'ਸਾਊਦੀ ਪਹੁੰਚ ਕੇ ਪਤਾ ਲੱਗਾ ਕਿ ਮੈਂ ਵੇਚੀ ਗਈ'

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਸਾਊਦੀ ਅਰਬ ਵਿੱਚ ਪੰਜਾਬ ਦੀਆਂ ਗਰੀਬ ਔਰਤਾਂ ਨੂੰ ਵੇਚਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।

ਕੁਝ ਹੀ ਸਮੇਂ ਤਿੰਨ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਗਰੀਬ ਅਤੇ ਘੱਟ ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਸਾਊਦੀ ਅਰਬ ਵਿੱਚ ਕਥਿਤ ਤੌਰ 'ਤੇ ਗੁਲਾਮ ਬਣਾਇਆ ਗਿਆ ਸੀ।

ਉਨ੍ਹਾਂ ਵਿੱਚੋਂ ਦੋ ਔਰਤਾਂ ਤਾਂ ਪਰਤ ਆਈਆਂ ਹਨ, ਪਰ ਇੱਕ ਅਜੇ ਵੀ ਉੱਥੇ ਹੀ ਫ਼ਸੀ ਹੋਈ ਹੈ।

ਹੁਸ਼ਿਆਰਪੁਰ ਦੇ ਪਿੰਡ ਭੁੰਗਰਨੀ ਦੀ ਰਹਿਣ ਵਾਲੀ 30 ਸਾਲਾ ਇਕਵਿੰਦਰ ਕੌਰ ਉਰਫ਼ ਸਪਨਾ ਕਹਿੰਦੀ ਹੈ, ' ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇੱਕ ਦਿਨ ਮੇਰੀ ਹੀ ਸਹੇਲੀ ਮੇਰੇ ਸੁਪਨਿਆਂ ਨੂੰ ਚੂਰ-ਚੂਰ ਕਰ ਦੇਵੇਗੀ'।

ਪਿੰਡ ਦੀ ਸਹੇਲੀ 'ਤੇ ਹੀ ਵੇਚਣ ਦਾ ਇਲਜ਼ਾਮ

ਪਿੰਡ ਵਿੱਚ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰਨ ਵਾਲੀ ਇਕਵਿੰਦਰ ਕੌਰ ਦੀ ਮੁਲਾਕਾਤ ਇੱਕ ਕੁੜੀ ਨਾਲ ਹੋ ਗਈ। ਜਿਸ ਨੇ ਉਸ ਨੂੰ ਅਜਿਹੇ ਸੁਪਨੇ ਦਿਖਾਏ ਕਿ ਉਹ ਸਾਊਦੀ ਅਰਬ ਵਿੱਚ ਕਥਿਤ ਤੌਰ 'ਤੇ ਗੁਲਾਮ ਹੋ ਗਈ।

ਕੋਰੀ ਅਨਪੜ੍ਹ ਇਕਵਿੰਦਰ ਕੌਰ ਦਾ ਪਾਸਪੋਰਟ ਵੀ ਪਿੰਡ ਦੀ ਹੀ ਉਸ ਦੀ ਸਹੇਲੀ ਨੇ ਹੀ ਬਣਾ ਕੇ ਦਿੱਤਾ ਤੇ ਨਾਲ ਹੀ ਉਸ ਨੂੰ ਸਾਊਦੀ ਅਰਬ ਵਾਇਆ ਦੁਬਈ ਜਾਣ ਦੀ ਟਿਕਟ ਅਤੇ ਵੀਜ਼ੇ ਦਾ ਪ੍ਰਬੰਧ ਕਰਕੇ ਦਿੱਤਾ ਸੀ।

ਤਿੰਨ ਬੱਚਿਆਂ ਦੀ ਮਾਂ ਇਕਵਿੰਦਰ ਕੌਰ ਦਾ ਪਤੀ ਰਣਜੀਤ ਸਿੰਘ ਇੱਕ ਫੈਕਟਰੀ ਵਿੱਚ ਸਫ਼ਾਈ ਕਰਮੀ ਹੈ।

ਉਸ ਨੂੰ ਇੱਕ ਅੱਖ ਤੋਂ ਦਿਨ ਵੇਲੇ ਦਿਖਾਈ ਨਹੀਂ ਦਿੰਦਾ ਤੇ ਰਾਤ ਸਮੇਂ ਉਸ ਦੀ ਦੂਜੀ ਅੱਖ ਤੋਂ ਦਿਖਣਾ ਬੰਦ ਹੋ ਜਾਂਦਾ ਹੈ।

