕੋਲੋਂ ਸੰਸਦ ਵਿੱਚ ਵੀ ਤਿੱਖੇ ਸਵਾਲ ਪੁੱਛੇ ਗਏ। ਦੂਜੇ ਪਾਸੇ ਅਦਾਲਤ ਦੀ ਸੁਣਵਾਈ ਲਾਲ ਕਿਲ੍ਹੇ ਵਿੱਚ ਵੀ ਚੱਲ ਰਹੀ ਸੀ।
8 ਨਵੰਬਰ 1948 ਨੂੰ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਤਾਂ ਮੁੱਖ ਮੁਲਜ਼ਮ ਚੰਦਰ ਕਿਸ਼ਨ ਦਫ਼ਤਰੀ ਨੇ ਕਿਹਾ ਕਿ ਹੁਣ ਉਹ ਕੋਈ ਹੋਰ ਗਵਾਹ ਪੇਸ਼ ਨਹੀਂ ਕਰਨਾ ਚਾਹੁਣਗੇ। ਇਸ ਤੋਂ ਬਾਅਦ ਅਦਾਲਤ ਨੇ ਨੱਥੂਰਾਮ ਗੋਡਸੇ ਨੂੰ ਕਿਹਾ ਕਿ ਕੀ ਉਹ ਕੁਝ ਕਹਿਣਾ ਚਾਹੁਣਗੇ?
ਨੱਥੂਰਾਮ ਨੇ ਜਵਾਬ ਦਿੱਤਾ ਕਿ ਉਹ 93 ਪੰਨਿਆਂ ਦਾ ਲੰਮਾਂ ਬਿਆਨ ਪੜ੍ਹਣਾ ਚਾਹੁੰਦੇ ਹਨ। ਨੱਥੂਰਾਮ ਨੇ ਸਵਾ ਦੱਸ ਵਜੇ ਦਿਨ ਵਿੱਚ ਆਪਣਾ ਬਿਆਨ ਪੜ੍ਹਣਾ ਸ਼ੁਰੂ ਕੀਤਾ। ਬਿਆਨ ਪੜ੍ਹਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਉਹ 6 ਹਿੱਸਿਆਂ ਵਿੱਚ ਪੜ੍ਹਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਆਖਿਰੀ ਬਿਆਨ ਤੁਸ਼ਟੀਕਰਨ ਦੀ ਰਾਸ਼ਟਰ ਵਿਰੋਧੀ ਨੀਤੀ 'ਤੇ ਹੋਵੇਗਾ। ਹਾਲਾਂਕਿ ਦਫਤਰੀ ਨੇ ਨੱਥੂਰਾਮ ਦੇ ਬਿਆਨ ਨੂੰ ਕੋਰਟ ਦੇ ਰਿਕਾਰਡ ਵਿੱਚ ਨਹੀਂ ਰੱਖਣ ਦੀ ਬੇਨਤੀ ਕੀਤੀ। (ਤੁਸ਼ਾਰ ਗਾਂਧੀ, ਲੈਟਸ ਕਿੱਲ ਗਾਂਧੀ, ਸਫ਼ਾ 607)
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਿਆਨਾਂ ਦਾ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨੱਥੂਰਾਮ ਬਿਆਨ ਪੜ੍ਹ ਰਹੇ ਸਨ ਅਤੇ ਸਮਾਂ ਦਿਨ ਦੇ 11 ਵਜੇ ਸਨ। ਇਸੇ ਦੌਰਾਨ ਉਹ ਅਚਾਨਕ ਚੱਕਰ ਖਾ ਕੇ ਡਿੱਗ ਗਏ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਉਨ੍ਹਾਂ ਨੇ ਫੇਰ ਪੜ੍ਹਣਾ ਸ਼ੁਰੂ ਕੀਤਾ। ਨੱਥੂਰਾਮ ਨੇ ਤਕਰੀਬਨ 5 ਘੰਟਿਆਂ ਵਿੱਚ ਆਪਣਾ ਬਿਆਨ ਪੜ੍ਹਿਆ। ਆਪਣੇ ਬਿਆਨ ਦੇ ਅਖ਼ੀਰ ਵਿੱਚ ਉਨ੍ਹਾਂ ਨੇ ਚੀਕ ਕੇ ਨਾਅਰਾ ਲਾਇਆ-'ਅਖੰਡ ਭਾਰਤ ਅਮਰ ਰਹੇ, ਵੰਦੇ ਮਾਤਰਮ'। ਉਸ ਦਿਨ ਅਦਾਲਤ ਪੂਰੀ ਤਰ੍ਹਾਂ ਭਰੀ ਹੋਈ ਸੀ।
ਸਜ਼ਾ ਦਾ ਐਲਾਨ
10 ਫਰਵਰੀ 1949 ਨੂੰ ਦਿਨ ਵਿੱਚ ਸਾਢੇ 11 ਵਜੇ ਜੱਜ ਆਤਮਚਰਨ ਨੇ ਗਾਂਧੀ ਦੇ ਕਤਲ 'ਤੇ ਸੁਣਵਾਈ ਪੂਰੀ ਹੋਣ ਤੋਂ ਬਾਅਦ ਫੈਸਲਾ ਸੁਣਾਇਆ। ਨੱਥੂਰਾਮ ਵਿਨਾਇਕ ਗੋਡਸੇ ਅਤੇ ਨਾਰਾਇਣ ਦੱਤਾਰਾਏ ਆਪਟੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
