ਕਸ਼ਮੀਰ 'ਚ ਕਿਸ ਬਦਤਰ ਹਾਲਾਤ 'ਚ ਹਨ ਭਾਜਪਾ ਦੇ ਮੁਸਲਮਾਨ ਵਰਕਰ-ਗ੍ਰਾਊਂ ਰਿਪੋਰਟ

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ, ਸ਼੍ਰੀਨਗਰ

ਅਗਸਤ ਵਿੱਚ ਬਕਰੀਦ ਦੀ ਰਾਤ ਕਰੀਬ 12 ਵਜੇ ਕਸ਼ਮੀਰ ਦੇ ਅਨੰਤਨਾਗ ਵਿੱਚ ਭਾਜਪਾ ਲੀਡਰ ਸੋਫ਼ੀ ਯੂਸੁਫ਼ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਸਾਥੀ ਸ਼ਬੀਦ ਅਹਿਮਦ ਭੱਟ ਨੂੰ ਅਗਵਾ ਕਰ ਲਿਆ ਗਿਆ ਹੈ।

ਸ਼ਬੀਰ ਅਹਿਮਦ ਭੱਟ ਪੁੱਲਵਾਮਾ ਚੋਣ ਖੇਤਰ ਵਿੱਚ ਭਾਜਪਾ ਮੁਖੀ ਸਨ। ਘਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਸ਼ਬੀਰ ਸ਼ਾਇਦ ਪੁਲਵਾਮਾ ਜਾਂ ਸ਼੍ਰੀਨਗਰ ਵਿੱਚ ਹੋਣਗੇ।

ਪਿਛਲੇ ਡੇਢ ਮਹੀਨੇ ਤੋਂ ਸ਼ਬੀਰ ਪੁਲਵਾਮਾ ਵਿੱਚ ਇਸੇ ਤਰ੍ਹਾਂ ਹੀ ਸਮਾਂ ਗੁਜ਼ਾਰ ਰਹੇ ਸਨ।

ਇਹ ਵੀ ਪੜ੍ਹੋ:

ਸ਼ਬੀਰ ਦੇ ਭਰਾ ਜ਼ਹੂਰੁਲ ਇਸਲਾਮ ਭੱਟ ਦੱਸਦੇ ਹਨ, "ਡਰ ਦੇ ਕਾਰਨ ਉਹ ਘਰ ਨਹੀਂ ਰਹਿੰਦਾ ਸੀ, ਕਿਉਂਕਿ ਉਸ ਨੂੰ ਘਬਰਾਹਟ ਹੁੰਦੀ ਸੀ। ਪੁਲਵਾਮਾ ਵਿੱਚ ਉਹ (ਪਾਰਟੀ ਦੇ ਲਈ) ਮੁਹਿੰਮ ਚਲਾਉਂਦਾ ਸੀ, ਪ੍ਰੋਗਰਾਮ ਕਰਦਾ ਸੀ।"

ਆਖ਼ਰਕਾਰ ਗੋਲੀਆਂ ਲੱਗਣ ਕਾਰਨ ਖ਼ੂਨ ਨਾਲ ਭਰੀ ਸ਼ਬੀਦ ਅਹਿਮਦ ਦੀ ਲਾਸ਼ ਰਾਤ ਨੂੰ ਦੋ ਵਜੇ ਇੱਕ ਬਗੀਚੇ ਵਿੱਚੋਂ ਮਿਲੀ।

ਸ੍ਰੀਨਗਰ ਵਿੱਚ ਭਾਰੀ ਸੁਰੱਖਿਆ ਵਿੱਚ ਰਹਿ ਰਹੇ ਸੋਫ਼ੀ ਯੂਸੁਫ਼ ਨੇ ਆਪਣੇ ਘਰ ਵਿਚ ਗੱਲ ਕਰਦਿਆਂ ਦੱਸਿਆ, "ਹੁਣ ਮੈਂ ਰਾਤ ਨੂੰ ਨਿਕਲ ਨਹੀਂ ਸਕਦਾ ਸੀ ਕਿਉਂਕਿ ਸਾਨੂੰ ਵੀ ਬਾਹਰ ਨਿਕਲਣ ਵਿੱਚ ਡਰ ਲਗਦਾ ਹੈ। ਸਵੇਰੇ 7 ਵਜੇ ਈਦ ਵਾਲੇ ਦਿਨ ਮੈਂ ਪੁਲਵਾਮਾ ਗਿਆ ਅਤੇ ਅਸੀਂ ਉਸਦੀ ਲਾਸ਼ ਨੂੰ ਲੈ ਕੇ ਆਏ। ਸਾਢੇ 10 ਵਜੇ ਅੰਤਿਮ ਸੰਸਕਾਰ ਕੀਤਾ ਗਿਆ। ਅਸੀਂ ਈਦ ਦੀ ਨਮਾਜ਼ ਵੀ ਨਹੀਂ ਪੜ੍ਹੀ, ਅਤੇ ਨਾਂ ਹੀ ਕੁਰਬਾਨੀ ਵੀ ਨਹੀਂ ਦਿੱਤੀ।"

ਯੂਸੁਫ਼ ਕਹਿੰਦੇ ਹਨ, "ਸਾਨੂੰ ਬਹੁਤ ਸਦਮਾ ਪਹੁੰਚਿਆ। ਉਹ ਬਹੁਤ ਕਾਬਿਲ ਬੱਚਾ ਸੀ ਅਤੇ ਹਮੇਸ਼ਾ ਲੋਕਾਂ ਵਿਚਾਲੇ ਰਹਿੰਦਾ ਸੀ।"

ਕੀ ਪਰਿਵਾਰ ਨੇ ਕਦੇ ਸ਼ਬੀਰ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ?

