ਨਜ਼ਰੀਆ: ਕਾਂਗਰਸ ਕਿਉਂ ਨਹੀਂ ਚੁੱਕ ਰਹੀ ਵੱਡੇ ਮੁੱਦੇ?

    • ਲੇਖਕ, ਅਭਿਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਕਾਂਗਰਸ 132 ਸਾਲ ਪੁਰਾਣੀ ਸਿਆਸੀ ਪਾਰਟੀ ਹੈ। 28 ਦਸੰਬਰ 1885 ਨੂੰ ਕਾਂਗਰਸ ਪਾਰਟੀ ਦੀ ਨੀਂਹ ਰੱਖੀ ਗਈ ਸੀ। ਭਾਰਤ ਦੀ ਆਜ਼ਾਦੀ ਵਿੱਚ ਇਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਅਜ਼ਾਦੀ ਦੇ 60 ਸਾਲ ਬਾਅਦ ਤੱਕ ਦੇਸ ਦੀ ਸਿਆਸਤ 'ਤੇ ਕਾਂਗਰਸ ਦੀ ਚੜ੍ਹਾਈ ਰਹੀ ਸੀ, ਪਰ ਸਾਲ 2014 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਐਨੀਆਂ ਸੀਟਾਂ ਵੀ ਨਹੀਂ ਮਿਲੀਆਂ ਕਿ ਇਸ ਨੂੰ ਇੱਕ ਸੰਸਦੀ ਦਲ ਦਾ ਦਰਜਾ ਵੀ ਦਿੱਤਾ ਜਾ ਸਕੇ। ਇਸ ਵੇਲੇ ਲੋਕਸਭਾ ਵਿੱਚ ਕਾਂਗਰਸ ਕੋਲ ਸਿਰਫ਼ 44 ਮੈਂਬਰ ਹਨ।

ਕਾਂਗਰਸ ਸਾਹਮਣੇ ਵੱਡੀਆਂ ਸਮੱਸਿਆਵਾਂ

ਅੱਜ ਦੀ ਤਰੀਕ ਵਿੱਚ ਦੇਸ ਦੇ 29 ਸੂਬਿਆਂ ਵਿੱਚੋਂ 19 ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਜਾਂ ਉਸ ਦੇ ਸਾਥੀਆਂ ਦੀ ਸਰਕਾਰ ਹੈ।

ਜਦੋਂ ਕਿ ਕਾਂਗਰਸ ਪਾਰਟੀ ਸਿਰਫ਼ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਤੱਕ ਹੀ ਸਿਮਟ ਕੇ ਰਹਿ ਗਈ ਹੈ।

ਹਾਲਾਂਕਿ ਗੁਜਰਾਤ ਚੋਣਾ ਵਿੱਚ ਕਾਂਗਰਸ ਨੇ ਬਿਹਤਰ ਕਾਰਗੁਜ਼ਾਰੀ ਨਾਲ ਆਪਣੇ ਕਾਰਕੁਨਾਂ ਅਤੇ ਸਮਰਥਕਾਂ ਵਿੱਚ ਉਤਸ਼ਾਹ ਪੈਦਾ ਜ਼ਰੂਰ ਕੀਤਾ ਹੈ। ਪਰ ਅੱਜ ਪਾਰਟੀ ਦੇ ਸਾਹਮਣੇ ਇੱਕ ਬਹੁਤ ਵੱਡਾ ਮੁੱਦਾ ਖੜ੍ਹਾ ਹੈ।

ਮੁੱਦਾ ਇਹ ਹੈ ਕਿ ਭਾਜਪਾ ਜਿੱਥੇ-ਜਿੱਥੇ ਸੱਤਾ ਵਿੱਚ ਹੈ ਉੱਥੇ ਉਹ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਹੀਂ ਹੋਣ ਦਿੰਦੀ ਅਤੇ ਜਿੱਥੇ ਕਾਂਗਰਸ ਜਾਂ ਹੋਰ ਪਾਰਟੀਆਂ ਦੀਆਂ ਸਰਕਾਰਾਂ ਹਨ ਉੱਥੇ ਉਹ ਵੱਡੇ ਮੁੱਦੇ ਉਛਾਲਨ ਵਿੱਚ ਕਾਮਯਾਬ ਰਹੀ ਹੈ।

