You’re viewing a text-only version of this website that uses less data. View the main version of the website including all images and videos.
ਬੀਬੀਸੀ ਵਿਸ਼ੇਸ਼: 'ਸਰਬਜੀਤ ਦੀ ਪਤਨੀ ਦੀ ਬਿੰਦੀ ਤੇ ਮੇਰਾ ਗਾਤਰਾ ਲਵਾਇਆ'
- ਲੇਖਕ, ਸਰਵਪ੍ਰਿਆ ਸਾਂਗਵਾਨ
- ਰੋਲ, ਬੀਬੀਸੀ ਪੱਤਰਕਾਰ
"ਮੇਰਾ ਗਾਤਰਾ ਲਹਾ ਕੇ ਜੁੱਤੀਆਂ ਰੱਖਣ ਵਾਲੀ ਥਾਂ 'ਤੇ ਰੱਖ ਦਿੱਤਾ ਸੀ ਜਦ ਕਿ ਮੈਂ ਚਾਹੁੰਦੀ ਸੀ ਕਿ ਉਸ ਨੂੰ ਕਿਸੇ ਉੱਚੀ ਥਾਂ ਰੱਖਾਂ। ਬਹਿਸ ਵੀ ਕੀਤੀ ਪਰ ਕੀ ਕਰਦੀ ਮੈਨੂੰ ਆਪਣੇ ਭਰਾ ਨਾਲ ਮਿਲਣਾ ਸੀ।"
ਕੁਲਭੂਸ਼ਣ ਜਾਧਵ ਦੇ ਪਰਿਵਾਰ ਦੇ ਨਾਲ ਪਾਕਿਸਤਾਨ 'ਚ ਹੋਈ ਬਦਸਲੂਕੀ ਨੂੰ ਦੇਖ ਕੇ ਸਰਬਜੀਤ ਸਿੰਘ ਦੀ ਭੈਣ ਦਲਜੀਤ ਕੌਰ ਨੇ ਆਪਣਾ ਤਜਰਬਾ ਸਾਂਝਾ ਕੀਤਾ।
ਦਲਜੀਤ ਕੌਰ ਸਰਬਜੀਤ ਦੀ ਪਤਨੀ ਅਤੇ ਦੋ ਧੀਆਂ ਨੂੰ ਲੈ ਕੇ ਸਾਲ 2008 'ਚ ਪਾਕਿਸਤਾਨ ਗਈ ਸੀ।
ਬਦਸਲੂਕੀ ਤਾਂ ਸ਼ੁਰੂ ਤੋਂ ਹੀ ਹੋ ਰਹੀ ਸੀ
"ਅਸੀਂ ਲਾਹੌਰ ਪਹੁੰਚੇ ਹੀ ਸੀ ਕਿ ਮੀਡੀਆ ਕਰਕੇ ਗੱਡੀ ਰੋਕਣੀ ਪਈ। ਮੀਡੀਆ ਵਾਲਿਆਂ ਨੇ ਗੱਡੀ ਦੀ ਖਿੜਕੀ ਤੱਕ ਖ਼ੁਦ ਹੀ ਖੋਲ ਲਈ ਸੀ। ਸਾਡਾ ਬੈਠਣਾ, ਖਾਣਾ, ਆਉਣਾ ਜਾਣਾ ਸਾਰਾ ਕੁਝ ਲਾਈਵ ਹੋ ਰਿਹਾ ਸੀ। ਬਦਸਲੂਕੀ ਤਾਂ ਇੱਥੋਂ ਹੀ ਸ਼ੁਰੂ ਹੋ ਗਈ ਸੀ।"
ਸਵੇਰ ਦੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਹ ਜੇਲ੍ਹ ਵਿੱਚ ਮਿਲਣ ਪਹੁੰਚੀ ਤਾਂ ਜਾਧਵ ਪਰਿਵਾਰ ਵਾਲਾ ਸਲੂਕ ਹੀ ਉਨ੍ਹਾਂ ਨਾਲ ਹੋਇਆ।