ਦੋ ਮਹੀਨੇ ਪਹਿਲਾਂ ਸਾਊਦੀ ਅਰਬ ਗਈ ਇਕਵਿੰਦਰ ਕੌਰ 4 ਅਕਤੂਬਰ ਨੂੰ ਵਾਪਸ ਆਪਣੇ ਬੱਚਿਆਂ ਕੋਲ ਕਥਿਤ ਗੁਲਾਮੀ ਭੁਗਤ ਕੇ ਵਾਪਸ ਆ ਗਈ ਹੈ।

ਇਕਵਿੰਦਰ ਕੌਰ ਨੇ ਦੱਸਿਆ ਕਿ ਉਸ ਕੋਲੋਂ 40 ਹਜ਼ਾਰ ਰੁਪਏ ਸਾਊਦੀ ਅਰਬ ਭੇਜਣ ਲਈ ਮੰਗੇ ਗਏ ਸਨ ।

ਉਸਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਊਦੀ ਅਰਬ ਦਾ ਇੱਕ ਹਜ਼ਾਰ ਰਿਆਲ ਉਸ ਦੀ ਤਨਖ਼ਾਹ ਹੋਵੇਗੀ ਤੇ ਉੱਥੇ ਉਹ ਇੱਕ ਘਰ ਵਿੱਚ ਸਾਫ਼ ਸਫ਼ਾਈ ਦਾ ਕੰਮ ਹੀ ਕਰੇਗੀ।

ਇੱਕ ਕਮਰੇ ਦਾ ਘਰ

ਇਕਵਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਦੁਬਈ ਦਾ ਵੀਜ਼ਾ ਲੱਗ ਗਿਆ ਸੀ ਤਾਂ ਉਸ ਦਾ ਇੱਕ ਵਾਰੀ ਮਨ ਡੋਲ ਗਿਆ ਸੀ ਕਿ ਉਹ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਏਗੀ, ਪਰ ਗਰੀਬੀ ਨੇ ਉਸ ਦੀ ਪੇਸ਼ ਨਹੀਂ ਜਾਣ ਦਿੱਤੀ।

ਪਿੰਡ ਭੁੰਗਰਨੀ ਦੀਆਂ ਭੀੜੀਆਂ ਗਲੀਆਂ 'ਚ ਇਕਵਿੰਦਰ ਕੌਰ ਦੇ ਘਰ ਵਿੱਚ ਇੱਕ ਹੀ ਕਮਰਾ ਹੈ। ਜਿਸ ਵਿਚ ਡਾਹੇ ਗਏ ਡਬਲ ਬੈੱਡ ਦੇ ਦੁਆਲੇ ਘੁੰਮਣਾ ਵੀ ਔਖਾ ਹੁੰਦਾ ਹੈ।

ਅਨਪੜ੍ਹ ਇਕਵਿੰਦਰ ਕੋਲੋਂ ਇਕਰਾਰਨਾਮੇ 'ਤੇ ਵੀ ਹਸਤਾਖਰ ਕਰਾ ਲਏ ਸੀ। ਸਾਊਦੀ ਅਰਬ ਜਾਣ ਲਈ ਇਕਵਿੰਦਰ ਕੋਲ ਦਿੱਲੀ ਜਾਣ ਤੱਕ ਦੇ ਵੀ ਪੈਸੇ ਨਹੀਂ ਸਨ। ਉਸ ਨੇ ਪਿੰਡ 'ਤੋਂ ਹੀ 7 ਹਜ਼ਾਰ ਰੁਪਏ ਵਿਆਜ 'ਤੇ ਫੜੇ ਸਨ।

ਹਵਾਈ ਅੱਡੇ 'ਚ ਪੈਰ ਰੱਖਦਿਆਂ ਹੀ ਇਕਵਿੰਦਰ ਨੂੰ ਲੱਗਿਆ ਸੀ ਕਿ ਉਸ ਦੇ ਸੁਪਨਿਆਂ ਨੂੰ ਖੰਭ ਲੱਗ ਗਏ ਹਨ ਤੇ ਹੁਣ ਉਸ ਦੀ ਗਰੀਬੀ ਖ਼ਤਮ ਹੋ ਜਾਏਗੀ।

ਪਹਿਲੀ ਵਾਰੀ ਜਹਾਜ਼ ਵਿਚ ਬੈਠੀ ਇਕਵਿੰਦਰ ਕੌਰ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਦੇ ਸੁਪਨੇ ਲੈਣ ਲੱਗੀ।

ਇੱਕੋ ਸ਼ਾਮ ਦੁਬਈ ਤੋਂ ਸਊਦੀ ਅਰਬ

ਦੁਬਈ ਪਹੁੰਚ ਕੇ ਉਸ ਨੂੰ ਏਅਰਪੋਰਟ ਦੇ ਬਾਹਰ ਇਕ ਬੁਰਕੇ ਵਾਲੀ ਔਰਤ ਮਿਲੀ, ਜੋ ਉਸ ਨੂੰ ਆਪਣੇ ਨਾਲ ਲੈ ਗਈ।

ਉਸੇ ਸ਼ਾਮ ਇਕਵਿੰਦਰ ਨੂੰ ਸਾਊਦੀ ਅਰਬ ਜਾਣ ਵਾਲੇ ਜਹਾਜ਼ ਵਿੱਚ ਚੜ੍ਹਾ ਦਿੱਤਾ ਗਿਆ ਸੀ।

ਸਾਊਦੀ ਅਰਬ ਵਿੱਚ ਇੱਕ ਪਰਿਵਾਰ ਕੋਲ ਉਸ ਨੂੰ 15 ਦਿਨਾਂ ਤੱਕ ਸਹੀ ਸਲਾਮਤ ਰੱਖਿਆ ਗਿਆ, ਪਰ 15 ਦਿਨਾਂ ਬਾਅਦ ਉਸ ਦਾ ਫੋਨ ਬੰਦ ਕਰ ਦਿੱਤਾ ਗਿਆ।

ਇਕਵਿੰਦਰ ਨੇ ਦੱਸਿਆ, "ਮੈਂ ਤਿੰਨ ਮੰਜ਼ਿਲਾ ਘਰ ਵਿੱਚ ਰਹਿ ਰਹੀ ਸੀ। ਤੇ ਉਸ ਵਿਅਕਤੀ ਦੀਆਂ ਪੰਜ-ਛੇ ਔਰਤਾਂ ਸਨ ਤੇ ਸੱਤ-ਅੱਠ ਬੱਚੇ ਸਨ। ਮੇਰੇ ਤੋਂ ਝਾੜੂ ਪੋਚੇ ਤੋਂ ਇਲਾਵਾ ਕੱਪੜੇ ਧੋਣ, ਖਾਣਾ ਬਣਾਉਣ ਤੇ ਹੋਰ ਘਰ ਦੇ ਸਾਰੇ ਕੰਮ ਲਏ ਜਾਣ ਲੱਗੇ। ਇਥੋਂ ਤੱਕ ਕਿ ਬੈਠ ਕੇ ਅਰਾਮ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਤੇ ਖਾਣ ਲਈ ਵੀ ਬਹੁਤ ਘੱਟ ਦਿੱਤਾ ਜਾਂਦਾ ਸੀ।"

ਘਰ 'ਚ ਲੱਗੇ ਸੀ ਕੈਮਰੇ

ਇਕਵਿੰਦਰ ਨੇ ਦੱਸਿਆ ਕਿ ਘਰ ਦੇ ਹਰ ਕੋਨੇ ਵਿੱਚ ਕੈਮਰਾ ਲੱਗਾ ਹੋਇਆ ਸੀ। ਸਿਰਫ਼ ਉਸ ਦੇ ਕਮਰੇ ਵਿੱਚ ਕੈਮਰਾ ਨਹੀਂ ਸੀ।