ਵਿਸ਼ਣੂ ਆਰ ਕਰਕਰੇ, ਮਦਨਲਾਲ ਕੇ ਪਾਹਵਾ, ਸ਼ੰਕਰ ਕਿਸਟਿਆ, ਗੋਪਾਲ ਗੋਡਸੇ ਅਤੇ ਡਾਕਟਰ ਦੱਤਾਰਾਏ ਸਦਾਸ਼ਿਵ ਪਰਚੁਰੇ ਨੂੰ ਉਮਰ ਭਰ ਜੇਲ੍ਹ ਦੀ ਸਜ਼ਾ ਸੁਣਾਈ।
ਉੱਥੇ ਹੀ ਵਿਨਾਇਕ ਦਾਮੋਦਰ ਸਾਵਰਕਰ ਨੂੰ ਜੱਜ ਨੇ ਨਿਰਦੋਸ਼ ਮੰਨਿਆ ਅਤੇ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ। ਫੈਸਲੇ ਦੇ ਐਲਾਨ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਨਾਅਰਾ ਲਾਇਆ- 'ਹਿੰਦੂ ਧਰਮ ਦੀ ਜੈ' ਤੋੜ ਕੇ ਰਹਾਂਗੇ ਪਾਕਿਸਤਾਨ ਹਿੰਦੂ ਹਿੰਦੀ ਹਿੰਦੁਸਤਾਨ। '
ਜੱਜ ਆਤਮਚਰਨ ਨੇ ਫੈਸਲਾ ਸੁਣਾਏ ਜਾਣ ਤੋਂ ਬਾਅਦ ਕਿਹਾ ਕਿ ਜਿਨ੍ਹਾਂ ਨੇ ਹਾਈ ਕੋਰਟ ਵਿੱਚ ਅਪੀਲ ਕਰਨੀ ਹੈ 15 ਦਿਨਾਂ ਦੇ ਅੰਦਰ ਕਰ ਸਕਦੇ ਹਨ। ਸਾਰੇ ਦੋਸ਼ੀ ਠਹਿਰਾਏ ਲੋਕਾਂ ਨੇ ਪੰਜਾਬ ਹਾਈ ਕੋਰਟ ਨੂੰ ਚਾਰ ਦਿਨਾਂ ਦੇ ਅੰਦਰ ਅਪੀਲ ਕੀਤੀ।
ਤੁਸ਼ਾਰ ਗਾਂਧੀ ਨੇ ਆਪਣੀ ਕਿਤਾਬ 'ਲੈਟਸ ਕਿੱਲ ਗਾਂਧੀ' ਵਿੱਚ ਲਿਖਿਆ ਹੈ, "ਜਦੋਂ ਵਿਨਾਅਕ ਦਾਮੋਦਰ ਸਾਵਰਕਰ ਨੂੰ ਗਾਂਧੀ ਦੇ ਕਤਲ ਮਾਮਲੇ ਵਿੱਚ ਰਿਹਾ ਕੀਤਾ ਗਿਆ ਸੀ ਤਾਂ ਬਹੁਤ ਸਾਰੇ ਸਵਾਲ ਪੈਦਾ ਹੋਏ ਸਨ। ਸਾਵਰਕਰ ਵਿਰੁੱਧ ਕੋਈ ਪੂਰੀ ਜਾਂਚ ਨਹੀਂ ਹੋਈ। ਪਟੇਲ ਨੇ ਇਹ ਵੀ ਕਬੂਲ ਕੀਤਾ ਕਿ ਜੇਕਰ ਸਾਵਰਕਰ ਦੋਸ਼ੀ ਪਾਇਆ ਗਿਆ ਤਾਂ ਮੁਸਲਮਾਨਾਂ ਨੂੰ ਮੁਸੀਬਤ ਹੁੰਦੀ ਅਤੇ ਉਹ ਹਿੰਦੂਆਂ ਦੇ ਗੁੱਸੇ ਨੂੰ ਕਾਬੂ ਨਹੀਂ ਕਰ ਸਕਦੇ। (ਪੰਨਾ 732)
ਤੁਸ਼ਾਰ ਗਾਂਧੀ ਨੇ ਲਿਖਿਆ, "ਪਟੇਲ ਦਾ ਮੰਨਣਾ ਸੀ ਕਿ ਜੇਕਰ ਸਾਵਰਕਰ ਨੂੰ ਸਜ਼ਾ ਹੁੰਦੀ ਤਾਂ ਅੱਤਵਾਦੀ ਹਿੰਦੂਆਂ ਦਾ ਪ੍ਰਤੀਕਰਮ ਬਹੁਤ ਤਿੱਖਾ ਹੋਣਾ ਸੀ ਅਤੇ ਕਾਂਗਰਸ ਇਸ ਨਾਲ ਡਰ ਗਈ ਸੀ। ਜਾਂਚ ਅਫ਼ਸਰ ਨਗਰਵਾਲ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਾਵਰਕਰ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਨਹੀਂ ਸਨ।"
ਰਾਹੁਲ ਗਾਂਧੀ ਇਹ ਮਾਮਲਾ ਕਿੱਥੇ ਲੈ ਕੇ ਜਾਂਦੇ ਹਨ ਅਤੇ ਅਦਾਲਤੀ ਸੁਣਵਾਈ ਵਿੱਚ ਕਿਹੜੇ ਤੱਥਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ:
ਇਹ ਵੀ ਪੜ੍ਹੋ :
ਇਹ ਵੀ ਦੇਖੋ: