ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ‘ਪਿੰਜਰੇ’ ਨਹੀਂ ਹੋਸਟਲ ਚਾਹੁੰਦੀਆਂ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ

"ਰਾਤਾਂ ਚਾਨਣ ਮੰਗਦੀਆਂ ਨੇ, ਜਿੰਦਰੇ ਨਹੀਂ''

ਇਸ ਸਣੇ ਹੋਰ ਕਈ ਨਾਅਰੇ ਅੱਜ ਕੱਲ੍ਹ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਚ ਸ਼ਾਮ ਦੇ ਸਮੇਂ ਗੂੰਜਦੇ ਹਨ।

ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਬੇਖ਼ੌਫ ਆਜ਼ਾਦੀ ਦੇ ਬੈਨਰ ਹੇਠ "ਪਿੰਜਰਾ ਤੋੜ" ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਉਹ ਹੋਸਟਲ 24 ਘੰਟੇ ਲਈ ਖੋਲ੍ਹੇ ਜਾਣ ਦੀ ਮੰਗ ਕਰ ਰਹੀਆਂ ਹਨ।

ਪਿੰਜਰਾ ਤੋੜ ਮੁਹਿੰਮ ਭਾਵੇਂ ਦਿੱਲੀ ਦੇ ਕਾਲਜਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਵੱਲੋਂ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਹੁਣ ਇਸ ਮੁਹਿੰਮ ਦਾ ਪ੍ਰਭਾਵ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਪੈ ਰਿਹਾ ਹੈ।

'ਸੁਰੱਖਿਆ ਸਾਡੇ ਮਨਾਂ 'ਚ ਹੋਣੀ ਚਾਹੀਦੀ ਹੈ'

"ਸਾਡੇ ਹੋਸਟਲ ਦੇ ਗੇਟਾਂ ਉੱਤੇ ਜਿੰਦਰੇ ਨਹੀਂ ਹੋਣੇ ਚਾਹੀਦੇ, ਸਾਡੀ ਮਰਜ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਹੋਸਟਲ ਦੇ ਅੰਦਰ ਆਈਏ ਜਾਂ ਬਾਹਰ''

ਇਹ ਕਹਿਣਾ ਹੈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਗਗਨਦੀਪ ਕੌਰ ਦਾ।

ਗਗਨਦੀਪ ਕੌਰ ਅੱਗੇ ਕਹਿੰਦੀ ਹੈ, "ਹੋਸਟਲ ਦੀ ਤੈਅ ਸ਼ੁਦਾ ਟਾਇਮਿੰਗ ਤੋਂ ਸਾਨੂੰ ਪੂਰਨ ਆਜ਼ਾਦੀ ਮਿਲਣੀ ਚਾਹੀਦੀ ਹੈ। ਮੁੰਡਿਆਂ ਅਤੇ ਕੁੜੀਆਂ ਦੇ ਹੱਕਾਂ ਦੀ ਬਰਾਬਰਤਾ ਦੀ ਸ਼ੁਰੂਆਤ ਇੱਥੋਂ ਹੋਣੀ ਚਾਹੀਦੀ ਹੈ ਅਤੇ ਅਗਲੀ ਬਰਾਬਰਤਾ ਦੀ ਅਗਲੀ ਲੜਾਈ ਅਸੀਂ ਪਿੰਡਾਂ ਵਿਚ ਜਾ ਕੇ ਆਪ ਲੜਾਂਗੇ।''

ਗਗਨਦੀਪ ਕਹਿੰਦੀ ਹੈ, ''ਸੁਰੱਖਿਆ ਸਾਡੇ ਮੰਨਾਂ ਵਿਚ ਹੋਣੀ ਚਾਹੀਦੀ ਹੈ ਨਾ ਕਿ ਹੋਸਟਲਾਂ ਦੇ ਅੱਗੇ ਗਾਰਡ ਖੜੇ ਕਰ ਕੇ ਜਾਂ ਜਿੰਦਰੇ ਲਗਾ ਕੇ"