ਇੱਕ ਦਿਨ ਪਰਿਵਾਰ ਨੇ ਉਸ ਅੱਗੇ ਮਾਸ ਦੇ ਵੱਡੇ-ਵੱਡੇ ਟੁਕੜੇ ਲਿਆ ਕੇ ਰੱਖ ਦਿੱਤੇ ਅਤੇ ਕਿਹਾ ਇਸ ਨੂੰ ਕੱਟ ਕੇ ਸਬਜ਼ੀ ਬਣਾਈ ਜਾਵੇ।

ਇਹ ਕੰਮ ਉਸ ਲਈ ਸਭ ਤੋਂ ਔਖਾ ਸੀ। ਜਦੋਂ ਉਸ ਨੂੰ ਆਪਣੇ ਬੱਚਿਆਂ ਤੇ ਘਰ ਦੀ ਗਰੀਬੀ ਦਾ ਖਿਆਲ ਆਇਆ ਤਾਂ ਉਸ ਨੇ ਇਹ ਕੰਮ ਵੀ ਕੀਤਾ।

ਧਮਕੀਆਂ ਮਿਲੀਆਂ

ਪਿੰਡ ਦੀ ਜਿਹੜੀ ਕੁੜੀ ਉਸ ਨੂੰ ਸਾਊਦੀ ਅਰਬ ਲੈ ਕੇ ਗਈ ਸੀ ਉਹ ਭਾਰਤ ਪਰਤ ਆਈ ਤੇ ਉਸ ਨੂੰ ਫੋਨ 'ਤੇ ਇਹ ਕਿਹਾ ਕਿ ਹੁਣ ਤੈਨੂੰ ਸਾਰੀ ਉਮਰ ਇੱਥੇ ਹੀ ਕੱਟਣੀ ਪੈਣੀ ਹੈ।

ਇਕਵਿੰਦਰ ਨੂੰ ਸਾਊਦੀ ਅਰਬ ਪਹੁੰਚਾਉਣ ਵਾਲੀ ਕੁੜੀ ਉਸ ਨੂੰ ਧਮਕੀਆਂ ਵੀ ਦਿੰਦੀ ਸੀ ਤੇ ਥਾਣੇ ਫੜਾਉਣ ਦਾ ਡਰਾਵਾ ਵੀ ਦਿੰਦੀ ਸੀ।

ਦੋ ਮਹੀਨੇ ਉਸ ਨੂੰ ਸਦੀਆਂ ਵਾਂਗ ਲੱਗ ਰਹੇ ਸਨ। ਇੱਕ-ਇੱਕ ਦਿਨ ਉਸ ਨੂੰ ਕੱਟਣਾ ਔਖਾ ਹੋਇਆ ਪਿਆ ਸੀ।

ਇਸ ਦੌਰਾਨ ਉਸ ਦੀ ਮੁਲਾਕਾਤ ਇੱਕ ਹੋਰ ਪੰਜਾਬਣ ਕੁੜੀ ਨਾਲ ਹੋ ਗਈ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਵੀਡੀਓ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਵੱਟਸਐਪ ਕਰ ਦੇਵੇ।

ਉਸਨੇ ਆਪਣੇ ਮੋਬਾਈਲ ਤੋਂ ਆਪਣੀ ਦੁੱਖਭਰੀ ਕਹਾਣੀ ਨੂੰ ਛੋਟੇ-ਛੋਟੇ ਟੁਕੜਿਆਂ 'ਚ ਬਣਾ ਕੇ ਵੱਟਸਐਪ ਕੀਤੀ ਤਾਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ।

ਇਕਵਿੰਦਰ ਕੌਰ ਲਾਸ਼ ਬਣ ਕੇ ਬਕਸੇ ਵਿੱਚ ਬੰਦ ਹੋ ਕੇ ਭਾਰਤ ਨਹੀਂ ਸੀ ਆਉਣਾ ਚਾਹੁੰਦੀ। ਉਸ ਨੇ ਹਿੰਮਤ ਨਹੀਂ ਛੱਡੀ। ਕਿਸੇ ਨਾ ਕਿਸੇ ਢੰਗ ਨਾਲ ਬਾਹਰ ਸੰਪਰਕ ਕਰਨ ਵਿੱਚ ਲੱਗੀ ਰਹੀ।

