ਟਰੰਪ ਨੇ ਨਸ਼ਿਆਂ ਨੂੰ ਜਨਤਕ ਸਿਹਤ ਐਮਰਜੰਸੀ ਐਲਾਨਿਆ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਦੇ ਲੋਕਾਂ ਦੁਆਰਾ ਦਰਦ ਨਿਵਾਰਕ ਦਵਾਈਆਂ ਦਾ ਨਸ਼ਾ ਕਰਨ ਦੇ ਸੰਕਟ ਨੂੰ "ਕੌਮੀ ਸ਼ਰਮ" ਕਿਹਾ ਹੈ।

ਟਰੰਪ ਨੇ ਇਸ ਨੂੰ ਜਨਤਕ ਸਿਹਤ ਐਮਰਜੰਸੀ ਐਲਾਨਿਆ ਸੀ।

ਟਰੰਪ ਨੇ ਨਸ਼ੀਲੀ ਵਸਤਾਂ ਦੀ ਦੁਰਵਰਤੋਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਯੋਜਨਾ ਦਾ ਐਲਾਨ ਕੀਤਾ।

ਉਨ੍ਹਾਂ ਮੁਤਾਬਕ ਨਸ਼ਿਆਂ ਕਾਰਨ ਹਰ ਦਿਨ 140 ਤੋਂ ਵੀ ਵੱਧ ਅਮਰੀਕੀਆਂ ਦੀ ਮੌਤ ਹੁੰਦੀ ਹੈ।

ਰਾਸ਼ਟਰਪਤੀ ਨੇ ਪਹਿਲਾਂ ਕੌਮੀ ਐਮਰਜੰਸੀ ਦੇ ਐਲਾਨ ਦਾ ਵਾਅਦਾ ਕੀਤਾ ਸੀ।

ਇਸ ਤਹਿਤ ਸੂਬਿਆ ਨੂੰ ਨਸ਼ਿਆਂ ਨੂੰ ਠੱਲ ਪਾਉਣ ਲਈ ਫੈਡਰਲ ਫੰਡਿੰਗ ਦੀ ਮਦਦ ਸ਼ੁਰੂ ਹੋ ਸਕਦੀ ਸੀ।

ਇਸ ਤਹਿਤ ਸੰਕਟ ਨਾਲ ਨਜਿੱਠਣ ਲਈ ਗਰਾਂਟ ਵਜੋਂ ਦਿੱਤੇ ਗਏ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ।

ਟਰੰਪ ਨੇ ਵੀਰਵਾਰ ਨੂੰ ਵਾਈਟ ਹਾਊਸ ਵਿੱਚ ਕਿਹਾ, "ਅੱਜ ਜ਼ਿਆਦਾਤਰ ਲੋਕਾਂ ਦੀ ਮੌਤ ਬੰਦੂਕਾਂ ਜਾਂ ਐਕਸੀਡੈਂਟ ਦੇ ਮੁਕਾਬਲੇ ਨਸ਼ਿਆਂ ਦੀ ਵਾਧੂ ਵਰਤੋਂ ਕਰਕੇ ਹੁੰਦੀ ਹੈ।"

"ਇਹ ਵਾਧੂ ਵਰਤੋਂ ਤਜਵੀਜ਼ਸ਼ੁਦਾ ਦਰਦ-ਨਿਵਾਰਕਾਂ, ਹੈਰੋਇਨ ਅਤੇ ਹੋਰ ਨਸ਼ਿਆਂ ਕਰਕੇ ਵੱਡੇ ਪੱਧਰ 'ਤੇ ਵਧੀ ਹੈ।"

ਉਨ੍ਹਾਂ ਅੱਗੇ ਕਿਹਾ, "ਅਮਰੀਕਾ ਦੁਨੀਆਂ ਦੇ ਕਿਸੇ ਵੀ ਦੂਜੇ ਦੇਸ਼ਾਂ ਨਾਲੋਂ ਵਧੇਰੇ ਨਸ਼ੀਲੀ ਗੋਲੀਆਂ ਦੀ ਵਰਤੋਂ ਨਾਲ ਇਨ੍ਹਾਂ ਦਵਾਈਆਂ ਦਾ ਸਭ ਤੋਂ ਵੱਡਾ ਖਪਤਕਾਰ ਹੈ।"

ਵਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, ਟਰੰਪ ਨੇ ਰਾਸ਼ਟਰਪਤੀ ਮੈਮੋਰਮੈਂਡਮ 'ਤੇ ਹਸਤਾਖਰ ਕਰਦਿਆਂ ਆਪਣੇ ਸਿਹਤ ਸਕੱਤਰ ਨੂੰ ਆਦੇਸ਼ ਦਿੱਤੇ। ਜਿਸ ਤਹਿਤ ਉਨ੍ਹਾਂ ਦੇਸ਼ 'ਚ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ। ਇਸਦੇ ਨਾਲ ਹੀ ਸਾਰੀਆਂ ਸੰਘੀ ਏਜੰਸੀਆਂ ਨੂੰ ਨਸ਼ਾਖੋਰੀ ਨਾਲ ਹੁੰਦੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਲਈ ਉਪਾਅ ਕਰਨ ਦੇ ਆਦੇਸ਼ ਦਿੱਤੇ।

ਇਹ ਆਦੇਸ਼ ਕੁਝ ਨਿਯਮਾਂ ਨੂੰ ਵੀ ਸੌਖਾ ਕਰਨਗੇ ਅਤੇ ਸੂਬਿਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਫੈਡਰਲ ਫੰਡਾਂ ਦੀ ਵਰਤੋਂ ਕਰਨ ਲਈ ਵਧੇਰੇ ਖੁੱਲ ਦੀ ਆਗਿਆ ਦੇਣਗੇ।

ਵਾਈਟ ਹਾਊਸ ਜਨਤਕ ਸਿਹਤ ਐਮਰਜੈਂਸੀ ਫੰਡ ਦੁਆਰਾ ਇਸ ਯਤਨ ਲਈ ਫੰਡ ਦੇਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਸਿਰਫ਼ 57,000 ਡਾਲਰ ਸ਼ਾਮਲ ਹਨ।

ਸੀਨੀਅਰ ਅਧਿਕਾਰੀ ਨੇ ਕਿਹਾ, ਟਰੰਪ ਪ੍ਰਸ਼ਾਸਨ ਸਾਲ ਦੇ ਅੰਤ ਤੱਕ ਖ਼ਰਚੇ ਦੇ ਪੈਕੇਜ ਵਿੱਚ ਵਾਧੂ ਫੰਡਾਂ ਨੂੰ ਮਨਜ਼ੂਰੀ ਦੇਣ ਲਈ ਕਾਂਗਰਸ ਨਾਲ ਕੰਮ ਕਰੇਗਾ।

ਆਦੇਸ਼ ਦੇ ਹੋਰ ਤੱਤ ਇਸ ਤਰ੍ਹਾਂ ਹਨ :

  • ਮਰੀਜ਼ਾਂ ਨੂੰ "ਟੈਲੀਮੈਡੀਸਨ" ਦੀ ਇਜਾਜ਼ਤ ਦਿਓ ਤਾਂ ਜੋ ਉਹ ਡਾਕਟਰ ਨੂੰ ਦੇਖੇ ਜਾਂ ਮਿਲੇ ਬਿਨਾਂ ਦਵਾਈ ਲੈ ਸਕਣ।
  • ਜਿੰਨ੍ਹਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਕੰਮ ਦੀ ਭਾਲ ਵਿੱਚ ਮੁਸ਼ਕਲ ਹੋ ਗਈ ਹੈ ਉਨ੍ਹਾਂ ਲਈ ਗ੍ਰਾਂਟਾਂ ਉਪਲਬਧ ਹੋਣ।
  • ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਸੰਕਟ ਨੂੰ ਹੱਲ ਕਰਨ ਲਈ ਵਧੇਰੇ ਲੋਕਾਂ ਨੂੰ ਨਿਯੁਕਤ ਕਰੇਗਾ, ਖਾਸ ਤੌਰ 'ਤੇ ਪੇਂਡੂ ਖ਼ੇਤਰਾਂ ਵਿੱਚ।
  • ਸੂਬਿਆਂ ਨੂੰ ਸੰਘੀ ਫੰਡਾਂ ਨੂੰ ਐਚਆਈਵੀ ਇਲਾਜ ਤੋਂ ਨਸ਼ਾਖੋਰੀ ਦੇ ਇਲਾਜ ਵਿੱਚ ਤਬਦੀਲ ਕਰਨ ਦੀ ਆਗਿਆ ਦਿੰਦਾ ਹੈ, ਦੋਵੇਂ ਨਸ਼ਿਆਂ ਦੇ ਵਰਤੋਂਕਾਰ ਦੇ ਰੂਪ 'ਚ ਜੁੜੇ ਹੁੰਦੇ ਹਨ ਕਿਉਂਕਿ ਅਕਸਰ ਲਾਗ ਵਾਲੀਆਂ ਸੂਈਆਂ ਸਾਂਝਾ ਕਰਦੇ ਹਨ।

