You’re viewing a text-only version of this website that uses less data. View the main version of the website including all images and videos.
ਟਰੰਪ ਨੇ ਈਰਾਨ ਨੂੰ ਦਿੱਤੀ ਪ੍ਰਮਾਣੂ ਸਮਝੌਤਾ ਤੋੜਨ ਦੀ ਧਮਕੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ 'ਕੱਟੜਵਾਦੀ ਹਕੂਮਤ' ਕਰਾਰ ਦਿੰਦੇ ਹੋਏ ਪ੍ਰਮਾਣੂ ਸਮਝੌਤੇ ਤੋਂ ਹੱਟਣ ਦੀ ਧਮਕੀ ਦਿੱਤੀ ਹੈ।
ਡੋਨਾਲਡ ਟ੍ਰੰਪ ਨੇ ਕਿਹਾ ਹੈ ਕਿ ਉਹ ਇਸ ਸੌਦੇ ਨੂੰ ਕਾਂਗਰਸ ਕੋਲ ਭੇਜ ਰਹੇ ਹਨ ਅਤੇ ਇਸ ਵਿੱਚ ਬਦਲਾਅ ਲਈ ਸਹਿਯੋਗੀਆਂ ਦੀ ਵੀ ਸਲਾਹ ਲੈਣਗੇ।
ਦਰਅਸਲ 'ਇਰਾਨ ਨਿਊਕਲੀਅਰ ਐਗਰੀਮੈਂਟ ਰਿਵਿਊ ਐਕਟ' ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਹਰ 90 ਦਿਨਾਂ 'ਚ ਕਾਂਗਰਸ ਨੂੰ ਇਹ ਸਾਬਿਤ ਕਰਨਾ ਹੁੰਦਾ ਹੈ ਕਿ ਈਰਾਨ ਪਰਮਾਣੂ ਸਮਝੌਤੇ ਦਾ ਪਾਲਣ ਕਰ ਰਿਹਾ ਹੈ।
ਟ੍ਰੰਪ ਦੋ ਵਾਰ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਪਰ ਇਸ ਵਾਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
ਅਜਿਹੇ 'ਚ ਯੂਐੱਸ ਕਾਂਗਰਸ ਕੋਲ ਹੁਣ ਇਹ ਤੈਅ ਕਰਨ ਲਈ 60 ਦਿਨਾਂ ਦਾ ਸਮਾਂ ਹੈ ਕਿ ਪ੍ਰਮਾਣੂ ਸਮਝੌਤੇ ਤੋਂ ਵੱਖ ਹੋ ਕੇ ਦੁਬਾਰਾ ਪਾਬੰਦੀਆਂ ਲਗਾਈਆਂ ਜਾਣ ਜਾਂ ਨਹੀਂ।
ਟਰੰਪ ਨੇ ਇਰਾਨ 'ਤੇ ਲਾਏ ਕਈ ਇਲਜ਼ਾਮ
ਅਮਰੀਕੀ ਰਾਸ਼ਟਰਪਤੀ ਨੇ ਈਰਾਨ 'ਤੇ ਅੱਤਵਾਦ ਦੀ ਮਾਲੀ ਮਦਦ ਕਰਨ ਦੇ ਦੋਸ਼ ਲਗਾਏ ਹਨ।
ਉਨ੍ਹਾਂ ਕਿਹਾ ਕਿ ਉਹ ਇਰਾਨ ਦੇ ਪ੍ਰਮਾਣੂ ਹਥਿਆਰਾਂ ਨੂੰ ਪ੍ਰਾਪਤ ਕਰਨ ਦੇ ਸਾਰੇ ਰਸਤੇ ਬੰਦ ਕਰ ਦੇਵਣਗੇ।
ਟਰੰਪ ਨੇ ਕਿਹਾ ਕਿ ਈਰਾਨ ਨੂੰ ਉੱਤਰੀ ਕੋਰੀਆ ਵਾਂਗ ਪ੍ਰਮਾਣੂ ਖ਼ਤਰਾ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕੌਮਾਂਤਰੀ ਨਿਰੀਖਕਾਂ ਦਾ ਮੰਨਣਾ ਹੈ ਕਿ 2015 'ਚ ਜਿਸ ਸਮਝੌਤੇ ਤਹਿਤ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਪਾਬੰਦੀ ਲਗਾਈ ਸੀ, ਉਹ ਉਸ ਦਾ ਪਾਲਣ ਕਰ ਰਿਹਾ ਹੈ।
ਪਰ ਟਰੰਪ ਕਹਿੰਦੇ ਹਨ ਕਿ ਇਹ ਸਮਝੌਤਾ ਬਹੁਤ ਉਦਾਰਵਾਦੀ ਸੀ।
ਈਰਾਨ ਨੂੰ ਨਿਰਧਾਰਿਤ ਸੀਮਾ ਤੋਂ ਵੱਧ ਹੈਵੀ ਵਾਟਰ (ਪ੍ਰਮਾਣੂ ਬੰਬ ਬਣਾਉਣ ਲਈ ਢੁਕਵੇਂ ਪਲੌਟੋਨਿਅਮ ਦਾ ਸਰੋਤ) ਲੈਣ ਦੀ ਆਗਿਆ ਅਤੇ ਕੌਮਾਂਤਰੀ ਜਾਂਚਕਰਤਾਵਾਂ ਨੂੰ ਧਮਕਾਉਣ ਦੀ ਛੁੱਟ ਦਿੱਤੀ ਗਈ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਰਾਨ 'ਮੌਤ, ਵਿਨਾਸ਼ ਅਤੇ ਗੜਬੜ' ਫੈਲਾ ਰਿਹਾ ਹੈ।
