ਕੁੜੀਆਂ ਦਾ ਕੌੜਾ ਸੱਚ : ਘਰ 'ਚ ਹੁੰਦੀ ਹਿੰਸਾ ਬਾਹਰ ਨਹੀਂ ਦੱਸ ਸਕਦੀਆਂ ਅਤੇ ਬਾਹਰ ਵਾਲੀ ਘਰ

    • ਲੇਖਕ, ਗੁਰਪ੍ਰੀਤ ਸੈਣੀ
    • ਰੋਲ, ਬੀਬੀਸੀ ਪੱਤਰਕਾਰ

"ਕਾਲਜ ਦੇ ਬਾਗ ਵਿੱਚ ਉਹ ਮੈਨੂੰ ਸਾਰਿਆਂ ਦੇ ਸਾਹਮਣੇ ਕੁੱਟ ਰਿਹਾ ਸੀ।''

"ਉਹ ਨਹੀਂ ਦੇਖ ਰਿਹਾ ਸੀ ਕਿ ਉਸ ਦਾ ਹੱਥ ਕਿੱਥੇ ਪੈ ਰਿਹਾ ਹੈ ਪਰ ਬਾਗ ਵਿੱਚ ਮੌਜੂਦ ਕਈ ਲੋਕ ਇਹ ਸਭ ਕੁਝ ਦੇਖ ਰਹੇ ਸਨ। ਉਸ ਨੂੰ ਮੇਰਾ ਕਿਸੇ ਦੂਜੇ ਮੁੰਡੇ ਨਾਲ ਗੱਲ ਕਰਨਾ ਪਸੰਦ ਨਹੀਂ ਸੀ, ਇਸ ਲਈ ਉਹ ਨਾਰਾਜ਼ ਸੀ।''

"ਮੈਂ ਉਸ ਨੂੰ ਪਿਆਰ ਕਰਦੀ ਸੀ, ਇਸ ਲਈ ਚੁੱਪ ਰਹੀ। ਫਿਰ ਇਹ ਅਕਸਰ ਹੋਣ ਲੱਗਾ। ਉਸ ਨੂੰ ਮੇਰੇ ਕੱਪੜੇ ਪਾਉਣ ਦੇ ਢੰਗ, ਦੋਸਤਾਂ ਦੇ ਨਾਲ ਉੱਠਣ ਬੈਠਣ ਤੋਂ ਇਤਰਾਜ਼ ਸੀ। ਸਰੀਰਕ ਤੇ ਮਾਨਸਿਕ ਤਸ਼ੱਦਦ ਦੇ ਪੰਜ ਸਾਲਾਂ ਬਾਅਦ ਮੈਂ ਉਸ ਤੋਂ ਵੱਖ ਹੋ ਗਈ।''

ਇਹ ਦੱਸਦੇ ਹੋਏ ਆਫਰੀਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਕਹਾਣੀ ਕੇਵਲ ਆਫਰੀਨ ਦੀ ਨਹੀਂ ਸਗੋਂ ਕਈ ਕੁੜੀਆਂ ਦੀ ਹੈ,ਜਿਨ੍ਹਾਂ ਦੇ ਬੁਆਏ ਫਰੈਂਡਜ਼ ਨੇ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੈ।

ਇਹ ਵੀ ਪੜ੍ਹੋ:

ਹਾਲ ਵਿੱਚ ਹੀ ਕੋਲੰਬੀਆ ਦੀ ਇੱਕ ਅਦਾਕਾਰਾ ਐਲੀਨ ਮੋਰੇਨਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਵਿੱਚ ਉਹ ਰੋ ਰਹੀ ਸੀ ਅਤੇ ਉਨ੍ਹਾਂ ਦੇ ਨੱਕ ਤੇ ਬੁੱਲ੍ਹਾਂ ਤੋਂ ਖੂਨ ਵਹਿ ਰਿਹਾ ਸੀ। ਐਲੀਨਾ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਹਾਲ ਉਨ੍ਹਾਂ ਦੇ ਬੁਆਏ ਫਰੈਂਡ ਅਤੇ ਅਦਾਕਾਰ ਐਲੇਹੇਂਦਰੋ ਗਾਰਸੀਆ ਨੇ ਕੀਤਾ ਹੈ।

