ਕਿਵੇਂ ਅੰਗ ਦਾਨ ਲਈ ਜਨਮ ਲਵੇਗੀ ਇਹ ਬੱਚੀ

ਗਰਭ ਵਿੱਚ ਪਲ ਰਹੀ ਬੱਚੀ ਬਚ ਨਹੀਂ ਸਕੇਗੀ ਪਰ ਉਮੀਦ ਹੈ ਉਸਦੇ ਅੰਗ ਹੋਰਾਂ ਨੂੰ ਜ਼ਿੰਦਗੀ ਦੇਣਗੇ।

ਇਹ ਜਾਣਦੇ ਹੋਏ ਕਿ ਇਸਦੀ ਅਣਜੰਮੀ ਧੀ ਸ਼ਾਇਦ ਜਣੇਪੇ ਦੌਰਾਨ ਹੀ ਮਰ ਜਾਵੇ, ਇਸ ਮਾਂ ਨੇ ਫ਼ੈਸਲਾ ਲਿਆ ਹੈ ਕਿ ਉਹ ਇਸ ਨੂੰ ਜਨਮ ਦੇਵੇਗੀ ਤਾਂ ਕਿ ਉਸ ਦੇ ਟਿਸ਼ੂ ਦਾਨ ਕਰਕੇ ਹੋਰ ਜਾਨਾਂ ਬਚਾਈਆਂ ਜਾ ਸਕਣ।

ਦੁਰਲੱਭ ਜਮਾਂਦਰੂ ਰੋਗ

ਹਾਰਲੇ ਮਾਰਟਿਨ ਨੂੰ 20ਵੇਂ ਹਫ਼ਤੇ ਦੀ ਸਕੈਨਿੰਗ ਦੌਰਾਨ ਇਹ ਪਤਾ ਲੱਗਿਆ ਕਿ ਉਸ ਦੀ ਕੁੱਖ ਵਿੱਚ ਪਲ ਰਹੀ ਬੱਚੀ ਨੂੰ ਇੱਕ ਦੁਰਲੱਭ ਜਮਾਂਦਰੂ ਰੋਗ ਹੈ ਜਿਸ ਕਰਕੇ ਉਹ ਜਾਂ ਤਾਂ ਜਣੇਪੇ ਦੌਰਾਨ ਜਾਂ ਇਸਦੇ ਕੁੱਝ ਪਲਾਂ ਵਿੱਚ ਹੀ ਮਰ ਜਾਵੇਗੀ।

ਮਾਰਟਿਨ ਨੇ ਸਥਾਨਕ ਆਈਟੀਵੀ ਨੂੰ ਦੱਸਿਆ ਕਿ ਉਹ ਆਪਣੀ ਬੱਚੀ ਦੇ ਦਿਲ ਦੇ ਟਿਸ਼ੂ ਦਾਨ ਕਰ ਸਕਣਗੇ।

ਇਹ ਜੋੜਾ ਇੰਗਲੈਂਡ ਦੇ ਈਸਟ ਯੋਰਕਸ਼ਾਇਰ ਦੇ ਸ਼ਹਿਰ ਹੱਲ ਦਾ ਵਸਨੀਕ ਹੈ।

ਤਿੰਨ ਬੱਚਿਆਂ ਦੇ ਮਾਪਿਆਂ ਮਾਰਟਿਨ ਤੇ ਸਕੌਟ ਨੂੰ ਸਕੈਨ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦੀ ਬੱਚੀ ਦੇ ਇੱਕ ਜਾਂ ਦੋਵੇਂ ਗੁਰਦੇ ਨਹੀਂ ਹਨ ਅਤੇ ਫ਼ੇਫੜਿਆਂ ਵਿੱਚ ਵੀ ਨੁਕਸ ਹੈ।

ਡਾਕਟਰਾਂ ਨੇ ਜੋੜੇ ਨੂੰ ਗਰਭਪਾਤ ਬਾਰੇ ਸੋਚਣ ਲਈ ਕੁੱਝ ਦਿਨ ਦਾ ਸਮਾਂ ਦਿੱਤਾ ਸੀ ਪਰ ਮਾਰਟਿਨ ਨੇ ਬੱਚੀ ਨੂੰ ਜਨਮ ਦੇਣ ਦਾ ਫ਼ੈਸਲਾ ਲਿਆ।

ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਬੱਚੀ ਨੂੰ ਲੋੜਵੰਦਾਂ ਦੀ ਮਦਦ ਲਈ ਜਨਮ ਦੇਣ ਦਾ ਫ਼ੈਸਲਾ ਲਿਆ ਉਨ੍ਹਾਂ ਲੋੜਵੰਦਾਂ ਲਈ ਜਿਨ੍ਹਾਂ ਨੂੰ ਟਰਾਂਸਪਲਾਂਟ ਦੀ ਉਡੀਕ ਹੈ।

