You’re viewing a text-only version of this website that uses less data. View the main version of the website including all images and videos.
'ਈਰਾਨ ਬੀਬੀਸੀ ਕਰਮੀਆਂ ਨੂੰ ਪਰੇਸ਼ਾਨ ਨਾ ਕਰੇ'
ਸੰਯੁਕਤ ਰਾਸ਼ਟਰ ਦੇ ਇੱਕ ਮਾਹਰ ਡੇਵਿਡ ਕੇ ਨੇ ਈਰਾਨ ਦੀ ਸਰਕਾਰ ਨੂੰ ਬੀਬੀਸੀ ਫ਼ਾਰਸੀ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਨਾ ਕਰਨ ਦੀ ਬੇਨਤੀ ਕੀਤੀ ਹੈ।
ਰਾਏ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਸ਼ੇਸ਼ ਦੂਤ ਡੇਵਿਡ ਕੇ ਨੇ ਪੁਸ਼ਟੀ ਕੀਤੀ ਕਿ ਬੀਬੀਸੀ ਤੋਂ ਉਨ੍ਹਾਂ ਨਾਲ ਹੁੰਦੇ ਵਤੀਰੇ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ।
ਈਰਾਨ ਵੱਲੋਂ "ਕੌਮੀ ਸੁਰੱਖਿਆ ਦੇ ਵਿਰੁੱਧ ਸਾਜਿਸ਼" ਤਹਿਤ 150 ਬੀਬੀਸੀ ਕਰਮੀਆਂ, ਸਾਬਕਾ ਕਰਮੀਆਂ ਅਤੇ ਹੋਰਨਾ ਯੋਗਦਾਨ ਪਾਉਣ ਵਾਲਿਆਂ ਲਈ ਅਪਰਾਧਕ ਜਾਂਚ ਸ਼ੁਰੂ ਕਰਨ ਤੋਂ ਬਾਅਦ ਇਹ ਸ਼ਿਕਾਇਤ ਦਿੱਤੀ ਗਈ।
ਬੀਬੀਸੀ ਡਾਇਰੈਕਟਰ ਜਨਰਲ ਟੋਨੀ ਹਾਲ ਨੇ ਕਿਹਾ ਕਿ ਈਰਾਨ ਦੀ ਕਾਰਵਾਈ "ਪੱਤਰਕਾਰਾਂ ਤੇ ਪਹਿਲੇ ਕਦੇ ਨਾ ਹੋਈ ਸਾਂਝੀ ਸਜ਼ਾ" ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਸੀ।
ਲੰਡਨ ਤੋਂ ਬੀਬੀਸੀ ਫ਼ਾਰਸੀ ਵੱਲੋਂ ਟੀਵੀ, ਰੇਡੀਓ ਅਤੇ ਆਨਲਾਈਨ ਖ਼ਬਰਾਂ ਦਾ ਪ੍ਰਸਾਰਣ ਹੁੰਦਾ ਹੈ।
ਈਰਾਨ ਵਿੱਚ ਪਬੰਦੀ ਦੇ ਬਾਵਜੂਦ ਇਹ ਪ੍ਰਸਾਰਣ ਹਰ ਹਫ਼ਤੇ ਅੰਦਾਜ਼ਨ 18 ਮਿਲੀਅਨ ਲੋਕਾਂ ਤੱਕ ਪਹੁੰਚਦਾ ਹੈ।
ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਬੀਬੀਸੀ ਨੇ ਕਿਹਾ ਕਿ ਬੀਬੀਸੀ ਫ਼ਾਰਸੀ ਦੇ ਕਰਮੀਆਂ ਅਤੇ ਉਨ੍ਹਾਂ ਨਾਲ ਸਬੰਧਿਤ ਲੋਕਾਂ ਨੂੰ "ਤੰਗ ਅਤੇ ਤਸ਼ਦੱਦ ਕਰਨ ਦੀ ਲਗਾਤਾਰ ਮੁਹਿੰਮ" 2009 ਦੇ ਰਾਸ਼ਟਰਪਤੀ ਚੋਣਾਂ ਦੇ ਵਿਵਾਦ ਤੋਂ ਬਾਅਦ ਤੋਂ ਹੀ ਚੱਲ ਰਹੀ ਹੈ, ਜਦੋਂ ਈਰਾਨੀ ਸਰਕਾਰ ਨੇ ਵਿਦੇਸ਼ੀ ਤਾਕਤਾਂ ਦੀ ਦਖਲਅੰਦਾਜ਼ੀ ਦੇ ਦੋਸ਼ ਲਗਾਏ ਸਨ।
ਇਸ ਵਿੱਚ ਸ਼ਾਮਲ ਕੁਝ ਉਦਾਹਰਣਾਂ
- ਇੱਕ ਪੱਤਰਕਾਰ ਦੀ ਭੈਣ 17 ਦਿਨਾਂ ਲਈ ਈਵਿਨ ਜੇਲ੍ਹ ਵਿੱਚ ਸੀ। ਇਸ ਦੌਰਾਨ ਉਸ ਨੂੰ ਪੱਤਰਕਾਰ ਨੂੰ ਸਕਾਈਪ ਰਾਹੀਂ ਮਿੰਨਤਾਂ ਕਰਨ ਲਈ ਮਜਬੂਰ ਕੀਤਾ ਗਿਆ ਕਿ ਬੀਬੀਸੀ ਲਈ ਕੰਮ ਕਰਨਾ ਬੰਦ ਕਰੇ ਜਾਂ ਸਾਥੀਆਂ 'ਤੇ ਜਾਸੂਸੀ ਕਰਨੀ ਬੰਦ ਕਰੇ।
- ਬਹੁਤ ਸਾਰੇ ਬੀਬੀਸੀ ਕਰਮੀਆਂ ਦੇ ਬਜ਼ੁਰਗ ਮਾਪਿਆਂ ਤੋਂ ਪੁੱਛਗਿੱਛ ਕੀਤੀ ਗਈ, ਇਹੀ ਨਹੀਂ ਦੇਰ ਰਾਤ ਨੂੰ ਪੁੱਛਗਿੱਛ ਕੀਤੀ ਜਾਂਦੀ ਸੀ।
- ਬੀਬੀਸੀ ਕਰਮੀ ਕੈਦ ਦੇ ਡਰ ਜਾਂ ਈਰਾਨ ਛੱਡਣ ਦੇ ਡਰ ਕਰਕੇ ਆਪਣੇ ਮਰ ਰਹੇ ਮਾਪਿਆਂ ਨੂੰ ਦੇਖਣ ਜਾਨ ਦੇ ਯੋਗ ਨਹੀਂ ਹਨ।
- ਪ੍ਰੈਸ ਅਤੇ ਸੋਸ਼ਲ ਮੀਡੀਆ ਰਾਹੀਂ ਕਰਮੀਆਂ ਦੀ ਪ੍ਰਤਿਸ਼ਠਾ 'ਤੇ ਝੂਠੇ ਅਤੇ ਬਦਨਾਮ ਕਰਨ ਵਾਲੇ ਇਲਜ਼ਾਮਾਂ ਨਾਲ ਹਮਲਾ ਕੀਤਾ ਜਾਂਦਾ ਹੈ। ਜਿਨ੍ਹਾਂ ਵਿੱਚ ਜਿਨਸੀ ਅਸ਼ੁੱਧਤਾ ਜਾਂ ਜਿਨਸੀ ਕ੍ਰਿਆਵਾਂ ਦੇ ਦਾਅਵੇ ਸ਼ਾਮਲ ਹਨ, ਜਿਹੜੇ ਈਰਾਨ ਵਿੱਚ ਗ਼ੈਰ ਕਨੂੰਨੀ ਹਨ, ਜਿਨ੍ਹਾਂ ਵਿੱਚ ਮੌਤ ਦੀ ਸਜ਼ਾ ਸ਼ਾਮਿਲ ਹੈ।