ਵੀਡੀਓ ਵਿੱਚ ਉਹ ਕਹਿ ਰਹੇ ਸਨ, "ਮੈਂ ਉਸ ਤੋਂ ਸਿਰਫ ਆਪਣਾ ਪਾਸਪੋਰਟ ਮੰਗਿਆ ਸੀ ਪਰ ਉਸ ਨੇ ਮੈਨੂੰ ਬੁਰੇ ਤਰੀਕੇ ਨਾਲ ਕੁੱਟਿਆ, ਹੁਣ ਮੈਂ ਕੀ ਕਰਾਂ,ਤੁਸੀਂ ਮੇਰੀ ਮਦਦ ਕਰੋ।''

ਉਨ੍ਹਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਲਈ ਪਾਇਆ ਤਾਂ ਜੋ ਦੂਜੀਆਂ ਕੁੜੀਆਂ ਵੀ ਸਾਹਮਣੇ ਆ ਕੇ ਆਪਣੇ ਨਾਲ ਹੋ ਰਹੇ ਇਸ ਤਰੀਕੇ ਦੇ ਵਤੀਰੇ ਬਾਰੇ ਗੱਲ ਕਰ ਸਕਣ।

ਉਨ੍ਹਾਂ ਨੇ ਇੰਸਟਾਗ੍ਰਾਮ ਤੇ #IDoDenounceMyAggressor ਨਾਂ ਦਾ ਹੈਸ਼ਟੈਗ ਚਲਾਇਆ, ਜਿਸ ਦਾ ਹਜ਼ਾਰਾਂ ਔਰਤਾਂ ਤੇ ਮਰਦਾਂ ਨੇ ਸਮਰਥਨ ਕੀਤਾ। ਕਈ ਲੋਕਾਂ ਨੇ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਦੱਸਿਆ ਕਿ ਉਨ੍ਹਾਂ ਦੇ ਪਾਰਟਨਰ ਨੇ ਵੀ ਉਨ੍ਹਾਂ ਨਾਲ ਹਿੰਸਾ ਕੀਤੀ ਹੈ।

ਲੋਕ ਹਿੰਸਾ ਕਿਉਂ ਸਹਿੰਦੇ ਹਨ?

ਵਿਸ਼ਵ ਸਿਹਤ ਸੰਗਠਨ ਅਨੁਸਾਰ 15 ਤੋਂ 71 ਫੀਸਦ ਔਰਤਾਂ ਦੇ ਨਾਲ ਉਨ੍ਹਾਂ ਦੇ ਪਾਰਟਨਰ ਨੇ ਕਦੇ ਨਾ ਕਦੇ ਸਰੀਰਕ ਹਿੰਸਾ ਜ਼ਰੂਰ ਕੀਤੀ ਹੁੰਦੀ ਹੈ। ਕਈ ਵਾਰ ਮਰਦ ਵੀ ਪੀੜਤ ਹੁੰਦੇ ਹਨ ਪਰ ਔਰਤਾਂ ਦੇ ਮੁਕਾਬਲੇ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ।

ਪਰ ਕੀ ਕਾਰਨ ਹੈ ਕਿ ਲੰਬੇ ਵਕਤ ਤੱਕ ਪੀੜਤ ਇਹ ਸਭ ਕੁਝ ਸਹਿੰਦੇ ਹਨ?

