You’re viewing a text-only version of this website that uses less data. View the main version of the website including all images and videos.
ਸੋਸ਼ਲ:ਤਿੱਖੀਆਂ ਟਿੱਪਣੀਆਂ ਲਈ ਜਾਣੇ ਜਾਂਦੇ ਖਹਿਰਾ ਦੀ ਸੁਰ ਹੋਰ ਗਰਮ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਇੰਨ੍ਹੀ ਦਿਨੀਂ ਕਾਫ਼ੀ ਚਰਚਾ ਵਿੱਚ ਹਨ। ਚਰਚਾ ਦਾ ਕਾਰਨ ਉਨ੍ਹਾਂ ਵੱਲੋਂ ਕੀਤੀ ਗਈਆਂ ਟਿੱਪਣੀਆਂ ਹਨ।
ਉਹ ਤਿੱਖੀਆਂ ਟਿੱਪਣੀਆਂ ਲਈ ਪਹਿਲਾਂ ਵੀ ਜਾਣੇ ਜਾਂਦੇ ਹਨ ਪਰ ਨਸ਼ਾ ਤਸਕਰ ਨਾਲ ਨਾਂ ਜੁੜਨ ਦੇ ਮਾਮਲੇ ਵਿੱਚ ਵਿਰੋਧੀਆਂ ਵਿਚਾਲੇ ਘਿਰੇ ਖਹਿਰਾ ਦੀ ਸੁਰ ਹੋਰ ਤਿੱਖੀ ਹੋ ਗਈ ਹੈ।
ਖਹਿਰਾ ਨੇ ਹਾਲ ਹੀ ਵਿੱਚ ਟਵੀਟ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਨਸਿਕ ਤੌਰ 'ਤੇ ਦਿਵਾਲਿਆ ਕਹਿੰਦੇ ਲਿਖਿਆ ਕਿ, ''ਉਹ ਸਿਰਫ਼ ਨਫ਼ਰਤ ਕਰਕੇ ਮੈਨੂੰ ਨਿਸ਼ਾਨਾ ਬਣਾ ਰਹੇ ਹਨ।''
ਬੀਤੇ ਦਿਨੀਂ ਸੁਖਪਾਲ ਖਹਿਰਾ ਨੇ ਇੱਕ ਬਿਆਨ ਰਾਹੀਂ ਬੀਬੀ ਜਾਗੀਰ ਕੌਰ ਦੀ ਤੁਲਨਾ ਹਨੀਪ੍ਰੀਤ ਇੰਸਾ ਨਾਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ, ''ਜਗੀਰ ਕੌਰ ਅਕਾਲੀਆਂ ਦੀ ਹਨੀਪ੍ਰੀਤ ਹੈ''
ਹਾਲ ਹੀ ਵਿੱਚ ਆਪਣੇ ਤਾਜਾ ਟਵੀਟ 'ਚ ਉਨ੍ਹਾਂ ਸੁਖਬੀਰ ਬਾਦਲ ਸਬੰਧੀ ਲਿਖਿਆ ਕਿ, ''ਸ਼ਰਮ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ 'ਤੇ, ਜਿਹੜੇ ਸਹੀ ਢੰਗ ਨਾਲ ਪੰਜਾਬੀ ਵੀ ਨਹੀਂ ਬੋਲ ਪਾਉਂਦੇ। ਕਹਿਣਾ 'ਬਰਖਾਸਤ' ਚਾਹੁੰਦੇ ਹਨ ਤੇ ਕਹਿ 'ਦਰਖਾਸਤ' ਰਹੇ ਹਨ।''
ਉੱਧਰ ਖਹਿਰਾ 'ਤੇ ਲੱਗੇ ਨਸ਼ਾ ਤਸਕਰੀ ਦੇ ਇਲਜ਼ਾਮਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਤੋਂ ਲੈ ਕੇ ਹਰ ਵਰਗ ਦੇ ਲੋਕ ਆਪੋ ਆਪਣੇ ਤਰੀਕੇ ਨਾਲ ਵਿਚਾਰ ਰੱਖ ਰਹੇ ਹਨ।
ਸੰਦੀਪ ਰੰਧਾਵਾ ਸੁਖਬੀਰ ਸਿੰਘ ਬਾਦਲ ਨੂੰ ਟਵੀਟ ਕਰਦਿਆਂ ਲਿਖਦੇ ਹਨ ਕਿ, ''ਹਾਂ ਜੀ ਜਨਾਬ ਕਰੋ ਫ਼ਿਰ ਖਹਿਰਾ ਸਾਹਬ ਦਾ ਸਾਹਮਣਾ ਕਿਸੇ ਬਹਿਸ ਵਿੱਚ....ਪਤਾ ਲੱਗੇ ਕੌਣ ਕਿੰਨੇ ਪਾਣੀ 'ਚ ਆ।''
ਮਸਤਾਨ ਸਿੰਘ ਆਪਣੇ ਟਵੀਟ 'ਚ ਸੁਖਪਾਲ ਸਿੰਘ ਖਹਿਰਾ ਨੂੰ ਲਿਖਦੇ ਹਨ ਕਿ, ''ਪੰਜਾਬ ਦਾ ਸ਼ੇਰ.....ਭ੍ਰਿਸ਼ਟਾਚਾਰ ਦੇ ਖਿਲਾਫ਼ ਦਹਾੜਿਆ''
ਉਧਰ ਖਹਿਰਾ ਦੇ ਬਚਾਅ 'ਚ ਸਿਮਰਨਜੀਤ ਸਿੰਘ ਬੈਂਸ ਨੂੰ ਟਵੀਟ ਰਾਹੀਂ ਝਨਕਾਰ ਬੀਟਸ ਪੁੱਛਦੇ ਹਨ ਕਿ, ''ਭਾਜੀ ਤੁਸੀਂ ਵੀ ਨਸ਼ਾ ਤਸਕਰੀ ਕਰਦੋ ਹੋ ਕੀ?''
