You’re viewing a text-only version of this website that uses less data. View the main version of the website including all images and videos.
ਸਾਊਦੀ ਅਰਬ ਤੇ ਇਰਾਨ ਵਿਚਾਲੇ ਜੰਗ ਹੋਈ ਤਾਂ ਕੀ ਹੋਵੇਗਾ?
ਮੰਗਲਵਾਰ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਤੇ ਇੱਕ ਮਿਜ਼ਾਈਲ ਦਾਗੀ ਗਈ। ਇਸ ਮਿਜ਼ਾਈਲ ਦੇ ਨਿਸ਼ਾਨੇ 'ਤੇ ਸੀ ਸਾਊਦੀ ਅਰਬ ਦਾ ਰਾਜ ਮਹਿਲ। ਜਿੱਥੇ ਸਾਊਦੀ ਕਿੰਗ ਸਲਮਾਨ ਬਜਟ ਪੇਸ਼ ਕਰਨ ਵਾਲੇ ਸਨ। ਮਿਜ਼ਾਈਲ ਆਪਣੇ ਨਿਸ਼ਾਨੇ ਤੱਕ ਪਹੁੰਚਦੀ, ਉਸ ਤੋਂ ਪਹਿਲਾਂ ਹੀ ਇਸ ਨੂੰ ਹਵਾ 'ਚ ਖਤਮ ਕਰ ਦਿੱਤਾ ਗਿਆ।
ਉਂਝ ਤਾਂ ਮਿਜ਼ਾਈਲ ਸਾਊਦੀ ਅਰਬ ਦੇ ਗੁਆਂਢੀ ਦੇਸ ਯਮਨ ਦੇ ਬਾਗੀ ਹੂਥੀਆਂ ਨੇ ਦਾਗੀ ਸੀ, ਪਰ ਸਾਊਦੀ ਅਰਬ ਨੂੰ ਯਕੀਨ ਹੈ ਕਿ ਇਸ ਦਾ ਰਿਮੋਟ ਯਮਨ ਤੋਂ ਦੂਰ ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਸੀ। ਇਰਾਨ, ਜੋ ਕਿ ਦਹਾਕਿਆਂ ਤੋਂ ਸਾਊਦੀ ਅਰਬ ਦਾ ਸਭ ਤੋਂ ਸਭ ਤੋਂ ਵੱਡਾ ਦੁਸ਼ਮਣ ਰਿਹਾ ਹੈ।
ਸਾਊਦੀ ਅਰਬ ਸਣੇ ਦੁਨੀਆਂ ਦੇ ਕਈ ਦੇਸ ਮੰਨਦੇ ਹਨ ਕਿ ਯਮਨ ਦੇ ਸ਼ਿਆ ਹੂਥੀ ਬਾਗੀਆਂ ਦੀ ਪੁਸ਼ਤਪਨਾਹੀ 'ਤੇ ਇਰਾਨ ਦਾ ਹੱਥ ਹੈ। ਰਿਆਦ 'ਤੇ ਦਾਗੀ ਗਈ ਇਹ ਮਿਜ਼ਾਈਲ, ਸਾਊਦੀ ਅਰਬ ਤੇ ਇਰਾਨ ਵਿਚਾਲੇ ਤਕਰੀਬਨ ਇੱਕ ਸਦੀ ਤੋਂ ਜਾਰੀ ਟਕਰਾਅ ਦੀ ਸਭ ਤੋਂ ਤਾਜ਼ਾ ਮਿਸਾਲ ਹੈ। ਇਸ ਸਾਲ ਇਹ ਤੀਜਾ ਮੌਕਾ ਸੀ ਜਦੋਂ ਹੂਥੀ ਬਾਗੀਆਂ ਨੇ ਸਾਊਦੀ ਅਰਬ 'ਤੇ ਮਿਜ਼ਾਈਲ ਸੁੱਟੀ ਸੀ।
ਸਿਆਸੀ ਤੇ ਫੌਜੀ ਤਾਕਤ
ਅੱਜ-ਕੱਲ੍ਹ ਪੱਛਮੀ ਏਸ਼ੀਆ ਵਿੱਚ ਹਾਲਾਤ ਇਸ ਤਰ੍ਹਾਂ ਹਨ ਜਿਵੇਂ ਸਾਊਦੀ ਅਰਬ ਤੇ ਇਰਾਨ ਵਿੱਚ ਜੰਗ ਹੋਣ ਵਾਲੀ ਹੈ। ਤਾਂ ਜੇ ਸਾਊਦੀ ਅਰਬ ਤੇ ਇਰਾਨ ਵਿਚਾਲੇ ਜੰਗ ਹੋਈ ਤਾਂ ਕੀ ਹੋਵੇਗਾ? ਬੀਬੀਸੀ ਰੇਡੀਓ ਸੀਰੀਜ਼ 'ਦ ਇੰਕੁਆਇਰੀ' ਵਿੱਚ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਾਊਦੀ ਅਰਬ ਅਤੇ ਇਰਾਨ ਪੱਛਮੀ ਏਸ਼ੀਆ ਦੀਆਂ ਦੋ ਵੱਡੀਆਂ ਸਿਆਸੀ ਅਤੇ ਫੌਜੀ ਤਾਕਤਾਂ ਹਨ। ਦੋਵੇਂ ਦੇਸ ਵੱਡੇ ਤੇਲ ਦੇ ਪੈਦਾਵਾਰੀ ਮੁਲਕ ਹਨ। ਜੇ ਦੋਹਾਂ ਵਿਚਾਲੇ ਜੰਗ ਹੋਈ ਤਾਂ ਇਸ ਦਾ ਅਸਰ ਪੂਰੀ ਦੁਨੀਆਂ 'ਤੇ ਪਏਗਾ। ਬ੍ਰਿਟੇਨ ਦੇ ਮਾਈਕਲ ਨਾਈਟ ਅਰਬ ਮਾਮਲਿਆਂ ਦੇ ਜਾਣਕਾਰ ਹਨ। ਉਹ ਬ੍ਰਿਟਿਸ਼ ਸਰਕਾਰ ਦੇ ਅਰਬ ਮਾਮਲਿਆਂ ਦੇ ਸਲਾਹਕਾਰ ਰਹੇ ਸਨ।
