ਇਹ ਸਰਦਾਰ ਜਿਸਨੇ ਕਨੇਡਾ ਦੀ ਸਿਆਸਤ ਵਿੱਚ ਮੱਲ਼ਾਂ ਮਾਰੀਆਂ

ਸਾਲ 2017 ਵਿੱਚ ਕੌਮਾਂਤਰੀ ਪੱਧਰ 'ਤੇ ਕਿਹੜੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇੱਕ ਝਾਤ ਉਨ੍ਹਾਂ ਘਟਨਾਵਾਂ 'ਤੇ।

ਰੋਹਿੰਗਿਆ ਮੁਸਲਮਾਨ

ਮਿਆਂਮਾਰ ਦੇ ਰਖਾਇਨ ਸੂਬੇ ਵਿੱਚ 2012 ਤੋਂ ਹੀ ਨਸਲੀ ਹਿੰਸਾ ਜਾਰੀ ਸੀ। ਮਿਆਂਮਾਰ ਵਿੱਚ ਬੁੱਧ ਬਹੁਗਿਣਤੀ ਵਿੱਚ ਹਨ ਅਤੇ ਤਕਰੀਬਨ 10 ਲੱਖ ਰੋਹਿੰਗਿਆ ਮੁਸਲਮਾਨ ਵੀ ਹਨ।

ਮਿਆਂਮਾਰ ਵਿੱਚ ਇਨ੍ਹਾਂ ਮੁਸਲਮਾਨਾਂ ਨੂੰ ਗ਼ੈਰ ਕਨੂੰਨੀ ਬੰਗਲਾਦੇਸ਼ੀ ਪਰਵਾਸੀ ਕਿਹਾ ਜਾਂਦਾ ਹੈ। ਮਿਆਂਮਾਰ ਸਰਕਾਰ ਨੇ ਇਨ੍ਹਾਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਦਿੱਤਾ।

ਸਾਲ 2017 ਵਿੱਚ ਰਖਾਇਨ ਸੂਬੇ ਵਿੱਚ ਵੱਡੇ ਪੱਧਰ 'ਤੇ ਹਿੰਸਾ ਭੜਕੀ। ਰੋਹਿੰਗਿਆ ਮੁਸਲਮਾਨਾਂ ਦੇ ਕਈ ਪਿੰਡ ਸਾੜੇ ਗਏ। ਲੱਖਾਂ ਰੋਹਿੰਗਿਆ ਮੁਸਲਮਾਨ ਮਿਆਂਮਾਰ ਤੋਂ ਬੰਗਲਾਦੇਸ਼ ਹਿਜਰਤ ਕਰ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਰੋਹਿੰਗਿਆ ਭਾਰਤ ਵੀ ਆਏ।

ਮੈਡਿਸਿਨਸ ਸੈਨਸ ਫਰੰਟੀਅਰਸ ਮੁਤਾਬਕ ਘੱਟੋ-ਘੱਟ 6700 ਰੋਹਿੰਗਿਆ ਦੀ ਮੌਤ ਹੋਈ। ਇਨ੍ਹਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 730 ਬੱਚੇ ਵੀ ਸ਼ਾਮਲ ਸੀ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਵੀ ਦਖਲ ਦਿੱਤਾ।

ਹਾਲਾਂਕਿ ਮਿਆਂਮਾਰ ਦੀ ਫੌਜ ਕਹਿੰਦੀ ਰਹੀ ਹੈ ਕਿ ਉਹ ਰੋਹਿੰਗਿਆ ਅੱਤਵਾਦੀਆਂ ਨਾਲ ਲੜ ਰਹੀ ਸੀ ਨਾ ਕਿ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ।

ਯੇਰੋਸ਼ਲਮ ਵਿਵਾਦ

6 ਦਸੰਬਰ 2017 ਨੂੰ ਅਮਰੀਕਾ ਨੇ ਯੇਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਐਲਾਨ ਦਿੱਤਾ। ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਇਸ ਦੀ ਲੋੜ ਸੀ। ਹਾਲਾਂਕਿ ਇਸ ਕਦਮ ਨੂੰ ਫਲਸਤੀਨ ਨੇ 'ਕਿਸ ਆਫ ਡੈੱਥ' ਕਿਹਾ।

