ਸੇਰੀਨਾ ਵਿਲੀਅਮਜ਼ ਨੇ ਬ੍ਰੈਸਟ ਕੈਂਸਰ ਜਾਗਰੂਕਤਾ ਲਈ ਗਾਇਆ ਗੀਤ

ਟੈਨਿਸ ਦੀ ਮਲਿਕਾ ਮੰਨੀ ਜਾਂਦੀ ਸੇਰੀਨਾ ਵਿਲੀਅਮਜ਼ ਨੇ ਬ੍ਰੈਸਟ ਕੈਂਸਰ ਬਾਰੇ ਜਾਗਰੂਕਤਾ ਵਧਾਉਣ ਲਈ ਇੰਟਰਨੈੱਟ ਉੱਪਰ ਇੱਕ ਵੀਡੀਓ ਪੋਸਟ ਕੀਤਾ ਹੈ ਜਿਹੜਾ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਵੀਡੀਓ ਵਿੱਚ ਉਨ੍ਹਾਂ ਨੇ ਆਪਣੀਆਂ ਛਾਤੀਆਂ (ਬ੍ਰੈਸਟ) ਨੂੰ ਕੇਵਲ ਆਪਣੇ ਹੱਥਾਂ ਨਾਲ ਢਕਿਆ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਇੱਕ ਮਸ਼ਹੂਰ ਅੰਗਰੇਜ਼ੀ ਗੀਤ ਵੀ ਗਾਇਆ ਹੈ ਜਿਸ ਦੇ ਬੋਲ ਹਨ, "ਆਈ ਟਚ ਮਾਈਸੈਲਫ", ਭਾਵ 'ਮੈਂ ਖ਼ੁਦ ਨੂੰ ਛੂਹੰਦੀ ਹਾਂ'।

ਇਸ ਰਾਹੀਂ ਉਨ੍ਹਾਂ ਦਾ ਸੁਨੇਹਾ ਹੈ ਕਿ ਔਰਤਾਂ ਨੂੰ ਆਪਣੀਆਂ ਛਾਤੀਆਂ ਨੂੰ ਆਪਣੇ ਹੱਥਾਂ ਨਾਲ ਚੈੱਕ ਕਰਨਾ ਚਾਹੀਦਾ ਹੈ, ਤਾਂ ਜੋ ਕੋਈ ਗੰਢ (ਟਿਊਮਰ) ਹੋਵੇ ਤਾਂ ਪਤਾ ਲੱਗ ਜਾਵੇ।

29 ਸਤੰਬਰ ਨੂੰ ਇੰਸਟਾਗ੍ਰਾਮ ਉੱਪਰ ਪਾਏ ਇਸ ਵੀਡੀਓ ਨੂੰ 1 ਅਕਤੂਬਰ ਤੱਕ ਕਰੀਬ 20 ਲੱਖ ਵਾਰ ਦੇਖਿਆ ਜਾ ਚੁੱਕਿਆ ਸੀ; ਟਵਿੱਟਰ ਉੱਪਰ ਇਹ ਅੰਕੜਾ ਕਰੀਬ ਪੌਣੇ ਤਿੰਨ ਲੱਖ ਸੀ। ਅਕਤੂਬਰ ਨੂੰ ਬ੍ਰੈਸਟ ਕੈਂਸਰ ਅਵੇਅਰਨੈਸ ਮੰਥ (ਜਾਗਰੂਕਤਾ ਮਹੀਨਾ) ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ

ਇਸ ਦੇ ਨਾਲ ਪਾਏ ਆਪਣੇ ਇੱਕ ਸੰਦੇਸ਼ ਵਿੱਚ ਵਿਲੀਅਮਜ਼ ਨੇ ਲਿਖਿਆ, "(ਬ੍ਰੈਸਟ ਕੈਂਸਰ ਦਾ) ਛੇਤੀ ਪਤਾ ਲੱਗਣਾ ਹੀ ਇਲਾਜ ਦੀ ਕੁੰਜੀ ਹੈ।"