ਨਾਈਟ ਦੱਸਦੇ ਹਨ, "ਇਰਾਨ ਇਤਿਹਾਸਕ ਰੂਪ ਤੋਂ ਕਾਫ਼ੀ ਅਸਰਦਾਰ ਦੇਸ ਰਿਹਾ ਹੈ। ਕਈ ਸਦੀਆਂ ਤੱਕ ਉਸ ਨੇ ਅਰਬ ਦੇਸਾਂ 'ਤੇ ਰਾਜ ਕੀਤਾ। ਉਦੋਂ ਇਸ ਨੂੰ ਪਰਸ਼ੀਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉੱਥੇ ਹੀ ਸਾਊਦੀ ਅਰਬ ਤੇ ਦੂਜੇ ਅਰਬ ਦੇਸਾਂ ਨੇ ਪਿਛਲੀ ਇੱਕ ਸਦੀ ਵਿੱਚ ਤੇਲ ਦੀ ਵਜ੍ਹਾ ਕਰਕੇ ਕਾਫ਼ੀ ਤਰੱਕੀ ਕੀਤੀ ਹੈ। ਇਸ ਦੌਰਾਨ ਇਹ ਅਰਬ ਦੇਸ ਤਾਕਤਵਰ ਬਣ ਕੇ ਉਭਰੇ ਹਨ। ਇਸ ਵਜ੍ਹਾ ਕਰਕੇ ਇਰਾਨ ਦਾ ਅਸਰ ਇੰਨ੍ਹਾਂ ਇਲਾਕਿਆਂ 'ਤੇ ਘੱਟ ਹੁੰਦਾ ਗਿਆ।"
ਤਾਕੀ ਵਿਰੋਧੀ 'ਤੇ ਦਬਦਬਾ ਕਾਇਮ ਕਰ ਸਕੀਏ
ਮਾਈਕਲ ਨਾਈਟ ਕਹਿੰਦੇ ਹਨ, "ਸਾਊਦੀ ਅਰਬ ਤੇ ਇਰਾਨ ਵਿਚਾਲੇ ਤਣਾਅ ਦੀ ਵੱਡੀ ਵਜ੍ਹਾ ਧਾਰਮਿਕ ਵੀ ਹੈ। ਸਾਊਦੀ ਅਰਬ ਇੱਕ ਸੁੰਨੀ ਦੇਸ਼ ਹੈ। ਉੱਥੇ ਹੀ ਇਰਾਨ ਇਸਲਾਮ ਦੇ ਸ਼ਿਆ ਫਿਰਕੇ ਨੂੰ ਮੰਨਣ ਵਾਲਾ ਹੈ। ਦੋਵੇਂ ਹੀ ਦੇਸ ਆਪਣੇ ਧਾਰਮਿਕ ਸਾਥੀਆਂ ਨੂੰ ਦੂਜੇ ਦੇਸਾਂ ਵਿੱਚ ਵੀ ਉਤਸ਼ਾਹਿਤ ਕਰਦੇ ਹਨ, ਤਾਕੀ ਵਿਰੋਧੀ ਤੇ ਦਬਦਬਾ ਕਾਇਮ ਕਰ ਸਕਣ। ਇਹ ਵੀ ਇਰਾਨ ਤੇ ਸਊਦੀ ਅਰਬ ਵਿਚਾਲੇ ਕੜਵਾਹਟ ਦੀ ਵੱਡੀ ਵਜ੍ਹਾ ਹੈ।"
ਪਿਛਲੇ ਕੁਝ ਸਾਲਾਂ ਵਿੱਚ ਇਰਾਨ, ਸਊਦੀ ਅਰਬ 'ਤੇ ਭਾਰੀ ਪੈਂਦਾ ਦਿਖ ਰਿਹਾ ਹੈ। ਕਈ ਅਰਬ ਦੇਸਾਂ 'ਤੇ ਉਸ ਦਾ ਦਬਦਬਾ ਵੱਧ ਰਿਹਾ ਹੈ। ਇਰਾਨ ਨੇ ਇਰਾਕ ਵਿੱਚ ਆਪਣਾ ਅਸਰ ਵਧਾ ਲਿਆ ਹੈ। ਸੀਰੀਆ ਅਤੇ ਲੇਬਨਾਨ ਵਿੱਚ ਵੀ ਉਸ ਦੇ ਪਿਆਦੇ ਕਾਫ਼ੀ ਤਾਕਤਵਰ ਹਨ। ਉੱਥੇ ਹੀ ਯਮਨ ਵਿੱਚ ਉਹ ਹੂਥੀ ਬਾਗੀਆਂ ਨੂੰ ਹਥਿਆਰ ਤੇ ਟ੍ਰੇਨਿੰਗ ਮੁਹੱਈਆਂ ਕਰਾ ਕੇ ਸਾਊਦੀ ਅਰਬ ਦੀ ਨੱਕ ਵਿੱਚ ਦਮ ਕੀਤਾ ਹੋਇਆ ਹੈ।