ਪੀੜਤ ਰਿਸ਼ਤਾ ਬਚਾਉਣ ਲਈ ਇਹ ਸਭ ਕੁਝ ਸਹਿੰਦੇ ਹਨ। ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਪਾਰਟਨਰ ਸ਼ਾਇਦ ਅਗਲੀ ਵਾਰ ਇਹ ਨਹੀਂ ਕਰੇਗਾ।

ਵਧੇਰੇ ਮਾਮਲਿਆਂ ਵਿੱਚ ਕੁੜੀਆਂ ਆਪਣੇ ਹਿੰਸਕ ਰਿਸ਼ਤਿਆਂ ਦੇ ਬਾਰੇ ਵਿੱਚ ਦੋਸਤਾਂ ਅਤੇ ਘਰ ਵਾਲਿਆਂ ਨੂੰ ਨਹੀਂ ਦੱਸਦੀਆਂ ਹਨ। ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਦੋਸਤ ਗੱਲਾਂ ਬਣਾਉਣਗੇ ਅਤੇ ਘਰ ਵਾਲੇ ਤਾਂ ਉਨ੍ਹਾਂ ਨੂੰ ਗਲਤ ਹੀ ਸਮਝਣਗੇ।

ਆਫਰੀਨ ਕਹਿੰਦੀ ਹੈ, "ਜਦੋਂ ਕੋਈ ਪਤੀ ਪਤਨੀ ਨੂੰ ਕੁੱਟਦਾ ਹੈ ਤਾਂ ਉਹ ਆਪਣੇ ਜ਼ਖ਼ਮ ਬਾਹਰ ਵਾਲਿਆਂ ਤੋਂ ਲੁਕਾਉਂਦੀ ਹੈ ਪਰ ਜਦੋਂ ਕੋਈ ਬਾਹਰ ਵਾਲਾ ਮਾਰੇ ਤਾਂ ਜ਼ਖ਼ਮ ਆਪਣੇ ਹੀ ਘਰ ਵਾਲਿਆਂ ਤੋਂ ਲੁਕਾਉਣੇ ਪੈਂਦੇ ਹਨ। ਇਹ ਸਭ ਤੋਂ ਵੱਧ ਮੁਸ਼ਕਿਲ ਹੁੰਦਾ ਹੈ।''

"ਉਸਦੇ ਝਗੜੇ ਅਤੇ ਕੁੱਟਮਾਰ ਤੋਂ ਬਾਅਦ ਜਦੋਂ ਮੈਂ ਘਰ ਜਾਂਦੀ ਸੀ ਤਾਂ ਰਸਤੇ ਵਿੱਚ ਇਹੀ ਸੋਚਦੀ ਸੀ ਕਿ ਆਪਣੇ ਵਿਖਰੇ ਵਾਲ, ਰੋ ਕੇ ਲਾਲ ਹੋ ਚੁੱਕੀਆਂ ਅੱਖਾਂ, ਅਤੇ ਥੱਪੜਾਂ ਨਾਲ ਲਾਲ ਹੋਏ ਚਿਹਰੇ ਨੂੰ ਘਰ ਵਾਲਿਆਂ ਨੂੰ ਕਿਵੇਂ ਲੁਕਾਵਾਂਗੀ।''

"ਘਰ ਜਾ ਕੇ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾਉਣਾ ਪੈਂਦਾ ਸੀ। ਘਰ ਵਿੱਚ ਖੁੱਲ੍ਹ ਕੇ ਰੋ ਵੀ ਨਹੀਂ ਸਕਦੀ ਸੀ ਇਸ ਲਈ ਬਾਥਰੂਮ ਵਿੱਚ ਵੜ੍ਹ ਕੇ ਆਪਣਾ ਦਿਲ ਹਲਕਾ ਕਰਦੀ ਸੀ।''