ਸ਼ਬੀਰ ਦੇ ਭਰਾ ਜ਼ਹੂਰੁਲ ਇਸਲਾਮ ਕਹਿੰਦੇ ਹਨ, "ਉਸਦਾ ਆਪਣਾ ਮਕਸਦ ਸੀ ਤਾਂ ਅਸੀਂ ਕੀ ਕਹਿੰਦੇ। ਜਿੱਥੇ ਉਸਦੀ ਖੁਸ਼ੀ ਸੀ ਤਾਂ ਅਸੀਂ ਵੀ ਖੁਸ਼ ਸੀ।"

ਵਰਕਰਾਂ 'ਤੇ ਹਮਲੇ

ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਮੁੱਖ ਧਾਰਾ ਨਾਲ ਜੁੜੀਆਂ ਸਿਆਸੀ ਪਾਰਟੀਆਂ ਦੇ ਵਰਕਰਾਂ ਉੱਤੇ ਹਮਲੇ ਹੁੰਦੇ ਰਹੇ ਹਨ, ਪਰ ਸ਼ਬੀਰ ਅਹਿਮਦ ਭੱਟ ਦੇ ਕਤਲ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਕਈ ਕਸ਼ਮੀਰੀ ਮੁਸਲਮਾਨਾਂ ਲਈ ਕੱਟੜਵਾਦ ਨਾਲ ਜੂਝ ਰਹੀ ਵਾਦੀ ਵਿੱਚ ਇੱਕ ਅਜਿਹੀ ਪਾਰਟੀ ਦਾ ਝੰਡਾ ਚੁੱਕਣਾ ਕਿੰਨਾ ਮਹੱਤਵਪੂਰਨ ਹੈ,ਜਿਸ ਨੂੰ ਕਸ਼ਮੀਰ ਦੇ ਕਈ ਹਲਕਿਆਂ 'ਮੁਸਲਿਮ-ਵਿਰੋਧੀ' ਮੰਨਿਆ ਜਾਂਦਾ ਹੈ।

ਬਾਬਰੀ ਮਸਜਿਦ, ਧਾਰਾ 370 ਅਤੇ 35 ਏ ਵਰਗੇ ਮੁੱਦਿਆਂ 'ਤੇ ਭਾਜਪਾ ਦੇ ਸਟੈਂਡ ਕਾਰਨ ਪਾਰਟੀ ਨਾਲ ਜੁੜੇ ਹੋਏ ਦਿਖਣਾ ਸੌਖਾ ਨਹੀਂ ਹੈ।

ਪਾਰਟੀ ਦੇ ਮੁਤਾਬਕ ਘਾਟੀ ਵਿੱਚ ਉਸਦੇ 500 ਦੇ ਕਰੀਬ 'ਐਕਟਿਵ' ਵਰਕਰ ਹਨ। ਇੱਕ ਭਾਜਪਾ ਲੀਡਰ ਮੁਤਾਬਕ 1996 ਤੋਂ ਹੁਣ ਤੱਕ 13 ਭਾਜਪਾ ਵਰਕਰ ਕੱਟੜਪੰਥੀ ਹਿੰਸਾ ਵਿੱਚ ਮਾਰੇ ਜਾ ਚੁੱਕੇ ਹਨ। ਕਈ ਵਰਕਰਾਂ ਨੇ ਗੱਲਬਾਤ ਵਿੱਚ ਅਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।

ਵਾਦੀ ਵਿੱਚ ਕੁਝ ਵਰਕਰਾਂ ਅਤੇ ਲੀਡਰਾਂ ਨੂੰ ਇਹ ਵੀ ਲਗਦਾ ਹੈ ਕਿ ਪਾਰਟੀ 'ਤੇ ਜੰਮੂ ਦੇ ਕਸ਼ਮੀਰੀ ਪੰਡਿਤ ਨੇਤਾਵਾਂ ਦਾ ਦਬਦਬਾ ਹੈ ਅਤੇ ਉਹ ਕਸ਼ਮੀਰੀ ਮੁਸਲਮਾਨ ਲੀਡਰਾਂ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ।

ਕੁਝ ਦੂਜੇ ਮੁਸਲਮਾਨ ਲੀਡਰਾਂ ਨੇ ਵੀ ਨਿੱਜੀ ਗੱਲਬਾਤ ਵਿੱਚ ਅਜਿਹਾ ਹੀ ਕਿਹਾ, ਹਾਲਾਂਕਿ ਇਹ ਵੀ ਸੱਚ ਹੈ ਕਿ ਇਤਿਹਾਸਕ ਕਾਰਨਾਂ ਕਰਕੇ ਜੰਮੂ ਅਤੇ ਕਸ਼ਮੀਰ ਇਲਾਕਿਆਂ ਵਿਚਾਲੇ ਮੁਕਾਬਲੇ ਦੀ ਸਿਆਸਤ ਕੋਈ ਨਵੀਂ ਗੱਲ ਨਹੀਂ ਹੈ।

