ਪ੍ਰੈੱਸ ਰੀਵਿਊ: ਬੁਰਹਾਨ ਵਾਨੀ ਦੀ ਫੋਟੋ 'ਤੇ ਪੰਜਾਬ 'ਚ ਕਿਉਂ ਚਰਚਾ ਕਰ ਰਿਹੈ ਮੀਡੀਆ?

ਪਾਕਿਸਤਾਨ ਦੇ 'ਡੌਨ' ਅਖ਼ਬਾਰ ਮੁਤਾਬਕ ਕੁਲਭੂਸ਼ਨ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਵਿੱਚ ਕੁਝ ਲੱਗਿਆ ਹੋਇਆ ਸੀ।

ਇਹ ਦਾਅਵਾ ਪਾਕਿਸਾਤਾਨੀ ਵਿਦੇਸ਼ ਮੰਤਰਾਲੇ ਨੇ ਕੀਤਾ ਹੈ। ਉਨ੍ਹਾਂ ਦੇ ਸਾਰੇ ਗਹਿਣੇ ਤੇ ਸਮਾਨ ਵਾਪਿਸ ਕਰ ਦਿੱਤਾ ਗਿਆ, ਪਰ ਜੁੱਤੀਆਂ ਨਹੀਂ ਦਿੱਤੀਆਂ ਗਈਆਂ ਹਨ।

'ਡੇਲੀ ਪਾਕਿਸਤਾਨ' ਵਿੱਚ ਲੱਗੀ ਖ਼ਬਰ ਮੁਤਾਬਕ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਕੁਲਭੂਸ਼ਨ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਵਿੱਚ ਧਾਤੂ ਦੀ ਕੋਈ ਚੀਜ਼ ਲੱਗੀ ਸੀ, ਜਿਸ ਦੀ ਜਾਂਚ ਹੋ ਰਹੀ ਹੈ।

'ਇੰਡੀਅਨ ਐਕਸਪ੍ਰੈਸ' ਅਖ਼ਬਾਰ ਮੁਤਾਬਕ ਭਾਰਤੀ ਫੌਜ ਐੱਲਓਸੀ ਦੇ ਪਾਰ ਗਈ ਅਤੇ ਤਿੰਨ ਪਾਕਿਸਤਾਨੀ ਫੌਜੀ ਮਾਰ ਮੁਕਾਏ। ਭਾਰਤੀ ਫੌਜ ਦੇ ਨਿਸ਼ਾਨੇ ਉੱਤੇ ਬਲੋਚ ਰੈਜੀਮੈਂਟ ਸੀ।

ਹਾਲਾਂਕਿ 'ਡੌਨ' ਅਖ਼ਬਾਰ ਵਿੱਚ ਲੱਗੀ ਖ਼ਬਰ ਮੁਤਾਬਕ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਭਾਰਤੀ ਮੀਡੀਆ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਕੋਈ ਭਾਰਤੀ ਫੌਜੀ ਐੱਲਓਸੀ ਪਾਰ ਕਰਕੇ ਨਹੀਂ ਆਇਆ।

ਅਖਬਾਰ ਮੁਤਾਬਕ ਪਾਕਿਸਤਾਨ ਨੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਵੀ ਸੰਮਨ ਕੀਤਾ ਹੈ । ਵਿਦੇਸ਼ ਮੰਤਰਾਲੇ ਦੇ ਪ੍ਰੈਸ ਬਿਆਨ ਵਿੱਚ ਇੱਕ ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਉਲੰਘਣਾ ਦੀ ਨਿੰਦਾ ਕੀਤੀ ਹੈ, ਜਿਸ ਦੌਰਾਨ ਤਿੰਨ ਪਾਕਿਸਾਤਾਨੀ ਫੌਜੀ ਮਾਰੇ ਗਏ ਹਨ।

ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਛਪੀ ਖਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਰਹਾਨ ਵਾਨੀ ਦੀ ਫੋਟੋ ਲੱਗੀ ਮੈਗਜ਼ੀਨ ਦੀ ਵਿਕਰੀ ਮਾਮਲੇ ਵਿੱਚ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਦਰਅਸਲ ਇਹ ਮੈਗਜ਼ੀਨ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਵੇਚੀ ਜਾ ਰਹੀ ਸੀ।

'ਦ ਹਿੰਦੂ' ਅਖ਼ਬਾਰ ਦੀ ਖ਼ਬਰ ਮੁਤਾਬਕ ਹਰਿਆਣਾ ਦੀ ਲੋਕ ਸੰਪਰਕ ਮੰਤਰੀ ਕਵਿਤਾ ਜੈਨ ਨੇ ਇੱਕ ਸਰਕਾਰੀ ਇਸ਼ਤਿਹਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਹ ਸਰਕਾਰੀ ਇਸ਼ਤਿਹਾਰ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਪ੍ਰਕਾਸ਼ਿਤ ਕਰਵਾਇਆ ਗਿਆ ਸੀ।

'ਦ ਟਾਈਮਜ਼ ਆਫ਼ ਇੰਡੀਆ' ਅਖ਼ਬਾਰ ਮੁਤਾਬਕ ਯੂਕੇ ਇਮੀਗ੍ਰੇਸ਼ਨ ਨਿਯਮਾਂ ਵਿੱਚ 11 ਜਨਵਰੀ ਤੋਂ ਬਦਲਾਅ ਕਰਨ ਜਾ ਰਿਹਾ ਹੈ। ਨਵੇਂ ਨਿਯਮਾਂ ਵਿੱਚ ਕੋਰਸ ਖਤਮ ਹੁੰਦਿਆਂ ਹੀ ਵਿਦੇਸ਼ੀ ਵਿਦਿਆਰਥੀ ਟਾਈਰ-2 ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਹਾਲੇ ਤੱਕ ਡਿਗਰੀ ਮਿਲਣ ਦੀ ਉਡੀਕ ਕਰਨੀ ਪੈਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)