ਗਾਂਧੀ ਜੈਅੰਤੀ: ਸਾਬਰਮਤੀ ਜੇਲ੍ਹ ਦੀ ਕੋਠੜੀ ਜੋ ਬਣ ਗਈ ਗਾਂਧੀ ਮੰਦਿਰ

    • ਲੇਖਕ, ਪ੍ਰਸ਼ਾਂਤ ਦਿਆਲ
    • ਰੋਲ, ਬੀਬੀਸੀ, ਪੱਤਰਕਾਰ

ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਤਕਰੀਬਨ 2 ਕਿਲੋਮੀਟਰ ਦੂਰ, ਸਾਬਰਮਤੀ ਜੇਲ੍ਹ ਵਿੱਚ ਕੈਦੀਆਂ ਲਈ ਇੱਕ ਮੰਦਿਰ ਹੈ।

ਸਾਬਰਮਤੀ ਜੇਲ੍ਹ ਵਿੱਚ ਇੱਕ ਸੈੱਲ ਹੈ, ਜੋ ਖਿੱਚ ਦਾ ਕੇਂਦਰ ਹੈ।

ਮਹਾਤਮਾ ਗਾਂਧੀ ਨੇ ਸਾਬਰਮਤੀ ਜੇਲ੍ਹ ਵਿੱਚ 10 ਦਿਨ ਕੈਦ ਕੱਟੀ ਸੀ। ਉਨ੍ਹਾਂ ਨੂੰ 11 ਮਾਰਚ, 1922 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 10x10 ਦੇ ਸੈੱਲ ਵਿੱਚ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ:

ਇੱਥੇ ਕੈਦੀਆਂ ਨੂੰ ਸਕਾਰਾਤਮਕ ਮਹਿਸੂਸ ਹੁੰਦਾ ਹੈ ਅਤੇ ਸੈੱਲ ਦੇ ਨੇੜੇ ਮਹਾਤਮਾ ਗਾਂਧੀ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ।

'ਗਾਂਧੀ ਖੋਲੀ' 'ਚ ਜਗਾਉਂਦੇ ਦੀਵੇ

ਜਿਹੜੇ ਸੈੱਲ ਵਿੱਚ ਮਹਾਤਮਾ ਗਾਂਧੀ ਬੰਦ ਸਨ, ਉਸ ਦਾ ਨਾਮ ਗਾਂਧੀ ਖੋਲੀ ਰੱਖ ਦਿੱਤਾ ਗਿਆ ਹੈ। ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਕੈਦੀ ਉੱਥੇ ਇੱਕ ਦੀਵਾ ਬਾਲਦੇ ਹਨ।

ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਨਰਿੰਦਰ ਸਿਨ੍ਹ ਕਹਿੰਦੇ ਹਨ, "ਮਹਾਤਮਾ ਗਾਂਧੀ ਦਾ ਸੈੱਲ ਹੀ ਇੱਕ ਜਗ੍ਹਾ ਸੀ, ਜਿੱਥੇ ਮੈਂ ਸਕੈੱਚ ਬਣਾਉਣ ਲਈ ਜਾਂਦਾ ਸੀ। ਮੈਂ ਬਿਆਨ ਵੀ ਨਹੀਂ ਕਰ ਸਕਦਾ, ਮੈਨੂੰ ਉੱਥੇ ਕਿੰਨਾ ਸਕਾਰਾਤਮਕ ਮਹਿਸੂਸ ਹੁੰਦਾ ਸੀ।"

ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਆਪਣੀ ਜ਼ਿੰਗਦੀ ਦਾ ਅਗਲਾ ਪੜਾਅ ਜੀਅ ਰਹੇ ਨਰਿੰਦਰ ਸਿਨ੍ਹ ਦਾ ਕਹਿਣਾ ਹੈ, "ਗਾਂਧੀ ਸਰੀਰਕ ਤੌਰ ਉੱਤੇ ਭਾਵੇਂ ਜ਼ਿੰਦਾ ਨਾ ਹੋਣ, ਪਰ ਕੈਦੀ ਮੰਨਦੇ ਹਨ ਕਿ ਉਹ ਹਾਲੇ ਵੀ ਆਤਮਿਕ ਰੂਪ ਵਿੱਚ ਜ਼ਿੰਦਾ ਹਨ।"

ਇਹ ਵੀ ਪੜ੍ਹੋ:

