ਕੀ ਤੁਸੀਂ ਤਿੰਨ ਤਲਾਕ ਬਾਰੇ ਇਹ ਗੱਲਾਂ ਜਾਣਦੇ ਹੋ?

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਇੱਕ ਝਟਕੇ ਵਿੱਚ ਦਿੱਤੇ ਜਾਣ ਵਾਲੇ ਤਿੰਨ ਤਲਾਕ ਨੂੰ ਅਪਰਾਧ ਐਲਾਨ ਕਰਨ ਵਾਲਾ ਬਿੱਲ ਲੋਕਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ। ਹੁਣ ਇਸ ਉੱਤੇ ਰਾਜ ਸਭਾ ਵਿੱਚ ਬਹਿਸ ਹੋਵੇਗੀ।

ਜੇ ਇਹ ਉਥੋਂ ਪਾਸ ਹੋ ਗਿਆ ਤਾਂ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਕਾਨੂੰਨ ਬਣ ਜਾਵੇਗਾ।

'ਇੰਸਟੇਂਟ ਟ੍ਰਿਪਲ ਤਲਾਕ ਕੀ ਹੈ?'

ਤਲਾਕ-ਏ-ਬਿੱਦਤ ਜਾਂ ਇੰਸਟੇਂਟ ਤਲਾਕ ਦੁਨੀਆਂ ਦੇ ਬਹੁਤ ਘੱਟ ਦੇਸਾਂ ਵਿੱਚ ਚਲਨ ਵਿੱਚ ਹੈ। ਭਾਰਤ ਉਨ੍ਹਾਂ ਹੀ ਦੇਸਾਂ ਵਿੱਚੋਂ ਇੱਕ ਹੈ। ਇੱਕ ਝਟਕੇ ਵਿੱਚ ਤਿੰਨ ਵਾਰੀ ਤਲਾਕ ਕਹਿ ਕੇ ਵਿਆਹ ਤੋੜਨ ਨੂੰ ਤਲਾਕ-ਏ-ਬਿੱਦਤ ਕਹਿੰਦੇ ਹਨ।

ਟ੍ਰਿਪਲ ਤਲਾਕ ਲੋਕ ਬੋਲ ਕੇ, ਟੈਕਸਟ ਮੈਸੇਜ ਭੇਜ ਕੇ ਜਾਂ ਵਾਹਟਸਐਪ ਜ਼ਰੀਏ ਵੀ ਦੇਣ ਲੱਗੇ ਹਨ।

ਇਸ ਮਾਮਲੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਔਰਤਾਂ ਦੀਆਂ ਅਰਜ਼ੀਆਂ ਆਉਣ ਤੋਂ ਬਾਅਦ ਅਗਸਤ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਤਲਾਕ-ਏ-ਬਿੱਦਤ ਨੂੰ ਸੰਵਿਧਾਨ ਦੇ ਵਿਰੁੱਧ ਅਤੇ ਗੈਰ-ਕਨੂੰਨੀ ਐਲਾਨ ਦਿੱਤਾ ਸੀ।

ਭਾਰਤੀ ਮੁਸਲਮਾਨਾਂ ਦੇ ਤਿੰਨ ਤਲਾਕ ਬਾਰੇ ਵਿਚਾਰ

ਇੱਕ ਹੀ ਝਟਕੇ ਵਿੱਚ ਤਿੰਨ ਵਾਰੀ ਤਲਾਕ ਬੋਲ ਕੇ ਵਿਆਹ ਤੋੜਨ ਦਾ ਰੁਝਾਨ ਦੇਸ ਭਰ ਵਿੱਚ ਸੁੰਨੀ ਮੁਸਲਮਾਨਾਂ ਵਿੱਚ ਹੈ ਪਰ ਸੁੰਨੀ ਮੁਸਲਮਾਨਾਂ ਦੇ ਤਿੰਨ ਭਾਈਚਾਰਿਆਂ ਨੇ ਤਿੰਨ ਤਲਾਕ ਦੀ ਮਾਨਤਾ ਖ਼ਤਮ ਕਰ ਦਿੱਤੀ ਹੈ।

