ਉੱਤਰੀ ਕੋਰੀਆ ਸੰਕਟ ਨਾਲ ਜੁੜੇ ਕੁਝ ਅਹਿਮ ਸਵਾਲ

ਉੱਤਰੀ ਕੋਰੀਆ ਦੀ ਅੜੀ ਇੱਕ ਸੰਕਟ ਹੈ, ਜਿਸ ਦਾ ਬੁਰੇ ਤੋਂ ਬੁਰਾ ਨਤੀਜਾ ਪਰਮਾਣੂ ਯੁੱਧ ਹੋ ਸਕਦਾ ਹੈ ਪਰ ਇਹ ਇੱਕ ਗੁੰਝਲਦਾਰ ਮਸਲਾ ਹੈ। ਆਓ ਘਟਨਾਵਾਂ 'ਤੇ ਇੱਕ ਸੰਖੇਪ ਝਾਤ ਪਾਈਏ...

ਆਖ਼ਰਕਾਰ, ਪਰਮਾਣੂ ਹਥਿਆਰਾਂ ਦੀ ਚਾਹ ਕਿਉਂ ?

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕੋਰੀਆ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ ਅਤੇ ਉੱਤਰੀ ਕੋਰੀਆ ਸਟਾਲਿਨਵਾਦੀ ਤਾਨਾਸ਼ਾਹ ਰਾਜ ਤੰਤਰ ਬਣ ਗਿਆ।

ਵਿਸ਼ਵ ਪੱਧਰ 'ਤੇ ਉੱਤਰੀ ਕੋਰੀਆ ਬਿਲਕੁਲ ਅਲੱਗ ਪੈ ਚੁੱਕਾ ਹੈ। ਇਸਦੇ ਆਗੂਆਂ ਦਾ ਮੰਨਣਾ ਹੈ ਕਿ ਦੇਸ਼ ਦੀ ਪਰਮਾਣੂ ਤਾਕਤ ਹੀ ਬਾਹਰੀ ਦੁਨੀਆ ਦੇ ਰਾਹ ਦੀ ਇੱਕੋ-ਇੱਕ ਰੁਕਾਵਟ ਹੈ ਜੋ ਇਸ ਨੂੰ ਬਰਬਾਦ ਕਰਨਾ ਚਹੁੰਦੀ ਹੈ।

ਕਿੰਨੀ ਵੱਡੀ ਪਰਮਾਣੂ ਤਾਕਤ ?

ਉੱਤਰੀ ਕੋਰੀਆ ਦੇ ਨਵੇਂ ਮਿਜ਼ਾਇਲ ਪ੍ਰੀਖਣ ਦੇ ਦਾਅਵੇ ਤੋਂ ਲੱਗਦਾ ਹੈ ਕਿ ਉਹ ਅੰਤਰ-ਮਹਾਂਦੀਪੀ ਮਾਰ ਕਰ ਸਕਣ ਵਾਲੀਆਂ ਮਿਜ਼ਾਇਲਾਂ (ਇੰਟਰ-ਕੌਨਟੀਨੈਂਟਲ ਬੈਲਿਸਟਿਕ ਮਿਜ਼ਾਇਲ) ਸਦਕਾ ਅਮਰੀਕਾ ਤੱਕ ਮਾਰ ਕਰ ਸਕਦਾ ਹੈ।

ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਇਸ ਪਰੀਖਣ ਨੂੰ "ਪੂਰਨ ਕਾਮਯਾਬੀ" ਦੱਸ ਰਹੀ। ਪਰ ਵਿਸ਼ਲੇਸ਼ਕ ਇਸ ਦਾਅਵੇ ਬਾਰੇ ਸਾਵਧਾਨੀ ਵਰਤਣ ਦੀ ਸਲਾਹ ਦੇ ਰਹੇ ਹਨ।

ਅਮਰੀਕੀ ਖੂਫ਼ੀਆ ਅਧਿਕਾਰੀ ਇਹ ਤਸਲੀਮ ਕਰ ਰਹੇ ਹਨ ਕਿ ਉੱਤਰੀ ਕੋਰੀਆ 'ਲਘੂਕਰਨ' (ਮਿਨੀਏਚਰਾਈਜ਼ੇਸ਼ਨ) ਦੇ ਸਮੱਰਥ ਹੈ।

'ਲਘੂਕਰਨ' ਤਕਨਾਲੋਜੀ ਉਪਕਰਨਾਂ ਨੂੰ ਹੋਰ ਛੋਟੇ ਬਣਾਉਣ ਦੀ ਪ੍ਰਕਿਰਿਆ ਹੈ।

ਉੱਤਰੀ ਕੋਰੀਆ ਦੇ ਦਾਅਵੇ ਮੁਤਾਬਕ ਉਹ ਪਰਮਾਣੂ ਹਥਿਆਰਾਂ ਦੇ ਮੁਕਾਬਲੇ ਕਈ ਗੁਣਾਂ ਸ਼ਕਤੀਸ਼ਾਲੀ ਛੋਟੇ ਹਾਈਡਰੋਜਨ ਹਥਿਆਰ ਬਣਾ ਚੁੱਕਾ ਹੈ।

