You’re viewing a text-only version of this website that uses less data. View the main version of the website including all images and videos.
ਪੁਲਿਸ ਘੇਰੇ ਚ ਕਿਉਂ ਨਹੀਂ ਆ ਰਿਹਾ 'ਬਦਮਾਸ਼' ਵਿੱਕੀ ਗੌਂਡਰ
- ਲੇਖਕ, ਦਲੀਪ ਕੁਮਾਰ ਸਿੰਘ
- ਰੋਲ, ਬੀਬੀਸੀ ਪੰਜਾਬੀ
27 ਨਵੰਬਰ 2016 ਦੀ ਦੁਪਹਿਰ ਹੁੰਦੇ ਹੁੰਦੇ ਦੇਸ਼-ਵਿਦੇਸ਼ 'ਚ ਪੰਜਾਬ ਦੇ ਕਸਬੇ ਨਾਭਾ ਦਾ ਨਾਂ ਲੋਕਾਂ ਦੀ ਜ਼ੁਬਾਨ 'ਤੇ ਆ ਗਿਆ ਸੀ। ਇਸ ਦਿਨ ਨਾਭਾ ਦੀ ਅਤਿ-ਸੁਰੱਖਿਆ ਜੇਲ੍ਹ ਬਰੇਕ ਹੋਈ ਸੀ।
ਫ਼ਿਲਮੀ ਅੰਦਾਜ਼ 'ਚ ਨਾਭਾ ਜੇਲ੍ਹ ਬਰੇਕ ਕਾਂਡ ਨੂੰ ਅੰਜਾਮ ਦਿੱਤਾ ਗਿਆ। ਕੁਝ ਹੀ ਮਿੰਟਾਂ ਵਿੱਚ ਜੇਲ੍ਹ 'ਚ ਬੰਦ ਚਾਰ 'ਬਦਮਾਸ਼' ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਅਤੇ ਉਸਦਾ ਸਾਥੀ ਫ਼ਰਾਰ ਹੋ ਗਏ।
ਪੁਲਿਸ ਦੀਆਂ ਵਰਦੀਆਂ 'ਚ ਆਏ ਅੱਧਾ ਦਰਜਨ ਤੋਂ ਵੱਧ ਬਦਮਾਸ਼ ਅਤਿ-ਸੁਰੱਖਿਆ ਜੇਲ੍ਹ ਦੇ ਪ੍ਰਸ਼ਾਸ਼ਨ 'ਤੇ ਭਾਰੀ ਪੈ ਗਏ।
ਪੰਜਾਬ 'ਚ ਜੇਲ੍ਹ ਟੁੱਟੀ ਤਾਂ ਦਿੱਲੀ ਸਰਕਾਰ ਵੀ ਹਿੱਲ ਗਈ। ਗ੍ਰਹਿ ਮੰਤਰਾਲੇ ਨੇ ਪੂਰੇ ਮਾਮਲੇ 'ਤੇ ਰਿਪੋਰਟ ਤਲਬ ਕੀਤੀ। ਕਈ ਆਲਾ ਅਫ਼ਸਰ ਮੁਅੱਤਲ ਹੋ ਗਏ।
ਕਿੱਥੇ ਹੈ ਵਿੱਕੀ ਗੌਂਡਰ?