ਸਾਲ 1993 ਵਿੱਚ ਭਾਜਪਾ ਨਾਲ ਜੁੜਨ ਅਤੇ ਪਾਰਟੀ ਟਿਕਟ 'ਤੇ ਚੋਣ ਲੜਨ ਤੋਂ ਇਲਾਵਾ ਵੱਡੇ ਅਹੁਦਿਆਂ 'ਤੇ ਰਹਿ ਚੁੱਕੇ ਸ਼ੌਕਤ ਹੁਸੈਨ ਵਾਨੀ ਨੇ ਕਿਹਾ, " ਇੱਥੇ ਪਾਰਟੀ ਨੂੰ ਕੁਝ ਲੋਕ ਚਾਹੀਦੇ ਹਨ ਜਿਹੜਾ ਝੰਡਾ ਚੁੱਕਣ ਅਤੇ ਉਨ੍ਹਾਂ ਦੀ ਗੁਲਾਮੀ ਕਰਨ। ਜੰਮੂ ਦੇ ਲੀਡਰਾਂ ਨੂੰ ਕਸ਼ਮੀਰ 'ਤੇ ਥੋਪਿਆ ਜਾ ਰਿਹਾ ਹੈ। ਜੰਮੂ ਦੇ ਕਸ਼ਮੀਰੀ ਪੰਡਿਤਾਂ ਦੇ ਹਵਾਲੇ ਹੈ ਪੂਰਾ ਕਸ਼ਮੀਰ। ਕਿਸੇ ਵੀ ਮੁਸਲਮਾਨ 'ਤੇ ਕੋਈ ਭਰੋਸਾ ਨਹੀਂ ਕਰਦੇ ਹਨ। ਕਿਸੇ ਦੀ ਕੁਰਬਾਨੀ ਦੇਖੀ ਵੀ ਨਹੀਂ ਜਾਂਦੀ ਹੈ। ਇਸ ਤੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਹੈ ਕਿ ਮੈਂ ਸਭ ਕੁਝ ਛੱਡ ਕੇ ਇੱਥੇ ਆਇਆ। ਮੈਨੂੰ ਕਦੇ ਨਹੀਂ ਪੁੱਛਿਆ ਗਿਆ ਕਿ ਤੁਹਾਡਾ ਵੀ ਹੱਕ ਹੈ ਅਤੇ ਤੁਹਾਨੂੰ ਅਸੀਂ ਅਕੋਮੋਡੇਟ ਕਰਾਂਗੇ। "

ਉੱਧਰ, ਜੰਮੂ-ਕਸ਼ਮੀਰ ਵਿੱਚ ਭਾਜਪਾ ਮਹਾਂਸਕੱਤਰ ਅਸ਼ੋਕ ਕੌਲ, ਸ਼ੌਕਤ ਵਾਨੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹਨ।

ਅਸ਼ੋਕ ਕਹਿੰਦੇ ਹਨ, "ਸ਼ੌਕਤ ਵਾਨੀ ਪਿਛਲੇ ਚਾਰ-ਪੰਜ ਸਾਲਾਂ ਵਿੱਚ ਇਨਐਕਟਵਿਟ ਮੈਂਬਰ ਹਨ। ਉਹ ਡਰ ਗਏ ਹਨ ਜਾਂ ਉਨ੍ਹਾਂ ਨੂੰ ਖ਼ਤਰਾ ਲੱਗ ਰਿਹਾ ਹੈ। ਕੁਝ ਵਰਕਰ ਚੰਗੇ ਵੀ ਹੁੰਦੇ ਹਨ ਤੇ ਕੁਝ ਚੰਗਿਆਈ ਦੀ ਗ਼ਲਤ ਵਰਤੋਂ ਵੀ ਕਰਦੇ ਹਨ। "

"ਸਾਡੀ ਲੀਡਰਸ਼ਿਪ ਵਿੱਚ ਸਕੱਤਰ ਤੱਕ ਕੋਈ ਕਸ਼ਮੀਰੀ ਪੰਡਿਤ ਨਹੀਂ ਹੈ, ਮੈਨੂੰ ਛੱਡ ਕੇ। ਮੈਂ ਮਹੀਨੇ ਵਿੱਚ 15-16 ਦਿਨ ਸ਼੍ਰੀਨਗਰ ਵਿੱਚ ਹੁੰਦਾ ਹਾਂ। ਅਜੇ ਤਾਂ ਸ਼ੁਰੂਆਤ ਹੋਈ ਹੈ, ਅਜੇ ਤਾਂ ਜੁਮਾ-ਜੁਮਾ ਅੱਠ ਹੀ ਦਿਨ ਹੋਏ ਹਨ।"