ਅਮਰੀਕਾ ਵਿੱਚ ਇਸ ਤਰ੍ਹਾਂ ਦੀ ਪੀੜਤਾਂ ਲਈ ਇੱਕ ਨੈਸ਼ਨਲ ਡੇਟਿੰਗ ਐਬਯੂਜ਼ ਹੈਲਪਾਲਾਈਨ ਹੈ। ਇਸ ਨਾਲ ਪੀੜਤ ਆਪਣੇ ਬੁਆਏ ਫਰੈਂਡ ਜਾਂ ਗਰਲ ਫਰੈਂਡ ਦੇ ਖਿਲਾਫ਼ ਸ਼ਿਕਾਇਤ ਦਰਦ ਕਰਵਾ ਸਕਦੇ ਹਨ।

ਇੱਥੇ ਉਨ੍ਹਾਂ ਨੂੰ ਭਾਵਨਾਤਮਕ ਮਦਦ ਵੀ ਮਿਲਦੀ ਹੈ। ਹੈਲਪਲਾਈਨ ਉਨ੍ਹਾਂ ਨੂੰ ਅਜਿਹਾ ਰਿਸ਼ਤਾ ਖਤਮ ਕਰਨ ਦਾ ਤਰੀਕਾ ਵੀ ਦੱਸਦੀ ਹੈ। ਇਸ ਪ੍ਰੋਜੈਕਟ ਨੂੰ ਅਮਰੀਕੀ ਸਰਕਾਰ ਦੀ ਹਮਾਇਤ ਹਾਸਿਲ ਹੈ।

ਭਾਰਤ ਵਿੱਚ ਅਜਿਹੀ ਕੋਈ ਹੈਲਪਲਾਈਨ ਤਾਂ ਨਹੀਂ ਹੈ ਪਰ ਪੀੜਤ ਆਮ ਤਰੀਕੇ ਨਾਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਰਿਸ਼ਤਾ ਖ਼ਤਮ ਕਰਨ ਤੋਂ ਬਾਅਦ

ਕਈ ਮਾਮਲਿਆਂ ਵਿੱਚ ਰਿਸ਼ਤਾ ਖ਼ਤਮ ਹੋਣ ਦੇ ਬਾਅਦ ਵੀ ਸ਼ੋਸ਼ਣ ਖ਼ਤਮ ਨਹੀਂ ਹੁੰਦਾ ਹੈ। ਪੀੜਤ ਦਾ ਐਕਸ ਬੁਆਏਫਰੈਂਡ ਜਾਂ ਗਰਲ ਫਰੈਂਡ ਉਸ 'ਤੇ ਮੁੜ ਰਿਸ਼ਤਾ ਕਾਇਮ ਕਰਨ ਦਾ ਦਬਾਅ ਬਣਾਉਂਦਾ ਹੈ।

ਇਹ ਵੀ ਪੜ੍ਹੋ:

ਕਈ ਵਾਰ ਉਹ ਉਸ ਦੇ ਘਰ ਵਾਲਿਆਂ ਨੂੰ ਸਭ ਕੁਝ ਦੱਸਣ ਜਾਂ ਨਿੱਜੀ ਤਸਵੀਰਾਂ ਜਨਤਕ ਕਰਨ ਦੀਆਂ ਧਮਕੀਆਂ ਦਿੰਦਾ ਹੈ।

ਹਾਲ ਵਿੱਚ ਹੀ ਦਿੱਲੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬੁਆਏ ਫਰੈਂਡ ਦੇ ਹਿੰਸਕ ਵਤੀਰੇ ਕਾਰਨ ਕੁੜੀ ਨੇ ਬ੍ਰੇਕ-ਅਪ ਕਰ ਲਿਆ।

ਪਰ ਉਸ ਮੁੰਡੇ ਨੇ ਕੁੜੀ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਉਹ ਉਸ ਦੇ ਘਰ ਤੱਕ ਪਹੁੰਚ ਗਿਆ। ਉਸ ਨੇ ਕੁੜੀ ਨੂੰ ਇੱਕ ਵੀਡੀਓ ਭੇਜ ਕੇ ਧਮਕੀ ਦਿੱਤੀ ਕਿ ਜੇ ਉਸ ਨੇ ਵਿਆਹ ਲਈ ਹਾਂ ਨਹੀਂ ਕੀਤੀ ਤਾਂ ਉਸ ਵੀਡੀਓ ਵਾਲੀ ਕੁੜੀ ਵਾਂਗ ਉਸ ਦਾ ਬੁਰਾ ਹਾਲ ਕਰੇਗਾ।

