ਗੌਤਮ ਗੰਭੀਰ ਨੇ ਨਵਦੀਪ ਸੈਣੀ ਨੂੰ ਗੁੰਮਨਾਮੀ 'ਚੋ ਕੱਢ ਕੇ ਸਟਾਰ ਬਣਾਇਆ

ਰਣਜੀ ਟਰਾਫ਼ੀ ਦੇ ਸੈਮੀ ਫ਼ਾਈਨਲ ਵਿੱਚ ਬੰਗਾਲ ਨੂੰ ਹਰਾਉਣ ਮਗਰੋਂ ਦਿੱਲੀ ਦੇ ਤੇਜ ਗੇਂਦਬਾਜ ਨਵਦੀਪ ਸੈਣੀ ਨੇ ਆਪਣੀ ਕਾਮਯਾਬੀ ਲਈ ਭਾਰਤੀ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦਾ ਧੰਨਵਾਦ ਕੀਤਾ ਹੈ।

ਬੰਗਾਲ ਨੂੰ ਸੈਮੀ ਫ਼ਾਈਨਲ ਵਿੱਚ ਇੱਕ ਪਾਰੀ ਅਤੇ 26 ਦੌੜਾਂ ਨਾਲ ਹਰਾ ਕੇ ਦਿੱਲੀ ਰੰਜੀ ਟਰਾਫ਼ੀ ਦੇ ਫ਼ਾਈਨਲ ਵਿੱਚ ਪਹੁੰਚ ਗਈ ਹੈ।

ਇਸ ਮੈਚ ਤੋਂ ਪਹਿਲਾਂ ਸੈਣੀ ਨੇ ਨੈੱਟ ਗੇਂਦਬਾਜ਼ ਵਜੋਂ ਦੇਸ ਦੀ ਕ੍ਰਿਕਟ ਟੀਮ ਨਾਲ ਦੱਖਣੀ ਅਫ਼ਰੀਕਾ ਜਾਣਾ ਸੀ ਪਰ ਹੁਣ ਉਸਦੀ ਥਾਂ ਉੱਤਰ ਪ੍ਰਦੇਸ਼ ਦਾ ਅੰਕਿਤ ਕਪੂਰ ਜਾ ਰਿਹਾ ਹੈ।

ਗੌਤਮ ਗੰਭੀਰ ਦਾ ਧੰਨਵਾਦੀ ਹੈ ਨੌਜਵਾਨ ਖਿਡਾਰੀ

ਨਵਦੀਪ ਸੈਣੀ ਨੇ ਆਪਣੇ ਜੀਵਨ ਤੇ ਕਾਮਯਾਬੀ ਲਈ ਭਾਰਤੀ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦਾ ਧੰਨਵਾਦ ਕੀਤਾ ਹੈ। ਉਸਨੇ ਕਿਹਾ, "ਇਸ ਜਿੰਦਗੀ ਤੇ ਕਾਮਯਾਬੀ ਲਈ ਮੈਂ ਗੌਤਮ ਗੰਭੀਰ ਦਾ ਰਿਣੀ ਹਾਂ। ਮੈਂ ਕੁਝ ਵੀ ਨਹੀਂ ਸਾਂ ਤੇ ਗੌਤਮ ਭਈਆ ਨੇ ਮੇਰੇ ਲਈ ਸਭ ਕੁਝ ਕੀਤਾ।"

ਨਵਦੀਪ ਸੈਣੀ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਵਿੱਚ ਮੌਕਾ ਦੇਣ ਵਾਲੇ ਗੰਭੀਰ ਹੀ ਸਨ ਤੇ ਇਸ ਲਈ ਸੈਣੀ ਉਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਹੈ।