ਇੱਕ ਹੋਰ ਵਿਦਿਆਰਥਣ ਸੰਦੀਪ ਦੱਸਦੀ ਹੈ ਕਿ ਹੋਸਟਲ ਟਾਈਮਿੰਗ ਨੂੰ ਲੈ ਕੇ 2016 ਵਿਚ ਵੀ ਸੰਘਰਸ਼ ਹੋਇਆ ਸੀ ਉਸ ਸਮੇਂ ਵਕਤ ਸਾਢੇ ਛੇ ਵਜੇ ਤੋਂ ਵਧਾ ਕੇ ਰਾਤ ਅੱਠ ਵਜੇ ਤੱਕ ਕਰ ਦਿੱਤਾ ਗਿਆ ਸੀ।

ਇਸ ਦੌਰਾਨ ਕੁਝ ਵੀ ਗ਼ਲਤ ਨਹੀਂ ਹੋਇਆ, ਇਸ ਲਈ ਹੁਣ ਹੋਸਟਲਾਂ ਵਿਚ ਸਮੇਂ ਦੀ ਪਾਬੰਦੀ ਨੂੰ ਹਟਾ ਦੇਣਾ ਚਾਹੀਦਾ ਹੈ।

ਧਰਨੇ 'ਤੇ ਬੈਠੀ ਸਾਵਿਤ੍ਰੀ ਨਾਲ ਗੱਲ ਕੀਤੀ ਗਈ ਤਾਂ ਉਹ ਆਖਦੀ ਹੈ, "ਗੱਲ ਦਿੱਕਤ ਦੀ ਨਹੀਂ ਸਗੋਂ ਬਰਾਬਰਤਾ ਦੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਆਖਿਆ ਕਿ ਜਦੋਂ ਮੁੰਡਿਆਂ ਦੇ ਹੋਸਟਲ ਵਿਚ ਟਾਈਮਿੰਗ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਤਾਂ ਫਿਰ ਕੁੜੀਆਂ ਨਾਲ ਇਹ ਵਿਤਕਰਾ ਕਿਉਂ?

ਉਹ ਕਹਿੰਦੀ ਹੈ ਕਿ ਕੁੜੀਆਂ ਨੇ ਅਜਿਹਾ ਕਿਹੜਾ ਗੁਨਾਹ ਕਰ ਦਿੱਤਾ ਕਿ ਅੱਠ ਵਜੇ ਤੋਂ ਬਾਅਦ ਹੋਸਟਲ ਤੋਂ ਬਾਹਰ ਆ ਕੇ ਚੰਦਰਮਾ ਦੇਖਣਾ ਵੀ ਨਸੀਬ ਨਹੀਂ ਹੁੰਦਾ।

ਯੂਨੀਵਰਸਿਟੀ ਦੀ ਪੰਜਾਬੀ ਵਿਭਾਗ ਦੀ ਵਿਦਿਆਰਥਣ ਸੁਖਦੀਪ ਕੌਰ ਆਖਦੀ ਹੈ ਕਿ ਹੋਸਟਲ 24 ਘੰਟੇ ਖੁੱਲ੍ਹਣ ਬਾਰੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੈ।

ਉਨ੍ਹਾਂ ਆਖਿਆ, ''ਮਾਪਿਆਂ ਨੇ ਜਦੋਂ ਸਾਡੇ ਉੱਤੇ ਵਿਸ਼ਵਾਸ ਕਰ ਕੇ ਸਾਨੂੰ ਘਰ ਤੋਂ ਦੂਰ ਯੂਨੀਵਰਸਿਟੀ ਵਿਚ ਭੇਜ ਦਿੱਤਾ ਹੈ ਤਾਂ ਫਿਰ ਸਾਡੇ ਉੱਤੇ ਹੋਸਟਲ ਦੀ ਪਾਬੰਦੀ ਕਿਉਂ?''