ਸਮਰਥਕ ਸੁਝਾਅ ਦਿੰਦੇ ਹਨ ਕਿ ਟਰੰਪ ਦਾ ਇਹ ਐਲਾਨ ਦੇਸ਼ ਦੀ ਮਹਾਂਮਾਰੀ ਬਾਰੇ ਜਾਗਰੂਕਤਾ ਵਧਾਉਣ ਲਈ ਇੱਕ ਮਹੱਤਵਪੂਰਣ ਕਦਮ ਹੈ, ਜਦਕਿ ਕੁਝ ਆਲੋਚਕਾਂ ਦੀ ਦਲੀਲ ਹੈ ਕਿ ਇਹ ਕਦਮ ਬਹੁਤੀ ਦੂਰ ਨਹੀਂ ਜਾਵੇਗਾ।

ਐਸੋਸੀਏਸ਼ਨ ਆਫ਼ ਸਟੇਟ ਅਤੇ ਟੈਰੀਟੋਰੀਅਲ ਹੈਲਥ ਅਫ਼ਸਰਾਂ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਫਰੇਜ਼ਰ ਨੇ ਪੋਲੀਟਕੋ ਨੂੰ ਕਿਹਾ ਕਿ, "ਨਸ਼ਿਆਂ ਦੀ ਮਹਾਂਮਾਰੀ ਨਾਲ ਸੂਬਿਆਂ ਦੇ ਬਜਟ ਲਈ ਬਹੁਤ ਚੁਣੌਤੀਆਂ ਹਨ ਅਤੇ ਸਾਧਨਾਂ ਦੀ ਘਾਟ ਹੈ।"

ਉਨ੍ਹਾਂ ਕਿਹਾ, ''ਮੇਰੀ ਉਮੀਦ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਕੋਈ ਨਵੇਂ ਪੈਸੇ ਬਗੈਰ ਗੇਂਦ ਕਾਂਗਰਸ ਦੇ ਪਾਲੇ 'ਚ ਹੋਵੇਗੀ।''

ਸੈਨੇਟਰ ਬਰਨੀ ਸੈਂਡਰਜ਼ ਨੇ ਟਵੀਟ ਕੀਤਾ ਕਿ ਟਰੰਪ ਸਹੀ ਸਨ ਕਿ 'ਨਸ਼ੇ ਇੱਕ ਕੌਮੀ ਸੰਕਟ ਹੈ', ਪਰ ਸ਼ੁੱਕਰਵਾਰ ਦਾ ਐਲਾਨ, "ਖਾਲੀ ਵਾਅਦੇ ਤੋਂ ਵੱਧ ਕੁਝ ਨਹੀਂ ਸੀ।"

ਡੈਮੋਕ੍ਰੈਟਿਕ ਸੈਨੇਟਰ ਨੇ ਲਿਖਿਆ ਕਿ "ਨਸ਼ਾਖੋਰੀ ਦੇ ਇਲਾਜ ਲਈ ਵੱਡੀ ਗਿਣਤੀ ਸਿਹਤ ਸਬੰਧੀ ਫੰਡਾਂ 'ਤੇ ਨਿਰਭਰ ਹੈ।

ਟਰੰਪ ਦਾ ਹੱਲ ਇਸ ਫੰਡ 'ਚੋਂ 1 ਟ੍ਰਿਲੀਅਨ ਡਾਲਰ ਘਟਾਉਣਾ, ਜੋ ਇੱਕ ਬੇਇਜ਼ਤੀ ਹੈ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)