ਆਪਣੇ ਮਾਪਿਆਂ ਖ਼ਿਲਾਫ਼ ਮੁਹੱਬਤ ਦੀ ਜੰਗ ਛੇੜਣ ਵਾਲੀਆਂ ਔਰਤਾਂ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਕੇਰਲ ਦੀ ਰਹਿਣ ਵਾਲੀ 24 ਸਾਲਾ ਹਾਦੀਆ ਜਹਾਨ ਦੀ ਹੱਢਬੀਤੀ ਇੰਨੀ ਖ਼ਾਸ ਨਹੀਂ ਹੈ।

ਹਾਦੀਆ ਹਿੰਦੂ ਪਰਿਵਾਰ ਵਿੱਚ ਜੰਮੀਂ ਤੇ ਜਵਾਨ ਹੋਣ ਤੋਂ ਬਾਅਦ ਇਸਲਾਮ ਧਰਮ ਕਬੂਲ ਕੀਤਾ ਅਤੇ ਇੱਕ ਮੁਸਲਿਮ ਮੁੰਡੇ ਨਾਲ ਵਿਆਹ ਕਰਵਾ ਲਿਆ।

ਇਹ ਉਸ ਦੇ ਮਾਪਿਆਂ ਨੂੰ ਬਿਲਕੁਲ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਉਸ ਨੂੰ ਆਪਣੇ ਘਰ ਵਿੱਚ 'ਜ਼ਬਰਦਸਤੀ ਕੈਦ' ਕਰਕੇ ਰੱਖਿਆ।

ਭਾਰਤ 'ਚ ਦਹਾਕਿਆਂ ਤੋਂ ਹਿੰਦੂ ਔਰਤਾਂ ਮੁਸਲਮਾਨਾਂ ਨਾਲ ਅਤੇ ਮੁਸਲਿਮ ਔਰਤਾਂ ਹਿੰਦੂਆਂ ਨਾਲ ਵਿਆਹ ਕਰਦੀਆਂ ਰਹੀਆਂ ਹਨ।

ਦੋਵੇਂ ਮਾਮਲਿਆਂ 'ਚ ਜ਼ਿਆਦਾਤਰ ਔਰਤਾਂ ਦੇ ਮਾਪੇ ਹੀ ਸਖ਼ਤ ਵਿਰੋਧ ਕਰਦੇ ਹਨ ਪਰ ਹੁਣ ਇਹ ਔਰਤਾਂ ਵੀ ਆਪਣੇ ਪਰਿਵਾਰਾਂ ਨੂੰ ਬਰਾਬਰ ਦੀ ਟੱਕਰ ਦੇ ਰਹੀਆਂ ਹਨ।

ਆਪਣੇ ਫ਼ੈਸਲੇ ਲੈ ਰਹੀਆਂ ਹਨ, ਉਨ੍ਹਾਂ 'ਤੇ ਬਜ਼ਿੱਦ ਹਨ। ਜਦਕਿ ਵਿਆਹ ਦੇ ਰਿਸ਼ਤੇ 'ਚ ਉਨ੍ਹਾਂ ਨੂੰ ਪੁਰਸ਼ ਦੇ ਨਰਾਜ਼ ਪਰਿਵਾਰ 'ਚ ਆਪਣੀ ਥਾਂ ਬਣਾਉਣ ਦੀ ਜੱਦੋ-ਜਹਿਦ ਵੀ ਕਰਨੀ ਹੁੰਦੀ ਹੈ।

'ਪੁਰਸ਼ਾਂ ਵਾਂਗ ਔਰਤਾਂ ਆਪਣੇ ਫ਼ੈਸਲੇ ਨਹੀਂ ਥੌਪ ਸਕਦੀਆਂ'

ਨਵੇਂ ਧਰਮ ਅਤੇ ਸੰਸਕ੍ਰਿਤੀ ਨੂੰ ਸਮਝਣਾ ਹੈ ਅਤੇ ਆਪਣੀ ਦੁਨੀਆਂ ਨਾਲ ਰਿਸ਼ਤਾ ਤੋੜ ਦੇਣਾ ਹੈ।

ਅਤੇ ਇਹ ਸਾਰਾ ਕੁਝ ਉਸ ਆਦਮੀ ਦੀ ਮੁਹੱਬਤ ਦੇ ਵਿਸ਼ਵਾਸ ਦੇ ਦਮ 'ਤੇ ਕਰਨਾ ਹੈ।

ਮੈਂ ਇੱਕ ਹਿੰਦੂ ਪੁਰਸ਼ ਅਤੇ ਇੱਕ ਮੁਸਲਿਮ ਔਰਤ ਜੋੜੇ ਨਾਲ ਉਨ੍ਹਾਂ ਦੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ।