ਇਸ ਬਾਰੇ ਬੀਬੀਸੀ ਪੱਤਰਕਾਰ ਅਭਿਜੀਤ ਸ਼੍ਰੀਵਾਸਤਵ ਨੇ ਸੀਨੀਅਰ ਪੱਤਰਕਾਰ ਕਲਿਆਣੀ ਸ਼ੰਕਰ ਨਾਲ ਗੱਲਬਾਤ ਕੀਤੀ।

ਇਸ ਦੇ ਉਲਟ ਕਾਂਗਰਸ, ਭਾਜਪਾ ਦੀ ਸਰਕਾਰ ਵਾਲੇ ਸੂਬਿਆਂ 'ਚ ਵੱਡੇ ਮੁੱਦਿਆਂ ਨੂੰ ਚੁੱਕਣ ਵਿੱਚ ਅਸਫ਼ਲ ਰਹੀ ਹੈ। ਅਜਿਹਾ ਕਿਉਂ ਹੈ?

ਪੜ੍ਹੋ ਨਜ਼ਰੀਆ

ਦੇਸ ਨੂੰ ਅਜ਼ਾਦੀ ਮਿਲਣ ਪਿੱਛੇ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਸੀ।

ਕਾਂਗਰਸ ਕੋਲ ਮਹਾਤਮਾ ਗਾਂਧੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਵਰਗੇ ਵੱਡੇ ਆਗੂ ਰਹੇ ਹਨ। 1950 ਅਤੇ 60 ਦੇ ਦਹਾਕੇ ਵਿੱਚ ਇਹ ਬਹੁਤ ਵੱਡੀ ਸਿਆਸੀ ਪਾਰਟੀ ਸੀ।

ਇੰਦਰਾ ਗਾਂਧੀ ਦੇ ਆਉਣ ਤੋਂ ਬਾਅਦ 1967 ਤੋਂ ਇਸ ਦਾ ਪ੍ਰਭਾਵ ਕੁਝ ਘੱਟ ਹੋਣਾ ਸ਼ੁਰੂ ਹੋਇਆ ਫਿਰ ਵੀ 2014 ਵਰਗੀ ਹਾਲਤ ਨਹੀਂ ਆਈ ਸੀ।

ਅੱਜ ਕਾਂਗਰਸ ਦੀ ਸਰਕਾਰ ਸਿਰਫ਼ ਚਾਰ ਸੂਬਿਆਂ ਵਿੱਚ ਹੈ - ਕਰਨਾਟਕ, ਪੰਜਾਬ, ਮਿਜ਼ੋਰਮ, ਮੇਘਾਲਿਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੁਚੇਰੀ।

ਇਨ੍ਹਾਂ ਵਿੱਚ ਸਿਰਫ਼ ਪੰਜਾਬ ਅਤੇ ਕਰਨਾਟਕ ਹੀ ਦੋ ਵੱਡੇ ਸੂਬੇ ਹਨ। ਸਾਲ 2018 ਵਿੱਚ ਕਰਨਾਟਕ ਵਿੱਚ ਚੋਣਾਂ ਹੋਣੀਆਂ ਹਨ ਪਰ ਉੱਥੇ ਨਤੀਜਾ ਕੀ ਹੋਵੇਗਾ ਇਸ 'ਤੇ ਟਿੱਪਣੀ ਕਰਨਾ ਮੁਸ਼ਕਲ ਹੈ।

ਕੀ ਕਰਨਾ ਪਵੇਗਾ ਕਾਂਗਰਸ ਨੂੰ?