ਸਿੱਖ ਸੰਸਥਾ ਦਮਦਮੀ ਟਕਸਾਲ ਦੇ ਭਾਈ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਸੰਪਰਕ ਸਾਧਿਆ ਏਜੰਟ ਨੂੰ ਡੇਢ ਲੱਖ ਦੀ ਰਾਸ਼ੀ ਦੇ ਕੇ ਇਕਵਿੰਦਰ ਨੂੰ ਵਾਪਸ ਲਿਆਂਦਾ ।

ਭਾਈ ਸੰਦੀਪ ਸਿੰਘ ਮੁਤਾਬਕ ਉਨ੍ਹਾਂ ਇਕਵਿੰਦਰ ਕੌਰ ਅਤੇ ਏਜੰਟ ਵਿਚਾਲੇ ਕੜੀ ਬਣੀ ਕੁੜੀ ਰਾਹੀ ਇਹ ਪੈਸੇ ਦਿੱਲੀ ਵਿੱਚ ਦਿੱਤੇ , ਜੋ ਉਸ ਨੇ ਮੁੰਬਈ ਜਾ ਕੇ ਕਿਸੇ ਨੂੰ ਦਿੱਤੇ ਤੇ ਅਗਲੇ ਦਿਨ ਪੀੜਤ ਔਰਤ ਦੀ ਵਾਪਸੀ ਹੋ ਗਈ।

ਇਸ ਬਾਰੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਹੁਸ਼ਿਆਰਪੁਰ ਦੇ ਐੱਸਐੱਸਪੀ ਜੇ.ਏਲਨਚੇਲੀਅਨ ਨੇ ਦੱਸਿਆ ਕਿ ਸਾਊਦੀ ਅਰਬ ਵਿੱਚ ਪਿੰਡ ਭੁੰਗਰਨੀ ਦੀ ਫ਼ਸੀ ਔਰਤ ਇਕਵਿੰਦਰ ਕੌਰ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।

ਪੀੜਤ ਪਰਿਵਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਬੁਲਾ ਕੇ ਬਿਆਨ ਦਰਜ ਕੀਤੇ ਜਾਣਗੇ । ਇਸ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਨੂੰ ਮੀਡੀਆ ਰਾਹੀ ਹੀ ਇਹ ਮਾਮਲਾ ਪਤਾ ਲੱਗਿਆ ਸੀ, ਸ਼ੁੱਕਰਵਾਰ ਨੂੰ ਹੀ ਇਸ ਮਾਮਲੇ ਬਾਰੇ ਵਿਚਾਰ ਵਟਾਂਦਰਾ ਕਰਕੇ ਪਰਿਵਾਰ ਦੇ ਬਿਆਨ ਦਰਜ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਸੁਸ਼ਮਾ ਸਵਰਾਜ ਨੇ ਇੱਕ ਹੋਰ ਔਰਤ ਦੀ ਕੀਤੀ ਸੀ ਮਦਦ

ਜਲੰਧਰ ਦੇ ਕਸਬੇ ਨੂਰਮਹਿਲ ਦੇ ਪਿੰਡ ਅਜਤਾਣੀ ਦੀ ਸੁਖਵੰਤ ਕੌਰ ਵੀ ਸਾਊਦੀ ਅਰਬ 'ਚ ਪੰਜ ਮਹੀਨੇ ਕਥਿਤ ਗੁਲਾਮੀ ਵਾਲੀ ਜ਼ਿੰਦਗੀ ਭੋਗਣ ਤੋਂ ਬਾਅਦ 31 ਮਈ ਨੂੰ ਆਪਣੇ ਘਰ ਵਾਪਸ ਆ ਗਈ ਸੀ।

ਉਸ ਨੂੰ ਛੁਡਵਾਉਣ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਜ਼ੀਦਗੀ ਨਾਲ ਯਤਨ ਕੀਤੇ ਸਨ।