ਰਾਸ਼ਟਰਵਾਦੀ ਏਜੰਡਾ

ਵਾਦੀ ਦੇ ਕਈ ਭਾਜਪਾ ਵਰਕਰਾਂ ਨੇ ਮੈਨੂੰ ਦੱਸਿਆ ਕਿ ਉਹ ਘਾਟੀ ਵਿੱਚ ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ਦੇ ਪਰਿਵਾਰਵਾਦ ਨੂੰ ਦੇਖਣ ਤੋਂ ਬਾਅਦ ਭਾਜਪਾ ਦੇ ਰਾਸ਼ਟਰਵਾਦੀ ਏਜੰਡੇ ਨਾਲ ਜੁੜਨਾ ਚਾਹੁੰਦੇ ਸਨ।

ਸ਼ਬੀਰ ਭੱਟ ਤੋਂ ਇਲਾਵਾ ਪਿਛਲੇ ਸਾਲ ਕੱਟੜਪੰਥ ਪ੍ਰਭਾਵਿਤ ਸ਼ੋਪੀਆਂ ਵਿੱਚ ਭਾਜਪਾ ਦੇ ਨੌਜਵਾਨ ਵਰਕਰ ਗੌਹਰ ਅਹਿਮਦ ਭੱਟ ਨੂੰ ਅਗਵਾ ਕਰਕੇ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।

ਸ਼ਬੀਰ ਅਤੇ ਗੌਹਰ ਦੇ ਕਤਲ ਨਾਲ ਕਸ਼ਮੀਰ ਵਾਦੀ ਵਿੱਚ ਪਾਰਟੀ ਵਰਕਰ ਕਾਫ਼ੀ ਡਰੇ ਹੋਏ ਹਨ।

ਸ਼੍ਰੀਨਗਰ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਅਜਿਹੀ ਕੋਈ ਪਛਾਣ ਨਹੀਂ ਹੈ ਜਿਸ ਨਾਲ ਪਤਾ ਲੱਗੇ ਕਿ ਅੰਦਰ ਪਾਰਟੀ ਦਫ਼ਤਰ ਹੈ।

ਇੱਥੇ ਪਥਰਾਅ ਅਤੇ ਗ੍ਰੇਨੇਡ ਹਮਲਾ ਹੋ ਚੁੱਕਿਆ ਹੈ।

ਦਫ਼ਤਰ ਦਾ ਮੁੱਖ ਗੇਟ ਕੰਡਿਆਲੀ ਤਾਰ ਨਾਲ ਘਿਰਿਆ ਹੋਇਆ ਹੈ। ਇੱਕ ਮਜ਼ਬੂਤ ਦਰਵਾਜ਼ੇ ਰਾਹੀਂ ਅੰਦਰ ਵੜਨ 'ਤੇ ਬੰਦੂਕਧਾਰੀ ਸੁਰੱਖਿਆ ਕਰਮੀ ਦਿਖਾਈ ਦੇਣਗੇ।

ਦਫ਼ਤਰ ਦੀ ਇੱਕ ਕੰਧ 'ਤੇ ਗਰਨੇਡ ਹਮਲੇ ਨਾਲ ਹੋਈਆਂ ਮੋਰੀਆਂ ਅਤੇ ਧਾਤੂ ਨਾਲ ਬਣੇ ਕਈ ਖੱਡੇ ਬਣੇ ਹੋਏ ਸਨ।

ਦਫ਼ਤਰ ਵਿੱਚ ਇੱਕ ਪਾਰਟੀ ਅਧਿਕਾਰੀ ਨੇ ਦੱਸਿਆ, "ਮੇਰਾ ਪਰਿਵਰਾ ਮੇਰੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦਾ ਹੈ। ਜਦੋਂ ਰਾਮ ਮਾਧਵ ਸ਼੍ਰੀਨਗਰ ਆਏ ਸੀ ਤਾਂ ਅਸੀਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਉਨ੍ਹਾਂ ਸਾਹਮਣੇ ਰੱਖੀਆਂ ਸਨ। "

ਸੁਰੱਖਿਆ ਨੂੰ ਲੈ ਕੇ ਐਨਾ ਡਰ ਹੈ ਕਿ ਕੋਈ ਭਾਜਪਾ ਵਰਕਰ ਕੈਮਰੇ 'ਤੇ ਦਿਖਣਾ ਨਹੀਂ ਚਾਹੁੰਦਾ। ਇੱਕ ਤਾਂ ਆਪਣੀ ਕਾਰ ਉੱਤੇ ਪ੍ਰੈੱਸ ਦਾ ਸਟਿੱਕਰ ਲਗਾ ਕੇ ਘੁੰਮਦੇ ਹਨ।

ਸਾਲ 1995 ਤੋਂ ਭਾਜਪਾ ਮੈਂਬਰ ਅਤੇ ਮੌਜੂਦਾ ਐਮਐਲਸੀ ਸੋਫ਼ੀ ਯੂਸੁਫ਼ ਉੱਤੇ ਵੀ ਹਮਲੇ ਹੋ ਚੁੱਕੇ ਹਨ।