ਔਰਤ ਦੇ ਪਰਿਵਾਰ ਵੱਲੋਂ ਜਾਨੋਂ ਮਾਰਨ ਦੇ ਡਰ ਕਾਰਨ ਉਨ੍ਹਾਂ ਨੂੰ ਸ਼ਹਿਰ ਛੱਡਣਾ ਪਿਆ ਸੀ।

ਉਂਝ ਤਾਂ ਦੋਵੇਂ ਪਰਿਵਾਰ ਉਨ੍ਹਾਂ ਦੇ ਰਿਸ਼ਤਿਆਂ ਦੇ ਖ਼ਿਲਾਫ਼ ਸਨ, ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਜੇਕਰ ਪੁਰਸ਼ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਵਿਆਹ ਕਰ ਚੁੱਕੇ ਹਨ ਤਾਂ ਉਨ੍ਹਾਂ ਨੂੰ ਮੰਨਣਾ ਪੈਣਾ।

ਇਸ ਲਈ ਸਾਰਿਆਂ ਖ਼ਤਰਿਆਂ ਦੇ ਬਾਵਜੂਦ ਉਨ੍ਹਾਂ ਨੇ 'ਸਪੈਸ਼ਲ ਮੈਰਿਜਜ਼ ਐਕਟ' ਤਹਿਤ ਲੁਕ ਕੇ ਵਿਆਹ ਕਰ ਲਿਆ ਅਤੇ ਪੁਰਸ਼ ਦੇ ਘਰ ਚਲੇ ਗਏ।

ਭਾਰਤ ਵਿੱਚ ਵੱਖਰੇ ਧਰਮ ਦੇ ਲੋਕ ਕਨੂੰਨੀ ਤੌਰ 'ਤੇ 'ਸਪੈਸ਼ਲ ਮੈਰਿਜਜ਼ ਐਕਟ' ਤਹਿਤ ਵਿਆਹ ਕਰਾ ਸਕਦੇ ਹਨ।

ਉਸ ਨੇ ਮੈਨੂੰ ਕਿਹਾ, "ਭਾਰਤ 'ਚ ਵਿਆਹ ਤੋਂ ਬਾਅਦ ਔਰਤ ਆਪਣਾ ਘਰ ਛੱਡ ਕੇ ਪੁਰਸ਼ ਦੇ ਘਰ ਜਾਂਦੀ ਹੈ ਤਾਂ ਅਸੀਂ ਵੀ ਆਪਣੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਗਏ, ਉਨ੍ਹਾਂ ਦੇ ਪਰਿਵਾਰ ਨੂੰ ਸਾਨੂੰ ਅਪਣਾਉਣਾ ਪਿਆ।"

'ਔਰਤਾਂ ਸਹੀ ਗ਼ਲਤ ਦੀ ਸਮਝ ਨਹੀਂ ਰੱਖਦੀਆਂ'

ਉਨ੍ਹਾਂ ਮੁਤਾਬਕ, "ਅਸੀਂ ਇੰਝ ਆਪਣੇ ਫ਼ੈਸਲੇ ਦਾ ਐਲਾਨ ਨਹੀਂ ਕਰ ਸਕਦੀਆਂ ਅਤੇ ਮੰਨਿਆ ਜਾਂਦਾ ਹੈ ਕਿ ਅਸੀਂ ਆਪਣੇ ਸਹੀ ਗ਼ਲਤ ਦੀ ਸਮਝ ਨਹੀਂ ਰੱਖਦੀਆਂ।"

ਉਨ੍ਹਾਂ ਦਾ ਪਰਿਵਾਰ ਉਸ ਨੂੰ ਅਤੇ ਉਸ ਦੇ ਪਤੀ ਨੂੰ ਇਕੱਠਿਆਂ ਰਹਿਣ ਤੋਂ ਰੋਕਣ ਲਈ 'ਕਿਸੀ ਵੀ ਹੱਦ' ਤੱਕ ਜਾ ਸਕਦਾ ਹੈ।