ਉਨ੍ਹਾਂ ਦੀ ਕਹਿਣਾ ਹੈ ਕਿ ਇਰਾਨ ਇਸ ਸਮਝੌਤੇ ਦੀਆਂ ਮੂਲ ਕਦਰਾਂ-ਕੀਮਤਾਂ ਦਾ ਪਾਲਣ ਨਹੀਂ ਕਰ ਰਿਹਾ ਹੈ ਅਤੇ ਅਸਲ ਵਿੱਚ ਪਾਬੰਦੀਆਂ ਦਾ ਫਾਇਦਾ ਚੁੱਕ ਰਿਹਾ ਹੈ।
ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਰਣਨੀਤੀ ਨਾਲ ਇਸ 'ਤੇ ਨੱਥ ਪਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਕੋਲ ਇਸ ਸਮਝੌਤੇ ਨੂੰ ਛੱਡਣ ਦਾ ਹੱਕ ਹੈ।
ਈਰਾਨ 'ਤੇ ਰੋਕ ਲਗਾਉਣ ਦੀ ਤਿਆਰੀ
ਪ੍ਰਮਾਣੂ ਗਤੀਵਿਧੀਆਂ ਤੋਂ ਇਲਾਵਾ ਟ੍ਰੰਪ ਨੇ ਕੁਝ ਹੋਰ ਗੱਲਾਂ ਨੂੰ ਲੈ ਕੇ ਈਰਾਨ 'ਤੇ ਹਮਲਾ ਕੀਤਾ ਹੈ।
ਉਨ੍ਹਾਂ ਨੇ ਇਨਕਲਾਬੀ ਗਾਰਡਜ਼ ਨੂੰ 'ਈਰਾਨ ਦੇ ਨੇਤਾ ਦੀ ਭ੍ਰਿਸ਼ਟ ਅਤੇ ਨਿੱਜੀ ਅੱਤਵਾਦੀ ਫੌਜ' ਕਰਾਰ ਦਿੱਤਾ ਹੈ।
ਟਰੰਪ ਨੇ ਕਿਹਾ ਕਿ ਇਰਾਨ 'ਤੇ ਸਮਝੌਤੇ ਤਹਿਤ ਰੋਕ ਲਗਾਵਾਂਗੇ।
ਈਰਾਨ ਨਾਲ ਹੋਏ ਸਮਝੌਤੇ ਦੀ ਟਰੰਪ ਇਸ ਲਈ ਅਲੋਚਨਾ ਕਰਦੇ ਹਨ ਕਿਉਂਕਿ ਇਸ ਵਿੱਚ ਇਰਾਨ ਦਾ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਸ਼ਾਮਲ ਨਹੀਂ ਹੈ।
ਈਰਾਨ ਦੀ ਪ੍ਰਤੀਕਿਰਿਆ
ਟਰੰਪ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਕਰਦੇ ਹੋਏ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਸਵਾਲ ਕੀਤਾ ਹੈ ਕਿ ਟਰੰਪ ਉਸ ਸਮਝੌਤੇ ਤੋਂ ਇਕੱਲੇ ਕਿਵੇਂ ਪਿੱਛੇ ਹੱਟ ਸਕਦੇ ਹਨ। ਜਿਸ 'ਤੇ ਕਈ ਦੇਸ਼ਾਂ ਨੇ ਦਸਤਖ਼ਤ ਕੀਤੇ ਹਨ।
ਈਰਾਨ ਦੇ ਸਰਕਾਰੀ ਟੀਵੀ 'ਤੇ ਗੱਲ ਕਰਦਿਆਂ ਰੁਹਾਨੀ ਨੇ ਕਿਹਾ, "ਟਰੰਪ ਚਾਹੁੰਦੇ ਹਨ ਕਿ ਅਮਰੀਕੀ ਕਾਂਗਰਸ ਇਸ ਸਮਝੌਤੇ 'ਚ ਨਵੀਆਂ ਸ਼ਰਤਾਂ ਸ਼ਾਮਲ ਕਰ ਦੇਣ। ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਇਸ ਵਿੱਚ ਕੋਈ ਸੋਧ ਨਹੀਂ ਕੀਤਾ ਜਾ ਸਕਦਾ।"
ਉਨ੍ਹਾਂ ਨੇ ਕਿਹਾ, "ਟਰੰਪ ਨੇ ਕੌਮਾਂਤਰੀ ਕਨੂੰਨ ਢੰਗ ਨਾਲ ਨਹੀਂ ਪੜ੍ਹਿਆ। ਬਹੁਤ ਸਾਰੇ ਦੇਸਾਂ ਵਿਚਾਲੇ ਹੋਏ ਇਸ ਸਮਝੌਤੇ ਨੂੰ ਇੱਕ ਰਾਸ਼ਟਰਪਤੀ ਕਿਵੇਂ ਰੱਦ ਕਰ ਸਕਦਾ ਹੈ? ਟਰੰਪ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਇਹ ਈਰਾਨ ਅਤੇ ਅਮਰੀਕਾ ਦੇ ਵਿਚਾਲੇ ਹੋਇਆ ਦੁਵੱਲਾ ਸਮਝੌਤਾ ਨਹੀਂ ਕਿ ਜੋ ਉਹ ਚਾਹੁਣ ਉਹ ਕਰ ਲੈਣ।"
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)