ਮਾਈਕਲ ਨਾਈਟ ਦਾ ਕਹਿਣਾ ਹੈ, "ਇਸ ਵਿੱਚ ਇਰਾਨੀ ਫੌਜ ਦਾ ਇਨਕਲਾਬੀ ਦਸਤਾ ਯਾਨੀ ਰੈਵਲਿਊਸ਼ਨਰੀ ਗਾਰਡਸ ਦਾ ਵੱਡਾ ਹੱਥ ਰਿਹਾ ਹੈ। ਨਾਈਟ ਮੁਤਾਬਕ ਰੈਵਲਿਯੂਸ਼ਨਰੀ ਗਾਰਡਸ, ਇਰਾਨ ਦਾ ਸਭ ਤੋਂ ਤਾਕਤਵਰ ਹਥਿਆਰ ਹੈ। ਇੰਨ੍ਹਾਂ ਦਾ ਖੌਫ ਅਰਬ ਦੇਸਾਂ ਤੇ ਭਾਰੀ ਹੈ। ਇਹ ਬੇਹੱਦ ਪੇਸ਼ੇਵਰ ਦਸਤਾ ਹੈ, ਜਿਸ ਨੇ ਕਈ ਮੋਰਚਿਆਂ 'ਤੇ ਆਪਣੀ ਤਾਕਤ ਦਿਖਾਈ ਹੈ।"
ਸ਼ਿਆ, ਸੁੰਨੀ ਤੇ ਰੈਵਲਿਊਸ਼ਨਰੀ ਗਾਰਡਸ
ਅਰਬ ਦੇਸਾਂ ਵਿੱਚ ਸ਼ਿਆ, ਰੈਵਲਿਊਸ਼ਨਰੀ ਗਾਰਡਾਂ ਨੂੰ ਆਪਣੀ ਫੌਜ ਮੰਨਦੇ ਹਨ। ਉੱਥੇ ਹੀ ਸੁੰਨੀ ਅਰਬ ਇਸ ਤੋਂ ਡਰਦੇ ਹਨ।
ਮਾਈਕਲ ਨਾਈਟ ਮੁਤਾਬਕ, "ਸਾਊਦੀ ਅਰਬ ਤੇ ਇਰਾਨ ਵਿਚਾਲੇ ਰਸਮੀ ਜੰਗ ਭਲੇ ਹੀ ਨਾ ਛਿੜੀ ਹੋਵੇ, ਪਰ ਦੋਵੇਂ ਹੀ ਦੇਸ ਕਈ ਮੋਰਚਿਆਂ 'ਤੇ ਲੜ ਰਹੇ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਯਮਨ। ਜਿੱਥੇ ਸਊਦੀ ਅਰਬ ਦੀ ਅਗੁਵਾਈ ਵਿੱਚ ਕਈ ਦੇਸਾਂ ਦੀਆਂ ਫੌਜਾਂ ਹੂਥੀ ਬਾਗੀਆਂ ਨਾਲ ਲੜ ਰਹੀਆਂ ਹਨ।
ਉੱਥੇ ਹੀ ਹੂਥੀਆਂ ਨੂੰ ਇਰਾਨ ਦੀ ਸਰਪ੍ਰਸਤੀ ਹਾਸਿਲ ਹੈ। ਸਊਦੀ ਅਰਬ, ਯਮਨ 'ਤੇ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ, ਪਰ ਉਹ ਫੈਸਲਾਕੁੰਨ ਜਿੱਤ ਹਾਸਿਲ ਕਰਨ ਵਿੱਚ ਨਾਕਾਮਯਾਬ ਰਿਹਾ ਹੈ। ਸਊਦੀ ਅਰਬ ਦੀ ਨਜ਼ਰ ਵਿੱਚ ਉਸ ਦੀ ਜਿੱਤ ਦੀ ਰਾਹ ਵਿੱਚ ਇਰਾਨ ਸਭ ਤੋਂ ਵੱਡਾ ਰੋੜਾ ਹੈ।"
ਯਮਨ ਤੋਂ ਇਲਾਵਾ ਸੀਰੀਆ ਵਿੱਚ ਵੀ ਸਊਦੀ ਅਰਬ ਅਤੇ ਇਰਾਨ ਵੱਖ-ਵੱਖ ਧੜਿਆਂ ਦੇ ਹਨ। ਇਰਾਨ ਜਿੱਥੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਹਿਮਾਇਤ ਕਰ ਰਿਹਾ ਹੈ। ਉੱਥੇ ਹੀ ਸਾਊਦੀ ਅਰਬ, ਅਸਦ ਦੇ ਖਿਲਾਫ਼ ਬਗਾਵਤ ਕਰਨ ਵਾਲਿਆਂ ਦਾ ਸਾਥ ਦੇ ਰਿਹਾ ਹੈ।
ਕੋਲਡ ਵਾਰ ਵਰਗੇ ਹਾਲਾਤ
ਲੇਬਨਾਨ ਵਿੱਚ ਇਰਾਨ ਦੀ ਹਿਮਾਇਤ ਵਾਲਾ ਹਿਜ਼ਬੁੱਲਾਹ ਦਲ ਤਾਕਤਵਰ ਹੈ। ਉੱਥੇ ਹੀ ਅਰਬ ਵੀ ਉੱਥੋਂ ਦੇ ਸੁੰਨੀਆਂ ਦਾ ਸਾਥ ਦਿੰਦਾ ਹੈ। ਇਰਾਕ ਵਿੱਚ ਵੀ ਇਰਾਨ ਅਤੇ ਸਊਦੀ ਅਰਬ ਵਿਚਾਲੇ ਦਬਦਬਾ ਵਧਾਉਣ ਦੀ ਦੌੜ ਲੱਗੀ ਹੈ।
ਇਰਾਕ ਦੀ ਸਰਕਾਰ ਨੇ ਇਸਲਾਮਿਕ ਸਟੇਟ 'ਤੇ ਜਿੱਤ ਹਾਸਿਲ ਕੀਤੀ ਤਾਂ ਇਸ ਵਿੱਚ ਇਰਾਨ ਦੇ ਰੈਵਲਿਊਸ਼ਨਰੀ ਗਾਰਡਸ ਦਾ ਵੱਡਾ ਹੱਥ ਮੰਨਿਆ ਜਾਂਦਾ ਹੈ।
