You’re viewing a text-only version of this website that uses less data. View the main version of the website including all images and videos.
ਨਮਾਜ਼ ਅਦਾ ਕਰਨ 'ਤੇ ਪਾਬੰਦੀ ਦੇ ਇਲਜ਼ਾਮ, ਪਿੰਡ ਦੇ ਹਿੰਦੂਆਂ ਨੇ ਕੀਤਾ ਇਨਕਾਰ - ਗਰਾਉਂਡ ਰਿਪੋਰਟ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਰੋਹਤਕ ਦੇ ਟਿਟੋਲੀ ਪਿੰਡ ਵਿੱਚ ਵੱਛੀ ਨੂੰ ਮਾਰਨ ਦੇ ਇਲਜ਼ਾਮ ਵਿੱਚ ਦੋ ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਮਹੀਨੇ ਬਾਅਦ ਪਿੰਡ ਦੇ ਮੁਸਲਮਾਨ ਭਾਈਚਾਰੇ ਦਾ ਇਲਜ਼ਾਮ ਹੈ ਕਿ ਪਿੰਡ ਦੀ ਪੰਚਾਇਤ ਨੇ ਉਨ੍ਹਾਂ 'ਤੇ ਕਈ ਪਾਬੰਦੀਆਂ ਲਾਈਆਂ ਹਨ।
ਪਿੰਡ ਦੇ ਮੁਸਲਮਾਨ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੇ ਰਾਜਬੀਰ ਖੋਖਰ ਨੇ ਇਸ ਰਿਪੋਰਟਰ ਨੂੰ ਦੱਸਿਆ, "ਮੁਸਲਮਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਨਮਾਜ ਪੜ੍ਹਣ ਲਈ ਪਿੰਡ ਦੇ ਬਾਹਰ ਜਾਂ ਫਿਰ ਰੋਹਤਕ ਸ਼ਹਿਰ ਜਾਣ।"
"ਮੁਲਜ਼ਮ ਯਾਮੀਨ ਖੋਖਰ ਨੂੰ ਅਦਾਲਤ ਭਾਵੇਂ ਦੋਸ਼ੀ ਠਹਿਰਾਏ ਜਾਂ ਨਾ ਪਰ ਉਮਰ ਭਰ ਲਈ ਉਸ ਦੇ ਪਿੰਡ ਵਿੱਚ ਦਾਖਿਲ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।"
ਹਿੰਦੂ ਜਾਟ ਬਹੁ-ਗਿਣਤੀ ਵਾਲੇ ਪੰਡ ਵਿੱਚ 10000 ਤੋਂ ਵੱਧ ਆਬਾਦੀ ਹੈ ਅਤੇ 150 ਦੇ ਕਰੀਬ ਮੁਸਲਮਾਨ ਪਰਿਵਾਰ ਰਹਿੰਦੇ ਹਨ।
ਇਹ ਵੀ ਪੜ੍ਹੋ:
ਰਾਜਬੀਰ ਖੋਖਰ ਦਾ ਕਹਿਣਾ ਹੈ, "ਮੁਸਲਮਾਨ ਭਾਈਚਾਰਾ ਸ਼ਾਂਤੀ ਚਾਹੁੰਦਾ ਹੈ ਇਸ ਲਈ ਪਿੰਡ ਦੀ ਪੰਚਾਇਤ ਦਾ ਫੈਸਲਾ ਮੰਨਣਾ ਪਏਗਾ। ਉਨ੍ਹਾਂ ਕਿਹਾ ਕਈ ਵਾਰੀ ਨੌਜਵਾਨਾਂ (ਦੂਜੇ ਭਾਈਚਾਰੇ ਦੇ) ਦੇ ਗੁੱਸੇ ਨੂੰ ਕਾਬੂ ਰੱਖਣ ਲਈ ਕੁਝ ਕਦਮ ਚੁੱਕਣੇ ਪੈਂਦੇ ਹਨ।"
ਉਨ੍ਹਾਂ ਕਿਹਾ, "ਸਮਾਂ ਦੱਸੇਗਾ ਕਿ ਅਜਿਹੀਆਂ ਪਾਬੰਦੀਆਂ ਕੰਮ ਕਰਦੀਆਂ ਹਨ ਜਾਂ ਨਹੀਂ ਪਰ ਸ਼ਾਂਤੀ ਬਣਾਈ ਰੱਖਣ ਲਈ ਹਾਲੇ ਅਸੀਂ ਪੰਚਾਇਤ ਦੇ ਫੈਸਲੇ ਦਾ ਵਿਰੋਧ ਨਹੀਂ ਕਰਨਾ ਚਾਹੁੰਦੇ।"