ਭਰਾ ਦੇ ਕਲੀਨਿਕ 'ਤੇ ਹੋਏ ਬੰਬ ਧਮਾਕੇ ਕਾਰਨ ਉਹ ਛੇ ਮਹੀਨੇ ਹਸਪਤਾਲ ਵਿੱਚ ਭਰਤੀ ਰਹੇ।

ਯੂਸੁਫ਼ ਕਹਿੰਦੇ ਹਨ, "ਜੇਕਰ ਤੁਸੀਂ ਦੇਖੋਗੇ ਤਾਂ ਮੇਰਾ ਸਾਰਾ ਸਰੀਰ ਟੁੱਟਿਆ ਹੋਇਆ ਹੈ। ਅੱਲ੍ਹਾ ਦਾ ਸ਼ੁਕਰ ਹੈ ਕਿ ਮੈਂ ਬਚ ਗਿਆ। ਮੇਰਾ ਭਰਾ ਵੀ ਹਮਲੇ ਵਿੱਚ ਜ਼ਖ਼ਮੀ ਹੋਇਆ ਸੀ। 6 ਮਹੀਨੇ ਬਾਅਦ ਮਿਲੀਟੈਂਟਾਂ ਨੇ ਉਸ ਨੂੰ ਮਾਰ ਦਿੱਤਾ।"

ਸਾਲ 1999 ਵਿੱਚ ਸੋਫ਼ੀ ਯੂਸੁਫ਼ ਉਸੇ ਕਾਫ਼ਲੇ ਵਿੱਚ ਸ਼ਾਮਲ ਸਨ ,ਜਿਸ ਹਮਲੇ ਵਿੱਚ ਸੰਸਦੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਹੈਦਰ ਨੂਰਾਨੀ ਮਾਰੇ ਗਏ ਸਨ। ਸੋਫ਼ੀ ਯੂਸੁਫ਼ ਦੋ ਮਹੀਨੇ ਹਸਪਤਾਲ ਵਿੱਚ ਰਹੇ।

ਇਹ ਵੀ ਪੜ੍ਹੋ:

ਸੋਫ਼ੀ ਯੂਸੁਫ਼ ਯਾਦ ਕਰਦੇ ਹਨ, "ਸਾਡੇ ਨਾਲ ਬਹੁਤ ਵੱਡਾ ਕਾਫ਼ਲਾ ਸੀ। ਮੇਰੇ ਤੋਂ ਪਹਿਲਾਂ ਜਿਹੜੀ ਗੱਡੀ ਸੀ ਉਹ ਹਵਾ ਵਿੱਚ ਉੱਡ ਜਾਂਦੀ ਹੈ। ਐਨਾ ਜ਼ੋਰਦਾਰ ਧਮਾਕਾ ਸੀ ਕਿ ਧੂੰਆਂ ਹੀ ਧੂੰਆਂ ਸੀ। ਪੰਜ ਮਿੰਟ ਬਾਅਦ ਜਦੋਂ ਧੂੰਆਂ ਘੱਟ ਹੋਇਆ ਤਾਂ ਸਾਡੇ ਉੱਤੇ ਫਾਇਰਿੰਗ ਹੋਈ। ਅਸੀਂ ਉਸ ਵੇਲੇ ਸੋਚਿਆ ਕਿ ਪਤਾ ਨਹੀਂ ਕਿਹੜੀ ਕਿਆਮਤ ਟੁੱਟ ਪਈ ਹੈ। ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਬਾਂਹ ਉੱਤੇ ਗੋਲੀ ਲੱਗਣ ਕਾਰਨ ਬਹੁਤ ਖ਼ੂਨ ਵਗ ਰਿਹਾ ਸੀ।"

ਦੱਖਣੀ ਕਸ਼ਮੀਰ ਦੇ ਕੱਟੜਪੰਥ ਪ੍ਰਭਾਵਿਤ ਸ਼ੋਪੀਆਂ ਦੇ ਮੈਸਵਾਰਾ ਇਲਾਕੇ ਵਿੱਚ ਰਹਿਣ ਵਾਲੇ ਪਾਰਟੀ ਜ਼ਿਲ੍ਹਾ ਪ੍ਰਧਾਨ ਜਾਵੇਦ ਕਾਦਰੀ ਦੇ ਲਈ ਵੀ ਜ਼ਿੰਦਗੀ ਸੌਖੀ ਨਹੀਂ।

ਐਸਪੀਓ ਨਿਸ਼ਾਨੇ ਉੱਤੇ

ਸ਼ੋਪੀਆਂ ਵਿੱਚ ਪਿਛਲੇ ਹਫ਼ਤੇ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀਆਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।

ਸਾਲ 2014 ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਇੱਥੇ ਰੈਲੀ ਕਰਨ ਆਏ ਸਨ।

ਜਦੋਂ ਅਸੀਂ ਜਾਵੇਦ ਕਾਦਰੀ ਦੇ ਘਰ ਪੁੱਜੇ ਤਾਂ ਉਨ੍ਹਾਂ ਦੇ ਘਰ ਵਿੱਚ ਕੈਦ ਹੋਏ 15 ਦਿਨ ਲੰਘ ਚੁੱਕੇ ਸੀ ਅਤੇ ਉਨ੍ਹਾਂ ਦੇ ਨਾਲ ਹਰਿਆਣਾ ਤੋਂ ਆਏ ਇੱਕ ਵਪਾਰੀ ਬੈਠੇ ਸੀ। ਜਾਵੇਦ ਕਾਦਰੀ ਦੇ ਸੇਬ ਦੇ ਬਗੀਚੇ ਹਨ।