ਇਸੇ ਤਰ੍ਹਾਂ ਇੱਕ ਛੋਟੇ ਜਿਹੇ ਦੇਸ ਬਹਿਰੀਨ ਵਿੱਚ ਵੀ ਸਾਊਦੀ ਅਰਬ ਅਤੇ ਇਰਾਨ ਆਹਮੋ-ਸਾਹਮਣੇ ਹਨ। ਬਹਿਰੀਨ ਸ਼ਿਆ ਦਾ ਗੜ੍ਹ ਹੈ, ਪਰ ਇੱਥੋਂ ਦਾ ਸ਼ੇਖ ਸੁੰਨੀ ਹੈ। ਸਊਦੀ ਅਰਬ ਇੱਥੋਂ ਦੇ ਰਾਜਾ ਦੇ ਨਾਲ ਹਨ। ਉੱਥੇ ਹੀ ਇਰਾਨ, ਬਹਿਰੀਨ ਵਿੱਚ ਸਰਕਾਰ ਵਿਰੋਧੀ ਸ਼ਿਆ ਗੁਰਿੱਲਾ ਸੰਗਠਨਾਂ ਦੇ ਨਾਲ ਹੈ।
ਮਾਈਕਲ ਨਾਈਟ ਕਹਿੰਦੇ ਹਨ ਕਿ ਹਾਲੇ ਸਊਦੀ ਅਰਬ ਅਤੇ ਇਰਾਨ ਵਿਚਾਲੇ ਕਈ ਦੇਸਾਂ ਵਿੱਚ ਕੋਲਡ ਵਾਰ ਵਰਗੇ ਹਾਲਾਤ ਹਨ, ਪਰ ਇਹ ਕਦੇ ਵੀ ਅਸਲ ਜੰਗ ਦਾ ਰੂਪ ਲੈ ਸਕਦਾ ਹੈ।
ਐਂਥਨੀ ਕੋਡਿਸਮਨ ਅਮਰੀਕਤਾ ਤੇ ਨੈਟੋ ਦੇ ਅਰਬ ਮਾਮਲਿਆਂ ਦੇ ਸਲਾਹਕਾਰ ਰਹੇ ਹਨ। ਉਹ ਮੰਨਦੇ ਹਨ ਕਿ ਇਰਾਨ ਅਤੇ ਸਊਦੀ ਅਰਬ ਵਿਚਾਲੇ ਜੰਗ ਇੱਕ ਛੋਟੀ ਜਿਹੀ ਚਿੰਗਿਆੜੀ ਦੇ ਤੌਰ 'ਤੇ ਸ਼ੁਰੂ ਹੋ ਸਕਦੀ ਹੈ। ਜੋ ਅੱਗੇ ਚੱਲ ਕੇ ਵੱਡੀ ਜੰਗ ਬਣ ਸਕਦੀ ਹੈ। ਐਂਥਨੀ ਮੰਨਦੇ ਹਨ ਕਿ ਜੰਗ ਲੰਬੇ ਵੇਲੇ ਤੱਕ ਚੱਲ ਸਕਦੀ ਹੈ।
ਸਊਦੀ ਅਰਬ ਕੋਲ F-15, F-16 ਅਤੇ ਬਲੈਕ ਟਾਰਨੇਡੋ
ਹਾਲਾਂਕਿ ਐਂਥਨੀ ਨੂੰ ਲਗਦਾ ਹੈ ਕਿ ਜ਼ਮੀਨੀ ਮੋਰਚੇ 'ਤੇ ਦੋਵੇਂ ਦੇਸਾਂ ਦੀਆਂ ਫੌਜਾਂ ਸ਼ਾਇਦ ਹੀ ਆਹਮੋ-ਸਹਮਣੇ ਆਉਣ। ਹਾਂ ਹਵਾਈ ਜੰਗ ਜ਼ਰੂਰ ਭਿਆਨਕ ਹੋ ਸਕਦੀ ਹੈ। ਐਂਥਨੀ ਮੁਤਾਬਕ, "ਹਵਾਈ ਤਾਕਤ ਵਿੱਚ ਸਊਦੀ ਅਰਬ ਫਿਲਹਾਲ ਇਰਾਨ ਤੇ ਭਾਰੀ ਦਿਖਦਾ ਹੈ।"
ਉਹ ਕਹਿੰਦੇ ਹਵ, "ਇਰਾਨ ਕੋਲ 70 ਤੇ 80 ਦੇ ਦਹਾਕੇ ਦੇ ਲੜਾਕੂ ਜਹਾਜ਼ ਹਨ। ਇਰਾਨ ਨੇ ਇੰਨ੍ਹਾਂ ਦੀ ਦੇਖ-ਰੇਖ ਬੜੇ ਚੰਗੇ ਤਰੀਕੇ ਨਾਲ ਕੀਤੀ ਹੋਈ ਹੈ। ਨਾਲ ਹੀ ਇਰਾਨ ਨੇ ਰੂਸ ਤੋਂ ਵੀ ਕੁਝ ਲੜਾਕੂ ਜਹਾਜ਼ 80 ਦੇ ਦਹਾਕੇ ਵਿੱਚ ਖਰੀਦੇ ਸਨ। ਇਹੀ ਜਹਾਜ਼ ਇਰਾਨ ਦੀ ਏਅਰਫੋਰਸ ਦੀ ਅਹਿਮ ਤਾਕਤ ਹਨ।"
ਉੱਥੇ ਹੀ ਸਾਊਦੀ ਅਰਬ ਦੀ ਹਵਾਈ ਫੌਜ ਕੋਲ ਅਮੀਰੀਕੀ ਲੜਾਕੇ ਜਹਾਜ਼ ਜਿਵੇਂ F-15 ਅਤੇ F-16 ਹਨ, ਬਲੈਕ ਟਾਰਨੇਡੋ ਹੈ। ਯਾਨੀ ਹਵਾਈ ਮੋਰਚੇ 'ਤੇ ਸਾਊਦੀ ਅਰਬ ਜ਼ਿਆਦਾ ਤਾਕਤਵਰ ਦਿਖਦਾ ਹੈ। ਹਾਲਾਂਕਿ ਇਰਾਨ ਕੋਲ, ਸਾਊਦੀ ਅਰਬ ਤੋਂ ਜ਼ਿਆਦਾ ਬਿਹਤਰ ਮਿਜ਼ਾਈਲਾਂ ਅਤੇ ਡ੍ਰੋਨ ਹਨ। ਇਹ ਸਾਊਦੀ ਅਰਬ ਦੇ ਅਹਿਮ ਸ਼ਹਿਰੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ।
ਇਜ਼ਰਾਈਲ ਵੀ ਇਰਾਨ ਦੇ ਖਿਲਾਫ਼!