ਸੈਣੀ ਨੇ ਦੱਸਿਆ,"ਮੈਂ ਖੁਸ਼ ਸੀ ਕਿ ਮੈਂ ਦੱਖਣੀ ਅਫ਼ਰੀਕਾ ਜਾਵਾਂਗਾ ਪਰ ਮੈਂ ਗੌਤਮ ਭਈਆ ਨੇ ਕਾਲ ਕੀਤੀ। ਉਨ੍ਹਾਂ ਕਿਹਾ ਦਿੱਲੀ ਨੂੰ ਸੈਮੀ ਫ਼ਾਈਨਲ ਲਈ ਹੁਣ ਤੇਰੀ ਜ਼ਰੂਰਤ ਹੈ ਤੇ ਜੇ ਤੂੰ ਵਧੀਆ ਖੇਡਿਆ ਤਾਂ ਤੂੰ ਆਪਣੇ ਆਪ ਹੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣ ਜਾਵੇਂਗਾ। ਮੈਂ ਦੁਬਾਰਾ ਨਹੀਂ ਸੋਚਿਆ।"

ਆਜ਼ਾਦ ਹਿੰਦ ਫੌਜੀ ਦਾਦੇ ਦੀਆਂ ਕਹਾਣੀਆਂ

ਦਿੱਲੀ ਨੂੰ ਆਪਣੇ ਖੇਡ ਜੀਵਨ ਦੇ ਬਿਹਤਰੀਨ ਮੈਚ ਨਾਲ ਫ਼ਾਈਨਲ ਵਿੱਚ ਪਹੁੰਚਾਉਣ ਮਗਰੋਂ 25 ਸਾਲਾ ਖਿਡਾਰੀ ਨੇ ਆਪਣੀ ਖੇਡ ਅਤੇ ਆਜ਼ਾਦ ਹਿੰਦ ਫੌਜੀ ਦਾਦੇ ਬਾਰੇ ਦੱਸਿਆ।

2013-14 ਦੀ ਗੱਲ ਹੈ ਜਦੋਂ ਸੁਮਿਤ ਨਰਵਾਲ ਨੇ ਕਰਨਾਲ ਦੇ ਸੈਣੀ ਨੂੰ ਇੱਕ ਟੈਨਿਸ ਬਾਲ ਟੂਰਨਮੈਂਟ ਵਿੱਚ ਗੇਂਦਬਾਜ਼ੀ ਕਰਦਿਆਂ ਵੇਖਿਆ ਤੇ ਦਿੱਲੀ ਦੇ ਕਪਤਾਨ ਗੌਤਮ ਗੰਭੀਰ ਨੂੰ ਬੁਲਾਇਆ ਕਿ ਉਹ ਨੈਟ ਪ੍ਰੈਕਟਿਸ ਵਿੱਚ ਉਸ ਤੋਂ ਗੇਂਦਬਾਜ਼ੀ ਕਰਾ ਕੇ ਵੇਖੇ। ਗੰਭੀਰ ਨੇ ਉਸ ਨੈਟ ਤੋਂ ਮਗਰੋਂ ਉਸ ਨੂੰ ਦਿੱਲੀ ਦੀ ਟੀਮ ਵਿੱਚ ਸ਼ਾਮਲ ਕਰਨ ਲਈ, ਦਿੱਲੀ ਡਿਸਟਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਚੇਤਨ ਚੌਹਾਨ ਨਾਲ ਗੱਲ ਕੀਤੀ।

ਸੈਣੀ ਨੇ ਅੱਗੇ ਦੱਸਿਆ," ਗੌਤਮ ਭਈਆ, ਅਸ਼ੀਸ਼ ਭਈਆ (ਨੈਹਰਾ), ਮਿਥੁਨ ਮਨਹਾਸ ਨੇ ਮੇਰੇ ਦੁਆਲੇ ਘੇਰਾ ਪਾ ਲਿਆ। ਉਨ੍ਹਾਂ ਕਿਹਾ ਕਿ ਜੋ ਵੀ ਹੋ ਰਿਹਾ ਹੈ, ਉਹ ਅਸੀਂ ਵੇਖ ਲਵਾਂਗੇ ਤੂੰ ਬੱਸ ਬਾਲਿੰਗ ਕਰ।"