ਪਹਾੜੀ ਉੱਤੇ ਇੱਕ ਉੱਚੇ ਟਿੱਲੇ 'ਤੇ ਬਣਿਆ ਉਨ੍ਹਾਂ ਦਾ ਮਕਾਨ ਇੱਕ ਕਿਲੇ ਵਰਗਾ ਹੈ।

ਘਰ ਦੇ ਬਾਹਰ ਬਖ਼ਤਰਬੰਦ ਗੱਡੀਆਂ ਦੇ ਨਾਲ ਸੁਰੱਖਿਆ ਤਾਂ ਸੀ ਹੀ, ਅੰਦਰ ਵੀ ਬੰਕਰ ਦੇ ਪਿੱਛੇ ਸੁਰੱਖਿਆ ਕਰਮੀ ਮੌਜੂਦ ਸਨ। ਉਨ੍ਹਾਂ ਦਾ ਹਾਲ ਜਾਣਨ ਲਈ ਬੰਦੂਕ ਸਮੇਤ ਸੀਨੀਅਰ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਘਰ ਪੁੱਜੇ ਸਨ।

ਐਨੇ ਸੁਰੱਖਿਆ ਪ੍ਰਬੰਧ ਦੇ ਬਾਵਜੂਦ ਵੀ ਉਨ੍ਹਾਂ ਉੱਤੇ ਦੋ ਹਮਲੇ ਹੋ ਚੁੱਕੇ ਹਨ।

34 ਸਾਲਾ ਜਾਵੇਦ ਕਾਦਰੀ ਇੱਕ ਹਮਲੇ ਨੂੰ ਯਾਦ ਕਰਦੇ ਹਨ, "ਰਾਤ ਕਰੀਬ 12 ਵਜੇ ਦਾ ਸਮਾਂ ਸੀ, ਜਦੋਂ ਬਾਹਰੋਂ ਫਾਇਰਿੰਗ ਹੋਈ। ਅਸੀਂ ਅੰਦਰ ਬੈਠੇ ਸੀ। ਸਾਡੀ ਸਕਿਊਰਟੀ ਨੇ ਸਾਡੀ ਹਿਫ਼ਾਜ਼ਤ ਕੀਤੀ। ਇਹ ਨਹੀਂ ਕਹਿ ਸਕਦੇ ਕਿ ਕਿਸ ਨੇ ਕੀਤਾ। ਅਸੀਂ ਅੰਦਰ ਸੀ, ਅਸੀਂ ਕੀ ਦੱਸਾਂਗੇ।"

ਸਰਪੰਚ ਰਹੇ ਜਾਵੇਦ ਕਾਦਰੀ ਸਾਲ 2014 ਵਿੱਚ ਭਾਜਪਾ 'ਚ ਸ਼ਾਮਲ ਹੋਏ।

ਉਹ ਕਹਿੰਦੇ ਹਨ, "ਮੋਦੀ ਜੀ ਨੂੰ ਦੇਖ ਕੇ ਅਸੀਂ ਭਾਜਪਾ ਵਿੱਚ ਸ਼ਾਮਲ ਹੋਏ ਸੀ। ਉਸ ਸਮੇਂ ਇਹ ਗੱਲ ਹੋਈ ਕਿ ਜੇਕਰ ਭਾਜਪਾ ਦੀ ਸਰਕਾਰ ਆਈ ਤਾਂ ਮੁਸਲਮਾਨਾਂ ਨਾਲ ਇਹ ਹੋਵੇਗਾ, ਉਹ ਹੋਵੇਗਾ। ਇੱਕ ਵਾਰ ਅਸੀਂ ਭਾਜਪਾ ਦੇ ਦਿੱਲੀ ਵਾਲੇ ਦਫ਼ਤਰ ਗਏ ਸੀ। ਅਸੀਂ ਦਫ਼ਤਰ ਵਿੱਚ ਨਮਾਜ਼ ਅਦਾ ਕੀਤੀ ਸੀ। ਇਸ ਸਰਕਾਰ ਵਿੱਚ ਮੁਸਲਮਾਨ ਸਭ ਤੋਂ ਸੁਰੱਖਿਅਤ ਹਨ।"

ਜਾਵੇਦ ਕਾਦਰੀ ਮੁਤਾਬਕ ਖ਼ਤਰੇ ਦੇ ਬਾਵਜੂਦ ਸ਼ੋਪੀਆਂ ਵਿੱਚ ਰਹਿਣ ਦਾ ਕਾਰਨ ਹੈ ਕਿ ਉਹ ਆਪਣੇ ਵੋਟਰਾਂ ਦੇ ਕੋਲ ਰਹਿਣਾ ਚਾਹੁੰਦੇ ਹਨ।

