'ਈਰਾਨੀਆਂ ਲਈ ਅਮਰੀਕੀ ਟਿੱਪਣੀਆਂ ਦੀ ਅਹਿਮੀਅਤ ਨਹੀਂ'

ਨਿਊਜ਼ ਏਜੰਸੀ ਏਐੱਫ਼ਪੀ ਮੁਤਾਬਕ ਇਰਾਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਪ੍ਰਦਰਸ਼ਕਾਰੀਆਂ ਨੂੰ ਦਿੱਤਾ ਜਾ ਰਿਹਾ ਸਮਰਥਨ 'ਇੱਕ ਧੋਖਾ ਅਤੇ ਮੌਕਾਪ੍ਰਸਤੀ ਹੈ।'

ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਰਾਮ ਕਸੀਮੀ ਨੇ ਬਿਆਨ ਵਿੱਚ ਕਿਹਾ, "ਈਰਾਨੀ ਲੋਕਾਂ ਲਈ ਅਮਰੀਕੀ ਅਧਿਕਾਰੀਆਂ ਦੀ ਟਿੱਪਣੀ ਦੀ ਕੋਈ ਅਹਿਮੀਅਤ ਨਹੀਂ।"

"ਈਰਾਨੀਆਂ ਨੂੰ ਟਰੰਪ ਦੀ ਉਹ ਕਾਰਵਾਈ ਯਾਦ ਹੈ ਜਦੋਂ ਉਨ੍ਹਾਂ ਨੇ ਈਰਾਨੀਆਂ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ 'ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਇਲਾਵਾ ਕਈ ਈਰਾਨੀਆਂ ਨੂੰ ਬਿਨਾਂ ਕਿਸੇ ਅਧਾਰ ਉੱਤੇ ਹਿਰਾਸਤ ਵਿੱਚ ਵੀ ਲਿਆ ਗਿਆ ਸੀ।"

ਇਸ ਤੋਂ ਪਹਿਲਾਂ ਇਰਾਨ ਵਿੱਚ ਸਰਕਾਰ ਖਿਲਾਫ਼ ਹੋ ਰਹੇ ਵਿਰੋਧ ਉੱਤੇ ਪ੍ਰਤੀਕਰਮ ਦਿੰਦਿਆਂ ਅਮਰੀਕਾ ਨੇ ਕਿਹਾ ਹੈ 'ਦੁਨੀਆਂ ਦੇਖ ਰਹੀ ਹੈ' ਕਿਵੇਂ ਇਰਾਨੀ ਅਧਿਕਾਰੀ ਇਸ ਨਾਲ ਨਜਿੱਠਦੇ ਹਨ।

ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਈਰਾਨੀ ਸ਼ਾਸਕ ਭ੍ਰਿਸ਼ਟਾਚਾਰ ਵਿੱਚ ਲਿਪਤ ਰਹੇ ਹਨ ਅਤੇ ਦੇਸ ਦੀ ਦੌਲਤ ਦੀ ਦੁਰਵਰਤੋਂ ਅੱਤਵਾਦ ਨੂੰ ਫੰਡ ਦੇਣ ਲਈ ਕੀਤੀ ਗਈ ਹੈ।"

ਅਮਰੀਕੀ ਨੇ ਪ੍ਰਦਰਸ਼ਨਕਾਰੀਆਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਕਿਹਾ ਜਾਂਦਾ ਹੈ ਕਿ ਹਜ਼ਾਰਾਂ ਲੋਕਾਂ ਨੇ ਕਰਮਨਸ਼ਾਹ, ਰਾਸ਼ਟ, ਇਸਫਹਾਨ ਅਤੇ ਕੌਮ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤੇ।

ਰਾਜਧਾਨੀ ਤੱਕ ਪਹੁੰਚਿਆ ਮੁਜ਼ਾਹਾਰਾ

ਸ਼ੁੱਕਰਵਾਰ ਨੂੰ ਰਾਜਧਾਨੀ ਤਹਿਰਾਨ ਤੱਕ ਇਹ ਰੋਸ ਮੁਜ਼ਾਹਰਾ ਫੈਲ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਮੁਤਾਬਕ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਹੈ।

2009 ਵਿੱਚ ਬਦਲਾਅ ਲਈ ਹੋਈਆਂ ਵੱਡੀਆਂ ਰੈਲੀਆਂ ਤੋਂ ਬਾਅਦ ਇਹ ਮੁਜ਼ਾਹਰੇ ਜਨਤਕ ਅਸਹਿਮਤੀ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਹਨ।