ਸਾਬਰਮਤੀ ਜੇਲ੍ਹ ਦੇ ਸੁਪਰਡੰਟ, ਆਈਪੀਐਸ ਪ੍ਰੇਮਵੀਰ ਸਿੰਘ ਦਾ ਕਹਿਣਾ ਹੈ, "ਗਾਂਧੀ ਖੋਲੀ ਵਿੱਚ ਰਹਿਣਾ ਇੱਕ ਵੱਖਰਾ ਅਹਿਸਾਸ ਹੈ। ਜਿਸ ਤੋਂ ਸਾਬਿਤ ਹੁੰਦਾ ਹੈ ਕੈਦੀ ਇੱਥੇ ਸਮਾਂ ਬਿਤਾਉਣਾ ਕਿਉਂ ਪਸੰਦ ਕਰਦੇ ਹਨ।"

ਗਾਂਧੀ ਨੂੰ ਕਈ ਕੈਦੀ ਮੰਨਦੇ ਹਨ ਰੱਬ

ਉਮਰ ਕੈਦ ਦੀ ਸਜ਼ਾ ਕੱਟ ਰਹੇ ਜੈਰਾਮ ਦੇਸਾਈ ਜੋ ਗਾਂਧੀ ਨੂੰ ਰੱਬ ਬਰਾਬਰ ਮੰਨਦੇ ਹਨ, ਦਾ ਕਹਿਣਾ ਹੈ, "ਰੱਬ ਮੰਦਿਰ ਵਿੱਚ ਵੱਸਦਾ ਹੈ ਜਾਂ ਨਹੀਂ, ਪਤਾ ਨਹੀਂ ਪਰ ਗਾਂਧੀ ਕਦੇ ਇੱਥੇ ਜ਼ਰੂਰ ਰਹੇ ਸਨ।"

ਉਨ੍ਹਾਂ ਅੱਗੇ ਕਿਹਾ, "ਮੈਨੂੰ ਉਨ੍ਹਾਂ ਦਾ ਅਹਿਸਾਸ ਅੱਜ ਵੀ ਹੁੰਦਾ ਹੈ, ਜਿਸ ਕਰਕੇ ਮੈਂ ਹਰ ਰੋਜ਼ ਉਨ੍ਹਾਂ ਦੇ ਸਨਮਾਨ ਵਿੱਚ ਇੱਥੇ ਇੱਕ ਦੀਵਾ ਬਾਲਦਾ ਹਾਂ। ਫਿਰ ਮੈਂ ਥੋੜਾ ਹਲਕਾ ਮਹਿਸੂਸ ਕਰਦਾ ਹਾਂ।"

ਪਿਛਲੇ 33 ਸਾਲਾਂ ਤੋਂ ਸਾਬਰਮਤੀ ਜੇਲ੍ਹ ਵਿੱਚ ਸੰਗੀਤ ਦੇ ਅਧਿਆਪਕ ਵਜੋਂ ਕੰਮ ਕਰਦੇ ਵਿਭਾਕਰ ਭੱਟ ਤੋਂ ਜਦੋਂ ਪੁੱਛਿਆ ਗਿਆ ਕਿ ਇਹ ਪ੍ਰਥਾ ਕਦੋਂ ਤੋਂ ਸ਼ੁਰੂ ਹੋਈ ਹੈ, ਤਾਂ ਉਨ੍ਹਾਂ ਕਿਹਾ, "ਕੈਦੀਆਂ ਵੱਲੋਂ ਕਦੋਂ ਤੋਂ ਇੱਥੇ ਦੀਵਾ ਬਾਲਣਾ ਸ਼ੁਰੂ ਕੀਤਾ ਗਿਆ ਪਤਾ ਨਹੀਂ, ਪਰ ਜਦੋਂ ਤੋਂ ਮੈਂ ਇੱਥੇ ਪੜ੍ਹਾਉਣਾ ਸ਼ੁਰੂ ਕੀਤਾ ਹੈ, ਇਹ ਜਾਰੀ ਹੈ।"

ਭਾਰਤ ਦੇ ਸੰਘਰਸ਼ ਦੇ ਦੌਰਾਨ ਗਾਂਧੀ ਤੋਂ ਇਲਾਵਾ, ਸਰਦਾਰ ਵਲੱਭਭਾਈ ਪਟੇਲ ਵੀ ਸਾਬਰਮਤੀ ਜੇਲ੍ਹ ਵਿੱਚ ਰਹੇ ਸਨ। ਗਾਂਧੀ ਖੋਲੀ ਦੇ ਨਾਲ ਹੀ ਬਾਅਦ ਵਿੱਚ ਸਰਦਾਰ ਯਾਰਡ ਬਣਾ ਦਿੱਤਾ ਗਿਆ।

ਇਹ ਵੀ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)