ਪਾਇਲਟ ਦੀ ਗਲਤੀ ਕਾਰਨ ਜਹਾਜ਼ 'ਚ ਮੁਸਾਫਰਾਂ ਦੇ ਕੰਨਾਂ ਅਤੇ ਨੱਕ 'ਚੋਂ ਵਗਣ ਲੱਗਾ ਖ਼ੂਨ

ਜੈੱਟ ਏਅਰਵੇਜ਼ ਦੇ ਮੁੰਬਈ ਤੋਂ ਜੈਪੁਰ ਜਾ ਰਹੇ ਜਹਾਜ਼ ਵਿੱਚ ਮੁਸਾਫ਼ਰਾਂ ਨੂੰ ਉਸ ਵੇਲੇ ਮੁਸ਼ਕਲਾਂ ਆਈਆਂ ਜਦੋਂ ਸਟਾਫ ਮੈਂਬਰ ਕੈਬਿਨ ਦੇ ਅੰਦਰ ਹਵਾ ਦਾ ਦਬਾਅ ਕਾਇਮ ਰੱਖਣ ਵਾਲਾ ਬਟਣ ਦੱਬਣਾ ਭੁੱਲ ਗਏ।

ਇਸ ਕਾਰਨ ਕੁੱਲ 166 ਮੁਸਾਫ਼ਰਾਂ 'ਚੋਂ ਕਿਸੇ ਦੇ ਕੰਨ ਅਤੇ ਕਿਸੇ ਦੇ ਨੱਕ 'ਚੋਂ ਖੂਨ ਵੱਗਣਾ ਸ਼ੁਰੂ ਹੋ ਗਿਆ, ਜਿਸ ਕਰਕੇ 30 ਤੋਂ ਵੱਧ ਮੁਸਾਫ਼ਰਾਂ ਨੂੰ ਹਸਪਤਾਲ ਲਿਜਾਉਣਾ ਪਿਆ।

ਫਲਾਈਟ (9W 697) ਨੂੰ ਜੈਪੁਰ ਦੇ ਰਾਹ ਵਿੱਚੋਂ ਵਾਪਸ ਲਿਆ ਕੇ ਮੁੰਬਈ ਉਤਾਰਿਆ ਗਿਆ।

ਇਹ ਵੀ ਪੜ੍ਹੋ:

ਮੁਸਾਫ਼ਰਾਂ ਵੱਲੋਂ ਟਵਿੱਟਰ ਅਤੇ ਫੇਸਬੁੱਕ ਉੱਤੇ ਪਾਏ ਗਏ ਵੀਡੀਓਜ਼ 'ਚ ਸਾਰੇ ਹੀ ਆਕਸੀਜਨ ਮਾਸਕ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਦੋਂ ਤੱਕ ਕੌਕਪਿਟ ਸਟਾਫ਼ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ।

ਇੱਕ ਮੁਸਾਫ਼ਰ ਦਰਸ਼ਕ ਹਾਥੀ ਨੇ ਟਵਿੱਟਰ ਉੱਤੇ ਪਾਏ ਵੀਡੀਓ 'ਚ ਮੰਜ਼ਰ ਬਿਆਨ ਕੀਤਾ।

ਸਤੀਸ਼ ਨਾਇਰ ਨੇ ਆਪਣੀ ਇੱਕ ਤਸਵੀਰ ਪਾਈ ਜਿਸ ਵਿੱਚ ਉਨ੍ਹਾਂ ਨੂੰ ਨਕਸੀਰ ਆ ਰਹੀ ਹੈ। ਨਾਲ ਹੀ ਉਨ੍ਹਾਂ ਨੇ ਜੈੱਟ ਏਅਰਵੇਜ਼ ਉੱਤੇ ਇਲਜ਼ਾਮ ਲਗਾਇਆ ਕਿ ਕੰਪਨੀ ਨੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਤਾਕ 'ਤੇ ਰੱਖ ਦਿੱਤਾ।

ਭਾਰਤ ਦੀ ਉਡਾਣ ਸੰਬੰਧੀ ਰੈਗੂਲੇਟਰ ਅਥਾਰਟੀ ਦੇ ਸੀਨੀਅਰ ਅਧਿਕਾਰੀ ਲਲਿਤ ਗੁਪਤਾ ਨੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਨੂੰ ਦੱਸਿਆ ਕਿ ਕੈਬਿਨ ਸਟਾਫ਼ ਹਵਾ ਦੇ ਪ੍ਰੈਸ਼ਰ ਦਾ ਸਵਿੱਚ ਦੱਬਣਾ ਭੁੱਲ ਗਿਆ ਸੀ।

ਜੈੱਟ ਏਅਰਵੇਜ਼ ਨੇ ਬਿਆਨ ਜਾਰੀ ਕਰਕੇ ਕਾਰਨ ਨੂੰ ਮੰਨਿਆ ਅਤੇ ਮੁਸਾਫ਼ਰਾਂ ਨੂੰ ਹੋਈਆਂ ਮੁਸ਼ਕਿਲ ਲਈ ਖੇਦ ਜਤਾਇਆ।

ਕੀ ਹੈ ਕੈਬਿਨ ਪ੍ਰੈਸ਼ਰ?