ਵ੍ਹਾਈਟ ਹਾਊਸ ਦੇ ਬੁਲਾਰੇ ਸਾਰਾਹ ਹਕਬੀ ਸੈਂਡਰਜ਼ ਨੇ ਟਵੀਟ ਕੀਤਾ, "ਈਰਾਨੀ ਸਰਕਾਰ ਨੂੰ ਆਪਣੇ ਲੋਕਾਂ ਦੇ ਹੱਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਸ ਵਿੱਚ ਉਹ ਆਪਣੇ ਵਿਚਾਰ ਵੀ ਸਾਂਝੇ ਕਰ ਸਕਨ। ਦੁਨੀਆਂ ਦੇਖ ਰਹੀ ਹੈ।"

ਇਹ ਟਵੀਟ ਬਾਅਦ ਵਿੱਚ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਟਵਿੱਟਰ ਅਕਾਊਂਟ 'ਤੇ ਨਜ਼ਰ ਆਇਆ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਾਰੇ ਦੇਸਾਂ ਨੂੰ "ਇਰਾਨ ਦੇ ਲੋਕਾਂ ਅਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਅਤੇ ਭ੍ਰਿਸ਼ਟਾਚਾਰ ਦੇ ਅੰਤ ਦੀ ਮੰਗ ਲਈ ਸੰਘਰਸ਼ ਨੂੰ ਜਨਤਕ ਤੌਰ 'ਤੇ ਸਮਰਥਨ ਦੇਣ ਦੀ ਅਪੀਲ ਕੀਤੀ।"

ਮੁਜ਼ਾਹਰਿਆਂ ਬਾਰੇ ਰਾਨ ਦਾ ਕੀ ਕਹਿਣਾ ਹੈ?

ਬ੍ਰੌਡਕਾਸਟਰ ਆਈਆਰਆਈਬੀ ਮੁਤਾਬਕ ਪਹਿਲਾਂ ਉਪ-ਰਾਸ਼ਟਰਪਤੀ ਇਸ਼ਾਕ ਜਹਾਂਗਿਰੀ ਨੇ ਕਿਹਾ ਕਿ ਵਿਰੋਧੀ ਧਿਰ ਇਨ੍ਹਾਂ ਮੁਜ਼ਾਹਰਿਆਂ ਪਿੱਛੇ ਹੈ।

ਉਨ੍ਹਾਂ ਨੇ ਕਿਹਾ, "ਦੇਸ ਵਿੱਚ ਕੁਝ ਘਟਨਾਵਾਂ ਵਿੱਤੀ ਸਮੱਸਿਆਵਾਂ ਕਰਕੇ ਵਾਪਰੀਆਂ ਹਨ, ਪਰ ਇਹ ਲਗਦਾ ਹੈ ਕਿ ਇੰਨ੍ਹਾਂ ਦੇ ਪਿੱਛੇ ਕੁਝ ਹੋਰ ਵਜ੍ਹਾ ਹੈ। ਉਹ ਸੋਚਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਹ ਸਰਕਾਰ ਨੂੰ ਨੁਕਸਾਨ ਪਹੁੰਚਾਉਂਦੇ ਹਨ, ਪਰ ਅਸਲ ਵਿੱਚ ਫ਼ਾਇਦਾ ਕਿਸੇ ਹੋਰ ਨੂੰ ਪਹੁੰਚ ਰਿਹਾ ਹੈ।"

ਪਹਿਲਾਂ ਫਾਰਸ ਨਿਊਜ਼ ਏਜੰਸੀ ਨੇ ਰਿਪੋਰਟ ਕੀਤਾ ਸੀ ਕਿ ਕਰਮਨਸ਼ਾਹ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੁਝ ਜਨਤਕ ਜਾਇਦਾਦਾਂ ਨੂੰ ਤਬਾਹ ਕਰ ਦਿੱਤਾ ਅਤੇ ਉਹ ਭੱਜ ਗਏ।

ਤੇਹਰਾਨ ਦੇ ਗਵਰਨਰ-ਜਨਰਲ ਨੇ ਕਿਹਾ ਕਿ ਅਜਿਹੇ ਕਿਸੇ ਵੀ ਤਰ੍ਹਾਂ ਦੇ ਇਕੱਠ ਨਾਲ ਪੁਲਿਸ ਨਜਿੱਠੇਗੀ।

ਮਸ਼ਾਹਾਦ ਦੇ ਅਧਿਕਾਰੀਆਂ ਨੇ ਕਿਹਾ ਕਿ ਰੋਸ ਮੁਜ਼ਾਹਰੇ "ਕਾਊਂਟਰ-ਕ੍ਰਾਂਤੀਕਾਰੀ ਅਨਸਰਾਂ" ਵੱਲੋਂ ਕੀਤੇ ਗਏ। ਆਨਲਾਈਨ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਹੈ।

ਪ੍ਰਦਰਸ਼ਨ ਕਿਵੇਂ ਸ਼ੁਰੂ ਹੋਏ?

