ਸੋਸ਼ਲ: ਜੋੜ-ਮੇਲ 'ਤੇ ਸਿਆਸੀ ਕਾਨਫ਼ਰੰਸ ਨਾ ਕਰਨ ਦੇ 'ਆਪ' ਦੇ ਐਲਾਨ ਦਾ ਪੋਸਟਮਾਰਟਮ

ਆਮ ਆਦਮੀ ਪਾਰਟੀ ਆਗੂ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਆਪਣੇ ਫ਼ੇਸਬੁੱਕ ਅਕਾਊਂਟ ਉੱਤੇ ਇੱਕ ਸਟੇਟਸ ਵਿੱਚ ਲਿਖਿਆ ਕਿ ਉਨ੍ਹਾਂ ਦੀ ਪਾਰਟੀ ਨਾ ਤਾਂ ਇਸ ਵਾਰ ਤੇ ਨਾ ਹੀ ਭਵਿੱਖ ਵਿੱਚ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲਿਆਂ 'ਤੇ ਸਿਆਸੀ ਕਾਨਫ਼ਰੰਸਾਂ ਕਰੇਗੀ।

ਇਹ ਫ਼ੈਸਲਾ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਬਿਨਾਂ ਸਿਆਸੀ ਰੰਗਤ ਤੋਂ ਸ਼ਰਧਾਂਜਲੀ ਦੇਣ ਦੇ ਇਰਾਦੇ ਨਾਲ ਕੀਤਾ ਗਿਆ ਹੈ।

ਖ਼ਬਰ ਲਿਖੇ ਜਾਣ ਤੱਕ ਇਹ ਪੋਸਟ 523 ਵਾਰ ਸਾਂਝੀ ਕੀਤੀ ਜਾ ਚੁੱਕੀ ਹੈ ਜਦ ਕਿ ਕੋਈ ਸੱਤ ਹਜ਼ਾਰ ਲੋਕਾਂ ਤੇ ਇਸ ਉੱਪਰ ਪ੍ਰਤੀਕਿਰਿਆ ਦਿੱਤੀ ਹੈ।

ਲੋਕ ਇਸ ਦਾ ਸਵਾਗਤ ਕਰ ਰਹੇ ਹਨ ਤੇ ਲੰਘੀਆਂ ਸਥਾਨਕ ਸਰਕਾਰਾਂ ਬਾਰੇ ਚੋਣਾਂ ਵਿੱਚ ਹੋਈ ਪਾਰਟੀ ਦੀ ਗਤ ਨਾਲ ਇਸ ਫ਼ੈਸਲੇ ਨੂੰ ਜੋੜ ਕੇ ਚਟਕਾਰੇ ਵੀ ਲੈਂਦੇ ਦਿਖੇ।

ਕਈ ਲੋਕਾਂ ਨੇ ਇਨ੍ਹਾਂ ਦਿਨਾਂ ਦੌਰਾਨ ਸ਼ਰਾਬ ਦੇ ਠੇਕੇ ਵੀ ਬੰਦ ਕਰਵਾਉਣ ਦੀ ਗੱਲ ਕੀਤੀ।

ਭਗਵੰਤ ਮਾਨ ਦੇ ਸਟੇਟਸ ਤੋਂ ਬਾਅਦ ਹਰਵਿੰਦਰ ਰਾਣੂ ਨੇ ਕਿਹਾ ਕਿ ਲੋਕਾਂ ਨੇ ਆਉਣਾ ਵੀ ਨਹੀਂ ਸੀ ਸੋ ਚੰਗਾ ਹੋਇਆ ਕੁਰਸੀਆਂ ਦਾ ਕਿਰਾਇਆ ਬਚੇਗਾ ਜਦ ਕਿ ਹਾਕਮ ਸਿੰਘ ਸਹੋਤਾ ਨੇ 2 ਅਕਤੂਬਰ ਦੀ ਤਰਜ਼ 'ਤੇ ਸਾਹਿਬਜਾਦਿਆਂ ਦੀ ਸਹੀਦੀ ਵਾਲੇ ਦਿਨ ਵੀ ਸ਼ਰਾਬ ਦੇ ਠੇਕੇ ਬੰਦ ਕਰਉਣ ਦੀ ਮੰਗ ਕੀਤੀ।

ਆਰਐੱਸ ਢਿਲਵਾਂ ਨੇ ਲਿਖਿਆ ਕਿ ਇਸ ਦਾ ਮਤਲਬ ਕਿ ਪਹਿਲਾਂ ਤੁਸੀਂ ਸਿਆਸਤ ਕਰਦੇ ਸੀ? ਜਦ ਕਿ ਰਾਜਿੰਦਰ ਸਿੰਘ ਨੇ ਕਿਹਾ ਕਿ, ਜਾਣਾ ਵੀ ਕੀਹਨੇ ਸੀ?

ਹਰਹੁਕਮ ਸਿੰਘ ਨੇ ਲਿਖਿਆ ਕਿ ਹੁਣ ਵੋਟਾਂ ਨੇੜੇ ਨਾ ਹੋਣ ਕਰਕੇ ਇਨ੍ਹਾਂ ਨੂੰ ਕਾਨਫ਼ਰੰਸ ਕਰੇ ਦਾ ਫ਼ਾਇਦਾ ਵੀ ਨਹੀਂ ਸੀ।

ਅਮਨ ਢਿੱਲੋਂ ਦੋਹਾ ਨੇ ਲਿਖਿਆ ਕਿ ਇੱਕਠੇ ਹੋਣਾ ਨਹੀਂ ਤੇ ਬਹਾਨਾ ਸ਼ਹੀਦੀ ਦਾ ਬਣਾ ਦਿੱਤਾ। ਲਵਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਕੀਮ ਨਾਲ ਸਿਆਸਤ ਕਰ ਤਾਂ ਲਈਆਂ।

ਬਹੁਤੇ ਲੋਕ ਭਗਵੰਤ ਮਾਨ ਦੇ ਇਸ ਐਲਾਨ ਦਾ ਸਵਾਗਤ ਹੀ ਕਰਦੇ ਨਜ਼ਰ ਆਏ। ਜਗਦੀਪ ਓਟਾਲ, ਦਿਲਬਾਗ ਸਿੰਘ ਕਿੰਗਰਾ ਤੇ ਜੱਸੀ ਮਰਾਉਲੀ ਨੇ ਇਸ ਲਈ ਮਾਨ ਦਾ ਧੰਨਵਾਦ ਕੀਤਾ ਅਤੇ ਇਹ ਫ਼ੈਸਲਾ ਭਵਿੱਖ ਵਿੱਚ ਵੀ ਕਾਇਮ ਰਹਿਣ ਦੀ ਉਮੀਦ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)