ਅਕਸਰ ਜਿਵੇਂ ਹੁੰਦਾ ਹੈ ਉਸੇ ਤਰ੍ਹਾਂ ਹੀ ਇਸ ਵਾਰੀ ਵੀ ਪੰਚਾਇਤ ਵੱਲੋਂ ਕੋਈ ਲਿਖਤੀ ਮਤਾ ਪਾਸ ਨਹੀਂ ਹੋਇਆ।
ਅਜਿਹੇ ਜ਼ਿਆਦਾਤਰ ਮਤੇ ਜ਼ਬਾਨੀ ਪਾਸ ਕੀਤੇ ਜਾਂਦੇ ਹਨ ਅਤੇ ਜੋ ਲੋਕ ਹਾਜ਼ਿਰ ਨਹੀਂ ਹੁੰਦੇ ਉਨ੍ਹਾਂ ਦੀ ਜਾਣਕਾਰੀ ਲਈ ਪਿੰਡ ਦਾ ਚੌਂਕੀਦਾਰ ਐਲਾਨ ਕਰਦਾ ਹੈ।
ਪੰਚਾਇਤ ਵੱਲੋਂ ਕਿਹਾ ਗਿਆ ਕਿ ਕੋਈ ਪਾਬੰਦੀ ਨਹੀਂ
ਦੂਜੇ ਪਾਸੇ ਪਿੰਡ ਦੇ ਹਿੰਦੂ ਜਾਟ ਸੁਰੇਸ਼ ਕੁਮਾਰ ਨੇ ਮੁਸਲਮਾਨ ਭਾਈਚਾਰੇ ਦੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ, "ਪਿੰਡ ਦੀ ਪੰਚਾਇਤ ਨੇ ਨਮਾਜ ਪੜ੍ਹਣ 'ਤੇ ਕੋਈ ਪਾਬੰਦੀ ਨਹੀਂ ਲਾਈ ਹੈ ਅਤੇ ਨਾ ਹੀ ਦਾੜੀ ਰੱਖਣ ਜਾਂ ਟੋਪੀ ਪਾਉਣ ਤੇ ਕੋਈ ਪਾਬੰਦੀ ਹੈ। ਪੰਚਾਇਤ ਦੀ ਮੀਟਿੰਗ ਵਿੱਚ ਸਿਰਫ਼ ਇੱਕ ਹੀ ਫੈਸਲਾ ਸੀ ਅਤੇ ਉਹ ਸੀ ਪਿੰਡ ਦੇ ਕਬਰਿਸਤਾਨ ਨੂੰ ਕਿਸੇ ਹੋਰ ਥਾਂ 'ਤੇ ਤਬਦੀਲ ਕਰਨਾ।"
ਸੁਰੇਸ਼ ਕੁਮਾਰ ਪਿੰਡ ਦੀ ਸਰਪੰਚ ਪਰਮੀਲਾ ਦੇਵੀ ਦਾ ਦਿਓਰ ਹੈ ਅਤੇ ਪੰਚਾਇਤ ਦਾ ਕੰਮ ਕਾਜ ਉਹ ਹੀ ਦੇਖਦਾ ਹੈ।
ਇਸ ਰਿਪੋਰਟਰ ਨੇ ਪੁਲਿਸ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਤਾ ਹੈ।
ਟਿਟੋਲੀ ਪੁਲੀਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਨਫ਼ੇ ਸਿੰਘ ਨੇ ਇਸ ਤੋਂ ਇਨਕਾਰ ਕਰਦੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਫੈਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਪੁਲੀਸ ਮੁਤਾਬਕ ਥੋੜ੍ਹੇ ਜਿਹੇ ਲੋਕ ਮੰਗਲਵਾਰ ਨੂੰ ਕਬਰਿਸਤਾਨ ਨੂੰ ਰਿਹਾਇਸ਼ੀ ਇਲਾਕੇ ਤੋਂ ਬਾਹਰ ਕਿਸੇ ਹੋਰ ਥਾਂ ਉੱਤੇ ਬਣਾਉਣ ਬਾਰੇ ਚਰਚਾ ਲਈ ਮਿਲੇ ਸਨ।
ਪਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਮੁਤਾਬਕ ਪੰਚਾਇਤ ਦੀ ਮੀਟਿੰਗ ਵਿੱਚ ਦਰਜਨਾਂ ਲੋਕ ਮੌਜੂਦ ਸਨ।
ਮੁਲਜ਼ਮ ਦਾ ਪਰਿਵਾਰ ਪਿੰਡ ਨਹੀਂ ਪਰਤਿਆ