ਜਿਹੜਾ ਗੀਤ ਉਨ੍ਹਾਂ ਨੇ ਗਾਇਆ ਹੈ ਉਹ ਅਸਲ ਵਿੱਚ ਕ੍ਰਿਸੀ ਐਂਫਲੇਟ ਦਾ ਹੈ ਜਿਨ੍ਹਾਂ ਦੀ ਮੌਤ ਬ੍ਰੈਸਟ ਕੈਂਸਰ ਕਾਰਨ ਹੋਈ ਸੀ। ਵਿਲੀਅਮਜ਼ ਦਾ ਇਹ ਵੀਡੀਓ ਬ੍ਰੈਸਟ ਕੈਂਸਰ ਨੈੱਟਵਰਕ ਆਸਟ੍ਰੇਲਿਆ ਨਾਂ ਦੀ ਸੰਸਥਾ ਵੱਲੋਂ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਦਾ ਹਿੱਸਾ ਹੈ।

ਇਸ ਟਵਿੱਟਰ ਪੋਸਟ ਹੇਠਾਂ ਕਈ ਔਰਤਾਂ ਨੇ ਖ਼ੁਦ ਨੂੰ "ਕੈਂਸਰ ਸਰਵਾਈਵਰ" ਦੱਸਿਆ ਅਤੇ ਕਈਆਂ ਨੇ ਆਪਣੀ ਹਿੰਮਤ ਤੇ ਕੈਂਸਰ ਨਾਲ ਲੜਾਈ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ

ਡਾਨਾ ਲੂਈਸ-ਰਿਚਰਡਜ਼ ਨੇ ਟਵੀਟ ਰਾਹੀਂ ਜਵਾਬ ਦਿੰਦਿਆਂ ਵੀਡੀਓ ਨੂੰ ਖੂਬਸੂਰਤ ਆਖਿਆ ਅਤੇ ਨਾਲ ਹੀ ਮਰਦਾਂ ਨੂੰ ਵੀ ਆਪਣੀ ਛਾਤੀ ਨੂੰ ਚੈੱਕ ਕਰਨ ਦੀ ਸਲਾਹ ਦਿੱਤੀ। ਆਮ ਧਾਰਨਾਵਾਂ ਦੇ ਉਲਟ ਮਰਦਾਂ ਵਿੱਚ ਵੀ ਬ੍ਰੈਸਟ ਕੈਂਸਰ ਦਾ ਖ਼ਤਰਾ ਹੁੰਦਾ ਹੈ।

ਇੱਕ ਹੋਰ ਟਵਿੱਟਰ ਯੂਜ਼ਰ ਔਬਰੀ ਐਲਵਾਰੇਜ਼ ਨੇ ਲਿਖਿਆ, "ਇੱਕ ਵਾਰ ਤਾਂ ਮੈਂ ਡਰ ਗਈ ਸੀ ਪਰ ਫਿਰ ਤੁਸੀਂ ਹਮੇਸ਼ਾ ਵਾਂਗ ਵਧੀਆ ਹੀ ਕੀਤਾ।"

‘ਗਾਇਕੀ ਵੀ ਚੰਗੀ’

ਬਹੁਤ ਲੋਕਾਂ ਨੇ ਵਿਲੀਅਮਜ਼ ਦੀ ਗਾਇਕੀ ਦੀ ਵੀ ਸ਼ਲਾਘਾ ਕੀਤੀ ਅਤੇ ਖੁਸ਼ੀ ਤੇ ਹੈਰਾਨੀ ਵੀ ਜ਼ਾਹਿਰ ਕੀਤੀ ਕਿ ਉਨ੍ਹਾਂ ਵਿੱਚ ਇਹ ਪ੍ਰਤਿਭਾ ਵੀ ਹੈ। ਲਿੰਡਸੀ ਡੇਵਿਸ ਦੇ ਟਵੀਟ ਮੁਤਾਬਕ, "ਇਨ੍ਹਾਂ ਦੀ ਆਵਾਜ਼ ਨੇ ਤਾਂ ਮੈਨੂੰ ਹਿਲਾ ਕੇ ਰੱਖ ਦਿੱਤਾ। ਇਹ (ਵੀਡੀਓ) ਬਹੁਤ ਹੀ ਸੋਹਣਾ ਹੈ। ਅਤੇ ਸੁਨੇਹਾ ਵੀ।"

