ਪਾਕਿਸਤਾਨ ਨੂੰ ਅਰਬਾਂ ਡਾਲਰ ਦੇਣੇ ਅਮਰੀਕਾ ਦੀ ਬੇਵਕੂਫੀ: ਡੌਨਲਡ ਟਰੰਪ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਵੇਂ ਸਾਲ ਦੇ ਮੌਕੇ ਪਾਕਿਸਤਾਨ 'ਤੇ ਅੱਤਵਾਦ ਦੇ ਖਿਲਾਫ਼ ਲੜਾਈ ਵਿੱਚ ਝੂਠ ਬੋਲਣ ਤੇ ਧੋਖਾ ਦੇਣ ਦੇ ਇਲਜ਼ਾਮ ਲਾਏ ਹਨ।

ਅਮਰੀਕਾ ਦੀ ਸਰਕਾਰ ਵੱਲੋਂ ਅਗਸਤ ਵਿੱਚ ਪਾਕਿਸਤਾਨ ਨੂੰ 250 ਮਿਲੀਅਨ ਡਾਲਰਸ ਦੀ ਮਦਦ ਦਿੱਤੀ ਜਾਣੀ ਸੀ ਜੋ ਨਹੀਂ ਦਿੱਤੀ ਗਈ।

ਹੁਣ ਅਮਰੀਕੀ ਪ੍ਰਸ਼ਾਸਨ ਉਸ ਮਦਦ ਨੂੰ ਰੋਕਣ 'ਤੇ ਵਿਚਾਰ ਕਰ ਰਿਹਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਕਈ ਵਾਰ ਅੱਤਵਾਦ ਦੇ ਖਿਲਾਫ਼ ਲੜਾਈ ਲਈ ਮਦਦ ਦੀ ਗੁਹਾਰ ਕੀਤੀ ਜਾ ਚੁੱਕੀ ਹੈ।

'ਪਾਕਿਸਤਾਨ ਨੇ ਦਹਿਸ਼ਤਗਰਦਾਂ ਨੂੰ ਪਨਾਹ ਦਿੱਤੀ'

ਡੌਨਲਡ ਟਰੰਪ ਨੇ ਟਵਿੱਟਰ 'ਤੇ ਲਿਖਿਆ ਹੈ, "ਬੀਤੇ 15 ਸਾਲਾਂ ਵਿੱਚ ਪਾਕਿਸਤਾਨ ਨੂੰ 33 ਬਿਲੀਅਨ ਡਾਲਰਸ ਦੀ ਮਦਦ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਸਾਨੂੰ ਝੂਠ ਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਹ ਸਾਡੇ ਨੇਤਾਵਾਂ ਨੂੰ ਮੂਰਖ ਸਮਝਦੇ ਹਨ।''

ਉਨ੍ਹਾਂ ਅੱਗੇ ਕਿਹਾ, "ਜਿਨ੍ਹਾਂ ਅੱਤਵਾਦੀਆਂ ਖਿਲਾਫ਼ ਅਸੀਂ ਅਫ਼ਗਾਨਿਸਤਾਨ ਵਿੱਚ ਲੜਦੇ ਰਹੇ, ਪਾਕਿਸਤਾਨ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਤੇ ਸਾਡੀ ਬਹੁਤ ਘੱਟ ਮਦਦ ਕੀਤੀ। ਪਰ ਹੁਣ ਹੋਰ ਨਹੀਂ!''

ਇਸ ਦੇ ਜਵਾਬ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜਾ ਆਸਿਫ਼ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਜਲਦ ਟਰੰਪ ਦੇ ਟਵੀਟ ਦਾ ਜਵਾਬ ਦੇਣਗੇ।

ਟਰੰਪ ਦੇ ਇਸ ਟਵੀਟ 'ਤੇ ਸੋਸ਼ਲ 'ਤੇ ਲੋਕਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।

ਟਵਿੱਟਰ ਯੂਜ਼ਰ ਬਰਾਇਨ ਕਰਾਸੇਨਟੈਨ ਨੇ ਕਿਹਾ, "ਤੁਸੀਂ ਯੂਨਾਈਟਿਡ ਨੇਸ਼ਨ ਤੋਂ ਫੰਡ ਵਾਪਸ ਲੈ ਰਹੇ ਹੋ ਜੋ ਇਨ੍ਹਾਂ ਦਹਿਸ਼ਤਗਰਦਾਂ ਤੋਂ ਸੁਰੱਖਿਆ ਦੇਣ ਵਿੱਚ ਮਦਦ ਕਰਦਾ ਹੈ ਤੇ ਦੂਜੇ ਪਾਸੇ ਤੁਸੀਂ ਪਾਕਿਸਤਾਨ ਨੂੰ ਦੋਸ਼ੀ ਠਹਿਰਾ ਰਹੇ ਹੋ।''

ਇੱਕ ਯੂਜ਼ਰ ਜੌਏ ਮੈਨਾਰੀਨੋ ਨੇ ਕਿਹਾ ਹੈ ਕਿ ਅਮਰੀਕਾ ਨੂੰ ਹਰ ਤਰੀਕੇ ਦੇ ਮਦਦ ਬੰਦ ਕਰਨੀ ਚਾਹੀਦੀ ਹੈ, ਹੁਣ ਬਹੁਤ ਹੋ ਗਿਆ। ਅਮਰੀਕਾ ਨੂੰ ਵੀ ਜ਼ਰੂਰਤ ਹੈ।

ਜਾਵੇਰੀਆ ਸਿੱਦਕੀ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ਼ ਲੜਾਈ ਵਿੱਚ ਆਪਣੇ ਹਿੱਸੇ ਤੋਂ ਵੱਧ ਕੀਤਾ ਹੈ। ਹੁਣ ਅਮਰੀਕਾ ਦੀ ਬਾਰੀ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਹੋਰ ਕਰੇ ਜਿੱਥੇ ਉਹ ਕਈ ਮਿਲੀਅਨ ਡਾਲਰਸ ਲਾ ਕੇ ਵੀ ਜੰਗ ਹਾਰ ਚੁੱਕਾ ਹੈ।

ਰਾਹੁਲ ਮਹਿਤਾ ਨੇ ਕਿਹਾ ਹੈ, "ਇਹ ਚੰਗਾ ਕਦਮ ਹੈ ਜੋ ਅਮਰੀਕਾ ਨੂੰ ਕਈ ਸਾਲ ਪਹਿਲਾਂ ਚੁੱਕਣਾ ਚਾਹੀਦਾ ਸੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)