ਇਸ ਲਈ ਉਹ ਵਿਆਹ ਦੇ ਅਗਲੇ ਦਿਨ ਸ਼ਹਿਰ ਛੱਡ ਕੇ ਭੱਜ ਗਏ।

ਅਗਲੇ 5 ਸਾਲਾ ਤੱਕ ਉਸ ਔਰਤ ਦੇ ਪਰਿਵਾਰ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ।

ਇੱਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਦੀ ਲੰਬੀ ਬਿਮਾਰੀ ਦੀ ਜਾਣਕਾਰੀ ਵੀ ਉਦੋਂ ਦਿੱਤੀ ਜਦੋਂ ਉਨ੍ਹਾਂ ਦੀ ਮੌਤ ਹੋ ਗਈ।

ਉਹ ਕਹਿੰਦੀ ਹੈ ਕਿ ਉਸ ਨੂੰ ਕਿਸੇ ਗੱਲ ਦਾ ਅਫ਼ਸੋਸ ਨਹੀਂ ਹੈ, "ਪਰ ਸੋਚਦੀ ਹਾਂ ਕਿ ਮੇਰੇ ਮਾਪਿਆਂ ਨੂੰ ਅਜ਼ਾਦੀ ਨਾਲ ਲਏ ਗਏ ਮੇਰੇ ਇਸ ਵਿਆਹ ਦੇ ਫ਼ੈਸਲੇ 'ਤੇ ਵਿਸ਼ਵਾਸ਼ ਕਿਉਂ ਨਹੀਂ ਹੋਇਆ ਅਤੇ ਸਭ ਤੋਂ ਬੁਰਾ ਤਾਂ ਇਹ ਹੈ ਕਿ ਮੇਰੇ ਪਿਤਾ ਨੇ ਮੈਨੂੰ ਮੇਰੀ ਸਫਾਈ ਦੇਣ ਦਾ ਇੱਕ ਮੌਕਾ ਤੱਕ ਨਾ ਦਿੱਤਾ।"

ਸਮਾਜ 'ਚ 'ਬੇਇੱਜ਼ਤ' ਹੋਣ ਦੇ ਡਰ ਦਾ ਅਹਿਸਾਸ'

ਇਹ ਉਮਰ ਦੇ ਤਕਾਜ਼ੇ ਦੀ ਗੱਲ ਨਹੀਂ ਬਲਕਿ ਕੰਟ੍ਰੋਲ ਗਵਾ ਦੇਣ ਅਤੇ ਸਮਾਜ 'ਚ 'ਬੇਇੱਜ਼ਤ' ਹੋਣ ਦੇ ਡਰ ਦਾ ਅਹਿਸਾਸ ਹੈ।

ਜਿਵੇਂ ਕਿ ਇੱਕ ਹੋਰ ਮਾਮਲੇ ਵਿੱਚ ਨਜ਼ਰ ਆਉਂਦਾ ਹੈ, ਜਿੱਥੇ ਇੱਕ ਹਿੰਦੂ ਔਰਤ ਨੇ ਆਪਣੀ ਪਸੰਦ ਦੇ ਮੁਸਲਮਾਨ ਪੁਰਸ਼ ਨਾਲ ਵਿਆਹ ਕਰਵਾ ਕੇ 10 ਸਾਲ ਇੰਤਜ਼ਾਰ ਕੀਤਾ।

ਜਦੋਂ ਉਨ੍ਹਾਂ ਦੀ ਮੁਲਾਕਾਤ ਹੋਈ ਤਾਂ ਉਹ ਨੌਕਰੀ ਕਰਨ ਲੱਗੀ ਸੀ। ਚੰਗੀ ਤਨਖ਼ਾਹ ਲੈ ਰਹੀ ਸੀ, ਆਪਣਾ ਖ਼ਿਆਲ ਰੱਖ ਸਕਦੀ ਸੀ, ਫਿਰ ਵੀ ਮਾਪੇ ਰਾਜ਼ੀ ਨਹੀਂ ਹੋਏ।

