ਚੋਣਾਂ ਲਈ ਕਾਂਗਰਸ ਨੇ ਮੰਗਿਆ ਚੰਦਾ ਤਾਂ ਲੋਕਾਂ ਨੇ ਦਿੱਤਾ ਇਹ ਜਵਾਬ

ਕਾਂਗਰਸ ਨੇ ਰਾਜਸਥਾਨ ਦੀਆਂ ਚੋਣਾਂ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਸੰਦੇਸ਼ ਕੀ ਪਾਏ, ਲੋਕ ਉਨ੍ਹਾਂ ਦੇ ਪਿੱਛੇ ਹੀ ਪੈ ਗਏ।

ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦਸੰਬਰ ਤੋਂ ਪਹਿਲਾਂ ਹੋਣੀਆਂ ਹਨ। ਕਾਂਗਰਸ ਉੱਥੇ ਭਾਜਪਾ ਨੂੰ ਹਰਾ ਕੇ ਵਾਪਸ ਆਉਣ ਦੀ ਤਾਂਘ 'ਚ ਹੈ। ਇਸਦਾ ਅਸਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਉੱਤੇ ਵੀ ਪਵੇਗਾ।

ਕਾਂਗਰਸ ਲਈ ਮੁਸ਼ਕਿਲ ਇਹ ਹੈ ਕਿ ਰਿਪੋਰਟਾਂ ਮੁਤਾਬਕ ਉਸ ਕੋਲ ਪੈਸੇ ਦੀ ਘਾਟ ਚੱਲ ਰਹੀ ਹੈ।

ਇਹ ਵੀ ਪੜ੍ਹੋ:

ਇਸੇ ਲਈ ਪਾਰਟੀ 'ਕਲੀਨ ਪੌਲਿਟਿਕਸ' ਦਾ ਨਾਅਰਾ ਅਤੇ ਹੈਸ਼ ਟੈਗ (#cleanpolitics) ਲਾ ਕੇ 'ਕ੍ਰਾਊਡ ਫੰਡਿੰਗ' ਦੇ ਰਾਹ ਪੈ ਰਹੀ ਹੈ।

ਪਾਰਟੀ ਨੇ ਇਹ ਅਪੀਲ ਐਤਵਾਰ ਸ਼ਾਮ ਨੂੰ ਫੇਸਬੁੱਕ ਉੱਤੇ ਕੀਤੀ ਅਤੇ ਸੋਮਵਾਰ ਤੱਕ 170 ਲੋਕਾਂ ਵੱਲੋਂ ਆਏ ਯੋਗਦਾਨ ਦਾ ਧੰਨਵਾਦ ਕਰਨ ਲਈ ਇੱਕ ਹੋਰ ਸੰਦੇਸ਼ ਪਾਇਆ ਗਿਆ।

ਇਸ ਧੰਨਵਾਦ ਸੰਦੇਸ਼ ਹੇਠਾਂ ਆਈਆਂ ਟਿੱਪਣੀਆਂ ਵਿੱਚ ਖੂਬ ਗੁੱਸਾ ਅਤੇ ਵਿਅੰਗ ਨਜ਼ਰ ਆਏ।

ਮੰਗਲਵਾਰ ਦੁਪਹਿਰ ਤੱਕ ਜਿਹੜਾ ਕੁਮੈਂਟ ਸਭ ਤੋਂ ਉੱਤੇ ਸੀ, ਉਹ ਸੀ ਆਸ਼ੀਰਬਾਦ ਥਾਪਾ ਦਾ, ਜਿਨ੍ਹਾਂ ਲਿਖਿਆ, "ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਇਕੱਲੇ ਹੀ ਇਹ ਖਰਚਾ ਚੁੱਕ ਸਕਦੇ ਹਨ, ਦਾਰੂ ਅਤੇ ਮੀਟ ਦਾ ਵੀ। ਫਿਕਰ ਕਿਉਂ?"