ਜਾਵੇਦ ਕਹਿੰਦੇ ਹਨ, "ਅੱਜ ਵੀ ਮੇਰਾ ਬੱਚਾ ਨੀਂਦ ਵਿੱਚ ਆਵਾਜ਼ ਦਿੰਦਾ ਹੈ, ਡਰ ਤਾਂ ਹੈ। ਜੇਕਰ ਹੁਣ ਅਸੀਂ ਕੰਮ ਨਹੀਂ ਕਰਾਂਗੇ ਤਾਂ ਕੌਣ ਕਰੇਗਾ। ਅਸੀਂ ਕਦੇ ਸੌਂਦੇ ਵੀ ਨਹੀਂ। ਅਸੀਂ ਹਿੰਦੁਸਤਾਨੀ ਹਾਂ,. ਅਸੀਂ ਹਿੰਦੂਸਤਾਨ ਨਾਲ ਪਿਆਰ ਕਰਦੇ ਹਾਂ, ਇਹ ਹਕੀਕਤ ਹੈ। ਹਮੇਸ਼ਾ ਅਲਰਟ 'ਤੇ ਰਹਿੰਦੇ ਹਾਂ ਇੱਕ ਸਿਪਾਹੀ ਦੀ ਤਰ੍ਹਾਂ।"

"ਮੇਰੇ ਘਰ ਵਾਲੇ, ਮੇਰੀ ਪਤਨੀ ਅਤੇ ਰਿਸ਼ਤੇਦਾਰ ਕਹਿੰਦੇ ਹਨ ਕਿ ਤੁਸੀਂ ਸ਼੍ਰੀਨਗਰ ਚਲੇ ਜਾਓ ਪਰ ਮੈਂ ਘਰ ਵਾਲਿਆਂ ਨੂੰ ਵੀ ਕਹਿੰਦਾ ਹਾਂ ਕਿ ਐਨੀ ਛੋਟੀ ਉਮਰ ਵਿੱਚ ਲੋਕਾਂ ਨੇ ਮੈਨੂੰ ਐਨੇ ਵੋਟ ਦਿੱਤੇ, ਮੈਂ ਲੋਕਾਂ ਨੂੰ ਧੋਖਾ ਨਹੀਂ ਦੇ ਸਕਦਾ, ਨਾ ਦੇਵਾਂਗਾ ਅਤੇ ਨਾ ਹੀ ਘਰੋਂ ਨਿਕਲਾਂਗਾ। ਮੌਤ ਤਾਂ ਉੱਪਰ ਵਾਲੇ ਦੇ ਹੱਥ ਹੈ।"

ਜਾਵੇਦ ਕਾਦਰੀ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਕੋਲ ਸੁਰੱਖਿਆ ਦੀ ਘਾਟ ਹੈ।

ਜੰਮੂ-ਕਸ਼ਮੀਰ ਵਿੱਚ ਭਾਜਪਾ ਜਨਰਲ ਸਕੱਤਰ (ਸੰਗਠਨ) ਅਸ਼ੋਕ ਕੌਲ ਸੁਰੱਖਿਆ ਦਾ ਭਰੋਸਾ ਦਿਵਾਉਂਦੇ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਪਾਰਟੀ ਵਰਕਰਾਂ ਨੂੰ ਸਰਕਾਰ ਨੇ ਥੋੜ੍ਹੀ-ਬਹੁਤ ਸੁਰੱਖਿਆ ਹੀ ਦਿੱਤੀ ਹੈ। ਜਿਨ੍ਹਾਂ ਨੂੰ ਨਹੀਂ ਦਿੱਤੀ ਹੈ ਉਨ੍ਹਾਂ ਲਈ ਵੀ ਅਸੀਂ ਸੁਰੱਖਿਆ ਦੀ ਮੰਗ ਕਰ ਰਹੇ ਹਾਂ। ਸਿਰਫ਼ ਸੁਰੱਖਿਆ ਨਾਲ ਕੁਝ ਨਹੀਂ ਹੋਵੇਗਾ, ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਤੇ ਸੁਰੱਖਿਅਤ ਥਾਂ ਉੱਤੇ ਰੱਖਿਆ ਜਾਵੇ, ਉਸ ਬਾਰੇ ਅਸੀਂ ਚਰਚਾ ਕਰ ਰਹੇ ਹਾਂ। ਸਰਕਾਰ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪਾਰਟੀ ਵਰਕਰਾਂ ਦੀ ਸੁਰੱਖਿਆ ਕਰਾਂਗੇ।"

"ਅਸੀਂ ਤਿੰਨ-ਚਾਰ ਥਾਂ ਸੁਰੱਖਿਅਤ ਘਰ ਲਏ ਹਨ, ਉਨ੍ਹਾਂ ਘਰਾਂ ਵਿੱਚ ਵਰਕਰਾਂ ਨੂੰ ਰੱਖਿਆ ਗਿਆ ਹੈ। ਇੱਥੇ ਇਹ ਸੰਭਵ ਨਹੀਂ ਹੈ ਉੱਥੇ ਅਸੀਂ ਲੋਕਾਂ ਨੂੰ ਸਰਕਾਰੀ ਘਰਾਂ ਵਿੱਚ ਰੱਖਿਆ ਹੈ। ਆਪਣੇ ਵਰਕਰਾਂ ਲਈ ਅਸੀਂ ਹੋਰ ਘਰ ਮੰਗ ਰਹੇ ਹਾਂ।"