ਉਨ੍ਹਾਂ ਨੇ ਕਿਹਾ ਇਹ ਜਾਲ ਹੈ ਅਤੇ ਵਿਆਹ ਕਰਨ ਲਈ ਆਪਣਾ ਧਰਮ ਛੱਡ ਕੇ ਦੂਜਾ ਧਰਮ ਅਪਨਾਉਣਾ ਪਵੇਗਾ।

ਜਦ ਕਿ ਉਸ ਮਰਦ ਨੇ ਅਜਿਹੀ ਕੋਈ ਸ਼ਰਤ ਕਦੇ ਨਹੀਂ ਰੱਖੀ ਸੀ ਅਤੇ ਵਿਆਹ ਤੋਂ ਬਾਅਦ ਵੀ ਇਹ ਵਾਅਦਾ ਨਿਭਾਇਆ।

ਉਸ ਨੇ ਕਿਹਾ, "ਇਹ ਲਵ ਜਿਹਾਦ ਨਹੀਂ ਸੀ, ਮੇਰਾ 'ਬ੍ਰੇਨ ਵਾਸ਼' ਨਹੀਂ ਕੀਤਾ ਗਿਆ ਸੀ, ਮੈਂ ਬੱਸ ਪਿਆਰ 'ਚ ਸੀ, ਜਿਵੇਂ ਕੋਈ ਵੀ ਜਵਾਨ ਔਰਤ ਹੋ ਸਕਦੀ ਹੈ।"

ਪਰ ਉਨ੍ਹਾਂ ਦੇ ਮਾਪਿਆਂ ਨੂੰ ਇਹ ਸਮਝਣ 'ਚ 10 ਸਾਲ ਲੱਗ ਗਏ।

ਉਹ ਤਾਂ ਮੰਨੇ ਕਿਉਂਕਿ ਆਪਣੀ ਧੀ 'ਤੇ ਨਿਰਭਰ ਹੋ ਗਏ ਸਨ। ਉਮਰ ਵਧੀ ਅਤੇ ਬਿਮਾਰੀਆਂ ਘਰ ਕਰ ਗਈਆਂ।

ਉਨ੍ਹਾਂ ਦੀ ਧੀ ਹੀ ਹੁਣ ਉਨ੍ਹਾਂ ਦਾ ਘਰ ਚਲਾ ਰਹੀ ਸੀ ਅਤੇ ਉਨ੍ਹਾਂ ਦਾ ਖਰਚਾ ਚੁੱਕ ਰਹੀ ਸੀ।

ਇੱਕ ਵੇਲਾ ਉਹ ਵੀ ਸੀ ਕਿ ਲੱਗਿਆ, ਹੁਣ ਆਪਣੀ ਬੇਟੀ 'ਤੇ ਕੰਟ੍ਰੋਲ ਨਹੀਂ ਰੱਖਿਆ ਜਾ ਸਕਦਾ।

ਪਿਆਰ ਹੋਣ ਤੋਂ ਇੱਕ ਦਹਾਕੇ ਬਾਅਦ ਉਹ ਆਖ਼ਰਕਾਰ ਆਪਣੇ ਦਿਲ ਦੀ ਕਰ ਸਕੀ।

ਉਸ ਨੇ ਮੈਨੂੰ ਕਿਹਾ, "ਮੈਂ ਆਪਣੀ ਪਸੰਦ ਨੂੰ ਲੈ ਕਿ ਬਿਲਕੁਲ ਸਪੱਸ਼ਟ ਸੀ, ਮੈਂ ਤਾਂ ਉਸ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਮੇਰੇ ਮਾਪਿਆਂ ਦੇ ਇੰਤਜ਼ਾਰ 'ਚ ਉਹ ਜੇਕਰ ਕਿਸੇ ਮੁਸਲਮਾਨ ਔਰਤ ਨਾਲ ਵਿਆਹ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ ਪਰ ਉਸ ਨੇ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਮੇਰਾ ਇੰਤਜ਼ਾਰ ਕਰੇਗਾ ਆਖ਼ਰ ਔਰਤਾਂ ਕੋਈ ਭੇਡ-ਬੱਕਰੀਆਂ ਥੋੜੀ ਹਨ।"