ਮਸਲ ਬਣਾਉਣ ਬਾਰੇ ਉਸਨੇ ਕਿਹਾ," ਮੈਂ ਮਸਲ ਨਹੀਂ ਬਣਾ ਸਕਦਾ ਕਿਉਂਕਿ ਇਸ ਨਾਲ ਮੇਰੀ ਬਾਂਹ ਘੁੰਮਾਉਣ ਦੀ ਰਫ਼ਤਾਰ ਘੱਟ ਹੋ ਜਾਵੇਗੀ।"

ਹਾਲਾਤ ਬਦਲ ਰਹੇ ਹਨ

ਨਵਦੀਪ ਸੈਣੀ ਦਾ ਸੰਬਧ ਇੱਕ ਗਰੀਬ ਪਰਿਵਾਰ ਨਾਲ ਹੈ। ਉਸਦੇ ਪਿਤਾ ਇੱਕ ਸਾਬਕਾ ਸਰਕਾਰੀ ਡਰਾਈਵਰ ਹਨ। ਉਹ ਹੁਣ ਤੱਕ 29 ਵਾਰ ਪਹਿਲੀ ਸ਼੍ਰੇਣੀ ਮੈਚ ਅਤੇ ਦਿੱਲੀ ਡੇਅਰ ਡੈਵਿਲ ਦੀ ਤਰਫ਼ੋਂ ਇੱਕ ਆਪੀਐਲ ਮੈੱਚ ਖੇਡ ਚੁੱਕਿਆ ਹੈ।

ਇਸ ਬਾਰੇ ਗੱਲ ਕਰਦਿਆਂ ਸੈਣੀ ਨੇ ਦੱਸਿਆ, "ਸ਼ੁਰੂ ਵਿੱਚ ਕਾਫ਼ੀ ਮੁਸ਼ਕਿਲ ਸੀ ਪਰ ਹੁਣ ਚੀਜ਼ਾਂ ਬਦਲੀਆਂ ਹਨ। ਮੈਂ ਕੋਟਲਾ ਮੁਬਾਰਕ ਪੁਰ ਵਿੱਚ ਆਪਣੇ ਦੋਸਤਾਂ ਨਾਲ ਕਿਰਾਏ 'ਤੇ ਰਹਿੰਦਾ ਹਾਂ। ਮੈਂ ਵੋਲਵੋ ਬੱਸ ਵਿੱਚ ਘਰ ਜਾਂਦਾ ਹਾਂ। ਮੈਂ ਹਾਲੇ ਕਾਰ ਨਹੀਂ ਖਰੀਦੀ।"

ਆਪਣੇ 100 ਸਾਲਾਂ ਨੂੰ ਢੁਕੇ ਦਾਦੇ, ਕਰਮ ਸਿੰਘ ਬਾਰੇ ਨਵਦੀਪ ਨੇ ਦੱਸਿਆ," ਉਹ ਨੇਤਾ ਜੀ ਨਾਲ ਜਪਾਨ ਵਿੱਚ ਸਨ।

ਮੈਂ ਉਨ੍ਹਾਂ ਤੋਂ ਬਹੁਤ ਵਾਰ ਕਹਾਣੀਆਂ ਸੁਣੀਆਂ ਹਨ, ਕਦੇ ਕਦੇ ਤਾਂ ਮੈਂ ਖਿਸਕ ਜਾਂਦਾ ਹਾਂ...ਪਰ ਉਹ ਮੈਂਨੂੰ ਪਿਆਰ ਕਰਦੇ ਹਨ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਦੋਂ ਮੇਰਾ ਮੈਚ ਟੈਲੀਵਿਜ਼ਨ 'ਤੇ ਆਉਣਾ ਹੈ। ਅੱਜ ਉਨ੍ਹਾਂ ਮੈਨੂੰ ਗੇਂਦ ਕਰਦਿਆਂ ਵੇਖਿਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)