ਬੀਬੀਸੀ ਨੇ ਸੰਯੁਕਤ ਰਾਸ਼ਟਰ ਨੂੰ ਇਹ ਸ਼ਿਕਾਇਤ ਕੀਤੀ ਹੈ ਕਿ ਵੱਖ-ਵੱਖ ਅੰਤਰਰਾਸ਼ਟਰੀ ਸੰਧੀਆਂ ਦੇ ਤਹਿਤ ਈਰਾਨ ਨੇ ਕਈ ਜ਼ਿੰਮੇਵਾਰੀਆਂ ਦਾ ਉਲੰਘਣ ਕੀਤਾ ਹੈ ਅਤੇ ਇੰਨ੍ਹਾਂ ਸੰਧੀਆਂ 'ਤੇ ਈਰਾਨ ਦੇ ਹਸਤਾਖ਼ਰ ਹਨ।
ਈਰਾਨ ਤੁਰੰਤ ਕਾਰਵਾਈ ਖ਼ਤਮ ਕਰੇ - ਲੋਰਡ ਹਾਲ
ਲੋਰਡ ਹਾਲ ਨੇ ਕਿਹਾ, "ਇਹ ਸਿਰਫ਼ ਬੀਬੀਸੀ ਫ਼ਾਰਸੀ ਦੇ ਕਰਮੀਆਂ ਨਾਲ ਹੁੰਦੇ ਧੱਕੇ ਵਿਰੁੱਧ ਨਹੀਂ, ਪਰ ਬੁਨਿਆਦੀ ਮਨੁੱਖੀ ਅਧਿਕਾਰਾਂ ਵਿਰੁੱਧ ਮੁਹਿੰਮ ਹੈ। ਬੀਬੀਸੀ ਨੇ ਇਸ ਕਨੂੰਨੀ ਕਾਰਵਾਈ ਨੂੰ ਤੁਰੰਤ ਖ਼ਤਮ ਕਰਨ ਲਈ ਈਰਾਨ ਦੀ ਸਰਕਾਰ ਨੂੰ ਕਿਹਾ ਹੈ।"
"ਬੀਬੀਸੀ ਆਪਣੇ ਕਰਮੀਆਂ ਦੀ ਤਰਫੋਂ, ਇਸ ਹੁਕਮ ਨੂੰ ਚੁਣੌਤੀ ਦੇਣ ਲਈ ਸਾਰੇ ਉਪਲਬਧ ਕਨੂੰਨੀ ਰਸਤਿਆਂ ਦੀ ਵਰਤੋਂ ਕਰੇਗਾ ਅਤੇ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਈਰਾਨ ਵਿੱਚ ਆਪਣੇ ਪ੍ਰਭਾਵ ਨੂੰ ਵਰਤਣ ਲਈ ਆਖਦੇ ਹਾਂ ਕਿ ਉਹ ਇਸ ਪੂਰੀ ਤਰ੍ਹਾਂ ਅਸਵੀਕਾਰਨ ਯੋਗ ਵਤੀਰੇ ਨੂੰ ਖ਼ਤਮ ਕਰਨ।"
ਡੇਵਿਡ ਕੇ ਨੇ ਨਿਊਯਾਰਕ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਬੀਬੀਸੀ ਦੀ ਸ਼ਿਕਾਇਤ ਤੋਂ ਜਾਣੂ ਸਨ ਅਤੇ ਉਹ ਈਰਾਨ ਦੇ ਅਧਿਕਾਰੀਆਂ ਨਾਲ ਇਲਜ਼ਾਮਾਂ ਬਾਰੇ ਚਰਚਾ ਕਰਨਗੇ।
ਉਨ੍ਹਾਂ ਕਿਹਾ, "ਅਸੀਂ ਈਰਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਬੀਬੀਸੀ ਦੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।"
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)