ਕਾਂਗਰਸ ਵੱਡੇ ਮੁੱਦੇ ਨਹੀਂ ਚੁੱਕ ਰਹੀ ਪਰ ਗੁਜਰਾਤ ਚੋਣਾ 'ਚ ਰਾਹੁਲ ਗਾਂਧੀ ਨੇ ਆਪਣਾ ਜੁਝਾਰੂ ਰੂਪ ਵਿਖਾਇਆ ਜਿਸ ਤੋਂ ਬਾਅਦ ਕਾਂਗਰਸ ਕਾਰਕੁਨਾਂ ਵਿੱਚ ਉਤਸ਼ਾਹ ਆਇਆ।

2ਜੀ ਕੇਸ ਵਿੱਚ ਆਇਆ ਫ਼ੈਸਲਾ ਵੀ ਕਾਂਗਰਸ ਲਈ ਸਕਾਰਾਤਮਿਕ ਹੈ। ਰਾਜਸਥਾਨ ਦੀਆਂ ਸਥਾਨਕ ਚੋਣਾਂ ਵਿੱਚ ਵੀ ਕਾਂਗਰਸ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ।

ਇਸ ਲਈ ਮੈਂ ਇਹ ਬਿਲਕੁਲ ਨਹੀਂ ਮੰਨਦੀ ਕਿ ਕਾਂਗਰਸ ਦੇਸ 'ਚੋਂ ਗ਼ਾਇਬ ਹੋ ਰਹੀ ਹੈ। ਕਾਂਗਰਸ ਅਜੇ ਹੋਰ ਜ਼ਿੰਦਾ ਰਹੇਗੀ।

ਹਾਲਾਂਕਿ ਉਸ ਦੇ ਲਈ ਨਵੇਂ ਬਣੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ।

ਉਨ੍ਹਾਂ ਨੂੰ ਪਾਰਟੀ ਦੇ ਕਾਰਕੁਨਾਂ ਨੂੰ ਜ਼ਮੀਨੀ ਪੱਧਰ ਉੱਤੇ ਖੜ੍ਹਾਂ ਕਰਨਾ ਹੋਵੇਗਾ। ਉਨ੍ਹਾਂ ਨੂੰ ਸੂਬਾ ਪੱਧਰ ਦੇ ਆਗੂ ਖੜੇ ਕਰਨੇ ਪੈਣਗੇ।

ਉਨ੍ਹਾਂ ਨੂੰ ਆਪਣੇ ਆਪ ਲੋਕਾਂ ਤੇ ਹੋਰ ਕਾਂਗਰਸੀ ਕਾਰਕੁੰਨਾਂ ਨੂੰ ਮਿਲਣਾ ਹੋਵੇਗਾ। ਆਉਣ ਵਾਲਾ ਸਾਲ 2018 ਕਾਂਗਰਸ ਲਈ ਬੇਹੱਦ ਚੁਣੌਤੀ ਭਰਿਆ ਹੈ।

ਗੁਜਰਾਤ ਨਾਲ ਮਿਲੀ ਆਸ

ਬੇਸ਼ੱਕ ਕਾਂਗਰਸ ਦਾ ਸਮਾਂ ਹੁਣ ਖ਼ਰਾਬ ਹੈ ਪਰ ਗੁਜਰਾਤ ਵਿੱਚ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਵੀ ਚੰਗੀ ਜਿੱਤ ਹਾਸਲ ਨਹੀਂ ਹੋਈ।

ਸਾਲ 2019 ਵਿੱਚ ਲੋਕਸਭਾ ਚੋਣਾ ਹੋਣੀਆਂ ਹਨ। ਇਹ ਚੋਣਾ ਛੇ ਮਹੀਨੇ ਪਹਿਲਾਂ ਵੀ ਕਰਵਾਈਆਂ ਜਾ ਸਕਦੀਆਂ ਹਨ।