ਉਸ ਵੀਡੀਓ ਵਿੱਚ ਮੁੰਡਾ ਕਿਸੇ ਦੂਜੀ ਕੁੜੀ ਨੂੰ ਬੁਰੇ ਤਰੀਕੇ ਨਾਲ ਕੁੱਟ ਰਿਹਾ ਸੀ।

ਪਰ ਕੁੜੀ ਦੇ ਘਰ ਵਾਲਿਆਂ ਨੂੰ ਉਸ ਦਾ ਸਾਥ ਦਿੱਤਾ, ਕੁੜੀ ਨੇ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪਾਇਆ ਅਤੇ ਮੁੰਡੇ ਨੂੰ ਬੇਨਕਾਬ ਕਰ ਦਿੱਤਾ। ਉਹ ਵੀਡੀਓ ਵਾਇਰਲ ਹੋ ਗਿਆ ਅਤੇ ਪੁਲਿਸ ਨੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ।

ਸੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਬਲੈਕਮੇਲ ਦੇ ਮਾਮਲੇ ਕਾਫੀ ਵਧ ਗਏ ਹਨ। ਦਿੱਲੀ ਪੁਲਿਸ ਦੇ ਸਾਈਬਰ ਸਲਾਹਾਕਾਰ ਕਿਸਲਏ ਚੌਧਰੀ ਖੁਦ ਦੀ ਇੱਕ ਸਾਈਬਰ ਹੈਲਪਲਾਈਨ ਵੀ ਚਲਾਉਂਦੇ ਹਨ।

ਉਹ ਦੱਸਦੇ ਹਨ ਕਿ ਕਈ ਕੁੜੀਆਂ ਹੈਲਪਲਾਈਨ 'ਤੇ ਫੋਨ ਕਰ ਮਦਦ ਮੰਗਦੀਆਂ ਹਨ। ਉਨ੍ਹਾਂ ਦੇ ਸਾਬਕਾ ਪ੍ਰੇਮੀ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਅਤੇ ਵੀਡਓਜ਼ ਸੋਸ਼ਲ ਮੀਡੀਆ 'ਤੇ ਜਾਂ ਘਰ ਦੇ ਲੋਕਾਂ ਨੂੰ ਭੇਜ ਦੇਣ ਦੀ ਧਮਕੀ ਦਿੰਦੇ ਹਨ।

ਇਸ ਦੇ ਬਦਲੇ ਵਿੱਚ ਉਹ ਕਈ ਵਾਰ ਪੈਸੇ ਦੀ ਮੰਗ ਕਰਦੇ ਹਨ ਤਾਂ ਕਈ ਵਾਰ ਸੈਕਸ਼ੁਅਲ ਫੇਵਰ ਦੀ।

ਚੌਧਰੀ ਕਹਿੰਦੇ ਹਨ ਕਿ ਕੁੜੀਆਂ ਨੂੰ ਅਜਿਹੇ ਮਾਮਲਿਆਂ ਵਿੱਚ ਡਰਨਾ ਨਹੀਂ ਚਾਹੀਦਾ ਅਤੇ ਪੁਲਿਸ ਜਾਂ ਸਾਈਬਰ ਸੈਲ ਨਾਲ ਸੰਪਰਕ ਕਰਨਾ ਚਾਹੀਦਾ ਹੈ।

(ਪਛਾਣ ਲੁਕਾਉਣ ਲਈ ਨਾਂ ਬਦਲ ਦਿੱਤੇ ਗਏ ਹਨ)

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)