ਰਾਸ਼ਟਰੀ ਸਿੱਖ ਸੰਗਤ ਵਿਵਾਦ: ਕਿਸ ਨੇ ਕੀ ਕਿਹਾ

ਆਰਐੱਸਐੱਸ ਨਾਲ ਜੁੜੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਦਾ ਬੁੱਧਵਾਰ ਨੂੰ ਦਿੱਲੀ ਵਿੱਚ ਹੋਇਆ ਸਮਾਗਮ ਚਰਚਾ ਦਾ ਵਿਸ਼ਾ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਤਾਲਕਟੋਰਾ ਸਟੇਡੀਅਮ 'ਚ ਰੱਖਿਆ ਗਿਆ।

ਪੰਜਾਬ ਦੇ ਸਿਆਸੀ ਤੇ ਧਾਰਮਿਕ ਹਲਕਿਆਂ 'ਚ ਰਾਸ਼ਟਰੀ ਸਿੱਖ ਸੰਗਤ ਦੁਆਰਾ ਕਰਵਾਏ ਗਏ ਇਸ ਸਮਾਗਮ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਬਹਿਸ ਚੱਲ ਰਹੀ ਹੈ।

ਕਈ ਸਿੱਖ ਸੰਗਠਨਾਂ ਨੇ ਇਸ ਸਮਾਗਮ ਦਾ ਵਿਰੋਧ ਕੀਤਾ।

ਇਸ ਮਾਮਲੇ ਨਾਲ ਜੁੜੀਆਂ ਅਹਿਮ ਗੱਲਾਂ

  • ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਮੁਤਾਬਕ 2004 'ਚ ਹੁਕਮਨਾਮਾ ਜਾਰੀ ਹੋਇਆ ਸੀ, ਜਿਸ ਮੁਤਾਬਕ ਅਕਾਲ ਤਖ਼ਤ ਵੱਲੋਂ ਸ਼ੱਕੀ ਕਿਰਦਾਰ ਵਾਲੀਆਂ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਕੋਈ ਸਹਿਯੋਗ ਨਹੀਂ ਕੀਤਾ ਜਾ ਸਕਦਾ। ਉਹ ਹੁਕਮਨਾਮਾ ਉਸੇ ਤਰ੍ਹਾਂ ਬਰਕਰਾਰ ਹੈ।
  • ਗਿਆਨੀ ਗੁਰਬਚਨ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਸਿੱਖਾਂ ਦੀ ਵਖਰੀ ਪਛਾਣ ਹੈ। ਉਨ੍ਹਾਂ ਕਿਹਾ ਕਿ ਸਿੱਖ ਕਿਸੇ ਦੇ ਧਰਮ ਵਿੱਚ ਦਖ਼ਲ ਨਹੀਂ ਦਿੰਦੇ ਅਤੇ ਨਾ ਹੀ ਕਿਸੇ ਦਾ ਦਖ਼ਲ ਬਰਦਾਸ਼ਤ ਕਰਨਗੇ।
  • ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ, 'ਰਾਸ਼ਟਰੀ ਸਿੱਖ ਸੰਗਤ ਦੀ ਸਮਾਗਮ ਪ੍ਰਤੀ ਨੀਅਤ ਸਾਫ਼ ਨਹੀਂ ਹੈ।'
  • ਖ਼ਬਰਾਂ ਮੁਤਾਬਕ ਆਰਐੱਸਐੱਸ ਦੇ ਪੰਜਾਬ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਬੇਦੀ ਨੇ ਇੱਕ ਬਿਆਨ ਵਿੱਚ ਕਿਹਾ, 'ਸਿੱਖ ਧਰਮ ਬੌਧ ਅਤੇ ਜੈਨ ਧਰਮ ਵਾਂਗ ਇੱਕ ਸਮਾਜਿਕ ਧਾਰਮਿਕ ਮਾਨਤਾ ਵਾਲਾ ਧਰਮ ਹੈ ਅਤੇ ਸਿੱਖਾਂ ਦੀ ਇਕ ਵੱਖਰੀ ਪਛਾਣ ਹੈ। ਆਰਐੱਸਐੱਸ ਸਿੱਖ ਧਰਮ ਨੂੰ ਇੱਕ ਧਰਮ ਦੇ ਰੂਪ ਵਿੱਚ ਸਾਫ਼ ਤੌਰ 'ਤੇ ਮੰਨਦੀ ਹੈ ਅਤੇ ਹਮੇਸ਼ਾ ਸਿੱਖ ਧਰਮ ਦੀ ਵੱਖਰੀ ਪਛਾਣ ਨੂੰ ਸਵੀਕਾਰ ਕਰਦੀ ਹੈ।'
  • ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਜੀ.ਐੱਸ. ਗਿਲ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਐਰਐੱਸਐੱਸ ਸਿੱਖੀ ਦਾ ਮਾਣ ਕਰਦੀ ਹੈ ਅਤੇ ਇਸ ਨੂੰ ਹਿੰਦੁ ਧਰਮ ਵਿੱਚ ਰਲਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ।
  • ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ, ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸਮਾਗਮ ਲਈ ਸੱਦਾ ਦਿੱਤਾ ਗਿਆ। ਬੀਬੀਸੀ ਨੇ ਗਿਆਨੀ ਇਕਬਾਲ ਸਿੰਘ ਨੂੰ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਾ ਹੋ ਸਕੀ।

ਟਵਿੱਟਰ ਤੇ ਬਿਆਨਬਾਜ਼ੀ

ਸੋਸ਼ਲ ਮੀਡੀਆ 'ਤੇ ਛਿੜੀ ਚਰਚਾ ਮੁਤਾਬਕ ਜ਼ਿਆਦਾਤਰ ਲੋਕਾਂ ਨੇ ਐੱਸਜੀਪੀਸੀ ਵੱਲੋਂ ਕੀਤੇ ਬਾਏਕਾਟ ਤੇ ਆਪਣੀ ਸਹਿਮਤੀ ਜਤਾਈ ਤੇ ਸਮਾਗਮ ਵਿੱਚ ਨਾ ਜਾਣ ਦਾ ਸਮਰਥਨ ਕੀਤਾ।

ਕਈਆਂ ਨੇ ਐਸਜੀਪੀਸੀ ਦਾ ਸਮਰਥਨ ਕਰਦੇ ਹੋਏ ਲੋਕਾਂ ਨੂੰ ਸਮਾਗਮ ਵਿੱਚ ਨਾ ਜਾਣ ਦੀ ਅਪੀਲ ਕੀਤੀ।

ਟਵਿਟਰ 'ਤੇ ਕੁਝ ਲੋਕ ਐੱਸਜੀਪੀਸੀ ਵੱਲੋਂ ਲਗਾਏ ਬੈਨ ਨੂੰ ਯਾਦ ਕਰਵਾ ਰਹੇ ਹਨ।

ਆਰਐੱਸਐੱਸ ਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਤੇ ਲੋਕਾਂ ਨੇ ਰਲੀ-ਮਿਲੀ ਪ੍ਰਤੀਕਿਰਿਆ ਦਿੱਤੀ ਹੈ।

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਇਸ ਸਮਾਗਮ ਨੂੰ ਸਹੀ ਕਰਾਰ ਦਿੱਤਾ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)