ਲੋਕਸਭਾ ਚੋਣਾਂ ਤੋਂ ਪਹਿਲਾਂ ਅੱਠ ਸੂਬਿਆਂ ਵਿੱਚ ਵਿਧਾਨਸਭਾ ਚੋਣਾ ਹੋਣੀਆਂ ਹਨ।

ਇਨ੍ਹਾਂ ਵਿੱਚੋਂ ਕੁਝ ਸੂਬਿਆਂ ਵਿੱਚ ਕਾਂਗਰਸ ਨੂੰ ਚੋਣਾਂ ਜਿੱਤਣੀਆਂ ਹੋਣਗੀਆਂ। ਤਾਂ ਹੀ ਲੋਕ-ਸਭਾ ਚੋਣਾ ਵਿੱਚ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਦੀ ਆਸ ਕੀਤੀ ਜਾ ਸਕੇਗੀ।

ਭਾਜਪਾ ਕੋਲ ਵੱਡੇ ਆਗੂ ਹਨ, ਉਨ੍ਹਾਂ ਦੀ ਮਸ਼ੀਨਰੀ ਬਹੁਤ ਚੰਗੀ ਹੈ। ਉਹ ਜ਼ਮੀਨੀ ਪੱਧਰ ਤੇ ਵਧੀਆ ਪ੍ਰਬੰਧ ਕਰ ਰਹੇ ਹਨ।

ਪਰ ਇਸ ਦੇ ਉਲਟ ਵੱਡੇ ਮੁੱਦੇ ਨਾ ਚੁੱਕਣ ਕਰ ਕੇ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਦਾ ਗਰਾਫ਼ ਹੇਠਾਂ ਜਾ ਰਿਹਾ ਸੀ।

ਇਸ ਦਾ ਸਭ ਤੋਂ ਵੱਡਾ ਕਾਰਨ ਸੂਬਾ ਪੱਧਰ ਉੱਤੇ ਆਗੂਆਂ ਦਾ ਨਾ ਹੋਣਾ ਹੈ ਅਤੇ ਜੋ ਛੋਟੇ-ਛੋਟੇ ਆਗੂ ਹਨ ਉਨ੍ਹਾਂ ਨੂੰ ਵੱਡਾ ਬਣਾਉਣ ਲਈ ਪਾਰਟੀ ਨੇ ਕੁਝ ਨਹੀਂ ਕੀਤਾ।

ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸ ਕੋਲ ਵੱਡੇ ਆਗੂ ਹਨ, ਜਿਵੇਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਕਰਨਾਟਕ ਵਿੱਚ ਸਿੱਧਾਰਮਿਆ, ਉੱਥੇ ਕਾਂਗਰਸ ਭਾਜਪਾ ਨੂੰ ਬਹੁਤ ਅੱਗੇ ਨਹੀਂ ਆਉਣ ਦਿੰਦੀ ਹੈ।

ਤੁਸੀਂ ਵੇਖੋਗੇ ਜਿੱਥੇ ਕਮਜ਼ੋਰ ਆਗੂ ਹਨ, ਉੱਥੇ ਹੀ ਭਾਜਪਾ ਮਜ਼ਬੂਤ ਹੋਈ ਹੈ।

ਕੁਲ ਮਿਲਾ ਕੇ ਕਾਂਗਰਸ ਦੀ ਸਭ ਤੋਂ ਵੱਡੀ ਕਮਜ਼ੋਰੀ ਜ਼ਮੀਨੀ ਪੱਧਰ ਦੇ ਕਾਰਕੁਨਾਂ ਦਾ ਨਾ ਹੋਣਾ ਹੈ।

ਕਾਂਗਰਸ ਨੂੰ ਸਥਾਨਕ ਮੁੱਦਿਆਂ ਨੂੰ ਸਮਝਣਾ ਅਤੇ ਉਸ ਨੂੰ ਚੁੱਕਣਾ ਹੋਵੇਗਾ। ਇਹ ਉਸ ਵੇਲੇ ਹੋਵੇਗਾ ਜਦੋਂ ਜ਼ਮੀਨੀ ਪੱਧਰ ਦੇ ਆਗੂ ਤਿਆਰ ਹੋਣਗੇ।