''ਜੇ ਮੁੰਡੇ 24 ਘੰਟੇ ਲਈ ਹੋਸਟਲ ਵਿੱਚ ਕਦੇ ਵੀ ਆ ਜਾ ਸਕਦੇ ਹਨ ਤਾਂ ਕੁੜੀਆਂ ਨਾਲ ਵਿਤਕਰਾ ਕਿਉਂ ਇਹ ਗੱਲ ਸਮਝ ਤੋਂ ਬਾਹਰ ਹੈ।''

ਉਨ੍ਹਾਂ ਦੱਸਿਆ ਕਿ ਰਾਤੀ ਅੱਠ ਵਜੇ ਤੋਂ ਬਾਅਦ ਲਾਇਬਰੇਰੀ ਦਾ ਰੀਡਿੰਗ ਹਾਲ ਕੁੜੀਆਂ ਲਈ ਬੰਦ ਕਰ ਦਿੱਤਾ ਜਾਂਦਾ ਹੈ।

ਮੰਗ ਲੈ ਕੇ ਵਿਦਿਆਰਥਣਾਂ ਦੀ ਸਹਿਮਤੀ ਅਤੇ ਅਸਹਿਮਤੀ

ਯੂਨੀਵਰਸਿਟੀ ਦੇ ਗੁਰੂ ਤੇਗ਼ ਬਹਾਦਰ ਹਾਲ ਦੇ ਸਾਹਮਣੇ ਬਣੇ ਪਾਰਕ ਵਿਚ ਸ਼ਾਮੀ ਕਰੀਬ ਸਾਢੇ ਪੰਜ ਵਜੇ ਵਿਦਿਆਰਥੀ ਅਤੇ ਵਿਦਿਆਰਥਣਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ।

ਪ੍ਰੋਫ਼ੈਸਰ ਅਨੁਪਮਾ ਦਾ ਇੱਥੇ ਭਾਸ਼ਣ ਸੀ ਜੋ ਕਿ ਵਿਦਿਆਰਥਣਾਂ ਦੀ ਮੰਗ ਦੀ ਹਮਾਇਤ ਵਿੱਚ ਆਏ ਸਨ।

ਭਾਸ਼ਣ ਨੂੰ ਗੁਰੂ ਗੋਬਿੰਦ ਸਿੰਘ ਭਵਨ ਦੇ ਨਾਲ ਲੱਗਦੀ ਸੜਕ ਉੱਤੇ ਦੂਰ ਤੋਂ ਖੜੇ ਹੋ ਕੇ ਦੋ ਵਿਦਿਆਰਥਣਾਂ ਸੁਣ ਰਹੀਆਂ ਸਨ।

ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਬੰਧ ਮਾਨਸਾ ਅਤੇ ਬਰਨਾਲਾ ਤੋਂ ਹੈ ਅਤੇ ਦੋਵੇਂ ਇਕਨਾਮਿਕਸ ਦੀ ਐਮ ਏ ਕਰ ਰਹੀਆਂ ਹਨ।

ਨਾਂ ਨਾ ਛਾਪਣ ਦੀ ਸ਼ਰਤ ਉੱਤੇ ਉਨ੍ਹਾਂ ਦੱਸਿਆ ਕਿ ਉਹ ਹੋਸਟਲ ਵਿੱਚ ਰਹਿੰਦੀਆਂ ਹਨ ਪਰ ਹੋਸਟਲ 24 ਘੰਟੇ ਖੁੱਲ੍ਹੇ ਰਹਿਣ ਇਸ ਦੇ ਉਹ ਹੱਕ ਵਿਚ ਨਹੀਂ ਹਨ।

ਕਾਰਨ ਪੁੱਛੇ ਜਾਣ 'ਤੇ ਦੋਵਾਂ ਨੇ ਆਖਿਆ, "ਸਾਡੇ ਮਾਪੇ ਇਸ ਗੱਲ ਨਾਲ ਰਾਜ਼ੀ ਨਹੀਂ ਹੋਣਗੇ ਅਤੇ ਹੋਸਟਲ 24 ਘੰਟੇ ਲਈ ਖੋਲ੍ਹੇ ਜਾਣ ਦੀ ਬਜਾਏ ਇਸ ਦੇ ਸਮੇਂ ਵਿਚ ਥੋੜਾ ਵਾਧਾ ਕੀਤਾ ਜਾ ਸਕਦਾ ਹੈ।''