ਹਾਲਾਂਕਿ ਦੇਵਬੰਦ ਦੇ ਦਾਰੂਲਉਲਮ ਨੂੰ ਮੰਨਣ ਵਾਲੇ ਮੁਸਲਮਾਨਾਂ ਵਿੱਚ ਤਲਾਕ-ਏ-ਬਿੱਦਤ ਹੁਣ ਵੀ ਚਲਨ ਵਿੱਚ ਹੈ ਅਤੇ ਉਹ ਇਸ ਨੂੰ ਸਹੀ ਮੰਨਦੇ ਹਨ।

ਇਸ ਤਰੀਕੇ ਨਾਲ ਕਿੰਨੀਆਂ ਮੁਸਲਮਾਨ ਔਰਤਾਂ ਨੂੰ ਤਲਾਕ ਦਿੱਤਾ ਗਿਆ ਇਸ ਦਾ ਕੋਈ ਅਧਿਕਾਰਕ ਅੰਕੜਾ ਮੌਜੂਦ ਨਹੀਂ ਹੈ।

ਜੇ ਇੱਕ ਆਨਲਾਈਨ ਸਰਵੇ ਦੀ ਗੱਲ ਕਰੀਏ ਤਾਂ ਇੱਕ ਫੀਸਦੀ ਤੋਂ ਘੱਟ ਔਰਤਾਂ ਨੂੰ ਇਸ ਤਰ੍ਹਾਂ ਤਲਾਕ ਦਿੱਤਾ ਗਿਆ। ਹਾਲਾਂਕਿ ਸਰਵੇ ਦਾ ਸੈਂਪਲ ਸਾਈਜ਼ ਬਹੁਤ ਛੋਟਾ ਸੀ।

ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਤਿੰਨ ਤਲਾਕ ਦਾ ਚਲਨ ਸ਼ਹਿਰਾਂ ਮੁਕਾਬਲੇ ਜ਼ਿਆਦਾ ਹੈ।

ਟ੍ਰਿਪਲ ਤਲਾਕ ਬਾਰੇ ਕੀ ਕਹਿੰਦੀ ਹੈ ਕੁਰਾਨ?

  • ਕੁਰਾਨ ਮੁਤਾਬਕ ਜੇ ਇੱਕ ਮੁਸਲਮਾਨ ਮਰਦ ਤਲਾਕ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ ਤਾਂ ਇਸ ਨੂੰ ਤਲਾਕ-ਏ-ਅਹਿਸਾਨ ਕਹਿੰਦੇ ਹਨ।
  • ਇਹ ਪ੍ਰਕਿਰਿਆ ਤਿੰਨ ਮਹੀਨੇ ਚੱਲਣੀ ਚਾਹੀਦੀ ਹੈ ਤਾਕਿ ਇਸ ਦੌਰਾਨ ਪਤੀ-ਪਤਨੀ ਆਪਣੀ ਅਸਹਿਮਤੀ ਦੂਰ ਕਰਨ ਅਤੇ ਰਿਸ਼ਤੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਸਕਣ।
  • ਮੁਸਲਮਾਨ ਔਰਤ ਵੀ ਤਲਾਕ ਦੀ ਮੰਗ ਕਰ ਸਕਦੀ ਹੈ ਜਿਸ ਨੂੰ 'ਖੁਲਾ' ਕਹਿੰਦੇ ਹਨ। ਜੇ ਪਤੀ ਤਲਾਕ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਪਤਨੀ ਕਾਜ਼ੀ ਕੋਲ ਜਾ ਸਕਦੀ ਹੈ।
  • ਇਸਲਾਮੀ ਨਿਆਂ ਵਿਵਸਥਾ ਤਹਿਤ ਪਤਨੀ ਵਿਆਹ ਤੋੜ ਸਕਦੀ ਹੈ। ਇਸ ਪ੍ਰਕਿਰਿਆ ਨੂੰ 'ਫਸ਼ਕ-ਏ-ਨਿਕਾਹ' ਕਹਿੰਦੇ ਹਨ।
  • ਵਿਆਹ ਵੇਲੇ ਨਿਕਾਹਨਾਮੇ ਦਾ ਵੀ ਵਿਧਾਨ ਹੈ। ਇੱਕ ਔਰਤ ਨਿਕਾਹ ਦੇ ਵੇਲੇ ਹੀ ਤਲਾਕ ਦੀਆਂ ਸ਼ਰਤਾਂ ਅਤੇ ਪ੍ਰਕਿਰਿਆ ਨਿਕਾਹਨਾਮੇ ਵਿੱਚ ਸ਼ਾਮਿਲ ਕਰਾ ਸਕਦੀ ਹੈ ਜਿਸ ਨੂੰ 'ਤਫਵੀਦ-ਏ-ਤਲਾਕ' ਕਿਹਾ ਜਾਂਦਾ ਹੈ।
  • ਇਸੇ ਤਰ੍ਹਾਂ ਨਿਕਾਹ ਤੋਂ ਪਹਿਲਾਂ ਮੇਹਰ ਦੀ ਰਕਮ ਤੈਅ ਕੀਤੀ ਜਾਂਦੀ ਹੈ। ਤਲਾਕ ਦੇਣ ਉੱਤੇ ਪਤੀ ਨੂੰ ਇਹ ਰਕਮ ਦੇਣੀ ਪੈਂਦੀ ਹੈ।