ਇਨਸਾਨ ਨੂੰ ਜਿਉਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਜਿਵੇਂ-ਜਿਵੇਂ ਅਸੀਂ ਉਚਾਈ ਤੇ ਜਾਂਦੇ ਹਾਂ, ਸਾਨੂੰ ਆਕਸੀਜਨ ਦੀ ਘਾਟ ਮਹਿਸੂਸ ਹੋਣ ਲਗਦੀ ਹੈ।

ਧਰਤੀ ਤੋਂ ਉੱਪਰ ਵਧਣ ਨਾਲ ਹਵਾ ਦਾ ਦਬਾਅ ਵੀ ਘੱਟ ਹੋਣ ਲਗਦਾ ਹੈ। ਉੱਪਰ ਹਵਾ ਦਾ ਦਬਾਅ ਘੱਟ ਹੋਣ 'ਤੇ ਆਕਸੀਜਨ ਦੇ ਕਣ ਬਿਖਰਨ ਲਗਦੇ ਹਨ।

ਸਮੁੰਦਰੀ ਤੱਟ ਤੋਂ 5.5 ਕਿਲੋਮੀਟਰ ਉੱਪਰ ਆਕਸੀਜਨ ਦੀ ਮਾਤਰਾ ਕਰੀਬ ਅੱਧੀ ਹੋ ਜਾਂਦੀ ਹੈ। ਕਰੀਬ ਸੱਤ ਕਿਲੋਮੀਟਰ ਉੱਤੇ ਆਕਸੀਜਨ ਦੀ ਮਾਤਰਾ ਇੱਕ-ਤਿਹਾਈ ਰਹਿ ਜਾਂਦੀ ਹੈ।ਟ

ਇਹ ਵੀ ਪੜ੍ਹੋ:

ਸਮੁੰਦਰੀ ਤੱਟ ਤੋਂ ਕਰੀਬ 2.5 ਕਿਲੋਮੀਟਰ ਉੱਪਰ ਉਡਾਨ ਭਰਨ 'ਤੇ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਜਿਵੇਂ ਸਿਰ ਦਰਦ, ਉਲਟੀਆਂ ਅਤੇ ਮਨ ਕੱਚਾ ਹੋਣ ਲਗਦਾ ਹੈ।

ਸਾਰੇ ਜਹਾਜ਼ ਅੰਦਰੋਂ ਪ੍ਰੈਸ਼ਰ ਨੂੰ ਕੰਟਰੋਲ 'ਚ ਰਖਦੇ ਹਨ ਤਾਂ ਜੋ ਮੁਸਾਫ਼ਰ ਆਰਾਮ ਨਾਲ ਸਾਹ ਲੈ ਸਕਣ ਜਦਕਿ ਜਹਾਜ਼ ਦੇ ਬਾਹਰ ਦਬਾਅ ਕਾਫ਼ੀ ਘੱਟ ਹੁੰਦਾ ਹੈ।

ਜਹਾਜ਼ 'ਚ ਆਕਸੀਜਨ ਦਾ ਸਿਲੰਡਰ ਨਹੀਂ ਲਿਜਾਇਆ ਜਾ ਸਕਦਾ ਇਸ ਲਈ ਉੱਪਰ ਆਸਮਾਨ 'ਚ ਮੌਜੂਦ ਆਕਸੀਜਨ ਨੂੰ ਜਹਾਜ਼ ਅੰਦਰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਜਹਾਜ਼ ਦੇ ਇੰਜਣ ਨਾਲ ਜੁੜੇ ਟਰਬਾਈਨ ਬਾਹਰ ਦੀ ਆਕਸੀਜਨ ਨੂੰ ਕੰਪ੍ਰੈੱਸ ਕਰ ਕੇ ਅੰਦਰ ਲਿਆਉਂਦੇ ਹਨ। ਇੰਜਣ ਤੋਂ ਹੋ ਕੇ ਗੁਜ਼ਰਨ ਦੇ ਕਾਰਨ ਹਵਾ ਦਾ ਤਾਪਮਾਨ ਵਧ ਜਾਂਦਾ ਹੈ ਜਿਸ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ।

ਅਜਿਹੇ 'ਚ ਕੂਲਿੰਗ ਤਕਨੀਕ ਨਾਲ ਇਸਨੂੰ ਠੰਡਾ ਕੀਤਾ ਜਾਂਦਾ ਹੈ, ਜਿਸ ਕਾਰਨ ਇਸ 'ਚ ਨਮੀ ਘੱਟ ਹੁੰਦੀ ਹੈ।