ਇਜ਼ਰਾਈਲ ਅਤੇ ਫਲਸਤੀਨ ਯੋਰੇਸ਼ਲਮ ਦੇ ਆਪਣੀ ਰਾਜਧਾਨੀ ਹੋਣ ਦਾ ਦਾਅਵਾ ਕਰਦੇ ਰਹੇ ਹਨ। ਟੰਰਪ ਨੇ ਅਮਰੀਕਾ ਦੀ ਅੰਬੈਸੀ ਤੇਲ ਅਵੀਵ ਤੋਂ ਯੇਰੋਸ਼ਲਮ 'ਚ ਸਥਾਪਤ ਕਰਨ ਦਾ ਵੀ ਐਲਾਨ ਕੀਤਾ।

ਇਸ ਐਲਾਨ ਤੋਂ ਬਾਅਦ ਇਜ਼ਰਾਈਲ ਦੇ ਕੁਝ ਇਲਾਕਿਆਂ 'ਚ ਫਲਸਤੀਨ ਸਮਰਥਕਾਂ ਦੀ ਪੁਲਿਸ ਨਾਲ ਝੜਪ ਹੋਈ। ਇਜ਼ਰਾਈਲ ਨੇ ਫ਼ੈਸਲੇ ਦਾ ਸਵਾਗਤ ਕੀਤਾ।

ਫ਼ਲਸਤੀਨ ਸਣੇ ਅਮਰੀਕਾ ਦੇ ਕਰੀਬੀ ਮੁਲਕ ਅਤੇ ਅਰਬ ਦੇਸਾਂ ਨੇ ਡੌਨਾਲਡ ਟਰੰਪ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ।

ਜ਼ਿੰਬਾਬਵੇ ਸੰਕਟ

ਜ਼ਿੰਬਾਬਵੇ ਵਿੱਚ ਚਾਰ ਦਹਾਕੇ ਰਾਜ ਕਰਨ ਵਾਲੇ ਰਾਸ਼ਟਰਪਤੀ ਰੌਬਰਟ ਮੁਗਾਬੇ ਨੂੰ ਉਨ੍ਹਾਂ ਦੇ ਆਪਣੇ ਘਰ ਵਿੱਚ ਹੀ ਨਜ਼ਰ ਬੰਦ ਕਰ ਦਿੱਤਾ ਗਿਆ।

ਬਾਅਦ ਵਿੱਚ ਉਨ੍ਹਾਂ ਨੂੰ ਗੱਦੀ ਛੱਡਣੀ ਪਈ ਅਤੇ ਉਨ੍ਹਾਂ ਦੇ ਕਰੀਬੀ ਰਹੇ ਐਮਰਸਨ ਮਨਨਗਗਵਾ ਰਾਸ਼ਟਰਪਤੀ ਬਣੇ। ਰੌਬਰਟ ਮੁਗਾਬੇ ਨੇ ਅਜ਼ਾਦੀ ਦੇ ਘੋਲ 'ਚ ਦੇਸ ਦੀ ਅਗਵਾਈ ਕੀਤੀ ਸੀ।

ਉਹ 1980 'ਚ ਮਿਲੀ ਅਜ਼ਾਦੀ ਦੇ ਸਮੇਂ ਤੋਂ ਹੀ ਸੱਤਾ ਵਿੱਚ ਸਨ। 93 ਸਾਲਾ ਬਜ਼ੁਰਗ ਆਗੂ ਦਾ ਕਾਰਜਕਾਲ ਆਰਥਿਕ ਮੰਦੀ ਨਾਲ ਨਜਿੱਠਦਿਆਂ ਅਤੇ ਵਿਰੋਧ ਨੂੰ ਦਰੜਦੇ ਹੀ ਬੀਤਿਆ ਸੀ।

ਸਾਊਦੀ 'ਚ ਔਰਤਾਂ ਦੇ ਅਧਿਕਾਰ ਤੇ ਰਾਜਕੁਮਾਰ

ਸਾਊਦੀ ਅਰਬ ਵਿੱਚ ਟ੍ਰੈਫਿਕ ਨਿਯਮਾਂ 'ਚ ਬਦਲਾਅ ਕੀਤੇ ਗਏ। ਹੁਣ ਉੱਥੇ ਦੀਆਂ ਮਹਿਲਾਵਾਂ ਟਰੱਕ ਤੇ ਬਾਈਕ ਵੀ ਚਲਾ ਸਕਣਗੀਆਂ।

