You’re viewing a text-only version of this website that uses less data. View the main version of the website including all images and videos.
ਕਸ਼ਮੀਰ ਦਾ ਹਰ ਯਤੀਮ ਬੱਚਾ ਖੁਦ ਇੱਕ ਦਰਦਭਰੀ ਕਹਾਣੀ ਹੈ
- ਲੇਖਕ, ਸ਼ਕੀਲ ਅਖ਼ਤਰ
- ਰੋਲ, ਪੱਤਰਕਾਰ, ਬੀਬੀਸੀ ਉਰਦੂ
ਭਾਰਤ ਪ੍ਰਸ਼ਾਸਿਤ ਕਸ਼ਮੀਰ ਬਾਰੇ ਲੋਕਾਂ ਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਉੱਥੇ ਬੀਤੇ 30 ਸਾਲਾਂ ਤੋਂ ਜਾਰੀ ਅਸਥਿਰਤਾ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਸ਼ਮੀਰ ਤੋਂ ਬਾਹਰ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਇਨ੍ਹਾਂ ਘਟਨਾਵਾਂ ਕਾਰਨ ਹਜ਼ਾਰਾਂ ਬੱਚੇ ਯਤੀਮ ਹੋ ਗਏ ਹਨ।
ਇਸ ਅਸਥਿਰ ਖੇਤਰ ਵਿੱਚ ਅਜਿਹੇ ਹਜ਼ਾਰਾਂ ਬੱਚੇ ਵੱਖ-ਵੱਖ ਯਤੀਮਖਾਨਿਆਂ ਵਿੱਚ ਪਲ ਰਹੇ ਹਨ।
ਉਨ੍ਹਾਂ ਦੀ ਗਿਣਤੀ ਬਾਰੇ ਸੂਬੇ ਵਿੱਚ ਨਾ ਤਾਂ ਸਰਕਾਰ ਕੋਲ ਕੋਈ ਸਹੀ ਅੰਕੜੇ ਹਨ ਅਤੇ ਨਾ ਹੀ ਗੈਰ-ਸਰਕਾਰੀ ਸੰਗਠਨਾਂ ਅਤੇ ਵੱਖ-ਵੱਖ ਅਧਿਕਾਰਾਂ ਲਈ ਕੰਮ ਕਰਨ ਵਾਲਿਆਂ ਕੋਲ ਇਨ੍ਹਾਂ ਦੀ ਵਿਸਥਾਰ ਨਾਲ ਜਾਣਕਾਰੀ ਹੈ।
ਇਹ ਵੀ ਪੜ੍ਹੋ:
ਵੱਖ-ਵੱਖ ਸੰਗਠਨ ਇਸ ਦੀ ਗਿਣਤੀ ਵੱਖ-ਵੱਖ ਦੱਸਦੇ ਹਨ। ਸਿਰਫ਼ ਇੰਨਾ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ।
ਕੁਝ ਸਾਲ ਪਹਿਲਾਂ ਮੈਂ ਇਨ੍ਹਾਂ ਯਤੀਮ ਬੱਚਿਆਂ 'ਤੇ ਇੱਕ ਰਿਪੋਰਟ ਤਿਆਰ ਕੀਤੀ ਸੀ। ਇਹ ਅਜਿਹੇ ਬੱਚਿਆਂ ਲਈ ਵਿਵਸਥਾ ਸੀ ਜੋ ਮਾੜੇ ਹਾਲਾਤ ਦੇ ਸ਼ਿਕਾਰ ਸਨ।
ਬੱਚਿਆਂ ਦੇ ਦਿਮਾਗ 'ਤੇ ਡੂੰਘਾ ਅਸਰ