ਜੇ ਕੈਬਿਨ 'ਚ ਕਿਸੇ ਕਾਰਨ ਪ੍ਰੈਸ਼ਰ ਘੱਟ ਹੁੰਦਾ ਹੈ ਤਾਂ ਸੀਟ ਦੇ ਉੱਤੇ ਇੱਕ ਵਾਧੂ ਆਕਸੀਜਨ ਮਾਸਕ ਦੀ ਵਿਵਸਥਾ ਹੁੰਦੀ ਹੈ, ਜਿਸ ਦੀ ਲੋੜ ਪੈਣ 'ਤੇ ਮੁਸਾਫ਼ਰ ਇਸਦੀ ਵਰਤੋਂ ਕਰ ਸਕਦੇ ਹਨ।

ਜਹਾਜ਼ ਦੇ ਕਿਹੜੇ-ਕਿਹੜੇ ਹਿੱਸਿਆਂ 'ਚ ਪ੍ਰੈਸ਼ਰ ਏਰੀਆ ਹੁੰਦਾ ਹੈ

  • ਕਾਕਪਿਟ
  • ਕਾਕਪਿਟ ਦੇ ਹੇਠਲੇ ਹਿੱਸੇ 'ਚ
  • ਕੈਬਿਨ 'ਚ
  • ਕਾਰਗੋ ਕੰਪਾਰਟਮੈਂਟ 'ਚ

ਕਿੰਨੇ ਕੈਬਿਨ ਪ੍ਰੈਸ਼ਰ ਹੁੰਦੇ ਹਨ

ਜਹਾਜ਼ 'ਚ ਦੋ ਕੈਬਿਨ ਪ੍ਰੈਸ਼ਰ ਮਸ਼ੀਨਾਂ ਹੁੰਦੀਆਂ ਹਨ, ਜੋ ਅੰਦਰ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਦੀਆਂ ਹਨ।

ਇੱਕ ਵਾਰ 'ਚ ਇੱਕ ਮਸ਼ੀਨ ਮੋਟਰ ਹੀ ਕੰਮ ਕਰਦੀ ਹੈ, ਜਦਕਿ ਦੂਜੀ ਮਸ਼ੀਨ (ਪ੍ਰੈਸ਼ਰ) ਐਮਰਜੈਂਸੀ ਲਈ ਹੁੰਦੀ ਹੈ।

ਇਹ ਦੋਵੇਂ ਮੋਟਰ ਆਟੋਮੈਟਿਕ ਹੁੰਦੀਆਂ ਹਨ, ਜਦਕਿ ਇੱਖ ਮੋਟਰ ਹੋਰ ਹੁੰਦੀ ਹੈ ਜੋ ਮੈਨੁਅਲੀ ਕੰਮ ਕਰਦੀ ਹੈ।

ਦੋਵਾਂ ਆਟੋਮੈਟਿਕ ਮੋਟਰਾਂ ਦੇ ਬੰਦ ਜਾਂ ਖ਼ਰਾਬ ਹੋਣ 'ਤੇ ਤੀਜੀ ਮੋਟਰ (ਪ੍ਰੈਸ਼ਰ) ਦੀ ਵਰਤੋਂ ਕੀਤੀ ਜਾਂਦੀ ਹੈ।

ਪ੍ਰੈਸ਼ਰ ਘੱਟ ਹੋਣ 'ਤੇ ਕੀ ਹੁੰਦਾ ਹੈ?

ਵਧ ਉਚਾਈ 'ਤੇ ਉਡਾਨ ਭਰਨ 'ਤੇ ਨਾ ਸਿਰਫ਼ ਸਾਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਸਗੋਂ ਸਾਡਾ ਦਿਮਾਗ ਅਤੇ ਸਰੀਰ ਠੀਕ ਤਰੀਕੇ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਸਾਡੀ ਸਵਾਦ ਲੈਣ ਅਤੇ ਸੁੰਘਣ ਦੀ ਸਮਰੱਥਾ 30 ਫੀਸਦੀ ਤੱਕ ਘੱਟ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਪਸੰਦੀਦਾ ਖਾਣਾ ਵੀ ਜਹਾਜ਼ 'ਚ ਸੁਆਦ ਨਹੀਂ ਲਗਦਾ। ਨਮੀ ਘੱਟ ਹੋਣ ਕਾਰਨ ਪਿਆਸ ਵੀ ਵਧ ਲਗਦੀ ਹੈ।

ਕੈਬਿਨ ਪ੍ਰੈਸ਼ਰ ਘੱਟ ਹੋਣ ਦੇ ਕਾਰਨ ਖ਼ੂਨ ਦੇ ਵਹਾਅ 'ਚ ਨਾਈਟ੍ਰੋਜਨ ਦੀ ਮਾਤਰਾ ਵਧ ਸਕਦੀ ਹੈ ਜੋ ਜੋੜਾਂ 'ਚ ਦਰਦ, ਅਧਰੰਗ, ਇੱਥੋਂ ਤੱਕ ਕਿ ਮੌਤ ਦਾ ਕਾਰਨ ਬਣ ਸਕਦੀ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)