ਰਾਹੁਲ ਗਾਂਧੀ ਦਾ ਭਵਿੱਖ

ਜਦੋਂ ਸੋਨੀਆ ਗਾਂਧੀ ਪਾਰਟੀ ਦੀ ਪ੍ਰਧਾਨ ਬਣੀ ਸੀ, ਉਸ ਵੇਲੇ ਵੀ ਹਾਲਤ ਕੁਝ ਅਜਿਹੀ ਹੀ ਸੀ।

ਉਸ ਵੇਲੇ ਬਹੁਤ ਘੱਟ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਸੀ। ਕੇਂਦਰ ਦੀ ਸੱਤਾ ਵਿੱਚ ਵੀ ਉਹ ਨਹੀਂ ਸਨ। ਇੱਥੇ ਤੱਕ ਕਿ ਲੋਕ-ਸਭਾ ਵਿੱਚ ਗਿਣਤੀ ਵੀ ਜ਼ਿਆਦਾ ਨਹੀਂ ਸੀ।

ਉਨ੍ਹਾਂ ਨੇ ਪਚਮਢੀ ਅਤੇ ਸ਼ਿਮਲਾ ਵਿੱਚ ਚਿੰਤਨ ਸ਼ਿਵਿਰ ਕੀਤਾ। ਪਾਰਟੀ ਵਿੱਚ ਇਸ ਨਾਲ ਉਤਸ਼ਾਹ ਆਇਆ।

ਉਸ ਤੋਂ ਬਾਅਦ 2004 ਵਿੱਚ ਸੋਨੀਆ ਗਾਂਧੀ ਨੇ ਯੂਪੀਏ ਬਣਾਈ। ਪਾਰਟੀ ਮਜ਼ਬੂਤ ਬਣੀ ਅਤੇ ਯੂਪੀਏ ਗਠਜੋੜਾਂ ਨਾਲ ਕਾਂਗਰਸ 10 ਸਾਲਾਂ ਤੱਕ ਦੇਸ਼ ਦੀ ਸੱਤਾ ਉੱਤੇ ਕਾਬਜ਼ ਰਹੀ।

ਹੁਣ ਸੋਨੀਆ ਇੱਕ ਤਰ੍ਹਾਂ ਨਾਲ ਸਿਆਸਤ ਤੋਂ ਵੱਖ ਹੋ ਗਈ ਹੈ ਅਤੇ ਕਾਂਗਰਸ ਦਾ ਭਾਰ ਰਾਹੁਲ ਗਾਂਧੀ ਦੇ ਮੋਢਿਆਂ 'ਤੇ ਹੈ।

ਗੁਜਰਾਤ ਵਿੱਚ ਜਿਸ ਤਰ੍ਹਾਂ ਉਨ੍ਹਾਂ ਨੇ ਮੋਦੀ-ਸ਼ਾਹ ਦੇ ਗੜ੍ਹ ਵਿੱਚ ਵੜ ਕੇ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ ਹੈ, ਉਸ ਤੋਂ ਕਾਂਗਰਸ ਵਿੱਚ ਹੌਸਲੇ ਦੀ ਨਵੀਂ ਉਮੀਦ ਜ਼ਰੂਰ ਜਾਗੀ ਹੈ।

ਰਾਹੁਲ ਗਾਂਧੀ ਦਾ ਭਵਿੱਖ ਸਾਲ 2018 ਦੇ ਚੋਣ ਨਤੀਜਿਆਂ ਉੱਤੇ ਟਿਕਿਆ। ਨਾਲ ਹੀ ਪਾਰਟੀ ਦੀ ਹਾਲਤ ਅਤੇ ਦਿਸ਼ਾ ਵੀ ਆਉਣ ਵਾਲੇ ਸਾਲ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਟਿਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)