ਸੁਖਵੰਤ ਕੌਰ ਨੂੰ ਮੁੰਬਈ ਏਅਰਪੋਰਟ 'ਤੇ ਲਿਆਂਦਾ ਗਿਆ ਸੀ, ਪਰ ਪਰਿਵਾਰ ਕੋਲ ਉਸ ਨੂੰ ਮੁੰਬਈ ਤੋਂ ਲਿਆਉਣ ਲਈ ਵੀ ਪੈਸੇ ਨਹੀਂ ਸਨ।

ਸੁਸ਼ਮਾ ਸਵਰਾਜ ਨੇ ਸੁਖਵੰਤ ਕੌਰ ਨੂੰ ਅੰਮ੍ਰਿਤਸਰ ਦੀ ਉਡਾਣ ਕਰਵਾ ਦਿੱਤੀ ਸੀ ਤੇ ਨਾਲ ਹੀ ਉਸ ਨੂੰ ਘਰ ਛੱਡਣ ਦਾ ਇੰਤਜ਼ਾਮ ਕਰ ਦਿੱਤਾ ਸੀ।

ਸੁਖਵੰਤ ਕੌਰ ਨੇਵੇਚੇ ਜਾਣ ਦਾ ਲਾਇਆ ਸੀ ਇਲਜ਼ਾਮ

ਟਰੈਵਲ ਏਜੰਟਾਂ ਨੇ ਸੁਖਵੰਤ ਕੌਰ ਨੂੰ ਸਾਢੇ ਤਿੰਨ ਲੱਖ ਰੁਪਏ 'ਚ ਸਾਊਦੀ ਅਰਬ ਦੇ ਇਕ ਪਰਿਵਾਰ ਨੂੰ ਕਥਿਤ ਤੌਰ 'ਤੇ ਵੇਚ ਦਿੱਤਾ ਸੀ। ਦੁੱਖ ਭਰੇ ਕੱਟੇ ਪੰਜ ਮਹੀਨਿਆਂ ਦੀ ਦਾਸਤਾਂ ਸੁਣਾਉਂਦਿਆਂ ਸੁਖਵੰਤ ਕੌਰ ਵਾਰ-ਵਾਰ ਰੋਣ ਲੱਗ ਪੈਂਦੀ ਹੈ।

ਉਸ ਨੇ ਦੱਸਿਆ ਕਿਵੇਂ ਉਸ ਨੂੰ ਲੋਹੇ ਦੀਆਂ ਛੜਾਂ ਨਾਲ ਕੁੱਟਿਆ ਮਾਰਿਆ ਜਾਂਦਾ ਸੀ, ਜਦੋਂ ਉਹ ਆਪਣਾ ਮਿਹਨਤਾਨਾ ਮੰਗਦੀ ਸੀ। ਉਸ ਨੇ ਆਪਣੀ ਵਡੇਰੀ ਉਮਰ ਦਾ ਵੀ ਵਾਸਤਾ ਪਾਇਆ, ਪਰ ਰਹਿਮ ਨਹੀਂ ਕੀਤਾ ਗਿਆ।

ਕਰਜ਼ੇ ਦੀ ਪੰਡ ਨੇ ਮਜਬੂਰ ਕੀਤਾ

ਸੁਖਵੰਤ ਕੌਰ ਵਿਦੇਸ਼ ਗਈ ਸੀ ਤਾਕਿ ਉਹ ਜ਼ਿਆਦਾ ਪੈਸਾ ਕਮਾ ਕੇ ਕਰਜ਼ਾ ਲਾਹ ਸਕੇ। ਉਸ ਨੇ ਆਪਣੇ ਪੁੱਤਰ ਨੂੰ ਦੋ ਲੱਖ ਰੁਪਏ ਕਰਜ਼ਾ ਚੁੱਕ ਕੇ ਕੁਵੈਤ ਭੇਜਿਆ ਸੀ, ਪਰ ਉਸ ਨੇ ਉਧਰੋਂ ਕੋਈ ਪੈਸੇ ਨਹੀਂ ਭੇਜੇ। ਕਰਜ਼ੇ ਦਾ ਬੋਝ ਵਧਣ ਲੱਗ ਪਿਆ।