"ਜਦੋਂ ਅਸੀਂ ਮਿਲੇ ਸੀ ਤਾਂ ਉਨ੍ਹਾਂ ਦੇ ਕਈ ਸਾਰੇ ਅਧਿਕਾਰੀ, ਪੁਲਿਸ ਮੁਲਾਜ਼ਮ, ਆਈਐੱਸਆਈ ਅਤੇ ਬਾਕੀ ਇੰਟੈਲੀਜੈਂਸ ਦੇ ਲੋਕ ਉੱਥੇ ਮੌਜੂਦ ਸਨ।
ਸਾਡੇ ਜੂੜੇ ਖੁਲਵਾਏ ਗਏ ਸਨ। ਸਰਬਜੀਤ ਦੀਆਂ ਕੁੜੀਆਂ ਦੀਆਂ ਗੁੱਤਾਂ ਖੁਲਵਾਈਆਂ ਗਈਆਂ ਸਨ। ਸਰਬਜੀਤ ਦੀ ਪਤਨੀ ਦੀ ਬਿੰਦੀ ਦੀ ਲਵਾਈ ਗਈ ਸੀ, ਰੁਮਾਲ ਨਾਲ ਸਿੰਦੂਰ ਤੱਕ ਪੂੰਜਿਆ ਗਿਆ ਸੀ।"
"ਮੈਂ ਕਿਹਾ ਕਿ ਸਾਡੇ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਮੇਰਾ ਗਾਤਰਾ ਲਵਾ ਕੇ ਜੁੱਤੀਆਂ ਰੱਖਣ ਵਾਲੀ ਥਾਂ 'ਤੇ ਰੱਖ ਦਿੱਤਾ ਸੀ ਜਦ ਕਿ ਮੈਂ ਚਾਹੁੰਦੀ ਸੀ ਕਿ ਉਸ ਨੂੰ ਕਿਸੇ ਉੱਚੇ ਥਾਂ ਰੱਖਾ। ਬਹਿਸ ਵੀ ਕੀਤੀ ਪਰ ਕੀ ਕਰਦੀ ਮੈਨੂੰ ਆਪਣੇ ਭਰਾ ਨਾਲ ਮਿਲਣਾ ਸੀ।"
ਦਲਜੀਤ ਕੌਰ ਦੱਸਦੀ ਹੈ ਕਿ ਉਨ੍ਹਾਂ ਨੇ ਉਦੋਂ ਦੀ ਮਨਮੋਹਨ ਸਰਕਾਰ ਨੂੰ ਹਰ ਬਦਸਲੂਕੀ ਬਾਰੇ ਦੱਸਿਆ ਪਰ ਕਿਸੇ ਨੇ ਪਾਕਿਸਤਾਨ ਨਾਲ ਕੋਈ ਵੀ ਇਤਰਾਜ਼ ਜ਼ਾਹਿਰ ਨਹੀਂ ਕੀਤਾ ਸੀ।
ਜਾਧਵ ਪਰਿਵਾਰ ਨੂੰ ਤਾਂ ਫਿਰ ਵੀ 22 ਮਹੀਨਿਆਂ ਵਿੱਚ ਮਿਲਣ ਦਾ ਮੌਕਾ ਮਿਲ ਗਿਆ ਪਰ ਅਸੀਂ ਤਾਂ 18 ਸਾਲ ਬਾਅਦ ਸਰਬਜੀਤ ਨੂੰ ਮਿਲ ਸਕੇ ਸੀ।
ਪਾਕਿਸਤਾਨੀ ਮੀਡੀਆ ਨੇ ਧੀਆਂ ਨੂੰ ਵੀ ਨਹੀਂ ਸੀ ਬਖ਼ਸ਼ਿਆ
"ਮਿਲ ਕੇ ਵਾਪਸ ਆਏ ਤਾਂ ਮੀਡੀਆ ਵਾਲੇ ਪੁੱਛਣ ਲੱਗੇ ਤੁਸੀਂ ਕਾਤਲ ਨੂੰ ਮਿਲ ਕੇ ਆਏ ਹੋ। ਸਰਬਜੀਤ ਦੀ ਛੋਟੀ ਧੀ ਪੂਨਮ ਨੂੰ ਪੁੱਛਿਆ ਗਿਆ ਕਿ ਤੇਰੇ ਪਾਪਾ ਦਹਿਸ਼ਤਗਰਦ ਹਨ, ਅੱਤਵਾਦੀ ਹਨ ਤਾਂ ਸਕੂਲ ਵਿੱਚ ਬੱਚੇ ਕਿਵੇਂ ਦਾ ਵਤੀਰਾ ਕਰਦੇ ਹਨ। ਲੋਕ ਤੈਨੂੰ ਕਿਸ ਨਜ਼ਰ ਨਾਲ ਦੇਖਦੇ ਹਨ। ਪਾਕਿਸਤਾਨੀ ਮੀਡੀਆ ਨੇ ਸਾਨੂੰ ਵੀ ਕਿੱਥੇ ਬਖ਼ਸ਼ਿਆ ਸੀ।"