ਯੂਨੀਵਰਸਿਟੀ ਦੀਆਂ ਕੰਧਾਂ ਉੱਤੇ ਕੁਝ ਅਜਿਹੇ ਪੋਸਟਰ ਵੀ ਦੇਖਣ ਨੂੰ ਮਿਲੇ ਜੋ ਵਿਦਿਆਰਥਣਾਂ ਦੀ ਮੰਗ ਦੇ ਖਿਲਾਫ ਸਨ।

ਧਰਨੇ ਨੂੰ ਡਫਲੀ ਦਾ ਸਾਥ

ਵਿਦਿਆਰਥਣਾਂ ਆਪਣੀ ਮੰਗ ਮੰਨਵਾਉਣ ਲਈ ਪਿਛਲੇ 10 ਦਿਨਾਂ ਤੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠੀਆਂ ਹਨ।

ਇਸ ਦੌਰਾਨ ਗੀਤ ਸੰਗੀਤ ਦਾ ਦੌਰ ਵੀ ਚੱਲਦਾ ਹੈ ਜਿਸ ਵਿਚ ਉਨ੍ਹਾਂ ਨੂੰ ਸਾਥ ਮਿਲਦਾ ਹੈ ਡਫਲੀ ਦਾ।

ਇਸ ਬਾਰੇ ਗਗਨਦੀਪ ਕੌਰ ਆਖਦੀ ਹੈ, "ਡਫਲੀ ਸਾਡੇ ਹਾਲਾਤ ਨੂੰ ਬਿਆਨ ਕਰਦੀ ਹੈ, ਇਸ ਕਰ ਕੇ ਅਸੀਂ ਸੰਘਰਸ਼ ਵਿਚ ਇਸ ਦਾ ਸਾਥ ਲੈ ਕੇ ਅੱਗ ਵੱਧ ਰਹੀਆਂ ਹਾਂ"

ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਰਾਇ

ਵਿਦਿਆਰਥਣਾਂ ਦੀ ਹਿਮਾਇਤ ਲਈ ਪਹੁੰਚੇ ਪ੍ਰੋਫੈਸਰ ਸੁਰਜੀਤ ਸਿੰਘ ਨੇ ਆਖਿਆ ਕਿ ਉਹ ਕੁੜੀਆਂ ਦੀ ਮੰਗ ਦੀ ਹਮਾਇਤ ਕਰਦੇ ਹਨ। ਉਨ੍ਹਾਂ ਆਖਿਆ, ''ਜਦੋਂ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਵਿਦਿਆਰਥੀ ਸਮਝ ਕੇ ਦਿੱਤਾ ਜਾਂਦਾ ਨਾ ਕਿ ਕੁੜੀ ਜਾਂ ਮੁੰਡਾ ਦੇਖ ਕੇ।''

''ਨਿਯਮ ਗ਼ਲਤ ਹੋ ਸਕਦੇ ਹਨ ਪਰ ਵਿਦਿਆਰਥਣਾਂ ਦੀ ਮੰਗ ਗ਼ਲਤ ਨਹੀਂ ਹੈ।''

ਪ੍ਰੋਫੈਸਰ ਸੁਰਜੀਤ ਸਿੰਘ ਮੁਤਾਬਕ ਕੁੜੀਆਂ ਉੱਤੇ ਪਾਬੰਦੀ ਸਬੰਧੀ ਜੋ ਧਾਰਨਾ ਬਣੀ ਹੋਈ ਹੈ, ਉਸ ਨੂੰ ਤੋੜਨ ਦੀ ਲੋੜ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਦੀ ਰਾਇ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕੁੜੀਆਂ ਦੀ ਡੀਨ ਡਾਕਟਰ ਅੰਮ੍ਰਿਤਪਾਲ ਕੌਰ ਦਾ ਕਹਿਣਾ ਹੈ ਕਿ ਮੌਜੂਦਾ ਰੂਪ ਵਿਚ ਕੁੜੀਆਂ ਦੇ ਹੋਸਟਲ 24 ਘੰਟੇ ਲਈ ਖੋਲ੍ਹੇ ਰੱਖਣੇ ਸੰਭਵ ਨਹੀਂ ਹਨ।