ਐਂਥਨੀ ਕਹਿੰਦੇ ਹਨ ਕਿ ਜੰਗ ਛਿੜੀ ਤਾਂ ਇਰਾਨ, ਸਾਊਦੀ ਅਰਬ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਸਕਦਾ ਹੈ। ਇਰਾਨ ਦੀਆਂ ਮਿਜ਼ਾਈਲਾਂ, ਸਾਊਦੀ ਅਰਬ ਦੇ ਪਾਣੀ ਸਾਫ਼ ਕਰਨ ਦੇ ਪਲਾਂਟ ਅਤੇ ਬਿਜਲੀ ਘਰਾਂ ਨੂੰ ਨਿਸ਼ਾਨਾਂ ਬਣਾ ਸਕਦਾ ਹੈ। ਇਸ ਨਾਲ ਸਾਊਦੀ ਅਰਬ ਬੁਰੀ ਤਰ੍ਹਾਂ ਤਬਾਹ ਹੋ ਸਕਦਾ ਹੈ। ਸਾਊਦੀ ਅਰਬ ਦੇ ਸ਼ਹਿਰਾਂ ਨੂੰ ਪਾਣੀ ਅਤੇ ਬਿਜਲੀ ਦੀ ਸਪਲਾਈ ਠੱਪ ਜੋ ਜਾਏਗੀ।
ਇਸ ਦੇ ਬਦਲੇ ਵਿੱਚ ਸਾਊਦੀ ਅਰਬ ਆਪਣੇ ਲੜਾਕੇ ਜਹਾਜ਼ਾਂ ਤੋਂ ਇਰਾਨ ਵਿੱਚ ਬਿਜਲੀ ਸਪਲਾਈ ਕਰਨ ਵਾਲੇ ਠਿਕਾਣਿਆਂ, ਪਾਣੀ ਸਾਫ਼ ਕਰਨ ਵਾਲੇ ਯੰਤਰਾਂ 'ਤੇ ਹਮਲਾ ਕਰ ਸਕਦਾ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਇਰਾਨ ਦੇ ਤੇਲ ਦੇ ਠਿਕਾਣਿਆਂ ਅਤੇ ਰਿਫਾਇਨਰੀ 'ਤੇ ਹਵਾਈ ਹਮਲੇ ਕਰ ਸਕਦਾ ਹੈ।
ਐਂਥਨੀ ਮੰਨਦੇ ਹਨ, "ਇਰਾਨ ਅਤੇ ਸਊਦੀ ਅਰਬ ਦੀ ਜੰਗ ਵੱਡੀ ਵਿੱਤੀ ਤਬਾਹੀ ਦਾ ਬਾਇਸ ਬਣ ਸਕਦੀ ਹੈ। ਉਹ ਇਸ ਦੀ ਤੁਲਨਾ ਸ਼ਤਰੰਜ ਦੇ ਤਿਕੋਣੇ ਮੁਕਾਬਲੇ ਤੋਂ ਕਰਦੇ ਹਨ। ਸਾਊਦੀ ਅਰਬ ਦੇ ਨਾਲ ਜਿੱਥੇ ਯੂਏਈ, ਮਿਸਰ, ਓਮਾਨ, ਜੌਰਡਨ, ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਖੜ੍ਹੇ ਨਜ਼ਰ ਆਉਂਦੇ ਹਨ। ਉੱਥੇ ਹੀ ਇਰਾਨ ਦੇ ਗੜ੍ਹ ਵਿੱਚ ਸੀਰੀਆ, ਰੂਸ ਅਤੇ ਇਰਾਕ ਵਰਗੇ ਦੇਸ ਹਨ।"
ਜੰਗ ਹੋਈ ਤਾਂ ਤੇਲ ਸਪਲਾਈ ਠੱਪ
ਐਂਥਨੀ ਮੰਨਦੇ ਹਨ ਕਿ ਜੰਗ ਦੀ ਸੂਰਤ ਵਿੱਚ ਇਜ਼ਰਾਈਲ ਵੀ ਇਰਾਨ ਦੇ ਖਿਲਾਫ਼ ਗਠਜੋੜ ਵਿੱਚ ਸ਼ਾਮਲ ਹੋ ਸਕਦਾ ਹੈ। ਸਪਸ਼ਟ ਹੈ ਕਿ ਇਰਾਨ ਅਤੇ ਸਾਊਦੀ ਅਰਬ ਵਿਚਾਲੇ ਜੰਗ ਦੀ ਸੂਰਤ ਵਿੱਚ ਅਮਰੀਕਾ ਅਤੇ ਰੂਸ ਵਰਗੇ ਦੇਸਾਂ ਦਾ ਰੋਲ ਜ਼ਿਆਦਾ ਵੱਡਾ ਹੋਵੇਗਾ। ਅਮਰੀਕਾ ਫਿਲਹਾਲ ਸਊਦੀ ਅਰਬ ਦੇ ਨਾਲ ਖੜ੍ਹਾ ਹੈ।
