ਪ੍ਰੈਸ ਰੀਵਿਊ꞉ ਕਿਸ ਨੂੰ ਹੈ ਵਿਰਾਟ ਕੋਹਲੀ ਦੀ ਦੇਸ਼ ਭਗਤੀ 'ਤੇ ਸ਼ੱਕ?

ਮੱਧ ਪ੍ਰਦੇਸ਼ ਦੇ ਭਾਜਪਾ ਵਿਧਾਇਕ ਨੇ ਜਿੱਥੇ ਵਿਰਾਟ ਕੋਹਲੀ ਦੀ ਦੇਸ਼ ਭਗਤੀ ਉੱਪਰ ਸਵਾਲ ਚੁੱਕੇ ਹਨ ਉੱਥੇ ਹੀ ਪਾਕਿਸਤਾਨ ਦੇ ਸਿੱਖਾਂ ਦੀ ਧਾਰਮਿਕ ਆਜਾਦੀ ਤੋਂ ਲੈ ਕੇ ਕਨੇਡਾ ਦੇ ਸਿੱਖ ਲੀਡਰ ਦੇ ਰੋਕੇ ਦੀਆਂ ਵਧਾਈਆਂ ਤੱਕ ਪ੍ਰਮੁੱਖ ਅਖ਼ਬਾਰਾਂ ਦੀਆਂ ਖ਼ਬਰਾਂ ਉੱਤੇ ਇੱਕ ਝਾਤ।

ਇਟਲੀ ਵਿੱਚ ਵਿਆਹ ਕਰਵਾਉਣ ਮਗਰੋਂ ਕੋਹਲੀ ਦੀ ਦੇਸ਼ ਭਗਤੀ ਤੇ ਸਵਾਲ꞉

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਮੱਧ ਪ੍ਰਦੇਸ਼ ਦੇ ਗੁਨਾ ਤੋਂ ਵਿਧਾਨ ਸਭਾ ਮੈਂਬਰ, ਪੰਨਾ ਲਾਲ ਸ਼ਕਿਆ ਨੇ ਕਿਹਾ,ਕਿ ਇਟਲੀ ਦੀਆਂ ਡਾਂਸਰਾਂ ਭਾਰਤ ਵਿੱਚ ਆ ਕੇ ਪੈਸੇ ਕਮਾਉਂਦੀਆਂ ਹਨ ਤੇ ਤੁਸੀਂ ਦੇਸ ਦਾ ਪੈਸਾ ਉੱਥੇ ਲਿਜਾ ਰਹੇ ਹੋ। ਤੁਸੀਂ ਦੇਸ ਨੂੰ ਕੀ ਦਿਉਂਗੇ?

ਗੁਨਾ ਵਿੱਚ ਇੱਕ ਸਕਿਲ ਇੰਡੀਆ ਸੈਂਟਰ ਦੇ ਉਤਘਟਨ ਮੌਕੇ ਇਸ ਭਾਜਪਾ ਵਿਧਾਇਕ ਨੇ ਇਹ ਇਹ ਗੱਲਾਂ ਕਹੀਆਂ। ਅੱਗੇ ਗੱਲ ਜਾਰੀ ਰੱਖਦਿਆਂ ਉਨ੍ਹਾਂ ਨੇ ਕਿਹਾ, "ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਵਿਕਰਮਾਦਿੱਤਿਆ, ਯੁਧਿਸ਼ਟਰ ਨੇ ਇਸ ਧਰਤੀ ਤੇ ਵਿਆਹ ਕਰਵਾਏ। ਤੁਹਾਨੂੰ ਵੀ ਸਾਰਿਆਂ ਨੂੰ ਇੱਥੇ ਹੀ ਵਿਆਹ ਕਰਾਉਣੇ ਚਾਹੀਦੇ ਹਨ।... (ਕੋਹਲੀ) ਨੇ ਇੱਥੋਂ ਪੈਸੇ ਕਮਾਏ ਤੇ ਅਰਬਾਂ ਰੁਪਏ ਉੱਥੇ ਖਰਚ ਦਿੱਤੇ..(ਉਸ) ਨੂੰ ਇਸ ਦੇਸ ਦੀ ਭੋਰਾ ਇਜ਼ਤ ਨਹੀਂ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਦੇਸ ਭਗਤ ਨਹੀਂ ਹੈ।"