ਇਸ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਾਜ਼ਿਸਘਾੜ੍ਹੇ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਦਾ ਅੱਜ ਵੀ ਪੁਲਿਸ ਥਾਂ-ਪਤਾ ਨਹੀਂ ਲਗਾ ਸਕੀ। ਜਦੋਂ ਵੀ ਪੰਜਾਬ ਵਿੱਚ ਕੋਈ ਗਿਰੋਹਬਾਜ਼ੀ ਦੀ ਵਾਰਦਾਤ ਹੁੰਦੀ ਹੈ ਤਾਂ ਵਿੱਕੀ ਗੌਂਡਰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ।
ਵਿੱਕੀ ਗੌਂਡਰ ਆਪਣੇ ਕਥਿਤ ਫੇਸਬੁੱਕ ਪੇਜ਼ ਰਾਹੀ ਆਪਣੀ ਗੱਲ ਕਹਿੰਦਾ ਰਹਿੰਦਾ ਹੈ। ਵਾਰਦਾਤਾਂ ਵਿੱਚ ਉਸ ਦਾ ਨਾਂ ਵੱਜਦਾ ਰਹਿੰਦਾ ਹੈ। ਉਸ ਨੂੰ ਕਈ ਵਾਰ ਘੇਰਨ ਤੇ ਪੁਲਿਸ ਮੁਕਾਬਲਾ ਕਰਨ ਦੇ ਪੁਲਿਸ ਨੇ ਦਾਅਵੇ ਕੀਤੇ ਪਰ ਵਿੱਕੀ ਹੱਥ ਨਹੀਂ ਆਇਆ।
ਨਾਭਾ ਜੇਲ੍ਹ ਬਰੇਕ ਦੌਰਾਨ ਭੱਜੇ ਅਤੇ ਉਨ੍ਹਾਂ ਨੂੰ ਭਜਾਉਣ ਵਾਲੇ ਜ਼ਿਆਦਾਤਰ ਲੋਕੀ ਫੜ੍ਹੇ ਗਏ।
ਵਿੱਕੀ ਗੌਡਰ ਪੰਜਾਬ ਵਿੱਚ ਰਹਿ ਕੇ ਵੀ ਪੰਜਾਬ ਪੁਲਿਸ ਦੀ ਪਹੁੰਚ ਤੋਂ ਦੂਰ ਕਿਉਂ ਹੈ। ਕੀ ਉਹ ਇੰਨਾ ਤਾਕਤਵਰ ਹੈ ਕਿ ਪੁਲਿਸ ਉਸ ਨੂੰ ਹੱਥ ਨਹੀਂ ਪਾ ਸਕਦੀ। ਜਾਂ ਫਿਰ ਉਹ ਪੰਜਾਬ ਵਿੱਚ ਹੀ ਨਹੀਂ ਹੈ,ਪਰ ਜੇ ਅਜਿਹਾ ਹੈ ਤਾਂ ਪੁਲਿਸ ਵਾਰ ਵਾਰ ਕਿਸ ਨੂੰ ਘੇਰਨ ਦੇ ਦਾਅਵੇ ਕਰਦੀ ਹੈ। ਅਜਿਹੇ ਹੀ ਹੋਰ ਵੀ ਕਈ ਸਵਾਲ ਹਨ, ਜੋ ਲੋਕ ਜਾਣਨਾ ਚਾਹੁੰਦੇ ਹਨ।
ਅਜਿਹੇ ਤਮਾਮ ਸਵਾਲ ਜਦੋਂ ਬੀਬੀਸੀ ਨੇ ਪੰਜਾਬ ਦੇ ਆਲਾ ਪੁਲਿਸ ਅਫ਼ਸਰ ਤੋਂ ਪੁੱਛਣੇ ਚਾਹੇ ਤਾਂ ਉਨ੍ਹਾਂ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਇਲਾਕੇ 'ਚ ਵਿੱਕੀ ਗੌਂਡਰ ਦੇ ਹੋਣ ਦੀ ਸੂਹ ਮਿਲਣ 'ਤੇ ਪੰਜਾਬ ਪੁਲਿਸ ਨੇ ਕਈ ਪਿੰਡਾਂ ਨੂੰ ਘੇਰਾ ਪਾ ਲਿਆ। ਕਾਮਯਾਬੀ ਫ਼ਿਰ ਵੀ ਨਹੀਂ ਮਿਲੀ।
ਵਿੱਕੀ ਗੌਂਡਰ ਕੌਣ ਹੈ ਅਤੇ ਪਿਛਲੇ ਇੱਕ ਸਾਲ ਦੌਰਾਨ ਕਿਹੜੀਆਂ ਵਾਰਦਾਤਾਂ ਵਿੱਚ ਉਸ ਦਾ ਨਾਂ ਆਇਆ ਆਓ ਮਾਰਦੇ ਹਾਂ ਇੱਕ ਨਜ਼ਰ
ਕੌਣ ਹੈ ਵਿੱਕੀ ਗੌਂਡਰ?
- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਦਾ ਰਹਿਣ ਵਾਲਾ ਹੈ ਵਿੱਕੀ ਗੌਂਡਰ।
- ਗੈਂਗਸਟਰ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਚਰਚਾ 'ਚ ਆਇਆ।
- ਫਗਵਾੜਾ ਕੋਲ ਪੇਸ਼ੀ ਤੋਂ ਪਰਤ ਰਹੇ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨ ਕੇ ਲਾਸ਼ 'ਤੇ ਸਾਥੀਆਂ ਨਾਲ ਭੰਗੜਾ ਪਾਇਆ।
- ਡਿਸਕਸ ਥਰੋਅ ਦਾ ਚੰਗਾ ਖਿਡਾਰੀ ਸੀ ਵਿੱਕੀ ਗੌਂਡਰ।
- ਚੰਗੇ ਪ੍ਰਦਰਸ਼ਨ ਕਾਰਨ ਜਲੰਧਰ ਸਪੋਰਟਸ ਸਕੂਲ 'ਚ ਦਾਖਲਾ ਮਿਲਿਆ।ਇੱਥੇ ਹੀ ਸੁੱਖਾ ਕਾਹਲਵਾਂ ਨਾਲ ਦੋਸਤੀ ਪਈ।
- ਸੁੱਖਾ ਕਾਹਲਵਾਂ ਦੇ ਕਤਲ ਤੋਂ ਕਈ ਮਹੀਨੇ ਬਾਅਦ ਜ਼ਿਲ੍ਹਾ ਤਨਤਾਰਨ ਦੇ ਪੱਟੀ ਤੋਂ ਫੜਿਆ ਗਿਆ।
ਵਿੱਕੀ ਗੌਂਡਰ ਦੇ ਭੱਜਣ ਤੋਂ ਬਾਅਦ ਵਾਰਦਾਤਾਂ
ਚੰਡੀਗੜ੍ਹ-ਪਟਿਆਲਾ ਹਾਈਵੇ 'ਤੇ ਬਨੂੜ 'ਚ ਕੈਸ਼ ਵੈਨ ਤੋਂ ਇੱਕ ਕਰੋੜ 33 ਲੱਖ ਦੀ ਲੁੱਟ ਅਤੇ ਗੌਂਡਰ ਦੇ ਜੱਦੀ ਪਿੰਡ ਸਰਾਵਾਂ ਬੋਦਲਾ 'ਚ ਬੈਂਕ ਡਕੈਤੀ। ਇਨ੍ਹਾਂ ਮਾਮਲਿਆਂ 'ਚ ਉਸਦਾ ਨਾਮ ਆਇਆ।
ਉਹ ਗੱਲ ਵੱਖਰੀ ਹੈ ਕਿ ਗੌਂਡਰ ਨੇ ਆਪਣੇ ਕਥਿਤ ਫੇਸਬੁੱਕ ਪੇਜ ਤੋਂ ਇਨ੍ਹਾਂ ਵਾਰਦਾਤਾਂ 'ਚ ਸ਼ਾਮਲ ਹੋਣ ਤੋਂ ਇਨਕਾਰ ਦਿੱਤਾ।
ਗੁਰਦਾਸਪੁਰ ਦੇ ਕਾਹਨੂੰਵਾਨ 'ਚ ਇੱਕ ਗੈਂਗਵਾਰ ਹੋਈ। ਵਿਰੋਧੀ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਸ਼ਰੇਆਮ ਘੇਰ ਕੇ ਮਾਰ ਦਿੱਤਾ ਗਿਆ।
ਪੰਜਾਬ ਪੁਲਿਸ ਨੇ ਇਸ ਗੈਂਗਵਾਰ 'ਚ ਵਿੱਕੀ ਗੌਂਡਰ ਖਿਲਾਫ਼ ਮਾਮਲਾ ਦਰਜ ਕੀਤਾ। ਕਿਹਾ ਗਿਆ ਕਿ ਗੋਲੀਬਾਰੀ ਵੇਲੇ ਗੌਂਡਰ ਮੌਜੂਦ ਸੀ।
ਇਸਤੋਂ ਪਹਿਲਾਂ ਚੰਡੀਗੜ੍ਹ 'ਚ ਦਿਨ ਦਿਹਾੜੇ ਹੁਸ਼ਿਆਰਪੁਰ ਦੇ ਇੱਕ ਸਰਪੰਚ ਨੂੰ ਗੁਰਦੁਆਰੇ ਦੇ ਬਾਹਰ ਕਤਲ ਕਰ ਦਿੱਤਾ ਗਿਆ।
ਰੋਪੜ ਦੇ ਨੂਰਪੁਰ ਬੇਦੀ ਦੇ ਪਿੰਡ ਬਾਹਮਣ ਮਾਜਰਾ 'ਚ ਤੜਕੇ ਇੱਕ ਸ਼ਖਸ ਨੂੰ ਉਸਦੇ ਘਰ 'ਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮਈ 2017 'ਚ ਪੰਚਕੂਲਾ ਦੇ ਸਕੇਤੜੀ ਕੋਲ ਗੈਂਗਵਾਰ 'ਚ ਬਾਉਂਸਰ ਦਾ ਕਤਲ ਕੀਤਾ ਗਿਆ