ਦਲਜੀਤ ਕਹਿੰਦੀ ਹੈ ਕਿ ਉਹ ਸਮਝ ਸਕਦੀ ਹੈ ਕਿ ਪਹਿਲਾਂ ਉਨ੍ਹਾਂ ਨੂੰ ਲੱਗਾ ਸੀ ਕਿ ਸ਼ਾਇਦ ਜਾਧਵ ਪਰਿਵਾਰ ਨਾਲ ਅਜਿਹਾ ਸਲੂਕ ਨਹੀਂ ਹੋਵੇਗਾ ਕਿਉਂਕਿ ਇਸ ਵਾਰ ਭਾਰਤ ਦਾ ਵਿਦੇਸ਼ ਮੰਤਰਾਲਾ ਨਾਲ ਗਿਆ ਹੈ।
ਪਰ ਉਨ੍ਹਾਂ ਨਾਲ ਵੀ ਇਹੀ ਸਲੂਕ ਵੇਖ ਕੇ ਸਮਝ ਸਕਦੀ ਹਾਂ ਕਿ ਉਨ੍ਹਾਂ 'ਤੇ ਕੀ ਬੀਤੀ ਹੋਵੇਗੀ।
"ਸਾਨੂੰ ਬਸ 48 ਮਿੰਟ ਹੀ ਮਿਲਣ ਦਿੱਤਾ ਗਿਆ ਸੀ, ਜਿਸ ਵਿੱਚ ਅੱਧਾ ਘੰਟਾ ਤਾਂ ਅਸੀਂ ਰੌਂਦੇ ਹੀ ਰਹੇ। ਸਰਬਜੀਤ ਦੀ ਹਾਲਤ ਦੇਖ ਦਿਲ ਵੀ ਘਬਰਾ ਗਿਆ ਸੀ। ਫਰਕ ਇਨਾਂ ਸੀ ਕਿ ਇਨ੍ਹਾਂ ਵਿਚਾਲੇ ਸ਼ੀਸ਼ੇ ਦੀ ਕੰਧ ਸੀ ਅਤੇ ਸਾਡੇ ਵਿਚਾਲੇ ਕਾਲ ਕੋਠਰੀ ਦੀਆਂ ਸਲਾਖਾਂ ਸਨ।"
"ਜਾਧਵ ਪਰਿਵਾਰ 'ਤੇ ਜੋ ਬੀਤੀ ਉਹ ਮੈਂ ਚੰਗੀ ਤਰ੍ਹਾਂ ਨਾਲ ਸਮਝ ਸਕਦੀ ਹਾਂ। ਜਿਵੇਂ ਮੈਂ ਸੋਚ ਕੇ ਗਈ ਸੀ ਕਿ ਭਰਾ ਨੂੰ ਗਲੇ ਲਾ ਲਗਾਵਾਂਗੀ। ਉਸ ਦਾ ਮੱਥਾ ਚੁੰਮ ਸਕਾਂਗੀ, ਅਜਿਹਾ ਹੀ ਉਸ ਦੀ ਮਾਂ ਨੇ ਸੋਚਿਆ ਹੋਵੇਗਾ। ਮੇਰੀ ਭਾਬੀ ਨੇ ਜਿਵੇਂ ਸੋਚਿਆ ਸੀ ਕਿ ਉਹ ਹੱਥ ਫੜ੍ਹ ਕੇ ਪੁੱਛ ਸਕੇਗੀ ਕਿ ਕਿਵੇਂ ਹੋ, ਉਸ ਦੀ ਪਤਨੀ ਨੇ ਵੀ ਇਹੀ ਸੋਚਿਆ ਹੋਵੇਗਾ।"
'ਗੱਲ ਜੋ ਮੈਂ ਮਰਦੇ ਦਮ ਤੱਕ ਨਹੀਂ ਭੁੱਲ ਸਕਾਂਗੀ'
ਦਲਜੀਤ ਕਹਿੰਦੀ ਹੈ ਕਿ ਪਾਕਿਸਤਾਨ ਮੁਲਾਕਾਤ ਦੀਆਂ ਤਸਵੀਰਾਂ ਨੂੰ ਜਾਣਬੁੱਝ ਕੇ ਜਾਰੀ ਕਰ ਰਿਹਾ ਹੈ, ਜਿਵੇਂ ਕਿ ਸਰਬਜੀਤ ਵੇਲੇ ਹੋਇਆ ਸੀ।