ਰਿਪੋਰਟ ਦੌਰਾਨ ਸਭ ਤੋਂ ਖ਼ਾਸ ਪਹਿਲੂ ਇਹ ਸਾਹਮਣੇ ਆਇਆ ਕਿ ਟਕਰਾਅ ਅਤੇ ਉਦਾਸੀਨਤਾ ਦੇ ਇਸ ਦੌਰ ਵਿੱਚ ਵੀ ਕਸ਼ਮੀਰੀਆਂ ਵਿੱਚ ਮਦਦ ਅਤੇ ਇਨਸਾਨੀਅਤ ਦਾ ਜਜ਼ਬਾ ਲਾਜਵਾਬ ਹੈ।
ਕਾਫੀ ਅਜਿਹੇ ਲੋਕ ਮਿਲੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ, ਆਪਣੀ ਸਾਰੀ ਤਾਕਤ ਅਤੇ ਆਪਣੇ ਸਰੋਤ ਉਨ੍ਹਾਂ ਬੱਚਿਆਂ ਦੀ ਪਰਵਰਿਸ਼, ਸਿੱਖਿਆ ਅਤੇ ਭਲਾਈ ਲਈ ਖਰਚ ਕਰ ਦਿੱਤੇ ਹਨ।
ਅਸਥਿਰ ਘਾਟੀ ਦਾ ਹਰ ਯਤੀਮ ਬੱਚਾ ਆਪਣੇ ਆਪ ਵਿੱਚ ਇੱਕ ਦਰਦਭਰੀ ਕਹਾਣੀ ਹੈ।
ਮੇਰੀ ਮੁਲਾਕਾਤ ਜ਼ਿਆਦਾਤਰ ਘੱਟ ਉਮਰ ਦੇ ਬੱਚਿਆਂ ਨਾਲ ਹੋਈ ਸੀ। ਉਨ੍ਹਾਂ ਦੀ ਮਾਸੂਮ ਅਤੇ ਨਰਮ ਆਵਾਜ਼ਾਂ ਉਨ੍ਹਾਂ ਦੀ ਹੱਡਬੀਤੀ ਨੂੰ ਹੋਰ ਦੁਖਦਾਈ ਬਣਾ ਦਿੰਦੀਆਂ ਹਨ।
ਪਿਓ ਨੂੰ ਗੁਆਉਣ ਅਤੇ ਉਨ੍ਹਾਂ ਨਾਲ ਜੁੜੀ ਕਹਾਣੀ ਦਾ ਉਨ੍ਹਾਂ ਬੱਚਿਆਂ ਦੇ ਮਨ 'ਤੇ ਡੂੰਘਾ ਅਸਰ ਸੀ।
ਰੋਜ਼ੀ-ਰੋਟੀ ਲਈ ਪੁਲਿਸ 'ਚ ਹੁੰਦੇ ਸ਼ਾਮਿਲ
ਸ਼੍ਰੀਨਗਰ ਦੀ ਇੱਕ ਸੰਸਥਾ ਵਿੱਚ ਮੈਨੂੰ 8-9 ਸਾਲ ਦੇ ਇੱਕ ਬੱਚੇ ਨੇ ਦੱਸਿਆ ਕਿ ਉਸ ਦੇ ਪਿਤਾ ਸਰਹੱਦ ਸਕਿਓਰਿਟੀ ਫੋਰਸ ਦੇ ਮੁਲਾਜ਼ਮ ਸਨ।
ਉਹ ਉਨ੍ਹੀਂ ਦਿਨੀਂ ਭਾਰਤ ਦੇ ਕਿਸੇ ਉੱਤਰ-ਪੂਰਬੀ ਸੂਬੇ ਵਿੱਚ ਡਿਊਟੀ 'ਤੇ ਤਾਇਨਾਤ ਸਨ। ਈਦ ਦੀਆਂ ਛੁੱਟੀਆਂ ਵਿੱਚ ਉਹ ਘਰ ਆਏ ਸਨ। ਰਾਤ ਵਿੱਚ ਕੁਝ ਅਣਜਾਣ ਲੋਕ ਘਰ ਆਏ ਤੇ ਉਸਦੇ ਪਿਤਾ ਨੂੰ ਲੈ ਕੇ ਚਲੇ ਗਏ।
ਸਵੇਰੇ ਘਰ ਤੋਂ ਕੁਝ ਦੂਰੀ 'ਤੇ ਗੋਲੀਆਂ ਤੋਂ ਵਿੰਨ੍ਹੀ ਉਨ੍ਹਾਂ ਦੀ ਲਾਸ਼ ਮਿਲੀ ਸੀ। ਕਸ਼ਮੀਰ ਦੀਆਂ ਉਹ ਬੇਹਿਸਾਬ ਆਵਾਜ਼ਾਂ ਜੋ ਅਕਸਰ ਪਿੱਛਾ ਕਰਦੀਆਂ ਹਨ, ਉਨ੍ਹਾਂ ਵਿੱਚ ਨੰਨ੍ਹੀਆਂ ਆਵਾਜ਼ਾਂ ਵੀ ਦਿਮਾਗ ਵਿੱਚ ਹਲਚਲ ਪੈਦਾ ਕਰਦੀਆਂ ਹਨ।