ਉੱਤਰੀ ਕੋਰੀਆ, ਅਮਰੀਕਾ ਨੂੰ ਆਪਣਾ ਮੁੱਖ ਦੁਸ਼ਮਣ ਮੰਨਦਾ ਹੈ, ਪਰ ਦੱਖਣੀ ਕੋਰੀਆ ਅਤੇ ਜਪਾਨ ਵੀ ਇਸ ਦੇ ਰਾਕੇਟਾਂ ਦੇ ਨਿਸ਼ਾਨੇ ਉੱਤੇ ਹਨ, ਜਿੱਥੇ ਹਜ਼ਾਰਾਂ ਅਮਰੀਕੀ ਫ਼ੌਜੀ ਡੇਰਾ ਜਮਾਈ ਬੈਠੇ ਹਨ।

ਉੱਤਰ ਕੋਰੀਆ ਨੂੰ ਰੋਕਣ ਲਈ ਕੀ ਕੀਤਾ ਗਿਆ ਹੈ ?

ਉੱਤਰੀ ਕੋਰੀਆ ਨੂੰ ਕਾਬੂ ਕਰਨ ਲਈ ਉਸ ਨੂੰ ਮਾਲੀ ਮਦਦ ਦੇਣ ਬਾਰੇ ਸਮਝੌਤਿਆਂ ਦੀਆਂ ਕੋਸ਼ਿਸ਼ਾਂ ਵਾਰ-ਵਾਰ ਅਸਫ਼ਲ ਹੋਈਆਂ ਹਨ।

ਸੰਯੁਕਤ ਰਾਸ਼ਟਰ ਵੱਲੋਂ ਲਗਾਈਆਂ ਗਈਆਂ ਦਿਨੋਂ-ਦਿਨ ਸਖਤ ਹੁੰਦੀਆਂ ਪਾਬੰਦੀਆਂ ਦਾ ਅਸਰ ਬਹੁਤ ਥੋੜ੍ਹਾ ਹੈ।

ਉਸ ਦੇ ਇੱਕੋ ਇੱਕ ਸੱਚੇ ਸਾਥੀ ਚੀਨ ਨੇ ਵੀ ਉੱਤਰ ਕੋਰੀਆ ਉੱਤੇ ਆਰਥਿਕ ਅਤੇ ਕੂਟਨੀਤਕ ਦਬਾਅ ਪਾਇਆ ਹੈ ।

ਹੁਣ ਅਮਰੀਕਾ ਨੇ ਉਸ ਨੂੰ ਫ਼ੌਜੀ ਤਾਕਤ ਦੀ ਧਮਕੀ ਦਿੱਤੀ ਹੈ।

ਚਿਤਾਵਨੀ ਕਿੰਨੀ ਕੁ ਸਾਰਥਕ ?

ਇਹ ਸੰਕਟ ਕਈ ਸਾਲਾਂ ਤੋਂ ਅੰਦਰਖ਼ਾਤੇ ਧੁਖ ਰਿਹਾ ਹੈ ਤੇ ਹੁਣ ਨਵੇਂ ਪੱਧਰ 'ਤੇ ਪਹੁੰਚ ਚੁਕਿਆ ਹੈ। ਛੋਟੇ ਪਰਮਾਣੂ ਹਥਿਆਰ ਵਿਕਸਿਤ ਕਰਨਾ ਅਤੇ ਅਮਰੀਕਾ ਦੇ ਉਸ ਦੀ ਸਿਸਤ ਵਿਚ ਆਉਣ ਨਾਲ ਅਮਰੀਕਾ ਲਈ ਪਾਸਾ ਪੁੱਠਾ ਪੈ ਗਿਆ ਹੈ।

ਸਾਲ 2017 ਦੀਆਂ ਗਰਮੀਆਂ ਦੌਰਾਨ ਉੱਤਰੀ ਕੋਰੀਆ ਗੁਆਮ ਅਤੇ ਜਾਪਾਨ ਨੂੰ ਧਮਕਾ ਕੇ ਪਹਿਲਾਂ ਨਾਲੋਂ ਜਿਆਦਾ ਹਮਲਾਵਰ ਹੋਇਆ ਹੈ।

ਅਮਰੀਕਾ ਨੇ ਤਾਜ਼ਾ ਪ੍ਰੀਖਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਸਦਾ ਸਬਰ "ਅਸੀਮਤ ਨਹੀਂ" ਹੈ, ਜਦੋਂ ਕਿ ਉੱਤਰੀ ਕੋਰੀਆ ਦੀ ਜਲ ਸੈਨਾ ਨੇ ਵੀ ਪ੍ਰੀਖਣ ਕੀਤੇ ਹਨ।

ਹਾਲਾਂਕਿ ਕੁੜੱਤਣ ਪਹਿਲਾਂ ਨਾਲੋਂ ਜ਼ਿਆਦਾ ਵਧੀ ਹੈ, ਫ਼ਿਰ ਵੀ ਇਸ ਸੰਕਟ ਦਾ ਨਤੀਜਾ ਅਸਪੱਸ਼ਟ ਹੈ।

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)