ਸਾਬਕਾ ਵਿੱਤ ਮੰਤਰੀ ਦੇ ਪੁੱਤਰ ਕਾਰਤੀ ਚਿਦੰਬਰਮ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਜ਼ਮਾਨਤ 'ਤੇ ਹਨ।

ਕਾਂਗਰਸ ਨੇ ਆਨਲਾਈਨ ਚੰਦਾ ਮੰਗਦੇ ਹੋਏ ਨਾਲ ਇੱਕ ਵੀਡੀਓ ਵੀ ਪਾਇਆ ਹੈ ਜਿਸ ਵਿੱਚ ਪਾਰਟੀ ਦੀ ਰਾਜਸਥਾਨ ਇਕਾਈ ਦੇ ਪ੍ਰਧਾਨ ਸਚਿਨ ਪਾਇਲਟ ਨੇ ਕਿਹਾ ਹੈ ਕਿ ਭਾਜਪਾ ਅਤੇ ਨਰਿੰਦਰ ਮੋਦੀ ਸਰਕਾਰ ਧਨਾਢਾਂ ਦੇ ਅਧੀਨ ਹਨ।

ਇਸ ਗੱਲ ਨੂੰ ਆਧਾਰ ਬਣਾ ਕੇ ਇੱਕ ਹੋਰ ਫੇਸਬੁੱਕ ਯੂਜ਼ਰ ਅਵਿਨਾਸ਼ ਮਹਾਜਨ ਨੇ ਵਿਅੰਗ ਕਰਦਿਆਂ ਲਿਖਿਆ, "ਤੁਸੀਂ ਸੱਚਾ ਲੋਕਤੰਤਰ ਬਣਾਉਣਾ ਚਾਹੁੰਦੇ ਹੋ, ਕਿਸੇ ਧਨਾਢ ਤੋਂ ਨਿਰਦੇਸ਼ ਨਹੀਂ ਲੈਣਾ ਚਾਹੁੰਦੇ। ਤੁਹਾਨੂੰ ਅੱਜ ਤੱਕ ਤਾਂ ਇਸ ਕੰਮ ਦਾ ਕੋਈ ਮੌਕਾ ਮਿਲਿਆ ਨਹੀਂ ਨਾ, ਤਾਂ ਹੁਣ ਮਿਲਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

ਕੁਮੈਂਟ ਕਰਨ ਵਾਲਿਆਂ ਵਿੱਚ ਇੱਕ ਹੋਰ ਫੇਸਬੁੱਕ ਯੂਜ਼ਰ ਸ਼ਾਮਲ ਹਨ ਰਾਜਿੰਦਰ ਝਾਅ, ਜਿਨ੍ਹਾਂ ਨੂੰ ਧਨਾਢਾਂ ਵਿੱਚ ਨੌਕਰੀਆਂ ਪੈਦਾ ਕਰਨ ਦੀ ਤਾਕਤ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਕਾਂਗਰਸ ਵੱਲੋਂ ਭਾਜਪਾ ਉੱਤੇ ਲਾਏ ਇਲਜ਼ਾਮਾਂ ਉੱਤੇ ਟਿੱਪਣੀ ਕਰਦਿਆਂ ਲਿਖਿਆ, "ਸਰਕਾਰ ਕੋਲ ਨੌਕਰੀ ਹੈ ਨਹੀਂ। ਅਰਬਪਤੀ ਹੀ ਨੌਕਰੀ ਦੇ ਸਕਦੇ ਹਨ, ਇਸ ਵਿੱਚ ਬੁਰਾਈ ਕੀ ਹੈ..."