ਘਾਟੀ ਵਿੱਚ ਬਹੁਤ ਸਾਰੇ ਲੋਕ ਦੂਜੀਆਂ ਨੌਕਰੀਆਂ ਵਾਂਗ ਰੋਜ਼ੀ-ਰੋਟੀ ਲਈ ਪੁਲਿਸ ਵਿੱਚ ਸ਼ਾਮਿਲ ਹੁੰਦੇ ਹਨ।
ਇਨ੍ਹਾਂ ਸੰਗਠਨਾਂ ਦੀਆਂ ਜੋ ਜ਼ਿੰਮੇਵਾਰੀਆਂ ਅਤੇ ਫਰਜ਼ ਹੁੰਦੇ ਹਨ ਉਹ ਉਨ੍ਹਾਂ ਨੂੰ ਇਮਾਨਦਾਰੀ ਨਾਲ ਅਦਾ ਕਰਨੇ ਹੁੰਦੇ ਹਨ।
ਪਿਛਲੇ ਦਿਨਾਂ ਵਿੱਚ ਸ਼ੋਪੀਆਂ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਕੱਟੜਪੰਥੀਆਂ ਨੇ ਕਸ਼ਮੀਰੀਆਂ ਨੂੰ ਚਿਤਾਵਨੀ ਦਿੱਤੀ ਹੋਈ ਹੈ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਨੌਕਰੀ ਤੋਂ ਅਸਤੀਫਾ ਦੇ ਦੇਣ।
ਪਾਕਿਸਤਾਨ ਨਾਲ ਗੱਲਬਾਤ ਰੱਦ ਹੋਣ ਤੋਂ ਬਾਅਦ ਕਸ਼ਮੀਰ ਦਾ ਮੁੱਦਾ ਕਈ ਸਾਲਾਂ ਤੋਂ ਲਟਕਿਆ ਹੋਇਆ ਹੈ।
ਸਰਕਾਰ ਤੇ ਵੱਖਵਾਦੀਆਂ ਨੇ ਗੱਲਬਾਤ ਦੇ ਕਈ ਚੰਗੇ ਮੌਕਿਆਂ ਨੂੰ ਗੁਆਇਆ ਹੈ।
ਗੱਲਬਾਤ ਦੇ ਸਾਰੇ ਰਾਹ ਬੰਦ ਹੋਣ ਨਾਲ ਕਸ਼ਮੀਰ ਵਿੱਚ ਵੱਖਵਾਦੀਆਂ ਦੀ ਅਗਵਾਈ ਦੀ ਸਾਖ ਵੀ ਸਮਾਪਤ ਹੋਈ ਹੈ।
ਬੇਵਸੀ ਅਤੇ ਪ੍ਰਮਾਣਿਕ ਅਗਵਾਈ ਦੇ ਨਾ ਹੋਣ ਨਾਲ ਮਾਯੂਸੀ ਅਤੇ ਨਫ਼ਰਤ ਦਾ ਜਨਮ ਹੋਇਆ ਹੈ।
ਨਵੀਂ ਨਸਲ ਦੇ ਭਵਿੱਖ ਦੇ ਸਾਰੇ ਸੁਫਨੇ ਲੈ ਲਏ ਗਏ ਹਨ ਅਤੇ ਉਨ੍ਹਾਂ ਨੂੰ ਡੂੰਘੀ ਮਾਯੂਸੀ ਵਿੱਚ ਧੱਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਕੱਟੜਪੰਥ ਵਿੱਚ ਹੁਣ ਕਿਸੇ ਟੀਚੇ ਦੀ ਪ੍ਰਾਪਤੀ ਦੀ ਥਾਂ ਨੌਜਵਾਨਾਂ ਵਿੱਚ ਕਾਫੀ ਮਾਯੂਸੀ ਅਤੇ ਬੇਵਸੀ ਨਜ਼ਰ ਆਉਂਦੀ ਹੈ। ਮੌਤ 'ਤੇ ਹੁਣ ਮਾਤਮ ਨਹੀਂ ਹੁੰਦਾ ਹੈ।
ਕਸ਼ਮੀਰ ਮੁੱਦੇ ਦੀ ਸਭ ਤੋਂ ਵੱਡੀ ਤ੍ਰਾਸਦੀ ਇਹੀ ਹੈ ਕਿ ਹਰ ਪੱਖ ਇਸ ਦਾ ਹੱਲ ਤਾਕਤ ਤੇ ਹਿੰਸਾ ਨਾਲ ਕਰਨਾ ਚਾਹੁੰਦਾ ਹੈ।