ਲਾਂਬੜੇ ਦੀ ਰਹਿਣ ਵਾਲੀ ਪੂਜਾ ਨਾਂ ਦੀ ਟਰੈਵਲ ਏਜੰਟ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਕਿ ਉਹ ਸਾਊਦੀ ਅਰਬ 'ਚ ਇੱਕ ਘਰ ਵਿੱਚ ਕੰਮ ਦਿਵਾ ਦੇਵੇਗੀ। ਜਿੱਥੇ ਉਸ ਨੂੰ ਮਹੀਨੇ ਦੇ 22 ਹਜ਼ਾਰ ਰੁਪਏ ਮਿਲਣਗੇ।

ਜਦੋਂ ਸੁਖਵੰਤ ਕੌਰ ਨੇ ਪੂਜਾ ਨੂੰ ਇਹ ਕਿਹਾ ਕਿ ਉਹ ਕੁਲਵੰਤ ਸਿੰਘ ਨੂੰ ਬਾਹਰ ਭੇਜ ਦੇਣ ਤਾਂ ਉਨ੍ਹਾਂ ਕਿਹਾ ਕਿ ਉਸ ਦੀ ਉਮਰ ਜ਼ਿਆਦਾ ਹੈ, ਇਸ ਲਈ ਉਹ ਨਹੀਂ ਜਾ ਸਕਦੇ।

ਸੁਖਵੰਤ ਕੌਰ ਨੇ ਦੱਸਿਆ ਉਹ 20 ਜਨਵਰੀ 2017 ਨੂੰ ਦਿੱਲੀ ਤੋਂ ਦੁਬਈ ਗਈ, ਜਿੱਥੇ ਉਸ ਨੂੰ ਦੋ ਔਰਤਾਂ ਅਤੇ 15 ਮਰਦਾਂ ਵਿਚਕਾਰ ਇਕ ਕਮਰੇ 'ਚ ਰਹਿਣਾ ਪਿਆ।

ਉਦੋਂ ਹੀ ਉਸ ਦੇ ਮਨ ਵਿਚ ਇਹ ਗੱਲ ਖਟਕ ਗਈ ਸੀ ਕਿ ਉਸ ਨਾਲ ਕੁਝ ਬੁਰਾ ਹੋਣ ਵਾਲਾ ਹੈ। ਦੁਬਈ ਤੋਂ 24 ਜਨਵਰੀ ਨੂੰ ਸਾਊਦੀ ਅਰਬ ਲਈ ਉਡਾਨ ਭਰੀ।

ਜਦੋਂ ਵੇਚਣ ਬਾਰੇ ਪਤਾ ਲੱਗਿਆ

ਉੱਥੇ ਇੱਕ ਪਰਿਵਾਰ ਦੀਆਂ ਤਿੰਨ ਔਰਤਾਂ ਮਦਰੀਆ, ਫਾਜ਼ੀਆ ਅਤੇ ਮੀਰਾ ਨੇ ਦੱਸਿਆ ਕਿ ਉਸ ਨੂੰ ਸਾਢੇ ਤਿੰਨ ਲੱਖ ਰੁਪਏ ਵਿਚ ਦਿੱਲੀ ਦੇ ਰਹਿਣ ਵਾਲੇ ਇਕ ਟ੍ਰੈਵਲ ਏਜੰਟ ਸ਼ਕੀਰ ਖਾਨ ਕੋਲੋਂ ਕਥਿਤ ਤੌਰ 'ਤੇ ਖਰੀਦਿਆ ਗਿਆ ਹੈ।

ਸੁਖਵੰਤ ਕੌਰ ਦੀਆਂ ਅੱਖਾਂ ਵਿੱਚ ਉਦੋਂ ਹੀ ਹੰਝੂ ਆ ਗਏ ਜਦੋਂ ਪਤਾ ਲੱਗਿਆ ਕਿ ਉਹ ਔਰਤਾਂ ਇੱਕ ਸਕੂਲ ਵਿੱਚ ਕੰਮ ਕਰਦੀਆਂ ਸਨ ਤੇ ਦੁਪਹਿਰ ਨੂੰ 11 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ ਉਸ ਨੂੰ ਇੱਕ ਕਮਰੇ ਵਿਚ ਬੰਦ ਰੱਖਿਆ ਜਾਂਦਾ ਸੀ।