ਸੈਂਡਰਾ ਸੀਆਨ ਨੇ ਵਾਹ-ਵਾਹ ਕਰਦਿਆਂ ਕਿਹਾ, "ਫੈਸ਼ਨ ਦੀ ਦੁਨੀਆਂ ਤਾਂ ਛੱਡੋ ਹੀ, ਤੁਸੀਂ ਤਾਂ ਟੈਨਿਸ ਛੱਡਣ ਤੋਂ ਬਾਅਦ ਗ੍ਰੈਮੀ ਐਵਾਰਡ ਜਿੱਤ ਸਕਦੇ ਹੋ।" ਗ੍ਰੈਮੀ ਐਵਾਰਡ ਪੱਛਮੀ ਖਿੱਤੇ ਵਿੱਚ ਸੰਗੀਤ ਦਾ ਇੱਕ ਵੱਡਾ ਸਨਮਾਨ ਮੰਨਿਆ ਜਾਂਦਾ ਹੈ। ਜਿੱਥੋਂ ਤੱਕ ਫੈਸ਼ਨ ਦੀ ਗੱਲ ਹੈ ਤਾਂ ਵਿਲੀਅਮਜ਼ ਨੂੰ ਉਸ ਵਿੱਚ ਵੀ ਇੱਕ ਬਿਹਤਰੀਨ ਉਦਾਹਰਣ ਵਜੋਂ ਜਾਣਿਆ ਜਾਂਦਾ ਹੈ।

ਧੰਨਵਾਦ ਦੇਣ ਵਾਲਿਆਂ ਵਿੱਚ ਕੁਝ ਮਰਦ ਵੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਸਨ ਟਰੇਅ ਨਾਈਟ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਬ੍ਰੈਸਟ ਕੈਂਸਰ ਹੋਣ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਨ੍ਹਾਂ ਨੂੰ ਹੱਥ ਨਾਲ ਇੱਕ ਗਿਲਟੀ ਦਾ ਅਹਿਸਾਸ ਹੋਇਆ। ਇਸ ਤੋਂ ਬਾਅਦ ਉਹ ਡਾਕਟਰ ਕੋਲ ਗਏ ਅਤੇ ਟੈਸਟ ਕਰਵਾਏ।

ਕੁਝ ਲੋਕਾਂ ਨੇ ਖ਼ੁਦ ਆਪਣੀ ਛਾਤੀ ਨੂੰ ਚੈੱਕ ਕਰਨ ਦੀ ਸਲਾਹ ਨੂੰ ਸਹੀ ਨਹੀਂ ਮੰਨਿਆ ਪਰ ਕੁਝ ਹੋਰਾਂ ਨੇ ਕਿਹਾ ਕਿ ਇਹ ਸ਼ੁਰੂਆਤੀ ਤੌਰ 'ਤੇ ਕਰਨਾ ਠੀਕ ਹੈ। ਫੌਰੀ ਤੌਰ 'ਤੇ ਮੈਮੋਗ੍ਰਾਫੀ ਟੈਸਟ ਕਰਾਉਣ ਤੇ ਡਾਕਟਰੀ ਮਸ਼ਵਰਾ ਲੈਣ ਦੀ ਸਲਾਹ ਵੀ ਲੋਕਾਂ ਨੇ ਦਿੱਤੀ।

ਇਹ ਵੀ ਪੜ੍ਹੋ

ਕੀ ਹੈ ਸਮੱਸਿਆ?

ਬ੍ਰੈਸਟ ਕੈਂਸਰ ਔਰਤਾਂ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਆਮ ਕੈਂਸਰ ਹੈ। ਵਿਸ਼ਵ ਸਿਹਤ ਸੰਸਥਾ ਮੁਤਾਬਕ 2011 ਵਿੱਚ ਇਸ ਕੈਂਸਰ ਨਾਲ 50 ਲੱਖ ਔਰਤਾਂ ਦੀ ਮੌਤ ਹੋਈ।

ਇਸ ਦੇ ਜ਼ਿਆਦਾਤਰ ਮਾਮਲੇ ਤਾਂ ਵਿਕਸਿਤ ਦੇਸ਼ਾਂ ਵਿੱਚ ਹੁੰਦੇ ਹਨ ਪਰ ਇਸ ਨਾਲ ਹੁੰਦੀ ਮੌਤ ਦੀ ਦਰ ਜ਼ਿਆਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)