ਖਹਿਰਾ ਦੇ ਚਰਚਾ 'ਚ ਹੋਣ ਦਾ ਇੱਕ ਹੋਰ ਵਿਸ਼ਾ ਉਨ੍ਹਾਂ ਦਾ ਨਾਂ 'ਚਿੱਟਾ' ਵੇਚਣ ਵਾਲੇ ਨਸ਼ਾ ਤਸਕਰ ਨਾਲ ਜੋੜੇ ਜਾਣਾ ਹੈ।
ਇਸ ਨੂੰ ਲੈ ਕੇ ਫਾਜ਼ਿਲਕਾ ਦੀ ਅਦਾਲਤ ਨੇ ਸੰਮਨ ਵੀ ਜਾਰੀ ਕੀਤੇ ਹੋਏ ਹਨ।ਬਾਅਦ ਵਿੱਚ ਖਹਿਰਾ ਨੇ ਇਸ ਕੇਸ ਦੀ ਰਿਵੀਜ਼ਨ ਪਟੀਸ਼ਨ ਪਾਈ ਸੀ।
ਇਸ ਦੌਰਾਨ ਚੰਡੀਗੜ੍ਹ ਵਿੱਚ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਖ਼ੁਲਾਸਾ ਕੀਤਾ ਸੀ ਕਿ ਖਹਿਰਾ ਦੀ ਰਿਵੀਜ਼ਨ ਪਟੀਸ਼ਨ ਨੂੰ ਰੱਦ ਕਰਨ ਲਈ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਹੈ।
ਇਸ ਨੂੰ ਲੈ ਕੇ ਉਨ੍ਹਾਂ ਇੱਕ ਆਡੀਓ ਕਲਿੱਪ ਹੋਣ ਦਾ ਵੀ ਦਾਅਵਾ ਕੀਤਾ ਸੀ।
ਇਸ ਮਸਲੇ 'ਤੇ ਦਲਵਿੰਦਰ ਧੰਜੂ ਟਵੀਟ ਕਰਦਿਆਂ ਲਿਖਦੇ ਹਨ ਕਿ, ''ਲੋਕਤੰਤਰ ਦੇ ਇੱਕ ਥੰਮ ਲਈ ਇਹ ਚੰਗਾ ਨਹੀਂ ਹੈ''
ਕੀ ਹੈ ਮਾਮਲਾ?
ਸੁਖਪਾਲ ਸਿੰਘ ਖਹਿਰਾ ਨੂੰ ਫ਼ਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਬਤੌਰ ਮੁਜ਼ਰਮ ਸੰਮਨ ਜਾਰੀ ਕੀਤੇ ਗਏ ਸਨ।
ਇਨ੍ਹਾਂ ਸੰਮਨਾਂ ਨੂੰ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਸੀ।
ਸਾਲ 2015 'ਚ ਨਸ਼ਾ ਤਸਕਰੀ ਦੇ ਮਾਮਲੇ 'ਚ ਫੜੇ ਗਏ ਦੋਸ਼ੀਆਂ ਦੇ ਉਸ ਸਮੇਂ ਦੇ ਕਾਂਗਰਸੀ ਬੁਲਾਰੇ ਸੁਖਪਾਲ ਸਿੰਘ ਖਹਿਰਾ ਨਾਲ ਸੰਪਰਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।