ਜਿਹੜੇ ਦੋ ਮੁਸਲਮਾਨ ਨੌਜਵਾਨਾਂ ਨੂੰ ਵੱਛੀ ਨੂੰ ਮਾਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ 22 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਵਿਚੋਂ ਇੱਕ ਦਾ ਪਰਿਵਾਰ ਤਾਂ ਅਜੇ ਵੀ ਪਿੰਡ ਵਾਪਸ ਨਹੀਂ ਆਇਆ ਹੈ।
ਇਹ ਵੀ ਪੜ੍ਹੋ:
ਪਿੰਡ ਵਾਲਿਆਂ ਨੇ ਇਲਜ਼ਾਮ ਲਗਾਇਆ ਸੀ ਕਿ ਯਾਮੀਨ ਨੇ ਵੱਛੀ ਨੂੰ ਮਾਰਿਆ ਹੈ। ਦੋਵੇਂ ਨੌਜਵਾਨਾਂ ਨੇ ਇਸ ਤੋਂ ਇਨਕਾਰ ਕੀਤਾ ਸੀ।
ਅਧਿਕਾਰੀਆਂ ਨੇ ਪਿੰਡ ਵਿੱਚ ਪੁਲਿਸ ਤਾਇਨਾਤ ਕਰ ਕੇ ਹਾਲਾਤ ਨੂੰ ਕਾਬੂ ਕੀਤਾ ਸੀ। ਯਾਮੀਨ ਅਤੇ ਸ਼ੌਕੀਨ 'ਤੇ ਗਊ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਯਾਮੀਨ ਦੀ ਪਤਨੀ, ਭਰਾ ਅਤੇ ਬੱਚੇ ਪਿੰਡ ਛੱਡ ਕੇ ਭੱਜ ਗਏ ਸਨ ਅਤੇ ਵਾਪਸ ਨਹੀਂ ਆਏ ਹਨ। ਯਾਮੀਨ ਦੇ ਘਰ ਨੂੰ ਪਿਛਲੇ ਕਰੀਬ ਇੱਕ ਮਹੀਨੇ ਤੋਂ ਜਿੰਦਰਾ ਲੱਗਿਆ ਹੋਇਆ ਹੈ।
ਪਿੰਡ ਦੇ ਮੁਸਲਮਾਨਾਂ ਦੀ ਆਬਾਦੀ ਵਾਲੇ ਇਲਾਕੇ ਦੀਆਂ ਗਲੀਆਂ ਖਾਲੀ ਪਈਆਂ ਸਨ। ਲੋਕਾਂ ਵਿੱਚ ਡਰ ਹੈ ਅਤੇ ਉਹ ਮੀਡੀਆ ਨਾਲ ਗੱਲ ਕਰਨ ਤੋਂ ਝਿਜਕਦੇ ਹਨ।
ਪੰਚਾਇਤ ਦੇ ਕਥਿਤ ਫਰਮਾਨਾਂ ਬਾਰੇ ਗੱਲ ਕਰਦਿਆਂ ਮੁਸਲਮਾਨ ਭਾਈਚਾਰੇ ਦੇ ਪ੍ਰਤੀਨਿਧੀ ਰਾਜਬੀਰ ਨੇ ਦੱਸਿਆ, "ਪੰਚਾਇਤ ਨੇ ਕਿਹਾ ਹੈ ਕਿ ਜੋ ਮੁਸਲਮਾਨ ਆਗੂ ਇਸ ਮਾਮਲੇ ਨੂੰ ਰਾਜਨੀਤਕ ਰੰਗ ਦੇਣ ਲਈ ਪਿੰਡ ਵਿੱਚ ਆਉਣ ਅਸੀਂ ਉਨ੍ਹਾਂ ਦੀ ਮੇਜ਼ਬਾਨੀ ਨਾ ਕਰੀਏ।"
ਪਿੰਡ ਦੇ ਛੱਪੜ ਕੋਲ ਤਾਸ਼ ਖੇਡ ਰਹੇ ਬੁਜ਼ੁਰਗ ਮੁਸਲਮਾਨ ਮੀਰ ਸਿੰਘ ਖੋਖਰ ਨੇ ਸਾਨੂੰ ਦੱਸਿਆ ਕਿ ਮੁੱਖ ਤੌਰ 'ਤੇ ਚਾਰ ਫੈਸਲੇ ਲਏ ਗਏ ਹਨ: "ਯਾਮੀਨ ਸਾਰੀ ਉਮਰ ਇਸ ਪਿੰਡ 'ਚ ਨਹੀਂ ਵੜੇਗਾ। ਮੁਸਲਮਾਨ ਨਮਾਜ਼ ਪੜ੍ਹਨ ਰੋਹਤਕ ਜਾਂ ਕਿਸੇ ਹੋਰ ਥਾਂ ਜਾਣ ਪਰ ਪਿੰਡ ਵਿਚ ਇਬਾਦਤ ਨਾ ਕਰਨ। ਕਬਰਿਸਤਾਨ ਨੂੰ ਮੌਜੂਦਾ ਥਾਂ ਤੋਂ ਇੱਕ ਕਿਲੋਮੀਟਰ ਦੂਰ ਬਣਾਇਆ ਜਾਵੇਗਾ ਅਤੇ ਮੌਜੂਦਾ ਸਥਾਨ 'ਤੇ 22 ਅਗਸਤ ਨੂੰ ਮਰੀ ਵੱਛੀ ਦੀ ਇੱਕ ਯਾਦਗਾਰ ਬਣਾਈ ਜਾਵੇਗੀ।"
ਪਰ ਵੱਧ ਗਿਣਤੀ ਹਿੰਦੂ ਜਾਟ ਭਾਈਚਾਰੇ ਦੇ ਕਈ ਲੋਕਾਂ ਨੇ ਕਿਹਾ ਕਿ ਕੋਈ ਫ਼ਰਮਾਨ ਨਹੀਂ ਜਾਰੀ ਕੀਤੇ ਗਏ ਹਨ।