ਸਤੰਬਰ 2017 ਵਿੱਚ ਸਾਊਦੀ ਕਿੰਗ ਸਲਮਾਨ ਨੇ ਇੱਕ ਹੁਕਮ ਜਾਰੀ ਕਰਕੇ ਜੂਨ 2018 ਤੋਂ ਮਹਿਲਾਵਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਮਹਿਲਾਵਾਂ ਨੂੰ ਡਰਾਈਵਿੰਗ ਦਾ ਅਧਿਕਾਰ ਦੁਆਉਣ ਲਈ ਕਈ ਸਾਲਾਂ ਤੋਂ ਮੁਹਿੰਮ ਚਲਾਈ ਜਾ ਰਹੀ ਸੀ।

ਸਾਊਦੀ ਦੀ ਰਾਜਧਾਨੀ ਰਿਆਧ ਵਿੱਚ ਆਲੀਸ਼ਾਨ ਰਿੱਜ-ਕਾਰਲਟਨ ਦੇ ਹੋਟਲ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਰਾਜਕੁਮਾਰਾਂ ਨੂੰ ਰੱਖਿਆ ਗਿਆ ਸੀ।

ਪੈਰਾਡਾਈਸ ਪੇਪਰ

ਸਾਲ 2017 ਵਿੱਚ ਆਰਥਿਕ ਦਸਤਾਵੇਜ਼ਾਂ ਜ਼ਰੀਏ ਇੱਕ ਵੱਡਾ ਖੁਲਾਸਾ ਹੋਇਆ। ਇਹ ਪਤਾ ਲੱਗਾ ਕਿ ਕਿਵੇਂ ਬ੍ਰਿਟੇਨ ਦੀ ਮਹਾਰਾਣੀ ਸਣੇ ਦੁਨੀਆ ਦੇ ਅਮੀਰ ਲੋਕ ਟੈਕਸ ਤੋਂ ਬਚਣ ਲਈ ਪੈਸਾ ਆਪਣੇ ਦੇਸ ਤੋਂ ਬਾਹਰ ਨਿਵੇਸ਼ ਕਰਦੇ ਹਨ।

ਦਸਤਾਵੇਜ਼ਾਂ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਵਪਾਰ ਮੰਤਰੀ ਨੇ ਉਸ ਰੂਸੀ ਕੰਪਨੀ ਵਿੱਚ ਨਿਵੇਸ਼ ਕੀਤਾ ਹੋਇਆ ਹੈ ਜਿਸ ਨੂੰ ਅਮਰੀਕਾ ਵੱਲੋਂ ਬੈਨ ਕੀਤਾ ਗਿਆ ਹੈ।

ਇਹ ਭੇਤ "ਪੈਰਾਡਾਈਸ ਪੇਪਰਸ" ਜ਼ਰੀਏ ਖੁੱਲ੍ਹਿਆ ਹੈ। ਇਨ੍ਹਾਂ ਪੇਪਰਸ ਵਿੱਚ 1.34 ਕਰੋੜ ਦਸਤਾਵੇਜ਼ ਹਨ। ਜ਼ਿਆਦਾਤਰ ਦਸਤਾਵੇਜ਼ ਇੱਕੋ ਕੰਪਨੀ ਨਾਲ ਜੁੜੇ ਹਨ।

ਬੀਬੀਸੀ ਪਨੋਰਮਾ ਉਨ੍ਹਾਂ 100 ਮੀਡੀਆ ਅਦਾਰਿਆਂ ਵਿੱਚ ਸੀ ਜੋ ਇਨ੍ਹਾਂ ਦਸਤਾਵੇਜ਼ਾਂ ਦੀ ਤਫ਼ਤੀਸ਼ ਕਰ ਰਹੇ ਸੀ। ਇਹ ਦਸਤਾਵੇਜ਼ ਇੱਕ ਜਰਮਨ ਅਖ਼ਬਾਰ 'ਸੁਏਦਾਊਚੇ ਜ਼ਆਏਤੁਨ' ਵੱਲੋਂ ਹਾਸਿਲ ਕੀਤੇ ਗਏ ਸੀ।

ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ 'ਇੰਟਰਨੈਸ਼ਨਲ ਕੰਸੌਰਟੀਅਮ ਆਫ ਇਨਵੈਸਟੀਗੇਟਿਵ ਜਰਨਅਲਿਸਟਸ' ਨੇ ਕੀਤੀ।

ਉੱਤਰੀ ਕੋਰੀਆ ਸੰਕਟ

ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਸਾਲ 2017 ਵਿੱਚ ਤਲਖ਼ੀ ਹੋਰ ਵਧੀ। ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਨੇ ਕਈ ਖ਼ਤਰਨਾਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ।