ਹਾਦੀਆ ਦਾ ਤਜਰਬਾ ਹੋਰ ਕੌੜਾ ਜਰੂਰ ਹੈ

ਹਾਦੀਆ ਮੁਤਾਬਕ ਉਨ੍ਹਾਂ ਦੇ ਵਿਆਹ ਤੋਂ ਬਾਅਦ ਮਾਪਿਆਂ ਨੇ ਕਈ ਮਹੀਨੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਜ਼ਬਰਦਸਤੀ ਕੈਦ ਕਰਕੇ ਰੱਖਿਆ ਅਤੇ ਸੋਮਵਾਰ ਨੂੰ ਉਨ੍ਹਾਂ ਦੀ ਰਿਹਾਈ ਉਦੋਂ ਮੁਮਕਿਨ ਹੋਈ ਜਦੋਂ ਉਨ੍ਹਾਂ ਦੇ ਪਤੀ ਨੇ ਸੁਪਰੀਮ ਕੋਰਟ ਦਾ ਦਰ ਖੜਖਾਇਆ।

ਹੁਣ ਹਾਦੀਆ ਦੇ ਵਿਆਹ ਦੀ ਜਾਂਚ ਹੋ ਰਹੀ ਹੈ। ਉਨ੍ਹਾਂ ਦੇ ਪਿਤਾ ਨੇ ਕੇਰਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਇਹ ਕਹਿ ਕੇ ਵਿਆਹ ਦਾ ਵਿਰੋਧ ਕੀਤਾ ਹੈ ਕਿ ਇਹ 'ਲਵ ਜਿਹਾਦ' ਹੈ।

ਵਿਆਹ ਸਿਰਫ਼ ਇਸ ਲਈ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਧੀ ਨੂੰ ਸੀਰੀਆ 'ਚ ਆਈਐੱਸ 'ਚ ਕੰਮ ਕਰਨ ਲਈ ਭੇਜਿਆ ਜਾ ਸਕੇ।

ਹੁਣ ਸੁਪਰੀਮ ਕੋਰਟ ਨੇ ਜਨਵਰੀ 'ਚ ਇਸ 'ਤੇ ਫ਼ੈਸਲਾ ਸੁਣਾਉਣਾ ਹੈ।

ਪਰ ਅਦਾਲਤ ਦੇ ਅੰਦਰ ਅਤੇ ਬਾਹਰ ਹਾਦੀਆ ਬੁਲੰਦ ਆਵਾਜ਼ 'ਚ ਆਪਣੀ ਗੱਲ ਕਹਿੰਦੀ ਰਹੀ ਹੈ।

ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਉਹ ਕਹਿ ਚੁੱਕੀ ਹੈ, "ਮੈਂ ਮੁਸਲਮਾਨ ਹਾਂ, ਮੈਂ ਧਰਮ ਆਪਣੀ ਮਰਜ਼ੀ ਨਾਲ ਕਬੂਲਿਆਂ ਹੈ। ਕਿਸੇ ਨੇ ਮੈਨੂੰ ਜ਼ਬਰਦਸਤੀ ਮੁਸਲਮਾਨ ਨਹੀਂ ਬਣਾਇਆ। ਮੈਂ ਨਿਆਂ ਚਾਹੁੰਦੀ ਹਾਂ ਅਤੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹਾਂ।"

ਆਪਣੇ ਵਰਗੀਆਂ ਹੋਰ ਹਿੰਮਤੀ ਔਰਤਾਂ ਵਾਂਗ ਆਪਣੀ ਪਸੰਦ ਬਾਰੇ ਸਾਫ ਸਮਝ ਰਖਦੀ ਹਾਂ।

ਫਿਰ ਭਾਵੇਂ ਉਹ ਪਸੰਦ ਗ਼ਲਤ ਹੀ ਕਿਉਂ ਨਾ ਨਿਕਲੇ, ਇਸ ਭੁੱਲ ਤੋਂ ਉਹ ਆਪ ਡਿੱਗ ਕੇ ਉਠਣਾ ਚਾਹੁੰਦੀ ਹੈ। ਠੀਕ ਉਵੇਂ ਜਿਵੇਂ ਪੁਰਸ਼ਾਂ ਨੂੰ ਵੀ ਗ਼ਲਤੀਆਂ ਕਰਨ ਦੀ ਅਜ਼ਾਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)