ਮੈਰੀ ਕੋਲਿੰਸ, ਅਮਰੀਕਾ ਦੀ ਜੌਨ ਹੌਪਕਿੰਸ ਇੰਸਟੀਚਿਊਟ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਕਈ ਸਾਲ ਅਮਰੀਕੀ ਰੱਖਿਆ ਮੰਤਰਾਲੇ ਨਾਲ ਕੰਮ ਕੀਤਾ ਹੈ।
ਮੈਰੀ ਮੰਨਦੀ ਹੈ ਕਿ ਇਰਾਨ ਅਤੇ ਸਾਊਦੀ ਅਰਬ ਵਿਚਾਲੇ ਜੰਗ ਵਿੱਚ ਅਮਰੀਕਾ ਯਕੀਨੀ ਤੌਰ 'ਤੇ ਦਖਲ ਦੇਵੇਗਾ। ਪਾਰਸ ਦੀ ਖਾੜੀ ਸਥਿਤ ਹੋਰਮੁਜ਼ ਜਲ ਸੰਧੀ ਤੋਂ ਦੁਨੀਆਂ ਦੇ ਤੇਲ ਕਾਰੋਬਾਰ ਦਾ ਇੱਕ ਵੱਡਾ ਹਿੱਸਾ ਲੰਘਦਾ ਹੈ। ਜੰਗ ਹੋਈ ਤਾਂ ਇਹ ਸਪਲਾਈ ਠੱਪ ਹੋ ਸਕਦੀ ਹੈ। ਇਸ ਦਾ ਅਸਰ ਪੂਰੀ ਦੁਨੀਆਂ ਤੇ ਪਏਗਾ।
ਆਧੁਨਿਕ ਲੜਾਕੇ ਜਹਾਜ਼
ਅਮਰੀਕਾ ਕਦੇ ਵੀ ਇਹ ਨਹੀਂ ਚਾਹੇਗਾ ਕਿ ਦੁਨੀਆਂ ਵਿੱਚ ਤੇਲ ਦੀ ਸਪਲਾਈ 'ਤੇ ਅਸਰ ਪਏ। ਇਸ ਲਈ ਇਰਾਨ ਅਤੇ ਸਾਊਦੀ ਅਰਬ ਵਿਚਾਲੇ ਜੰਗ ਦੀ ਸੂਰਤ ਵਿੱਚ ਅਮਰੀਕਾ ਦਾ ਸ਼ਾਮਲ ਹੋਣਾ ਤੈਅ ਹੈ।
ਮੈਰੀ ਕੋਲਿੰਸ ਕਹਿੰਦੀ ਹੈ ਕਿ ਹੋਰਮੁਜ਼ ਵਿੱਚ ਇਰਾਨ ਸਮੁੰਦਰ ਵਿੱਚ ਬਰੂਦੀ ਸੁਰੰਗਾਂ ਵਿਛਾ ਸਕਦਾ ਹੈ। ਇਸ ਨਾਲ ਉਸ ਇਲਾਕੇ ਤੋਂ ਲੰਘਣ ਵਾਲੇ ਜਹਾਜ਼ ਤਬਾਹ ਹੋਣ ਦਾ ਖਤਰਾ ਹੋ ਸਕਦਾ ਹੈ। ਅਜਿਹੀ ਤਬਾਹੀ ਹੋਣ ਤੋਂ ਰੋਕਣ ਲਈ ਅਮਰੀਕਾ ਜੰਗ ਦੇ ਇੱਕ ਘੰਟੇ ਅੰਦਰ ਸ਼ਾਮਲ ਹੋ ਜਾਏਗਾ।
ਕੋਲਿੰਸ ਕਹਿੰਦੀ ਹੈ ਕਿ ਖਾੜੀ ਦੇਸਾਂ ਵਿੱਚ ਅਮਰੀਕਾ ਦੇ 35 ਹਜ਼ਾਰ ਤੋਂ ਜ਼ਿਆਦਾ ਫੌਜੀ ਤੈਨਾਤ ਹਨ। ਅਮਰੀਕਾ ਹਵਾਈ ਫੌਜ ਦੇ F-22 ਵਰਗੇ ਅਤਿ ਆਧੁਨਿਕ ਲੜਾਕੇ ਜਹਾਜ਼ ਵੀ ਇੱਥੇ ਤੈਨਾਤ ਹਨ। ਇੱਕ ਬੇੜਾ ਹਮੇਸ਼ਾਂ ਫਾਰਸ ਦੀ ਖਾੜੀ ਵਿੱਚ ਮੌਜੂਦ ਰਹਿੰਦਾ ਹੈ।
ਇੱਕ ਦਿਨ ਵਿੱਚ ਤਬਾਹੀ
ਕਾਲਿੰਸ ਮੁਤਾਬਕ ਇਰਾਨ ਅਤੇ ਸਊਦੀ ਅਰਬ ਵਿਚਾਲੇ ਜੰਗ ਸ਼ੁਰੂ ਹੋਣ 'ਤੇ ਅਮਰੀਕੀ ਫੌਜਾਂ ਫੌਰਨ ਭੱਖ ਜਾਣਗੀਆਂ। ਇਹ ਇੱਕ ਦਿਨ ਵਿੱਚ ਇਰਾਨ ਦੀ ਪੂਰੀ ਦੀ ਪੂਰੀ ਜਲ-ਸੈਨਾ ਨੂੰ ਬਰਬਾਦ ਕਰ ਸਕਦੀ ਹੈ। ਉਹ 90 ਦੇ ਦਹਾਕੇ ਦੀ ਇੱਕ ਮਿਸਾਲ ਦਿੰਦੀ ਹੈ। ਉਦੋਂ ਅਮਰੀਕਾ ਦਾ ਇੱਕ ਜਹਾਜ਼ ਬਰੂਦੀ ਸੁਰੰਗ ਦੀ ਵਜ੍ਹਾ ਕਰਕੇ ਤਬਾਹ ਹੋ ਗਿਆ ਸੀ।