ਇੰਦਰਾ ਗਾਂਧੀ ਦੇ 40 ਸਾਲ ਪੁਰਾਣੇ ਨਾਅਰੇ 'ਗ਼ਰੀਬੀ ਹਟਾਓ' ਉੱਤੇ ਵਿਅੰਗ ਕਰਦਿਆਂ ਉਨ੍ਹਾਂ ਨੇ ਅੱਗੇ ਲਿਖਿਆ, "ਕਾਂਗਰਸ ਨੇ ਸਿਰਫ਼ ਆਪਣੇ ਚਮਚਿਆਂ ਦੀ ਗ਼ਰੀਬੀ ਹਟਾਈ।"

ਇੱਕ ਹੋਰ ਫੇਸਬੁੱਕ ਯੂਜ਼ਰ ਮਿਥੀਲੇਸ਼ ਕੁਮਾਰ ਚੰਚਲ ਨੇ ਨਸੀਹਤ ਦਿੰਦਿਆਂ ਲਿਖਿਆ, "ਕੀ ਗਾਰੰਟੀ ਹੈ ਕਿ ਤੁਸੀਂ ਦੁਬਾਰਾ ਲੋਕਾਂ ਨੂੰ ਧੋਖਾ ਨਹੀਂ ਦਿਓਗੇ? ਇੰਨੀ ਦੇਰ ਸੱਤਾ ਭੋਗਣ ਤੋਂ ਬਾਅਦ ਭੀਖ ਮੰਗ ਰਹੇ ਹੋ? ਸੱਤਾ ਤੋਂ ਬਗੈਰ ਲੋਕ ਕਿਵੇਂ ਗੁਜ਼ਾਰਾ ਕਰਦੇ ਹਨ? ਹੁਣ ਤੁਹਾਨੂੰ ਸਮਝਣਾ ਅਤੇ ਸੁਧਰਨਾ ਚਾਹੀਦਾ ਹੈ।"

ਕੁਝ ਲੋਕਾਂ ਨੇ ਇੱਹ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਕਿ ਕਾਂਗਰਸ ਕੋਲ ਪੈਸੇ ਦੀ ਕਮੀ ਹੈ। ਸੁਭਾਸ਼ ਡੇਗਾਵੇਕਾਰ ਨਾਂ ਦੇ ਇੱਕ ਵਿਅਕਤੀ ਨੇ ਕੁਮੈਂਟ ਵਿੱਚ ਲਿਖਿਆ, "ਅਸੀਂ ਨਹੀਂ ਮੰਨਦੇ ਕਿ ਕਾਂਗਰਸ ਕੋਲ ਜਾਇਦਾਦ ਨਹੀਂ ਬਚੀ। ਆਪਣੀ ਜ਼ਮੀਨ, ਇਮਾਰਤਾਂ, ਫਾਰਮ ਹਾਉਸ, ਕਾਰਖਾਨੇ ਤੇ ਬੇਨਾਮੀ ਜਾਇਦਾਦ ਵੇਚ ਕੇ ਚੋਣਾਂ ਲਈ ਪੈਸੇ ਜੋੜ ਲਵੋ। ਪਾਰਟੀ ਕੋਲ ਨਕਦ ਤਾਂ ਨੋਟਬੰਦੀ ਕਰਕੇ ਮੁੱਕਿਆ ਹੈ।"

ਨਵੰਬਰ 2016 ਵਿੱਚ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸ ਨਾਲ ਕਾਲਾ ਧਨ, ਜੋ ਕਿ ਜ਼ਿਆਦਾਤਰ ਨਕਦ ਹੁੰਦਾ ਹੈ, ਖ਼ਤਮ ਹੋ ਜਾਵੇਗਾ।

ਕੁਝ ਲੋਕਾਂ ਨੇ ਕੁਮੈਂਟ ਕਰਕੇ ਕਾਂਗਰਸ ਤੋਂ ਇਹ ਵੀ ਪੁੱਛਿਆ ਕਿ ਪਾਰਟੀ ਦਾ ਰਾਜਸਥਾਨ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਉਮੀਦਵਾਰ ਕੌਣ ਹੈ — ਸੂਬਾ ਇਕਾਈ ਪ੍ਰਧਾਨ ਸਚਿਨ ਪਾਇਲਟ ਜਾਂ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ?

ਬਚਾਅ ਕਿਸਨੇ ਕੀਤਾ?