ਦਲਜੀਤ ਮੁਤਾਬਕ, "ਗੁਰਦੁਆਰੇ ਵਿੱਚ ਲੰਗਰ ਖਾਣ ਵੇਲੇ ਵੀ ਸਾਡੇ ਪਰਿਵਾਰ ਦੇ ਹਰੇਕ ਵਿਅਕਤੀ ਨਾਲ ਉਨ੍ਹਾਂ ਦਾ ਇੱਕ ਅਧਿਕਾਰੀ ਬੈਠਦਾ ਸੀ। ਉਸ ਵੇਲੇ ਇਹ ਤਸਵੀਰਾਂ ਸਾਹਮਣੇ ਨਹੀਂ ਆਈਆਂ ਅਤੇ ਨਾ ਹੀ ਪਾਕਿਸਤਾਨ ਨੇ ਜਾਰੀ ਕੀਤੀਆਂ ਕਿਉਂਕਿ ਸਾਡਾ ਕੇਸ ਤਾਂ ਸਿਰਫ ਪਾਕਿਤਸਤਾਨ ਦੀ ਅਦਾਲਤ ਵਿੱਚ ਸੀ।"
"ਪਰ ਜਾਧਵ ਦੇ ਕੇਸ 'ਚ ਤਾਂ ਉਹ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਦੇਖੋ ਅਸੀਂ ਇੱਕ ਹਿੰਦੁਸਤਾਨੀ ਅੱਤਵਾਦੀ ਨੂੰ ਫੜਿਆ ਸੀ ਪਰ ਫਿਰ ਵੀ ਮਿਲਣ ਦਿੱਤਾ।"
ਦਲਜੀਤ ਆਖ਼ਰ 'ਚ ਭਾਵੁਕ ਹੁੰਦਿਆਂ ਕਹਿੰਦੀ ਹੈ ਕਿ ਭਰਾ ਨਾਲ ਮੁਲਾਕਾਤ ਦੀ ਇੱਕ ਗੱਲ ਉਨ੍ਹਾਂ ਨੂੰ ਵਾਰ ਵਾਰ ਚੇਤੇ ਆਉਂਦੀ ਹੈ।
"ਜਦ ਅਸੀਂ ਉਸ ਨੂੰ ਖਾਣਾ ਦੇਣਾ ਚਾਹਿਆ ਤਾਂ ਉਸ ਨੇ ਇੱਕ ਕੌਲਾ ਸਾਡੇ ਅੱਗੇ ਕਰ ਦਿੱਤਾ। ਬਸ ਉਹ ਦੇਖ ਕੇ ਮੇਰਾ ਕਲੇਜਾ ਪਾਟ ਗਿਆ। ਇਹ ਗੱਲ ਮੈਂ ਮਰਦੇ ਦਮ ਤੱਕ ਨਹੀਂ ਭੁੱਲ ਸਕਾਂਗੀ।"
ਸਰਬਜੀਤ ਦੀ ਲਾਹੌਰ ਜੇਲ 'ਚ ਮੌਤ
ਸਰਬਜੀਤ ਸਿੰਘ ਨੂੰ 1990 'ਚ ਲਾਹੌਰ ਅਤੇ ਫੈਸਲਾਬਾਦ 'ਚ ਹੋਏ ਬੰਬ ਧਮਾਕਿਆਂ ਲਈ ਪਾਕਿਸਤਾਨ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਦਿੱਤੀ ਸੀ।
ਪਾਕਿਸਤਾਨ ਮੁਤਾਬਕ 2013 'ਚ ਉਨ੍ਹਾਂ 'ਤੇ ਜੇਲ 'ਚ ਸਾਥੀ ਕੈਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਦੇ 6 ਦਿਨ ਬਾਅਦ 2 ਮਈ 2013 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।