ਇਸ ਦੇ ਬਦਲੇ ਵਿੱਚ ਇੱਕ ਦਿਨ ਵਿੱਚ ਹੀ ਅਮਰੀਕਾ ਨੇ ਇਰਾਨ ਦੀ ਪੂਰੀ ਜਲ ਸੈਨਾ ਤਾਕਤ ਨੂੰ ਤਬਾਹ ਕਰ ਦਿੱਤਾ ਸੀ। ਅਮਰੀਕੀ ਦਖਲ ਕਰਕੇ ਇਰਾਨ ਅਤੇ ਸਊਦੀ ਅਰਬ ਵਿਚਾਲੇ ਜੰਗ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਵੇਗੀ। ਤਾਂ ਕੀ ਜੰਗ ਦੇ ਨਾਲ ਇਰਾਨ ਅਤੇ ਸਊਦੀ ਅਰਬ ਵਿਚਾਲੇ ਲੜਾਈ ਹਮੇਸ਼ਾਂ ਲਈ ਖਤਮ ਹੋ ਜਾਵੇਗੀ? ਕੀ ਇਸ ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਸਕੇਗੀ?
ਇਰਾਨੀ ਮੂਲ ਦੇ ਅਲੀ ਵਾਇਜ਼ ਅਮਰੀਕਾ ਵਿੱਚ ਰਹਿੰਦੇ ਹਨ। ਉਹ ਇੰਟਰਨੇਸ਼ਨ ਕ੍ਰਾਈਮਸ ਗ੍ਰੁੱਪ ਦੇ ਲਈ ਕੰਮ ਕਰਦੇ ਹਨ। ਇਸ ਜਥੇਬੰਦੀ ਦਾ ਕੰਮ ਜੰਗ ਰੋਕਣਾ ਹੈ। ਅਲੀ ਵਾਇਜ਼ ਦਾ ਬਚਪਨ 80 ਦੇ ਦਹਾਕੇ ਦੇ ਇਰਾਨ-ਇਰਾਕ ਜੰਗ ਦੌਰਾਨ ਇਰਾਨ ਵਿੱਚ ਲੰਘਿਆ ਸੀ।
ਦੁਨੀਆਂ ਦੀ ਅਰਥ ਵਿਵਸਥਾ ਤਬਾਹ ਹੋਏਗੀ!
ਲੀ ਵਾਇਜ਼ ਮੰਨਦੇ ਹਨ ਕਿ ਇਰਾਨ ਅਤੇ ਸਾਊਦੀ ਅਰਬ ਦੀ ਜੰਗ ਨਾਲ ਦੋਵੇਂ ਦੇਸਾਂ ਦੀ ਅਰਥ ਵਿਵਸਥਾ ਤਬਾਹ ਹੋ ਜਾਏਗੀ। ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਲਈ ਦੋਵੇਂ ਹੀ ਦੇਸ ਇੱਕ-ਦੂਜੇ ਦੇ ਤੇਲ ਦੇ ਠਿਕਾਣਿਆਂ, ਰਿਫਾਈਨਰੀ, ਪਾਣੀ ਦੀ ਸਪਲਾਈ ਕਰਨ ਵਾਲੇ ਪਲਾਂਟ ਅਤੇ ਬਿਜਲੀ ਦੇ ਘਰਾਂ ਨੂੰ ਨਿਸ਼ਾਨਾਂ ਬਣਾਉਣਗੇ।
- ਜੰਗ ਹੋਈ ਤਾਂ ਕੱਚੇ ਤੇਲ ਦੀ ਪੈਦਾਵਾਰ ਠੱਪ ਹੋ ਸਕਦੀ ਹੈ। ਇਸ ਦਾ ਅਸਰ ਪੂਰੀ ਦੁਨੀਆਂ ਦੀ ਵਿੱਤੀ ਹਾਲਤ 'ਤੇ ਪਏਗਾ।
- ਇਰਾਨ ਅਤੇ ਸਾਊਦੀ ਅਰਬ ਵਿਚਾਲੇ ਕੁਝ ਦਿਨਾਂ ਦੀ ਜੰਗ ਵੀ ਹੋਈ, ਤਾਂ ਤੇਲ ਦੀਆਂ ਕੀਮਤਾਂ ਅਸਮਾਨ 'ਤੇ ਪਹੁੰਚ ਜਾਣਗੀਆਂ।
- ਅਲੀ ਮੰਨਦੇ ਹਨ ਕਿ ਸਊਦੀ ਅਰਬ ਅਤੇ ਇਰਾਨ ਵਿਚਾਲੇ ਜੰਗ ਦੀ ਵਜ੍ਹਾ ਕਰਕੇ ਪੂਰੇ ਇਲਾਕੇ ਵਿੱਚ ਸ਼ਿਆ ਤੇ ਸੁੰਨੀਆਂ ਵਿਚਾਲੇ ਤਣਾਅ ਵੱਧ ਜਾਵੇਗਾ।