ਪੰਚਾਇਤ ਦੀ ਮੀਟਿੰਗ 'ਚ ਮੌਜੂਦ ਦੀਪਕ ਕੁਮਾਰ ਮੁਤਾਬਕ ਮੁਸਲਮਾਨਾਂ ਦੀ ਸਹਿਮਤੀ ਨਾਲ ਕਬਰਿਸਤਾਨ ਨੂੰ ਦੂਜੀ ਥਾਂ 'ਤੇ ਬਣਾਉਣ ਦਾ ਫੈਸਲਾ ਲਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਉਸ ਨੇ ਕਿਹਾ, "ਸਾਨੂੰ ਟੋਪੀ, ਦਾੜ੍ਹੀ ਜਾਂ ਨਮਾਜ਼ ਉੱਤੇ ਪਾਬੰਦੀ ਲਾਉਣ ਦੀ ਕੋਈ ਲੋੜ ਹੀ ਨਹੀਂ। ਇੱਥੇ ਮੁਸਲਮਾਨ ਉਂਝ ਹੀ ਨਿਯਮਾਂ ਦੀ ਪਾਲਣਾ ਕਰਦੇ ਹਨ।"
ਪ੍ਰਸਾਸ਼ਨ ਵੀ ਹਰਕਤ ਵਿਚ ਆਇਆ
ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਸਮਾਜਿਕ ਬਾਈਕਾਟ ਦੇ ਇਲਜ਼ਾਮਾਂ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਪ੍ਰਸਾਸ਼ਨ ਹਰਕਤ ਵਿਚ ਆਇਆ ਹੈ। ਪੁਲਿਸ ਨੇ ਕਿਹਾ ਕਿ ਉਹ ਪੂਰੇ ਹਾਲਾਤ ਉੱਤੇ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਨੂੰ ਵੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ।
ਹਰਿਆਣਾ ਪੁਲਿਸ ਦੇ ਡੀਐੱਸਪੀ ਨਰਾਇਣ ਚੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਆਪਣੀਆਂ ਧਾਰਮਿਕ ਰਸਮਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਰੋਕ ਜਾਂ ਪਾਬੰਦੀ ਲਾਏ ਜਾਣ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਡੀਐੱਸਪੀ ਚੰਦ ਨੇ ਕਿਹਾ, 'ਜ਼ਿਲ੍ਹਾ ਪ੍ਰਸਾਸ਼ਨ ਨੂੰ ਪੰਚਾਇਤ ਨੇ ਇਹ ਯਕੀਨ ਦੁਆਇਆ ਹੈ ਕਿ ਉਹ ਪਿੰਡ ਵਿਚ ਸਾਰੇ ਫ਼ਿਰਕਿਆਂ ਦੀ ਭਾਈਚਾਰਕ ਸਾਂਝ ਬਣਾਈ ਰੱਖਣਗੇ। ਇਹੀ ਵਾਅਦਾ ਪੰਚਾਇਤ ਨੇ ਡੀਸੀ ਯਸ਼ ਗਰਗ ਨਾਲ ਬੈਠਕ ਵਿਚ ਦੁਹਰਾਇਆ ਤੇ ਕਿਹਾ ਕਿ ਅਮਨ ਸਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣਗੇ।'
ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਿਚ ਕੋਈ ਮਾਹੌਲ ਖ਼ਰਾਬ ਕਰਦਾ ਹੈ, ਖਾਸ ਕਰਕੇ ਨੌਜਵਾਨ ਤਾਂ ਉਨ੍ਹਾਂ ਦਾ ਕੋਈ ਸਾਥ ਨਹੀਂ ਦੇਵੇਗਾ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਇਤਲਾਹ ਦੇਵੇਗਾ।