ਉਨ੍ਹਾਂ ਆਖਿਆ, ''ਸੁਰੱਖਿਆ ਇੱਕ ਵੱਡਾ ਮੁੱਦਾ ਹੈ ਜਿਸ ਕਾਰਨ ਕੁੜੀਆਂ ਦੀ ਇਹ ਮੰਗ ਮੰਨਣੀ ਮੁਸਕਿਲ ਹੈ।''

ਉਨ੍ਹਾਂ ਦਲੀਲ ਦਿੰਦਿਆਂ ਆਖਿਆ ਕਿ ਯੂਨੀਵਰਸਿਟੀ ਵਿਚ ਜ਼ਿਆਦਾਤਰ ਵਿਦਿਆਰਥਣਾਂ ਮਾਲਵਾ ਖ਼ੇਤਰ ਤੋਂ ਹਨ, ਜਿੱਥੇ ਮਾਪੇ ਇਸ ਦਾ ਵਿਰੋਧ ਕਰ ਰਹੇ ਹਨ।

ਅਤੇ ਅਸੀਂ ਕਿਸੇ ਵੀ ਨਤੀਜੇ ਉੱਤੇ ਪਹੁੰਚਣ ਤੋਂ ਪਹਿਲਾਂ ਮਾਪਿਆਂ ਨਾਲ ਗੱਲ ਕਰਾਂਗੇ।

ਇਹ ਵੀ ਪੜ੍ਹੋ:

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਕੁੜੀਆਂ ਦੇ ਹੋਸਟਲ ਦਾ ਸਮਾਂ ਸਵੇਰੇ ਛੇ ਵਜੇ ਰਾਤੀ ਅੱਠ ਵਜੇ ਤੱਕ ਹੈ।

ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਡਾ. ਗੁਰਮੀਤ ਸਿੰਘ ਮਾਨ ਨੇ ਆਖਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਇੱਕ ਵੱਡਾ ਮਸਲਾ ਹੈ, ਇਸ ਲਈ ਉਸ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ, ''ਜੇ ਹੋਸਟਲ 24 ਘੰਟੇ ਲਈ ਖੋਲ੍ਹੇ ਵੀ ਜਾਂਦੇ ਹਨ ਤਾਂ ਵਿਦਿਆਰਥਣਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੋਣ ਲਵੇਗਾ?''

ਉਨ੍ਹਾਂ ਮੁਤਾਬਕ ਬੇਸ਼ੱਕ ਯੂਨੀਵਰਸਿਟੀ ਵਿਚ ਸੁਰੱਖਿਆ ਗਾਰਡ ਅਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਸਾਰੀਆਂ ਕੁੜੀਆਂ ਦੇ ਹੋਸਟਲ 24 ਘੰਟੇ ਲਈ ਖੋਲ੍ਹਣੇ ਮੁਸ਼ਕਿਲ ਹਨ।''

ਡਾ. ਮਾਨ ਮੁਤਾਬਕ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਦਿਆਰਥਣਾਂ ਨੂੰ ਅਜੇ ਤੱਕ 24 ਘੰਟੇ ਹੋਸਟਲ ਖੋਲ੍ਹਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਇੱਥੇ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਹੋਸਟਲ ਟਾਈਮਿੰਗ ਨੂੰ ਲੈ ਕੇ ਕੁੜੀਆਂ ਵੱਲੋਂ ਪਿੰਜਰਾ ਤੋੜ ਮੁਹਿੰਮ ਦੇ ਨਾਂ ਹੇਠ ਸੰਘਰਸ਼ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਚ ਵੀ ਕੀਤਾ ਜਾ ਰਿਹਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)