- ਯਾਨੀ ਕਿ ਇਰਾਨ-ਸਾਊਦੀ ਅਰਬ ਦੀ ਜੰਗ ਨੂੰ ਤਾਂ ਅਮਰੀਕਾ ਆਪਣੇ ਦਖਲ ਨਾਲ ਕੁਝ ਦਿਨਾਂ ਵਿੱਚ ਹੀ ਖਤਮ ਕਰ ਦੇਵੇਗਾ, ਪਰ ਇਸ ਤੋਂ ਬਾਅਦ ਪੂਰੇ ਪੱਛਮੀ ਏਸ਼ੀਆ ਵਿੱਚ ਇਰਾਨ ਤੇ ਸਾਊਦੀ ਅਰਬ ਵਿਚਾਲੇ ਕੋਲਡ ਵਾਰ ਦਾ ਨਵਾਂ ਦੌਰ ਸ਼ੁਰੂ ਹੋਵੇਗਾ।
- ਤਾਕਤ ਵਧਾਉਣ ਲਈ ਨਵੇਂ ਮੋਰਚੇ ਖੁੱਲ੍ਹਣਗੇ। ਇਰਾਕ, ਸੀਰੀਆ, ਯਮਨ ਵਰਗੀਆਂ ਲੜਾਈਆਂ ਹੋਰਨਾਂ ਦੇਸਾਂ ਵਿੱਚ ਪੈਰ ਪਸਾਰਣਗੀਆਂ।
ਦਹਾਕਿਆਂ ਤੱਕ ਮਹਿਸੂਸ ਕੀਤੇ ਜਾਣਗੇ ਜ਼ਖਮ
ਅਮਰੀਕਾ ਦੇ ਹਮਲਿਆਂ ਨਾਲ ਇਰਾਨ ਦੀਆਂ ਫੌਜਾਂ ਤਾਂ ਤਬਾਹ ਹੋ ਜਾਣਗੀਆਂ, ਪਰ ਇਰਾਨ, ਸਾਊਦੀ ਅਰਬ ਦੇ ਸੁੰਨੀ ਸਾਥੀ ਦੇਸਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸਮਰਥਨ ਦੇਵੇਗਾ। ਜਿਵੇਂ ਕਿ ਇਰਾਕ ਦੇ ਸ਼ਿਆ ਅਤੇ ਸੁੰਨੀ ਹਥਿਆਰਬੰਦ ਦਲਾਂ ਵਿਚਾਲੇ ਲੜਾਈ ਵੱਧ ਜਾਏਗੀ। ਲੇਬਨਾਨ ਵਿੱਚ ਹਿਜ਼ਬੁੱਲਾਹ ਅਤੇ ਸਾਊਦੀ ਸਮਰਥਨ ਵਾਲੇ ਦਲਾਂ ਵਿਚਾਲੇ ਟੱਕਰ ਵੱਧ ਜਾਵੇਗੀ।
ਇਹੀ ਹਾਲਾਤ ਸੀਰੀਆ ਅਤੇ ਜੌਰਡਨ ਵਿੱਚ ਦਿਖ ਸਕਦੇ ਹਨ। ਅਲੀ ਵਾਇਜ਼ ਦੱਸਦੇ ਹਨ ਕਿ ਇਰਾਨ ਅਤੇ ਸਾਊਦੀ ਅਰਬ ਵਿਚਾਲੇ ਨਾ ਤਾਂ ਕਾਰੋਬਾਰੀ ਸਬੰਧ ਹਨ, ਨਾ ਹੀ ਸਮਾਜਿਕ ਅਤੇ ਸੰਸਕ੍ਰਿਤਿਕ ਸਬੰਧ ਹਨ। ਅਜਿਹੇ ਵਿੱਚ ਜੰਗ ਦੇ ਜ਼ਖਮ ਆਉਣ ਵਾਲੇ ਕਈ ਦਹਾਕਿਆਂ ਤੱਕ ਮਹਿਸੂਸ ਕੀਤੇ ਜਾਂਦੇ ਰਹਿਣਗੇ। ਕੁੱਲ ਮਿਲਾ ਕੇ ਇਹ ਕਹੀਏ ਕਿ ਜੇ ਸਾਊਦੀ ਅਰਬ ਅਤੇ ਇਰਾਨ ਵਿਚਾਲੇ ਜੰਗ ਹੋਈ ਤਾਂ ਇਹ ਹਵਾਈ ਜੰਗ ਹੋਵੇਗੀ। ਦੋਹਾਂ ਦੇਸਾਂ ਦੀਆਂ ਜਲ-ਸੈਨਾ ਵਿਚਾਲੇ ਜੰਗ ਵੀ ਹੋਵੇਗੀ।
ਅਮਰੀਕਾ, ਸਾਊਦੀ ਅਰਬ ਵੱਲੋਂ ਦਖਲ ਦੇ ਕੇ ਇਰਾਨ ਨੂੰ ਕੁਝ ਦਿਨਾਂ ਵਿੱਚ ਹੀ ਹਰਾ ਦੇਵੇਗਾ, ਪਰ ਸਊਦੀ ਅਰਬ ਲਈ ਇਰਾਨ ਛੋਟੀਆਂ-ਛੋਟੀਆਂ ਜੰਗਾਂ ਦੇ ਦੂਜੇ ਮੋਰਚੇ ਖੋਲ੍ਹ ਦੇਵੇਗਾ। ਜੰਗ ਦੇ ਜ਼ਖਮ ਭਰਨਗੇ ਨਹੀਂ, ਸਗੋਂ ਦੋਵੇਂ ਦੇਸਾਂ ਵਿਚਾਲੇ ਤਣਾਅ ਦਾ ਅਸਰ ਦੂਜੇ ਦੇਸ ਝੱਲਣੇ। ਇਸ ਦਾ ਅਸਰ ਪੂਰੀ ਦੁਨੀਆਂ 'ਤੇ ਪਏਗਾ।