ਕਾਂਗਰਸ ਦਾ ਬਚਾਅ ਕਰਨ ਵਾਲਿਆਂ ਦੀ ਗਿਣਤੀ ਘੱਟ ਸੀ। ਇਨ੍ਹਾਂ ਵਿੱਚ ਸ਼ਾਮਲ ਸਨ ਮਾਰੀ ਮੂਥੀ ਮੂਥੀਆ ਨਾਂ ਦੇ ਇੱਕ ਫੇਸਬੁੱਕ ਯੂਜ਼ਰ, ਜਿਨ੍ਹਾਂ ਨੇ ਲਿਖਿਆ ਕਿ ਆਜ਼ਾਦੀ ਦੀ ਲੜਾਈ ਲੜਨ ਵਾਲੀ ਪਾਰਟੀ ਹੈ "ਜੋ ਕਿ ਕਾਰਪੋਰੇਟ ਅਤੇ ਫਿਰਕੂ ਪਾਰਟੀਆਂ ਕਾਰਨ" ਆਰਥਿਕ ਸਮੱਸਿਆ ਵਿੱਚ ਹੈ।

ਇੱਕ ਹੋਰ ਸਮਰਥਕ ਅਨਿਲ ਮਲਿਕ ਨੇ ਤਾਂ ਕਾਂਗਰਸ ਦਾ ਨਾਂ ਹੀ ਕਈ ਵਾਰ ਲਿਖ ਕੇ ਆਪਣੇ ਦਿਲ ਦੀ ਗੱਲ ਜ਼ਾਹਿਰ ਕੀਤੀ।

ਕਾਂਗਰਸ ਦੀ ਮਾਲੀ ਹਾਲਤ ਕਿੰਨੀ ਮਾੜੀ?

ਆਨਲਾਈਨ ਚੰਦੇ ਦੀ ਅਪੀਲ ਕਾਂਗਰਸ ਨੇ ਪਹਿਲੀ ਵਾਰ ਨਹੀਂ ਕੀਤੀ। ਇਸੇ ਸਾਲ ਕਰਨਾਟਕ ਦੀਆਂ ਚੋਣਾਂ ਵੇਲੇ ਪਾਰਟੀ ਦੇ ਇੱਕ ਉਮੀਦਵਾਰ ਨੇ ਇਸ ਸਾਧਨ ਰਾਹੀਂ ਪੈਸੇ ਇਕੱਠੇ ਕਰਨ ਦੀ ਪਹਿਲ ਕੀਤੀ ਸੀ। ਫੇਰ ਮਈ ਮਹੀਨੇ ਵਿੱਚ ਹੀ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਚੰਦੇ ਲਈ ਅਪੀਲ ਆਈ ਸੀ।

ਆਜ਼ਾਦ ਭਾਰਤ ਦੇ 71 ਸਾਲਾਂ ਦੇ ਇਤਿਹਾਸ 'ਚੋਂ 49 ਸਾਲ ਸੱਤਾ ਵਿੱਚ ਰਹੀ ਕਾਂਗਰਸ ਨੂੰ 2017 ਵਿੱਚ ਕਰੀਬ 240 ਕਰੋੜ ਰੁਪਏ ਹੀ ਚੰਦਾ ਮਿਲਿਆ। ਇਹ ਘੱਟ ਤਾਂ ਨਹੀਂ ਲਗਦਾ ਪਰ ਸੱਚਾਈ ਉਦੋਂ ਪਤਾ ਲਗਦੀ ਹੈ ਜਦੋਂ ਇਸਦੀ ਸੱਤਾ ਵਿੱਚ ਬੈਠੀ ਭਾਜਪਾ ਦੀ ਕਮਾਈ ਨਾਲ ਤੁਲਨਾ ਕੀਤੀ ਜਾਵੇ।

ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਸੰਸਥਾ, ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼ ਮੁਤਾਬਕ ਭਾਰਤ ਦੀ ਸਭ ਤੋਂ ਅਮੀਰ ਪਾਰਟੀ ਭਾਜਪਾ ਦੀ 2017 ਵਿੱਚ ਕਮਾਈ 1080 ਕਰੋੜ ਰੁਪਏ ਤੋਂ ਵੱਧ ਸੀ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।