ਪਰ 1993 ਤੋਂ ਭਾਜਪਾ ਨਾਲ ਜੁੜੇ ਅਤੇ ਭਾਜਪਾ ਦੇ ਟਿਕਟ ਤੋਂ ਚੋਣ ਲੜਨ ਦੇ ਇਲਾਵਾ ਵੱਡੇ ਅਹੁਦਿਆਂ 'ਤੇ ਰਹਿ ਚੁੱਕੇ ਸ਼ੌਕਤ ਹੁਸੈਨ ਵਾਨੀ ਅਸ਼ੋਕ ਕੌਲ ਨਾਲ ਸਹਿਮਤ ਨਹੀਂ ਹਨ।

ਉਹ ਸਾਲਾਂ ਤੋਂ ਅਨੰਤਨਾਗ ਦਾ ਆਪਣਾ ਘਰ ਛੱਡ ਕੇ ਸ਼੍ਰੀਨਗਰ ਵਿੱਚ 20,000 ਰੁਪਏ ਮਹੀਨਾ ਕਿਰਾਇਆ ਦੇ ਕੇ ਰਹਿ ਰਹੇ ਹਨ।

ਉਹ ਕਹਿੰਦੇ ਹਨ, "2002 ਤੋਂ ਬਾਅਦ ਨਾ ਸਾਨੂੰ ਸਰਕਾਰੀ ਘਰ ਮਿਲਿਆ, ਨਾ ਸੁਰੱਖਿਆ ਮਿਲੀ, ਮੇਰੇ ਨਾਲ ਇੱਕ ਪੀਐਸਓ ਹੈ ਜੋ ਨਾਕਾਫ਼ੀ ਹੈ। ਹਰ ਦੋ- ਚਾਰ ਮਹੀਨਿਆਂ ਵਿੱਚ ਸਾਨੂੰ ਘਰ ਬਦਲਣਾ ਪੈਂਦਾ ਹੈ। ਮਕਾਨ ਮਾਲਿਕ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਨਹੀਂ ਤਾਂ ਸਾਨੂੰ ਕਿਰਾਏ ਉੱਤੇ ਘਰ ਵੀ ਨਹੀਂ ਮਿਲੇਗਾ। ਮਹਿੰਗਾਈ ਕਾਰਨ ਅਸੀਂ ਸ਼ਹਿਰ ਵਿੱਚ ਆਪਣਾ ਘਰ ਵੀ ਨਹੀਂ ਬਣਾ ਸਕਦੇ।"

ਵਰਕਰਾਂ ਲਈ ਮੁਸ਼ਕਲਾਂ

ਪਾਰਟੀ ਵਰਕਰਾਂ ਨਾਲ ਗੱਲ ਕਰੀਏ ਤਾਂ ਪਤਾ ਚੱਲੇਗਾ ਕਿ ਬੀਫ਼ ਅਤੇ ਬਾਬਰੀ ਮਸਜਿਦ ਵਰਗੇ ਵਿਵਾਦਤ ਮੁੱਦਿਆਂ ਉੱਤੇ ਭਾਜਪਾ ਲੀਡਰਾਂ ਨੇ ਸਟੈਂਡ ਅਤੇ ਬਿਆਨਾਂ ਤੋਂ ਕਸ਼ਮੀਰ ਵਿੱਚ ਆਮ ਲੋਕਾਂ ਵਿਚਾਲੇ ਉਨ੍ਹਾਂ ਦੀਆਂ ਮੁਸ਼ਕਿਲਾਂ ਆਸਾਨ ਨਹੀਂ ਹੁੰਦੀਆਂ।

ਉੱਧਰ ਪੁਲਵਾਮਾ ਵਿੱਚ ਭਾਜਪਾ ਵਰਕਰ ਸ਼ਬੀਰ ਭੱਟ ਦੀ ਮੌਤ ਤੋਂ ਬਾਅਦ ਦੂਜੇ ਭਰਾ ਨੌਕਰੀ ਦੀ ਤਲਾਸ਼ ਕਰ ਰਹੇ ਹਨ।

ਸ਼ਬੀਰ ਦਾ ਭਰਾ ਜ਼ਹੂਰੁਲ ਇਸਲਾਮ ਭੱਟ ਦੱਸਦਾ ਹੈ ਕਿ ਉਨ੍ਹਾਂ ਦਾ ਵੱਡਾ ਭਰਾ ਪੀਐਚਡੀ ਕਰਕੇ ਬੈਠਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਨੌਕਰੀ ਦੀ ਲੋੜ ਹੈ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਸਾਡੀ ਕੋਈ ਆਮਦਨੀ ਨਹੀਂ ਹੈ। ਅਸੀਂ ਪਿੰਡ ਦੇ ਲੋਕ ਹਾਂ। ਸਾਡੇ ਘਰ ਕੋਈ ਨੌਕਰੀ ਕਰਨ ਵਾਲਾ ਨਹੀਂ ਹੈ। ਖੇਤੀਬਾੜੀ ਨਾਲ ਘਰ ਚਲਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)