ਜਿੰਨਾ ਬੱਚ ਜਾਵੇ ਉਹੀ ਚੰਗਾ

ਟੀਵੀ ਸ਼ੋਅ ਨੂੰ ਮਾਰਟਿਨ ਨੇ ਦੱਸਿਆ ਬੱਚੀ ਦੇ ਦਿਲ ਦੇ ਵਾਲਵਾਂ ਨੂੰ ਦਸ ਸਾਲ ਤੱਕ ਸੁਰਖਿਅਤ ਰਖਿਆ ਜਾ ਸਕੇਗਾ।

"ਕੁੱਝ ਵੀ ਨਾ ਹੋਣ ਨਾਲੋਂ ਕੁੱਝ ਤਾਂ ਚੰਗਾ ਹੈ। ਮੈਨੂੰ ਪਤਾ ਹੈ ਕਿ ਉਹ ਪੂਰੇ ਅੰਗ ਦਾਨ ਨਹੀਂ ਕਰ ਸਕਦੀ ਪਰ ਟਿਸ਼ੂਆਂ ਦਾ ਵੀ ਆਪਣਾ ਮੁੱਲ ਹੈ।"

ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ

ਐਨਐਚਐਸ ਦੀ ਔਰਗਨ ਡੋਨੇਸ਼ਨ ਤੇ ਟਰਾਂਸਪਲਾਂਟ ਨਰਸ, ਐਨਜੀ ਸਕੇਲਸ ਨੇ ਦੱਸਿਆ ਕਿ ਇੰਗਲੈਂਡ ਵਿੱਚ ਹਰ ਸਾਲ 10 ਤੋਂ 15 ਪਰਿਵਾਰ ਆਪਣੇ ਅਣਜੰਮੇ ਬੱਚਿਆਂ ਦੇ ਅੰਗਦਾਨ ਬਾਰੇ ਪੁੱਛਦੇ ਹਨ ਪਰ ਇਹ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ। ਇਸ ਲਈ ਇਹ ਘੱਟ ਹੀ ਹੁੰਦੀਆਂ ਹਨ।

ਨਰਸ ਨੇ ਅੱਗੇ ਦੱਸਿਆ ਕਿ ਰੋਜ਼ਾਨਾ ਦਸ ਵਿਅਕਤੀ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹੁੰਦੇ ਹਨ ਟਰਾਂਸਪਲਾਂਟ ਦੀ ਉਡੀਕ ਵਿੱਚ ਦਮ ਤੋੜ ਦਿੰਦੇ ਹਨ।

ਚੈਰਟੀ ਸੰਸਥਾ ਨੇ ਕੀਤਾ ਸਹਿਯੋਗ

ਜੋੜੇ ਨੇ ਦੱਸਿਆ ਕਿ ਲੀਡਸ ਨਾਮਕ ਚੈਰਟੀ ਸੰਸਥਾ ਵੱਲੋਂ ਮਿਲੇ ਸਹਿਯੋਗ ਸਦਕਾ ਉਨ੍ਹਾਂ ਨੂੰ ਆਪਣੀ ਅਣਜੰਮੀ ਧੀ ਨਾਲ ਜੁੜਨ ਵਿੱਚ ਮਦਦ ਮਿਲੀ।

ਸੰਸਥਾ ਨੇ ਭਰੂਣ ਦਾ ਲਿੰਗ ਨਿਰਧਾਰਿਤ ਕਰਨ ਲਈ ਖੂਨ ਦੀ ਜਾਂਚ ਅਤੇ ਬੱਚੀ ਦੇ ਜਨਮ 'ਤੇ ਪਾਉਣ ਵਾਲੇ ਕੱਪੜਿਆਂ ਲਈ ਫੰਡ ਦਿੱਤੇ।

ਮਾਰਟਿਨ ਜੋੜੇ ਦਾ ਕਹਿਣਾ ਹੈ ਕਿ ਉਹ ਆਪਣੀ ਬੱਚੀ ਦੀ ਯਾਦ ਵਿੱਚ ਵੀ ਇੱਕ ਚੈਰਿਟੀ ਪ੍ਰੋਜੈਕਟ ਸ਼ੁਰੂ ਕਰਨਗੇ।

ਮਾਰਟਿਨ ਨੇ ਕਿਹਾ, "ਇਹ ਕੋਈ ਸੌਖਾ ਫ਼ੈਸਲਾ ਨਹੀਂ ਸੀ ਪਰ ਇਹ ਸਹੀ ਫ਼ੈਸਲਾ ਸੀ ਤੇ ਇਸ ਨਾਲ ਮੈਨੂੰ ਸਦਮੇਂ ਵਿੱਚੋਂ ਨਿਕਲਣ ਵਿੱਚ ਸਹਾਇਤਾ ਮਿਲੀ ਹੈ।"

"ਉਸਦਾ ਕੁੱਝ ਅੰਸ਼ ਜਿਉਂਦਾ ਰਹੇਗਾ। ਉਹ ਸਾਨੂੰ ਛੱਡ ਕੇ ਚਲੀ ਨਹੀਂ ਜਾਵੇਗੀ। ਉਹ ਕਿਸੇ ਹੋਰ ਵਿੱਚ ਜਿਉਂਦੀ ਰਹੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)