ਇਨ੍ਹਾਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਇਲਾਂ ਵਿੱਚ ਹਵਾਸੰਗ-15 ਵੀ ਹੈ। ਦਾਅਵਾ ਕੀਤਾ ਗਿਆ ਕਿ ਇਸਦੀ ਮਾਰ ਹੇਠ ਅਮਰੀਕਾ ਵੀ ਹੈ।

ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਕਾਫੀ ਸਮੇਂ ਤੋਂ ਭੜਕਾਊ ਜ਼ੁਬਾਨੀ ਜੰਗ ਚੱਲ ਰਹੀ ਹੈ।

ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਮਿਜ਼ਾਇਲ ਪ੍ਰੋਗਰਾਮ ਰੋਕ ਦੇਵੇ। ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਲੰਮੀ ਦੂਰੀ ਦੀ ਮਿਜ਼ਾਈਲ 'ਤੇ ਲੱਗਣ ਵਾਲੇ ਛੋਟੇ ਪਰਮਾਣੂ ਹਥਿਆਰ ਉਨ੍ਹਾਂ ਨੇ ਬਣਾ ਲਏ ਹਨ।

ਸਤੰਬਰ 2017 ਵਿੱਚ ਸੰਯੁਕਤ ਰਾਸ਼ਟਰ ਵਿੱਚ ਦਿੱਤੇ ਗਏ ਆਪਣੇ ਭਾਸ਼ਣ ਵਿੱਚ ਟਰੰਪ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਨੂੰ ਆਪਣੀ ਅਤੇ ਆਪਣੇ ਸਹਿਯੋਗੀਆਂ ਦੀ ਰੱਖਿਆ ਕਰਨ ਦੇ ਲਈ ਮਜਬੂਰ ਕੀਤਾ ਗਿਆ, ਤਾਂ ਉਹ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਣਗੇ।

ਅਮਰੀਕਾ ਦੇ 45ਵੇਂ ਰਾਸ਼ਟਰਪਤੀ ਅਤੇ ਰੂਸ

ਰੀਅਲ ਇਸਟੇਟ ਕਾਰੋਬਾਰੀ ਡੌਨਾਲਡ ਟਰੰਪ ਨੇ 20 ਜਨਵਰੀ 2017 ਤੋਂ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ।

ਜੂਨ 2017 ਵਿੱਚ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ-2015 ਤੋਂ ਹੱਥ ਪਿੱਛੇ ਖਿੱਚ ਲਏ ਸੀ। ਪੈਰਿਸ ਜਲਵਾਯੂ ਸਮਝੌਤਾ ਦੁਨੀਆਂ ਭਰ ਦੇ ਵਧ ਰਹੇ ਤਾਪਮਾਨ 'ਤੇ ਠੱਲ੍ਹ ਪਾਉਣ ਦੇ ਸਬੰਧ 'ਚ ਹੈ। ਇਸ ਸਮਝੌਤੇ ਵਿੱਚ ਅਮਰੀਕਾ ਸਮੇਤ 187 ਮੁਲਕ ਸ਼ਾਮਲ ਸੀ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਚੋਣ ਪ੍ਰਚਾਰ ਤੇ ਰੂਸ ਨਾਲ ਕਥਿਤ ਸਬੰਧਾਂ ਦੀ ਜਾਂਚ ਐੱਫਬੀਆਈ ਨੇ ਸ਼ੁਰੂ ਕੀਤੀ।

ਜਨਵਰੀ ਵਿੱਚ ਅਮਰੀਕੀ ਖੂਫ਼ੀਆ ਏਜੰਸੀਆਂ ਨੇ ਕਿਹਾ ਸੀ ਕਿ ਰੂਸੀ ਹੈਕਰਾਂ ਨੇ ਸੀਨੀਅਰ ਡੈਮੋਕ੍ਰੇਟ ਲੀਡਰਾਂ ਦੇ ਈ-ਮੇਲ ਹੈਕ ਕੀਤੇ ਅਤੇ ਹਿਲੇਰੀ ਕਲਿੰਟਨ ਨੂੰ ਹਰਾਉਣ ਵਿੱਚ ਟਰੰਪ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਜਨਤਕ ਕੀਤਾ।