ਮਨੀਸ ਸਿਸੋਦੀਆ ਬਣੇ ਪੰਜਾਬ ਵਿੱਚ 'ਆਪ' ਦੇ ਇੰਚਾਰਜ꞉

ਆਪ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਪੰਜਾਬ ਦੇ ਇੰਚਾਰਜ ਲਾਏ ਜਾਣ ਨੂੰ ਦ ਟ੍ਰਬਿਊਨ ਨੇ ਆਪਣੇ ਮੁੱਖ ਪੰਨੇ 'ਤੇ ਥਾਂ ਦਿੱਤੀ ਹੈ। ਸੂਬੇ ਦੀਆਂ ਮਿਊਂਸੀਪਲ ਚੋਣਾਂ ਵਿੱਚ ਹੋਏ ਮੰਦੇ ਹਾਲ ਮਗਰੋਂ ਹੋਈ ਪਾਰਟੀ ਦੀ ਸਿਆਸੀ ਮਸਲਿਆਂ ਬਾਰੇ ਕਮੇਟੀ ਦੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ।

ਜ਼ਿਕਰਯੋਗ ਹੈ ਕਿ ਇਹ ਅਹੁਦਾ ਅਪ੍ਰੈਲ ਵਿੱਚ ਸੰਜੇ ਸਿੰਘ ਦੇ ਅਸਤੀਫ਼ੇ ਮਗਰੋਂ ਖਾਲੀ ਪਿਆ ਸੀ ਜਦਕਿ ਹਾਲੀਆ ਚੋਣਾਂ ਵਿੱਚ ਪਾਰਟੀ ਸਿਰਫ਼ ਆਪਣੇ ਵਿਧਾਇਕ ਸੁਖਪਾਲ ਖਹਿਰਾ ਦੇ ਹਲਕੇ ਵਿੱਚ ਇੱਕ ਵਾਰਡ ਵਿੱਚ ਹੀ ਜਿੱਤ ਦਰਜ ਕਰ ਸਕੀ।

ਜਗਮੀਤ ਸਿੰਘ ਫ਼ੈਸ਼ਨ ਡਿਜ਼ਾਈਨਰ ਨਾਲ ਵਿਆਹ ਰਚਾਉਣਗੇ꞉

ਹਿੰਦੁਸਤਾਨ ਟਾਈਮਜ਼ ਨੇ ਕਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਹਾਲ ਹੀ ਵਿੱਚ ਬਣੇ ਆਗੂ ਜਗਮੀਤ ਸਿੰਘ ਦੇ ਫ਼ੈਸ਼ਨ ਡਿਜ਼ਾਈਨਰ ਗੁਰਕਿਰਨ ਕੌਰ ਸਿੱਧੂ ਨਾਲ ਵਿਆਹ ਰਚਾਉਣ ਦੀ ਖ਼ਬਰ ਨੂੰ ਥਾਂ ਦਿੱਤੀ ਹੈ। ਅਖ਼ਬਾਰ ਮੁਤਾਬਕ ਕਨੇਡਾ ਦੇ ਸੋਸ਼ਲ ਮੀਡੀਏ ਉੱਪਰ ਦੋਹਾਂ ਦੇ ਵਿਆਹ ਦੀਆਂ ਖਬਰਾਂ ਛਾਈਆਂ ਹੋਈਆਂ ਹਨ।

ਟੋਰਾਂਟੋ ਦੇ ਇੱਕ ਵੈਡਿੰਗ ਫ਼ੋਟੋਗ੍ਰਾਫ਼ਰ ਗਗਨਦੀਪ ਸਿੰਘ ਨੇ ਜੋੜੇ ਦੀ ਫ਼ੋਟੋ ਇੰਸਟਾਗ੍ਰਾਮ ਤੇ ਪਾਈ ਤੇ ਲਿਖਿਆ ਕਿ ਕਨੇਡਾ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਤੇ ਫਸਟ ਲੇਡੀ ਨੂੰ ਰੋਕੇ ਦੀਆਂ ਵਧਾਈਆਂ।

ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਵਿੱਚ ਸਿੱਖਾਂ ਨੂੰ ਧਰਮ ਬਦਲਣ ਲਈ ਮਜਬੂਰ ਕਰਨ ਦੇ ਮੁੱਦੇ 'ਤੇ ਭਾਰਤ ਵਿੱਚ ਸਿਆਸਤ ਤੇਜ ਹੋ ਗਈ ਹੈ। ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਦਾ ਨੋਟਿਸ ਲਿਆ ਹੈ ਅਤੇ ਇਸ ਮੁੱਦੇ ਤੇ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕੇਂਦਰ ਤੋਂ ਦਖਲ ਦੀ ਮੰਗ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)