ਤਿੰਨ ਤਲਾਕ ਨੂੰ ਅਪਰਾਧ ਬਣਾਉਣ 'ਤੇ ਵਿਵਾਦ ਕਿਉਂ?

ਮੁਸਲਮਾਨ ਔਰਤ (ਵਿਆਹ ਦੇ ਅਧਿਕਾਰਾਂ ਦੀ ਸੁਰੱਖਿਆ) ਬਿੱਲ ਤਿੰਨ ਤਲਾਕ ਨੂੰ ਕਨੂੰਨੀ ਅਪਰਾਧ ਬਣਾਉਂਦਾ ਹੈ। ਤਲਾਕ-ਏ-ਬਿੱਦਤ ਦੇ ਮਾਮਲੇ ਵਿੱਚ ਪਤੀ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਇਸ ਬਿੱਲ ਵਿੱਚ ਤਲਾਕ ਤੋਂ ਬਾਅਦ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੀ ਵੀ ਗੱਲ ਕਹੀ ਗਈ ਹੈ।

ਕੁਝ ਮਹਿਲਾ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਨਾਲ ਮੁਸਲਿਮ ਔਰਤਾਂ ਦੀ ਕੋਈ ਮਦਦ ਨਹੀਂ ਹੋਵੇਗੀ ਕਿਉਂਕਿ ਪਤੀ ਦੇ ਜੇਲ੍ਹ ਜਾਣ ਦੀ ਹਾਲਤ ਵਿੱਚ ਗੁਜ਼ਾਰਾ ਭੱਤਾ ਕਿਵੇਂ ਦੇਵੇਗਾ?

ਇੰਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਔਰਤ-ਮਰਦ ਵਿਚਕਾਰ ਬਰਾਬਰੀ ਦੀ ਦਿਸ਼ਾ ਵਿੱਚ ਵਧਣਾ ਚਾਹੀਦਾ ਹੈ, ਨਾ ਕਿ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਣਾ ਚਾਹੀਦਾ ਹੈ।

ਇਕ ਦੂਜੀ ਦਲੀਲ ਇਹ ਵੀ ਹੈ ਕਿ ਤਿੰਨ ਤਲਾਕ ਜੇ ਅਪਰਾਧ ਬਣ ਜਾਂਦਾ ਹੈ ਤਾਂ ਮੁਸਲਿਮ ਮਰਦ ਤਲਾਕ ਤੋਂ ਬਿਨਾਂ ਹੀ ਆਪਣੀਆਂ ਪਤਨੀਆਂ ਨੂੰ ਛੱਡ ਦੇਣਗੇ। ਅਜਿਹੀ ਹਾਲਤ ਔਰਤਾਂ ਲਈ ਮਾੜੀ ਹੋਵੇਗੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੇਂ ਕਨੂੰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਕਨੂੰਨ ਮੌਜੂਦ ਹਨ ਜੋ ਵਿਆਹੁਤਾ ਔਰਤਾਂ ਨੂੰ ਬੇਇਨਸਾਫ਼ੀ ਤੋਂ ਬਚਾਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)