ਹਾਲਾਂਕਿ ਰੂਸ ਕਹਿੰਦਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਨਾਲ ਉਸਦਾ ਕੋਈ ਸੰਬਧ ਨਹੀਂ ਹੈ। ਮਈ 2017 ਵਿੱਚ ਡੌਨਾਲਡ ਟਰੰਪ ਨੇ ਐੱਫਬੀਆਈ ਦੇ ਮੁਖੀ ਜੇਮਸ ਕੋਮੇ ਨੂੰ ਬਰਖ਼ਾਸਤ ਕਰ ਦਿੱਤਾ ਸੀ।

ਨਵਾਜ਼ ਸ਼ਰੀਫ਼ ਦੀ ਗੱਦੀ ਖੁੱਸੀ

ਨਵਾਜ਼ ਸ਼ਰੀਫ ਨੂੰ ਜੁਲਾਈ 2017 ਵਿੱਚ ਪਾਕਿਸਤਾਨੀ ਸੁਪਰੀਮ ਕੋਰਟ ਨੇ ਅਣਪਛਾਤੇ ਸਰੋਤਾਂ ਤੋਂ ਅਣਐਲਾਨੀ ਕਮਾਈ ਦੇ ਮਾਮਲੇ ਵਿੱਚ ਪ੍ਰਧਾਨਮੰਤਰੀ ਅਹੁਦੇ ਲਈ ਅਯੋਗ ਕਰਾਰ ਦੇ ਦਿੱਤਾ ਸੀ।

ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।

ਅਹੁਦਾ ਖੁੰਝਣ ਤੋਂ ਬਾਅਦ ਵੀ ਪ੍ਰਧਾਨਮੰਤਰੀ ਦੀ ਗੱਦੀ ਅਸਿੱਧੇ ਤੌਰ 'ਤੇ ਨਵਾਜ਼ ਸ਼ਰੀਫ਼ ਦੇ ਕੋਲ ਹੀ ਹੈ ਕਿਉਂਕਿ ਉਨ੍ਹਾਂ ਦੇ ਹੀ ਕਰੀਬੀ ਸ਼ਾਹਿਦ ਖ਼ਾਨ ਅੱਬਾਸੀ ਨੂੰ ਪ੍ਰਧਾਨਮੰਤਰੀ ਬਣਾਇਆ ਗਿਆ।

ਨੇਪਾਲ 'ਚ ਲਹਿਰਾਇਆ ਲਾਲ ਝੰਡਾ

ਨੇਪਾਲ ਦੀ ਮੁੱਖ ਖੱਬੇਪੱਖੀ ਪਾਰਟੀਆਂ ਦੇ ਗਠਜੋੜ ਨੇ ਨੇਪਾਲ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ। 'ਫਰਸਟ ਪਾਸਟ ਦ ਪੋਸਟ' ਪ੍ਰਣਾਲੀ ਦੇ ਤਹਿਤ 165 ਸੀਟਾਂ 'ਤੇ ਹੋਈ ਚੋਣ ਵਿੱਚ 113 ਸੀਟਾਂ ਮਿਲੀਆਂ।

ਐੱਨਡੀਪੀ ਦੇ ਆਗੂ ਜਗਮੀਤ ਸਿੰਘ

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਸਿੱਖ ਸਿਆਸਤਦਾਨ ਜਗਮੀਤ ਸਿੰਘ ਨੂੰ ਆਪਣਾ ਕੌਮੀ ਆਗੂ ਚੁਣਿਆ। 38 ਸਾਲਾ ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ।

ਖੱਬੇ-ਪੱਖੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਜਗਮੀਤ ਸਿੰਘ ਪਾਰਟੀ ਦੇ ਆਗੂ ਚੁਣੇ ਗਏ।

ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਵਜੋਂ ਉਹ 2019 ਵਿਚ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵਲੋਂ ਆਪਣੇ ਆਪ ਹੀ ਉਮੀਦਵਾਰ ਬਣ ਗਏ ਹਨ।

ਪੰਜਾਬ ਦੀ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਜਗਮੀਤ ਦੇ ਪੰਜਾਬ, ਕਿਊਬੇਕ ਤੇ ਕੈਟੇਲੋਨੀਆ ਵਰਗੇ ਸੂਬਿਆਂ ਦੇ ਲੋਕਾਂ ਲਈ 'ਖ਼ੁਦ ਮੁਖ਼ਤਿਆਰੀ' ਵਾਲੇ ਬਿਆਨ 'ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ।

ਨਵੰਬਰ 2017 ਵਿੱਚ ਰਵਿੰਦਰ ਸਿੰਘ ਭੱਲਾ ਅਮਰੀਕਾ ਦੇ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਮੇਅਰ ਅਹੁਦੇ ਲਈ ਚੁਣੇ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)