ਜਦੋਂ ਉਹ ਤਨਖ਼ਾਹ ਮੰਗਦੀ ਸੀ ਤਾਂ ਉਸ ਨੂੰ ਬੁਰੀ ਤਰ੍ਹਾਂ ਲੋਹੇ ਦੀਆਂ ਛੜਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ।

ਨਰਸ ਨੇ ਕੀਤੀ ਮਦਦ

ਸੁਖਵੰਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਸ ਦੀ ਸਿਹਤ ਖਰਾਬ ਹੋ ਗਈ ਤਾਂ ਉਸ ਨੂੰ ਹੈਲਸਿਟੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।

ਉੱਥੇ ਉਸ ਦਾ ਕੇਰਲ ਦੀ ਰਹਿਣ ਵਾਲੀ ਇੱਕ ਨਰਸ ਨਾਲ ਸੰਪਰਕ ਹੋ ਗਿਆ, ਜਿਸ ਨੇ ਉਸ ਦੇ ਪਰਿਵਾਰ ਨਾਲ ਗੱਲ ਕਰਵਾ ਦਿੱਤੀ।

ਉਸ ਨੇ ਆਪਣੇ ਪਤੀ ਨੂੰ ਦੱਸਿਆ ਕਿ ਉਸ ਨਾਲ ਉੱਥੇ ਕਿੰਨਾ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਇਸ ਨਰਕ ਵਿੱਚੋਂ ਕਿਸੇ ਤਰ੍ਹਾਂ ਕੱਢ ਲੈਣ।

ਇੱਕ ਔਰਤ ਅਜੇ ਵੀ ਫਸੀ ਹੋਈ

ਨਕੋਦਰ ਦੇ ਪਿੰਡ ਗੌਰਸੀਆਂ ਦੀ ਰਹਿਣ ਵਾਲੀ ਪਰਮਜੀਤ ਅਜੇ ਵੀ ਸਾਊਦੀ ਅਰਬ ਵਿੱਚ ਫਸੀ ਹੋਈ ਹੈ ਤੇ ਉਸ ਨੂੰ 18 ਹਜ਼ਾਰ ਰਿਆਲ ਵਿੱਚ ਕਥਿਤ ਤੌਰ 'ਤੇ ਵੇਚ ਦਿੱਤਾ ਗਿਆ ਸੀ।

ਪਰਮਜੀਤ ਜੁਲਾਈ ਵਿੱਚ ਸਾਊਦੀ ਅਰਬ ਗਈ ਸੀ, ਪਰ ਉਸ ਨੂੰ ਕੰਮ ਦੇ ਬਦਲੇ ਤਨਖ਼ਾਹ ਨਹੀਂ ਦਿੱਤੀ ਗਈ। ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਵੇਚਿਆ ਜਾ ਚੁੱਕਾ ਹੈ।

ਪਰਮਜੀਤ ਦੇ ਪਤੀ ਮਲਕੀਤ ਰਾਮ ਨੇ ਆਪਣੇ ਹੀ ਪਿੰਡ ਦੇ ਟਰੈਵਲ ਏਜੰਟ ਰਮੇਸ਼ ਭੱਟੀ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਸੀ। ਪਰ ਅਜੇ ਤੱਕ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਪਰਮਜੀਤ ਕੌਰ ਦੀ ਧੀ ਰਜਨੀ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਕੋਲੋਂ ਫਰਿਆਦ ਕੀਤੀ ਹੈ ਕਿ ਉਸ ਦੀ ਮਾਂ ਨੂੰ ਵਾਪਸ ਲਿਆਂਦਾ ਜਾਵੇ। ਦਰ-ਦਰ ਦੀਆਂ ਠੋਕਰਾਂ ਖਾ ਰਹੇ ਇਸ ਪਰਿਵਾਰ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)