ਦੇਸ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਉੱਤਰ-ਪੂਰਬੀ ਸ਼ਹਿਰ ਮਸ਼ਾਹਾਦ ਵਿੱਚ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।

ਵਧੀਆਂ ਕੀਮਤਾਂ ਦੇ ਖਿਲਾਫ਼ ਰੋਸ ਜਤਾਉਣ ਲਈ ਲੋਕ ਸੜਕਾਂ ਉੱਤੇ ਉਤਰੇ ਅਤੇ ਰਾਸ਼ਟਰਪਤੀ ਹਸਨ ਰੋਹਾਨੀ ਦੇ ਵਿਰੁੱਧ ਨਰਾਜ਼ਗੀ ਪ੍ਰਗਟਾਈ। 52 ਲੋਕਾਂ ਨੂੰ 'ਸਖ਼ਤ ਨਾਅਰੇ' ਲਾਉਣ ਦੇ ਵਿਰੋਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਵਿਰੋਧ ਪ੍ਰਦਰਸ਼ਨ ਉੱਤਰ-ਪੂਰਬ ਦੇ ਹੋਰਨਾਂ ਸ਼ਹਿਰਾਂ ਵਿੱਚ ਫੈਲਿਆ ਅਤੇ ਕਈਆਂ ਨੇ ਅਧਿਕਾਰੀਆਂ ਦੇ ਵਿਰੁੱਧ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ।

ਉਨ੍ਹਾਂ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਪੁਲਿਸ ਦੀ ਕੁੱਟਮਾਰ ਨੂੰ ਖ਼ਤਮ ਕਰਨ ਲਈ ਕਿਹਾ।

ਸ਼ੁੱਕਰਵਾਰ ਨੂੰ ਪ੍ਰਸ਼ਾਸਨ ਦੀ ਚੇਤਾਵਨੀ ਦੇ ਬਾਵਜੂਦ ਪ੍ਰਦਰਸ਼ਨ ਦੇਸ ਦੇ ਕੁਝ ਵੱਡੇ ਸ਼ਹਿਰਾਂ ਤੱਕ ਫੈਲ ਗਿਆ।

ਤਣਾਅ ਦੀ ਵਜ੍ਹਾ ਕੀ ਹੈ?

ਮੁਜ਼ਾਹਰੇ ਸ਼ੁਰੂ ਵਿੱਚ ਵਿੱਤੀ ਹਲਾਤਾਂ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਸੀ, ਪਰ ਹੁਣ ਇਹ ਸਿਆਸੀ ਰੂਪ ਧਾਰ ਗਏ ਹਨ।

ਨਾਅਰੇਬਾਜ਼ੀ ਨਾ ਸਿਰਫ ਰਾਸ਼ਟਰਪਤੀ ਰੋਹਾਨੀ, ਸਗੋਂ ਸੁਪਰੀਮ ਲੀਡਰ ਅਈਤੋਲਾਹ ਅਲੀ ਖਮੇਨੀ, ਅਤੇ ਮੌਲਵੀਆਂ ਦੇ ਰਾਜ ਖਿਲਾਫ਼ ਸੀ।

ਪ੍ਰਦਰਸ਼ਨਕਾਰੀ ਅਕਸਰ ਬੋਲਦੇ ਨਜ਼ਰ ਆਏ, "ਲੋਕ ਭੀਖ ਮੰਗ ਰਹੇ ਹਨ, ਮੌਲਵੀ ਖੁਦ ਨੂੰ ਰੱਬ ਸਮਝਦੇ ਹਨ।"

ਕੌਮ ਸ਼ਹਿਰ ਵਿਚ ਵੀ ਪ੍ਰਦਰਸ਼ਨ ਕੀਤੇ ਗਏ, ਜੋ ਕਿ ਸ਼ਕਤੀਸ਼ਾਲੀ ਮੌਲਵੀਆਂ ਦਾ ਪਵਿੱਤਰ ਸ਼ਹਿਰ ਹੈ।

ਵਿਦੇਸ਼ ਵਿੱਚ ਈਰਾਨ ਦੇ ਦਖ਼ਲ 'ਤੇ ਵੀ ਲੋਕਾਂ ਨੂੰ ਗੁੱਸਾ ਹੈ। ਮਸ਼ਾਹਾਦ ਵਿੱਚ ਕੁਝ ਪ੍ਰਦਰਸ਼ਨਕਾਰੀ ਕਹਿ ਰਹੇ ਸਨ, "ਨਾ ਗਾਜ਼ਾ, ਨਾ ਲੇਬਨਾਨ, ਮੇਰੀ ਜ਼ਿੰਦਗੀ ਹੈ ਈਰਾਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)